ਈਸ਼ ਨਿੰਦਾ: ਸਿਆਲਕੋਟ 'ਚ ਹਜੂਮੀ ਹਿੰਸਾ 'ਚ ਮਾਰੇ ਗਏ ਸ਼੍ਰੀਲੰਕਾਈ ਇੰਜੀਨੀਅਰ ਦੀ ਪਤਨੀ ਦੀ ਗੁਹਾਰ

ਪਾਕਿਸਤਾਨ ਦੇ ਸਿਆਲਕੋਟ ਵਿੱਚ ਈਸ਼ ਨਿੰਦਾ ਦੇ ਇਲਜ਼ਾਮ ਵਿੱਚ 'ਭੀੜ' ਦੇ ਹੱਥੋਂ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਸ਼੍ਰੀਲੰਕਾਈ ਨਾਗਰਿਕ ਪ੍ਰਿਯਾਂਥਾ ਦਿਯਾਵਦਾਨਾ ਦੀ ਪਤਨੀ ਨੇ ਪਾਕਿਸਤਾਨੀ ਸਰਕਾਰ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਨਿਰਪੱਖ ਜਾਂਚ ਅਤੇ ਨਿਆਂ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਪੰਜਾਬ ਸੂਬੇ ਵਿੱਚ ਸਿਆਲਕੋਟ ਦੀ ਇੱਕ ਫੈਕਟਰੀ ਵਿੱਚ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਨ ਵਾਲੇ ਪ੍ਰਿਯਾਂਥਾ ਨੂੰ ਭੀੜ ਨੇ ਈਸ਼ ਨਿੰਦਾ ਦੇ ਇਲਜ਼ਾਮ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਗ ਲਾ ਦਿੱਤੀ ਸੀ।

ਪੁਲਿਸ ਦਾ ਕਹਿਣਾ ਹੈ ਕਿ ਅੱਤਵਾਦ ਦੀਆਂ ਧਾਰਾਵਾਂ ਤਹਿਤ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ 100 ਤੋਂ ਜ਼ਿਆਦਾ ਲੋਕ ਹਿਰਾਸਤ ਵਿੱਚ ਹਨ।

ਸੂਚਨਾਵਾਂ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿੱਚ ਰੱਖੀ ਗਈ ਸ਼੍ਰੀਲੰਕਾਈ ਵਿਅਕਤੀ ਦੀ ਲਾਸ਼ ਨੂੰ ਅਗਲੇ ਇੱਕ-ਦੋ ਦਿਨ ਵਿੱਚ ਸ਼੍ਰੀਲੰਕਾ ਭੇਜ ਦਿੱਤਾ ਜਾਵੇਗਾ।

ਇਸ ਘਟਨਾ 'ਤੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਸਖ਼ਤ ਟਿੱਪਣੀ ਕੀਤੀ ਹੈ।

ਉਨ੍ਹਾਂ ਨੇ ਟਵੀਟ ਕੀਤਾ ਹੈ, ''ਪਾਕਿਸਤਾਨ ਵਿੱਚ ਦੰਗਾਈ ਭੀੜ ਵੱਲੋਂ ਪ੍ਰਿਯਾਂਥਾ ਦਿਯਾਵਦਾਨਾ 'ਤੇ ਭਿਆਨਕ ਹਮਲੇ ਨੂੰ ਦੇਖ ਕੇ ਹੈਰਾਨ ਹਾਂ। ਮੇਰੀਆਂ ਭਾਵਨਾਵਾਂ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਨਾਲ ਹਨ।''

ਸ਼੍ਰੀਲੰਕਾ ਅਤੇ ਉਸ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਭਰੋਸਾ ਹੈ ਕਿ ਉਹ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਜ਼ਾ ਦੇਣ ਦੇ ਆਪਣੇ ਵਾਅਦੇ 'ਤੇ ਕਾਇਮ ਰਹਿਣਗੇ।''

ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵਿੱਟਰ 'ਤੇ ਦੱਸਿਆ ਕਿ ਉਨ੍ਹਾਂ ਨੇ ਯੂਏਈ ਤੋਂ ਸ਼੍ਰੀਲੰਕਾਈ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨਾਲ ਗੱਲ ਕੀਤੀ ਹੈ।

ਇਹ ਵੀ ਪੜ੍ਹੋ:

''ਸਿਆਲਕੋਟ ਵਿੱਚ ਪ੍ਰਿਯਾਂਥਾ ਦਿਯਾਵਦਾਨਾ ਦੇ ਕਤਲ ਨੂੰ ਲੈ ਕੇ ਸਾਡੇ ਰਾਸ਼ਟਰ ਦੇ ਗੁੱਸੇ ਅਤੇ ਸ਼ਰਮ ਬਾਰੇ ਸ਼੍ਰੀਲੰਕਾ ਦੇ ਲੋਕਾਂ ਨੂੰ ਦੱਸਿਆ ਹੈ। ਮੈਂ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ 'ਤੇ ਕਾਨੂੰਨ ਦੀ ਪੂਰੀ ਗੰਭੀਰਤਾ ਨਾਲ ਮਾਮਲਾ ਚਲਾਇਆ ਜਾਵੇਗਾ।''

