ਕੋਰੋਨਾਵਾਇਰਸ ਕਰਕੇ ਕੁਆਰੰਟੀਨ ਹੋਏ ਲੋਕਾਂ ਦਾ ਦਰਦ- 'ਗੁਆਂਢੀ ਤਾਂ ਸਤ ਸ੍ਰੀ ਅਕਾਲ ਜਾਂ ਸਲਾਮ-ਨਮਸਤੇ ਕਹਿਣੋ ਵੀ ਹੱਟ ਗਏ'

    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕੋਰੋਨਾਵਾਇਰਸ ਕਰਕੇ ਹਜ਼ਾਰਾਂ ਲੋਕਾਂ ਨੂੰ ਘਰਾਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਪਰ ਲੋਕਾਂ ਨੂੰ ਅੰਦਰ ਰੱਖਣ ਲਈ ਉਨ੍ਹਾਂ ਦੇ ਘਰਾਂ ਦੇ ਬਾਹਰ ਲਾਏ ਪੋਸਟਰ ਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੁਨੀਆਂ ਦੇ ਸਾਹਮਣੇ ਰੱਖੀ ਗਈ ਹੈ। ਇਸ ਨਾਲ ਨਾ ਚਾਹੁੰਦੇ ਹੋਏ ਵੀ ਇਨ੍ਹਾਂ ਲੋਕਾਂ 'ਤੇ ਮਾੜਾ ਅਸਰ ਪਿਆ ਹੈ।

ਦਿੱਲੀ ਵਿੱਚ ਰਹਿਣ ਵਾਲੇ ਭਰਤ ਢੀਂਗਰਾ ਦੇ ਪਰਿਵਾਰ ਵਿੱਚ ਛੇ ਮੈਂਬਰ ਹਨ। ਜਦੋਂ ਤੋਂ ਭਰਤ ਦੇ ਭਰਾ ਤੇ ਭਰਜਾਈ ਅਮਰੀਕਾ ਤੋਂ ਵਾਪਸ ਆਏ ਹਨ, ਉਨ੍ਹਾਂ ਦੇ ਪਰਿਵਾਰ ਨੂੰ 22 ਮਾਰਚ ਤੋਂ ਘਰ ਵਿੱਚ ਕੁਆਰੰਟੀਨ ਕੀਤਾ ਹੋਇਆ ਹੈ।

ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਕੋਵਿਡ-19 ਦੇ ਲੱਛਣ ਨਹੀਂ ਸਨ। ਪਰ ਸਰਕਾਰ ਵਲੋਂ ਦਿੱਤੀ ਹਦਾਇਤ ਮਗਰੋਂ ਉਨ੍ਹਾਂ ਦਾ ਪਰਿਵਾਰ ਸਵੈ-ਕੁਆਰੰਟੀਨ ਹੋ ਗਿਆ।

ਉਸ ਮਗਰੋਂ, ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ 'ਅੰਦਰ ਨਾ ਜਾਓ, ਇਹ ਘਰ ਕੁਆਰੰਟੀਨ ਕੀਤਾ ਹੋਇਆ ਹੈ' ਦੇ ਪੋਸਟਰ ਲਗਾ ਦਿੱਤੇ।

