ਮੁਕਤਸਰ 'ਚ ਸੇਮ ਦੀ ਮਾਰੀ ਜ਼ਮੀਨ ਵਾਲੇ ਕਿਸਾਨ ਦੇ ਝੀਂਗਾ ਮੱਛੀ ਨੇ ਕਿਵੇਂ ਬਦਲੇ ਦਿਨ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਸਹਿਯੋਗੀ

"1990 ਵਿੱਚ ਮੇਰੀ 11 ਏਕੜ ਜ਼ਮੀਨ ਸੇਮ ਦੀ ਮਾਰ ਹੇਠ ਆਈ ਹੋਈ ਸੀ। ਖੇਤੀ ਹੋ ਨਹੀਂ ਸਕਦੀ ਸੀ ਤੇ ਘਰ ਦਾ ਗੁਜ਼ਾਰਾ ਚੱਲਣਾ ਵੀ ਔਖਾ ਹੋ ਗਿਆ ਸੀ ਪਰ ਹੁਣ ਝੀਂਗਾ ਮੱਛੀ ਨੇ ਮੈਨੂੰ ਮਹੀਨਿਆਂ ਵਿੱਚ ਹੀ ਲੱਖਪਤੀ ਬਣਾ ਦਿੱਤਾ ਹੈ।"

ਇਹ ਬੋਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਫੱਕਰਸਰ ਦੇ ਕਿਸਾਨ ਰਣਧੀਰ ਸਿੰਘ ਦੇ ਹਨ।

ਇਸੇ ਤਰ੍ਹਾਂ ਦੇ ਹਾਲਾਤ ਪਿੰਡ ਥੇੜੀ ਦੇ ਵਸਨੀਕ ਕਿਸਾਨ ਹਰਮੀਤ ਸਿੰਘ ਦੇ ਸਨ। ਇਨ੍ਹਾਂ ਦੋਵਾਂ ਕਿਸਾਨਾਂ ਨੇ ਸਾਲ 2018 ਵਿੱਚ ਝੀਂਗਾ ਮੱਛੀ ਪੈਦਾ ਕਰਨ ਬਾਰੇ ਸੋਚਿਆ ਅਤੇ ਦੋਵੇਂ ਮਾਲਾ-ਮਾਲ ਹੋ ਗਏ।

ਉਂਝ, ਇਸ ਖਿੱਤੇ ਵਿੱਚ ਹੋਰ ਵੀ ਕਿਸਾਨਾਂ ਨੇ ਮੱਛੀ ਪਾਲਣ ਦਾ ਧੰਦਾ ਅਪਣਾਇਆ ਹੋਇਆ ਹੈ।

ਰਣਧੀਰ ਸਿੰਘ ਅਤੇ ਹਰਮੀਤ ਸਿੰਘ ਨੇ ਝੀਂਗਾ ਮੱਛੀ ਪਾਲਣ ਲਈ ਸਖ਼ਤ ਮਿਹਨਤ ਕਰਕੇ ਪਹਿਲਾਂ ਤਾਂ ਨਕਲੀ ਸਮੁੰਦਰ ਤਿਆਰ ਕੀਤਾ ਤੇ ਫਿਰ ਖਾਰੇ ਪਾਣੀ ਦਾ ਤਵਾਜ਼ਨ ਸਮੁੰਦਰ ਦੇ ਪਾਣੀ ਦੇ ਬਰਾਬਰ ਕਰਨ ਲਈ ਦਿਨ-ਰਾਤ ਇੱਕ ਕੀਤਾ।

ਅਸਲ ਵਿੱਚ ਦੱਖਣੀ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਸੇਮ ਦੀ ਮਾਰ ਦੇਖਣ ਨੂੰ ਮਿਲਦੀ ਹੈ।

ਪੰਜਾਬ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਬਠਿੰਡਾ, ਮਾਨਸਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਖਿੱਤੇ ਵਿੱਚ ਕਈ ਕਿਸਾਨ ਸੇਮ ਕਾਰਨ ਆਪਣੀਆਂ ਜ਼ਮੀਨਾਂ ਵਿੱਚ ਖੇਤੀ ਨਹੀਂ ਕਰ ਸਕਦੇ।

ਵਿਭਾਗ ਦੇ ਰਿਕਾਰਡ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਦੀ 1 ਲੱਖ 72 ਹਜ਼ਾਰ ਹੈਕਟੇਅਰ ਜ਼ਮੀਨ ਸੇਮ ਦੇ ਅਸਰ ਹੇਠ ਹੈ।

ਸੇਮ ਵਿੱਚ ਕਿਉਂ ਨਹੀਂ ਹੋ ਸਕਦੀ ਖੇਤੀ?