ਹਲਾਂਕਿ ਇਹ ਪੋਸਟਰ ਲੋਕਾਂ ਦੁਆਰਾ ਨਿਯਮ ਦੀ ਪਾਲਣਾ ਕਰਨ ਲਈ ਲਾਇਆ ਗਿਆ ਸੀ। ਪਰ ਭਰਤ ਢੀਂਗਰਾ ਵਰਗੇ ਲੋਕ ਜੋ ਇਮਾਨਦਾਰੀ ਨਾਲ ਸਰਕਾਰੀ ਨਿਯਮਾਂ ਦਾ ਪਾਲਣ ਕਰ ਰਹੇ ਸੀ, ਉਨ੍ਹਾਂ ਵਾਸਤੇ ਇਹ "ਮਾਨਸਿਕ ਤਣਾਅ" ਦਾ ਕਾਰਨ ਬਣਿਆ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਸਾਡਾ ਘਰ ਇੱਕ ਚਿੜੀਆ-ਘਰ ਵਰਗਾ ਬਣ ਗਿਆ ਹੈ। ਲੋਕ ਰੁਕ ਕੇ ਫੋਟੋਆਂ ਖਿੱਚਦੇ ਹਨ। ਜੇਕਰ ਅਸੀਂ ਇੱਕ ਮਿੰਟ ਲਈ ਵੀ ਬਾਲਕੋਨੀ ਵਿੱਚ ਆ ਜਾਈਏ ਤਾਂ ਸਾਡੇ ਗੁਆਂਢੀ ਸਾਨੂੰ ਅੰਦਰ ਜਾਣ ਲਈ ਕਹਿੰਦੇ ਹਨ।”

ਉਨ੍ਹਾਂ ਕਿਹਾ, “ਅਸੀਂ ਸਮਝਦੇ ਹਾਂ ਕਿ ਕੁਆਰੰਟੀਨ ਕੀਤੇ ਘਰਾਂ ਅੱਗੇ ਜਾਗਰੂਕਤਾ ਲਈ ਪੋਸਟਰ ਲਾਉਣ ਦੀ ਲੋੜ ਹੈ। ਸਰਕਾਰੀ ਅਧਿਕਾਰੀ ਵੀ ਸਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਏ। ਪਰ ਸਾਡੇ ਵੱਲ ਲੋਕਾਂ ਦਾ ਵਤੀਰਾ ਵੇਖ ਕੇ ਸਾਨੂੰ ਬੁਰਾ ਲੱਗਦਾ ਹੈ।”

"ਕਈ ਲੋਕਾਂ ਨੇ ਤਾਂ ਸਥਾਨਕ ਵਟਸਐੱਪ ਗਰੁੱਪਾਂ ਵਿੱਚ ਚਿਤਾਵਨੀ ਵੱਜੋਂ ਸਾਡੇ ਘਰ ਦੀਆਂ ਫੋਟੋਆਂ ਪਾ ਦਿੱਤੀਆਂ।"

ਉਨ੍ਹਾਂ ਕਿਹਾ ਕਿ ਇਸ ਕਰਕੇ ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਨੂੰ ਠੇਸ ਪਹੁੰਚੀ ਹੈ।

"ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਘਰਾਂ ਵਿੱਚ ਬਿਮਾਰੀ ਦੇ ਬਚਾਅ ਲਈ ਹੀ ਕੁਆਰੰਟੀਨ ਕੀਤਾ ਜਾਂਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਕੋਵਿਡ-19 ਹੈ।”

ਭਰਤ ਅੱਗੇ ਦੱਸਦੇ ਹਨ ਕਿ ਮਨ ਲਵੋ ਸਾਨੂੰ ਇਹ ਬਿਮਾਰੀ ਹੈ ਤਾਂ ਵੀ ਇਸਦਾ ਇਹ ਮਤਲਬ ਨਹੀਂ ਕਿ ਸਾਨੂੰ ਸਮਾਜ ਤੋਂ ਬਾਹਰ ਕਰ ਦਿੱਤਾ ਜਾਵੇ।

ਬੀਬੀਸੀ ਨੇ ਦੇਸ ਭਰ ਵਿੱਚ ਅਜਿਹੇ ਤਜ਼ਰਬਿਆਂ ਤੋਂ ਵਾਲੇ ਲੋਕਾਂ ਨਾਲ ਗੱਲ ਕੀਤੀ।

ਨੋਇਡਾ ਵਿੱਚ ਰਹਿੰਦੇ ਇੱਕ ਜੋੜੇ ਮੁਤਾਬਕ, ਜੋ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ, ਉਨ੍ਹਾਂ ਦਾ ਘਰ "ਬਹੁਤੇ ਲੋਕਾਂ ਲਈ ਡਰਾਉਣੀ ਥਾਂ ਬਣ ਗਿਆ ਹੈ।”

"ਅਸੀਂ ਵਿਦੇਸ਼ ਤੋਂ ਵਾਪਸ ਆਉਂਦਿਆਂ ਹੀ ਸੁਰੱਖਿਆ ਪੱਖੋਂ ਘਰ ਵਿੱਚ ਕੁਆਰੰਟੀਨ ਹੋ ਗਏ। ਪਰ ਸਾਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਲੋਕ ਸਾਨੂੰ ਸਮਾਜ ਵਿੱਚੋਂ ਇਸ ਤਰ੍ਹਾਂ ਕੱਢ ਦੇਣਗੇ।"

ਇਨ੍ਹਾਂ ਲੋਕਾਂ ਨੂੰ ਦੂਜਿਆਂ ਤੋਂ ਫੋਨ ਤੇ ਮੈਸੇਜ 'ਤੇ ਹੀ ਕੁਝ ਹੌਂਸਲਾ-ਅਫ਼ਜ਼ਾਈ ਦੀ ਉਮੀਦ ਹੈ।

"ਪਰ ਹਰ ਕੋਈ ਸਾਡੇ ਵੱਲ ਸ਼ੱਕ ਭਰੀਆਂ ਨਜ਼ਰਾਂ ਨਾਲ ਵੇਖਦਾ ਹੈ। ਜੇ ਅਸੀਂ ਬਾਲਕੋਨੀ ਵਿੱਚ ਵੀ ਖੜੀਏ, ਤਾਂ ਵੀ ਉਨ੍ਹਾਂ ਦੇ ਦੇਖਣ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਹੈ।”

"ਅਸੀਂ ਕਿਸੇ ਨੂੰ ਨਹੀਂ ਮਿਲ ਰਹੇ। ਇਹ ਅਫ਼ਸੋਸ ਦੀ ਗੱਲ ਹੈ ਕਿ ਲੋਕ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆ ਰਹੇ ਹਨ।”

ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਕੁਲਜੀਤ ਸਿੰਘ ਨੂੰ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ. ਉਨ੍ਹਾਂ ਨੇ ਵੀ ਆਪਣੇ ਆਪ ਨੂੰ ਫੱਰੁਖਾਬਾਦ ਵਿਖੇ ਆਪਣੇ ਘਰ ਵਿੱਚ ਕੁਆਰੰਟੀਨ ਕਰ ਲਿਆ ਸੀ।

ਉਹ ਸਿੰਗਰ ਕਨਿਕਾ ਕਪੂਰ ਨੂੰ ਇੱਕ ਪਾਰਟੀ ਵਿੱਚ ਮਿਲੇ ਸੀ, ਜੋ ਬਾਅਦ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਪਾਈ ਗਈ ਸੀ।

ਉਨ੍ਹਾਂ ਕਿਹਾ, “ਮੀਡੀਆ ਵਿੱਚ ਇਸ ਮਾਮਲੇ ਦੀ ਬੇਅੰਤ ਚਰਚਾ ਕੀਤੀ ਗਈ ਅਤੇ ਇਸ ਕਰਕੇ ਮੇਰੇ ਪਰਿਵਾਰ 'ਤੇ ਕਾਫ਼ੀ ਦਬਾਅ ਪਿਆ।

"ਹਰ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ। ਕਈਆਂ ਨੇ ਤਾਂ ਇਹ ਵੀ ਕਿਹਾ ਕਿ ਮੈਂ ਖੂਨ ਦੀ ਉਲਟੀਆਂ ਕਰ ਰਿਹਾ ਹਾਂ ਅਤੇ ਕੁਝ ਦਿਨਾਂ ਵਿੱਚ ਮਰ ਜਾਵਾਂਗਾ।"