ਕੇਵਲ ਕ੍ਰਿਸ਼ਨ ਕਹਿੰਦੇ ਹਨ, "ਸੇਮ ਦਾ ਮਤਲਬ ਧਰਤੀ ਵਿੱਚੋਂ ਹਰ ਵੇਲੇ ਥੋੜ੍ਹਾ-ਥੋੜ੍ਹਾ ਰਿਸਣਾ ਹੁੰਦਾ ਹੈ ਅਤੇ ਇਹ ਪਾਣੀ ਖਾਰਾ ਹੁੰਦਾ ਹੈ। ਅਜਿਹੇ ਵਿੱਚ ਪੰਜਾਬ ਦੀਆਂ ਰਵਾਇਤੀ ਫਸਲਾਂ ਦਾ ਉੱਗਣਾ ਨਾਮੁਮਕਿਨ ਹੈ, ਜਿਸ ਕਾਰਨ ਇਹ ਜ਼ਮੀਨਾਂ ਖਾਲੀ ਪਈਆਂ ਹਨ।"

ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਟੈਲੀਵਿਜ਼ਨ ਉੱਪਰ ਝੀਂਗਾ ਮੱਛੀ ਸਬੰਧੀ ਇੱਕ ਪ੍ਰੋਗਰਾਮ ਦੇਖਿਆ ਤਾਂ ਉਨ੍ਹਾਂ ਦੇ ਮਨ ਵਿੱਚ ਝੀਂਗਾ ਮੱਛੀ ਪਾਲਣ ਦਾ ਫ਼ੁਰਨਾ ਆ ਗਿਆ।

"ਮੈਂ ਤਾਂ ਇਹ ਸੋਚ ਕੇ ਪਹਿਲਾਂ ਤਾਂ ਸਿਰਫ਼ ਤਿੰਨ ਏਕੜ ਵਿੱਚ ਹੀ ਇਹ ਕੰਮ ਸ਼ੁਰੂ ਕੀਤਾ ਕਿ ਜੇਕਰ ਕਾਮਯਾਬ ਨਾ ਹੋਏ ਤਾਂ ਫਿਰ ਕੰਮ ਬਦਲ ਲਵਾਂਗਾ। ਫਿਰ ਰੱਬ ਨੇ ਮੇਰੀ ਸੁਣ ਲਈ ਅਤੇ ਮੈਨੂੰ ਪਹਿਲੇ 4 ਮਹੀਨਿਆਂ ਵਿੱਚ ਹੀ 18 ਲੱਖ ਦਾ ਮੁਨਾਫ਼ਾ ਹੋਇਆ।"

"ਫਿਰ ਮੇਰੇ ਨਾਲ ਮੇਰਾ ਜਮਾਤੀ ਹਰਮੀਤ ਆ ਰਲਿਆ। ਸਾਲ 2019 ਵਿੱਚ ਅਸੀਂ ਦੋਵਾਂ ਨੇ ਰਲ ਕੇ 11 ਏਕੜ ਜ਼ਮੀਨ ਵਿੱਚ ਨਕਲੀ ਸਮੁੰਦਰ ਤਿਆਰ ਕਰ ਲਿਆ। ਹੁਣ ਸਾਨੂੰ 27 ਸਾਲਾਂ ਦੇ ਸੇਮ ਦਾ ਸੰਤਾਪ ਭੁੱਲ ਗਿਆ ਹੈ ਤੇ ਅਸੀਂ ਖ਼ੁਸ਼ਹਾਲ ਹਾਂ।"