ਕੁਲਜੀਤ ਸਿੰਘ ਨੇ ਕਿਹਾ ਕਿ “ਲੋਕ ਡਰੇ ਹੋਏ ਹਨ ਅਤੇ ਉਹ ਸੋਸ਼ਲ ਮੀਡੀਆ 'ਤੇ ਆਈ ਕਿਸੇ ਵੀ ਅਫ਼ਵਾਹ ਨੂੰ ਮੰਨ ਲੈਂਦੇ ਹਨ।"

ਉਨ੍ਹਾਂ ਦਾ ਕੁਆਰੰਟੀਨ ਪੀਰੀਅਡ ਹੁਣ ਖ਼ਤਮ ਹੋ ਗਿਆ ਹੈ, ਪਰ, ਉਹ ਕਹਿੰਦੇ ਹਨ ਕਿ, ਇਹ ਬਦਨਾਮੀ ਖ਼ਤਮ ਹੋਣ ਵਿੱਚ ਅਜੇ ਲੰਬਾ ਸਮਾਂ ਲਗੇਗਾ।

"ਇਥੋਂ ਤਕ ਕਿ ਸਬਜ਼ੀਆਂ ਅਤੇ ਦੁੱਧ ਵੇਚਣ ਵਾਲਿਆਂ ਨੇ ਵੀ ਸਾਡੇ ਘਰ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”

ਕੁਝ ਮਾਮਲਿਆਂ ਵਿੱਚ, ਟੈਸਟਿੰਗ ਦੇ ਤਰੀਕਿਆਂ ਵਿੱਚ ਵੀ ਮੁਸ਼ਕਲਾਂ ਆਈਆਂ। ਬਿਹਾਰ ਵਿੱਚ ਇੱਕ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਅਪਾਰਟਮੈਂਟ ਵਿੱਚੋਂ ਬਾਹਰ ਆ ਕੇ, ਗਲੀ ਵਿੱਚ ਟੈਸਟ ਕਰਵਾਉਣ ਲਈ ਆਪਣਾ ਨਮੂਨਾ ਦੇਣ ਲਈ ਕਿਹਾ ਗਿਆ ਸੀ।

"ਉਹ ਕਨੇਡਾ ਤੋਂ ਵਾਪਸ ਪਰਤਣ ਤੋਂ ਬਾਅਦ ਘਰ ਦੇ ਅੰਦਰ ਹੀ ਬੰਦ ਸੀ। ਬਹੁਤ ਸਾਰੇ ਡਾਕਟਰਾਂ ਨੂੰ ਵੱਖਰੇ ਕਪੜਿਆਂ ਵਿੱਚ ਵੇਖ ਕੇ ਸਾਡੇ ਗੁਆਂਢੀ ਡਰ ਗਏ ਸੀ। ਲੋਕਾਂ ਨੇ ਸੁਰੱਖਿਅਤ ਦੂਰੀ ਤੋਂ ਵੀ ਸਾਨੂੰ ਸਲਾਮ-ਨਮਸਤੇ ਤਾਂ ਸਤ ਸ੍ਰੀ ਅਕਾਲ ਬੁਲਾਉਣੀ ਬੰਦ ਕਰ ਦਿੱਤੀ।"

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਟੈਸਟ ਰਿਪੋਰਟ ਨੈਗੇਟਿਵ ਆਣ ਦੇ ਬਾਵਜੂਦ ਲੋਕਾਂ ਦੁਆਰਾ ਵਿਤਕਰਾ ਜਾਰੀ ਹੈ।

ਉਨ੍ਹਾਂ ਕਿਹਾ, “ਲੋਕ ਅਜੇ ਵੀ ਸਾਡੇ ਨਾਲ ਗੱਲਬਾਤ ਕਰਨ ਤੋਂ ਝਿਜਕ ਰਹੇ ਹਨ।”

ਡਾਟਾ ਲੀਕ ਹੋਣਾ

ਇਸ ਦੌਰਾਨ, ਕੁਆਰੰਟੀਨ ਕੀਤੇ ਲੋਕਾਂ ਦੇ ਨਾਮ ਅਤੇ ਪਤੇ ਹੈਦਰਾਬਾਦ ਅਤੇ ਬੰਗਲੌਰ ਵਿੱਚ ਜਨਤਕ ਕਰ ਦਿੱਤੇ ਗਏ।

ਬੰਗਲੌਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਹਿੰਦੀ ਦੇ ਇਮਰਾਨ ਕੁਰੈਸ਼ੀ ਨੂੰ ਸਮਝਾਉਂਦਿਆਂ ਕਿਹਾ, “ਲੋਕ (ਘਰੇਲੂ ਕੁਆਰੰਟੀਨ ਦੌਰਾਨ) ਖੁਸ਼ੀ ਵਿੱਚ ਇਧਰ-ਉਧਰ ਘੁੰਮ ਰਹੇ ਸਨ ਜਿਵੇਂ ਕਿ ਕੋਈ ਛੁੱਟੀ ਹੋਵੇ ਅਤੇ ਇਸੇ ਕਰਕੇ ਡਾਟਾ ਸਾਂਝਾ ਕੀਤਾ ਗਿਆ ਸੀ।"

ਪਰ ਮਾਹਰ ਕਹਿੰਦੇ ਹਨ ਕਿ ਇਹ ਲੋਕਾਂ ਦੀ ਨਿੱਜਤਾ ਦੀ ਉਲੰਘਣਾ ਹੈ।

ਬੰਗਲੌਰ ਸਥਿਤ ਵਕੀਲ ਕੇ.ਵੀ. ਧਨੰਜੇ ਨੇ ਕਿਹਾ, "ਇਹ ਚੰਗਾ ਹੁੰਦਾ ਜੇਕਰ ਸਰਕਾਰ ਸਿਰਫ ਨਾਮ ਦੱਸਦੀ। ਪਰ ਪਤੇ ਦੇਣਾ ਮੁਸੀਬਤ ਦਾ ਸੱਦਾ ਸੀ।"

ਕੁਆਰੰਟੀਨ ਸਹੂਲਤਾਂ ਨੂੰ ਲੈ ਕੇ ਕੁਝ ਵਿਰੋਧ ਪ੍ਰਦਰਸ਼ਨ ਵੀ ਸਾਹਮਣੇ ਆਏ ਹਨ।

ਬੰਗਲੌਰ ਤੋਂ 150 ਕਿਲੋਮੀਟਰ ਦੂਰ ਸਥਿਤ ਮਾਇਸੂਰ ਵਿੱਚ, ਸਥਾਨਕ ਲੋਕਾਂ ਨੇ ਅਧਿਕਾਰੀਆਂ ਨੂੰ ਇੱਕ ਹੋਟਲ ਖ਼ਾਲੀ ਕਰਨ ਲਈ ਮਜਬੂਰ ਕੀਤਾ, ਜਿੱਥੇ 27 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਗਿਆ ਸੀ।

ਮਾਇਸੂਰ ਦੇ ਸਾਬਕਾ ਡਿਪਟੀ ਮੇਅਰ ਐਮ.ਜੇ. ਰਵੀਕੁਮਾਰ ਨੇ ਦੱਸਿਆ, "ਲੋਕਾਂ ਨੂੰ ਡਰ ਸੀ ਕਿ ਹੋਟਲ ਵਿੱਚ ਰਹਿਣ ਵਾਲੇ ਕਮਰੇ ਦੀਆਂ ਤਾਕੀਆ ਤੋਂ ਥੁੱਕ ਸਕਦੇ ਹਨ ਅਤੇ ਬਾਕੀ ਵੀ ਬਿਮਾਰ ਹੋ ਸਕਦੇ ਹਨ।”