ਸੇਮ ਪ੍ਰਭਾਵਿਤ ਬਹੁਤੀ ਜ਼ਮੀਨ ਵਿੱਚ ਸਰਕੰਡਾ ਅਤੇ ਕਾਹੀ ਉੱਗੀ ਹੋਈ ਹੈ ਅਤੇ ਪਾਣੀ ਖੜ੍ਹਾ ਹੈ। ਇਸ ਪੱਟੀ ਦੇ ਬਹੁਤੇ ਕਿਸਾਨਾਂ ਨੇ ਤਾਂ ਕਿਤੇ ਹੋਰ ਜਾ ਕੇ ਖੇਤੀ ਧੰਦਾ ਅਪਣਾ ਲਿਆ ਹੈ ਤੇ ਜਾਂ ਫਿਰ ਖੇਤੀ ਛੱਡ ਕੇ ਹੋਰ ਧੰਦਿਆਂ ਨਾਲ ਜੁੜ ਗਏ ਹਨ।

ਪੰਜਾਬ ਸਰਕਾਰ ਨੇ ਸੇਮ ਨੂੰ ਖ਼ਤਮ ਕਰਨ ਲਈ ਕੁਝ ਇਲਾਕਿਆਂ ਵਿੱਚ ਸੇਮ ਨਾਲਿਆਂ ਦੀ ਖੁਦਵਾਈ ਕਰਵਾਈ ਸੀ ਪਰ ਇਹ ਫਾਰਮੂਲਾ ਸਮੁੱਚੀ ਸੇਮ ਪ੍ਰਭਾਵਿਤ ਜ਼ਮੀਨ ਨੂੰ ਠੀਕ ਕਰਨ ਵਿੱਚ ਕਾਰਗਰ ਸਿੱਧ ਨਹੀਂ ਹੋਇਆ ਸੀ।

ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਅਨੇਕਾਂ ਕਿਸਾਨਾਂ ਨੂੰ ਮੱਛੀ ਪਾਲਣ ਦੀ ਆਧੁਨਿਕ ਤਕਨੀਕ ਸਿਖਾਈ ਗਈ ਸੀ ਪਰ ਚੁਨਿੰਦਾ ਕਿਸਾਨਾਂ ਨੇ ਹੀ ਇਸ ਪਾਸੇ ਵੱਲ ਆਪਣਾ ਰੁਝਾਨ ਦਿਖਾਇਆ।

ਉਹ ਕਹਿੰਦੇ ਹਨ, "ਆਮ ਮੱਛੀ ਦੀ ਪੈਦਾਵਾਰ ਕਰਨਾ ਇੱਕ ਸਾਧਾਰਨ ਗੱਲ ਹੈ ਪਰ ਝੀਂਗਾ ਪਾਲਣਾ ਥੋੜ੍ਹਾ ਔਖਾ ਅਤੇ ਮਿਹਨਤ ਵਾਲਾ ਕੰਮ ਹੈ।"

ਆਮ ਮੱਛੀ ਪਾਲਣ ਨਾਲੋਂ ਕਿੰਨਾ ਔਖਾ

"ਝੀਂਗਾ ਇੱਕ ਸਮੁੰਦਰੀ ਜੀਵ ਹੈ ਅਤੇ ਇਸ ਨੂੰ ਵਿਦੇਸ਼ਾਂ ਲਈ ਦਰਾਮਦ ਕੀਤਾ ਜਾਂਦਾ ਹੈ। ਝੀਂਗਾ ਨੂੰ ਪਾਲਣਾ ਮੁਸ਼ਕਲ ਇਸ ਲਈ ਵੀ ਹੈ ਕਿਉਂਕਿ ਇਸ ਦੀ ਪੈਦਾਵਾਰ ਲਈ ਸਮੁੰਦਰ ਦੇ ਪਾਣੀ ਵਰਗਾ ਪਾਣੀ ਪੈਦਾ ਕਰਨਾ ਹੁੰਦਾ ਹੈ।"

ਕਿਸਾਨ ਹਰਮੀਤ ਸਿੰਘ ਖੇੜੀ ਨੇ ਦੱਸਿਆ ਕਿ ਨਕਲੀ ਸਮੁੰਦਰ ਪਿਆਰ ਕਰਨ ਲਈ ਉਨ੍ਹਾਂ ਨੇ ਪਹਿਲਾਂ ਆਪਣੀ ਜੇਬ ਵਿੱਚੋਂ ਪੈਸਾ ਖਰਚ ਕੀਤਾ।

"ਅਸੀਂ 11 ਏਕੜ ਜ਼ਮੀਨ ਵਿੱਚ ਨਕਲੀ ਸਮੁੰਦਰ ਬਣਾਉਣ ਉੱਪਰ ਹੁਣ ਤੱਕ 78 ਲੱਖ ਰੁਪਏ ਖਰਚ ਕਰ ਚੁੱਕੇ ਹਾਂ। ਝੀਂਗਾ ਮੱਛੀ ਦੀ ਭਰਪੂਰ ਪੈਦਾਵਾਰ ਕਾਰਨ ਸਾਨੂੰ ਸਾਡੇ ਪੈਸਿਆਂ ਦੀ ਵਾਪਸੀ ਅਤੇ ਸਾਡੀ ਮਿਹਨਤ ਦਾ ਮੁੱਲ ਨਿਰੰਤਰ ਮਿਲ ਰਿਹਾ ਹੈ।"

ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਆਪਣੀ ਝੀਂਗਾ ਮੱਛੀ ਦੀ ਪੈਦਾਵਾਰ ਵੇਚਣ ਵਿੱਚ ਰੱਤੀ ਭਰ ਵੀ ਤਕਲੀਫ਼ ਨਹੀਂ ਆਉਂਦੀ।

ਰਣਧੀਰ ਸਿੰਘ ਨੇ ਦੱਸਿਆ ਕਿ ਬੀਜ ਪਾਉਣ ਤੋਂ ਬਾਅਦ ਸਿਰਫ਼ 4 ਮਹੀਨਿਆਂ ਵਿੱਚ ਹੀ ਝੀਂਗਾ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਂਦਾ ਹੈ।

"ਝੀਂਗਾ ਨੂੰ ਖ਼ਰੀਦਣ ਲਈ ਵਪਾਰੀ ਖ਼ੁਦ ਉਨ੍ਹਾਂ ਦੇ ਫਾਰਮ ਤੱਕ ਪਹੁੰਚ ਜਾਂਦੇ ਹਨ ਅਤੇ ਨਗਦ ਅਦਾਇਗੀ ਕਰਕੇ ਪੈਦਾਵਾਰ ਚੁੱਕ ਕੇ ਲੈ ਜਾਂਦੇ ਹਨ। ਇਸ ਤੋਂ ਵਧੀਆ ਗੱਲ ਸਾਡੇ ਲਈ ਹੋਰ ਕੀ ਹੋ ਸਕਦੀ ਹੈ।

ਮੱਛੀ ਪਾਲਣ ਵਿਭਾਗ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਲਗਾਤਾਰ ਮੱਛੀ ਪਾਲਣ ਦੀ ਸਿਖਲਾਈ ਦੇਣ ਵਿੱਚ ਰੁੱਝੇ ਹੋਏ ਹਨ।

ਕੇਵਲ ਕ੍ਰਿਸ਼ਨ ਕਹਿੰਦੇ ਹਨ, "ਸੰਭਾਵਨਾ ਹੈ ਕਿ ਇਨ੍ਹਾਂ ਕਿਸਾਨਾਂ ਵਾਂਗ ਸੇਮ ਤੋਂ ਪ੍ਰਭਾਵਿਤ ਹੋਰ ਕਿਸਾਨ ਵੀ ਇਸ ਕਿੱਤੇ ਨੂੰ ਅਪਨਾਉਣਗੇ। ਅਸਲ ਵਿੱਚ ਮਸਲਾ ਇਹ ਹੈ ਕਿ ਪ੍ਰਾਜੈਕਟ ਨੂੰ ਲਾਹੁਣ ਵਿੱਚ ਕਾਫ਼ੀ ਖ਼ਰਚ ਆਉਂਦਾ ਹੈ ਤੇ ਮੱਛੀ ਪਾਲਣ ਵਿਭਾਗ ਹੁਣ ਸਬਸਿਡੀ ਦੀ ਯੋਜਨਾ ਵੀ ਚਲਾ ਰਿਹਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)