ਸੀਨੀਅਰ ਪੁਲਿਸ ਅਧਿਕਾਰੀ ਸੀ.ਬੀ. ਰਿਆਸੰਤ ਨੇ ਕਿਹਾ ਕਿ ਵਿਤਕਰਾ ਕਰਨ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ, ਹੈਦਰਾਬਾਦ ਵਿੱਚ ਕੁਆਰੰਟੀਨ ਹੋਏ 19 ਲੋਕਾਂ ਦੇ ਨਿੱਜੀ ਡਾਟਾ - ਜਿਨ੍ਹਾਂ ਵਿੱਚ ਉਨ੍ਹਾਂ ਦੇ ਟੈਲੀਫੋਨ ਨੰਬਰ ਵੀ ਸ਼ਾਮਲ ਸਨ, ਲੀਕ ਹੋ ਗਏ ਸੀ।

ਇਸ ਦੇ ਨਤੀਜੇ ਵਜੋਂ ਕੁਝ ਪਰਿਵਾਰਾਂ ਨੂੰ ਬੇ-ਟਾਈਮ ਫੋਨ ਆਉਂਦਾ ਅਤੇ "ਵਾਇਰਸ ਨੂੰ ਕਿਵੇਂ ਮਾਰਿਆ ਜਾਵੇ" ਬਾਰੇ ਅਣਚਾਹੀ ਸਲਾਹ ਦਿੱਤੀ ਗਈ।

24 ਮਾਰਚ ਨੂੰ ਤਾਲਾਬੰਦੀ ਦੀ ਘੋਸ਼ਣਾ ਤੋਂ ਇੱਕ ਦਿਨ ਪਹਿਲਾਂ ਹੀ ਸ਼ਹਿਰ ਛੱਡ ਕੇ ਚਲੇ ਗਏ ਰਮੇਸ਼ ਤੁੰਗਾ ਨੇ ਕਿਹਾ ਕਿ ਉਹ ਵੀ ਇਸੇ ਤਰ੍ਹਾਂ ਦੇ ਵਿਤਕਰੇ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ, “ਮੈਂ ਹੈਦਰਾਬਾਦ ਤੋਂ ਆਪਣੇ ਪਿੰਡ ਰਹਿਣ ਲਈ ਨਿਕਲ ਗਿਆ ਸੀ। ਮੈਂ ਪਿੰਡ ਦੇ ਅਧਿਕਾਰੀਆਂ ਨੂੰ ਦੱਸਿਆ ਅਤੇ ਸਵੈ-ਆਇਸੋਲੇਟ ਹੋ ਗਿਆ ਭਾਵੇਂ ਮੇਰਾ ਕੋਈ ਵਿਦੇਸ਼ੀ ਯਾਤਰਾ ਦਾ ਇਤਿਹਾਸ ਵੀ ਨਹੀਂ ਸੀ।”

ਪਰ ਇਸ ਨਾਲ "ਮੇਰੇ ਲਈ ਹੋਰ ਮੁਸ਼ਕਲਾਂ ਵੱਧ ਗਈਆਂ।"

ਉਨ੍ਹਾਂ ਕਿਹਾ, "ਲੋਕਾਂ ਨੇ ਮੇਰੇ ਪਰਿਵਾਰ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਮੈਨੂੰ ਕੋਰੋਨਵਾਇਰਸ ਹੈ ਅਤੇ ਮੈਂ ਸਾਰੇ ਪਿੰਡ ਨੂੰ ਲਾਗ ਲਾ ਦਵਾਂਗਾ।"

"ਸਾਵਧਾਨ ਰਹਿਣਾ ਚੰਗਾ ਹੈ ਪਰ ਲੋਕਾਂ ਨੂੰ ਇਨਸਾਨੀਅਤ ਨਹੀਂ ਭੁੱਲਣੀ ਚਾਹੀਦੀ।"

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)