ਇਸ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਸਿਆਲਕੋਟ ਦੀ ਘਟਨਾ 'ਤੇ ਟਵੀਟ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਸੀ ਅਤੇ ਇਸ ਨੂੰ 'ਪਾਕਿਸਤਾਨ ਲਈ ਇੱਕ ਸ਼ਰਮਨਾਕ ਦਿਨ' ਦੱਸਿਆ ਸੀ।

'ਮੇਰੇ ਪਤੀ ਬੇਗੁਨਾਹ ਇਨਸਾਨ ਸਨ'

ਪ੍ਰਿਯਾਂਥਾ ਦਿਯਾਵਦਾਨਾ ਦੀ ਪਤਨੀ ਨਿਰੂਸ਼ੀ ਦਿਸਾਨਾਇਕੇ ਦਾ ਕਹਿਣਾ ਹੈ ਕਿ 'ਮੇਰੇ ਪਤੀ ਇੱਕ ਬੇਗ਼ੁਨਾਹ ਇਨਸਾਨ ਸਨ। ਮੈਂ ਖ਼ਬਰਾਂ ਵਿੱਚ ਦੇਖਿਆ ਕਿ ਉਨ੍ਹਾਂ ਨੂੰ ਉਸ ਦੇਸ਼ ਵਿੱਚ ਇੰਨਾ ਕੰਮ ਕਰਨ ਦੇ ਬਾਅਦ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਹੈ।''

''ਮੈਂ ਇੰਟਰਨੈੱਟ 'ਤੇ ਦੇਖਿਆ ਕਿ ਇਹ ਘਟਨਾ ਬੇਹੱਦ ਅਣਮਨੁੱਖੀ ਸੀ। ਮੈਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਇਸ ਦੀ ਨਿਰਪੱਖ ਜਾਂਚ ਦੀ ਅਪੀਲ ਕਰਦੀ ਹਾਂ ਤਾਂ ਕਿ ਮੇਰੇ ਪਤੀ ਅਤੇ ਸਾਡੇ ਦੋ ਬੱਚਿਆਂ ਨੂੰ ਇਨਸਾਫ਼ ਮਿਲ ਸਕੇ।''

ਉਨ੍ਹਾਂ ਦੇ ਭਰਾ ਕਮਾਲਾ ਸ਼੍ਰੀਸ਼ਾਂਤਾ ਕੁਮਾਰਾ ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਿਯਾਂਥਾ ਦਿਯਾਵਦਾਨਾ 2012 ਤੋਂ ਸਿਆਲਕੋਟ ਦੀ ਉਸ ਫੈਕਟਰੀ ਵਿੱਚ ਕੰਮ ਕਰ ਰਹੇ ਸਨ।

''ਉਸ ਫੈਕਟਰੀ ਦੇ ਮਾਲਕ ਦੇ ਬਾਅਦ ਉਨ੍ਹਾਂ ਨੇ ਹੀ ਉਸ ਪੂਰੀ ਫੈਕਟਰੀ ਦਾ ਜ਼ਿੰਮਾ ਸੰਭਾਲਿਆ ਹੋਇਆ ਸੀ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਕਿ ਇੱਕ ਕੱਟੜਵਾਦੀ ਸੰਗਠਨ ਦਾ ਪੋਸਟਰ ਅੰਦਰ ਲੱਗਿਆ ਹੋਇਆ ਸੀ ਅਤੇ ਇਸ ਹਾਦਸੇ ਦੀ ਵਜ੍ਹਾ ਦੀ ਜਾਂਚ ਕਰਨ ਲਈ ਹੜਤਾਲ ਸੱਦੀ ਗਈ ਸੀ।''

ਸਿੱਖਿਆ ਪੱਖੋਂ ਪ੍ਰਿਯਾਂਥਾ ਦਿਯਾਵਦਾਨਾ ਇੱਕ ਇੰਜੀਨੀਅਰ ਸਨ। ਉਨ੍ਹਾਂ ਦੇ ਬੇਟਿਆਂ ਦੀ ਉਮਰ 10 ਸਾਲ ਅਤੇ 9 ਸਾਲ ਹੈ।

ਪੰਜਾਬ ਸਰਕਾਰ ਦੀ ਮੁੱਢਲੀ ਜਾਂਚ ਰਿਪੋਰਟ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ

ਪੰਜਾਬ ਸਰਕਾਰ ਦੇ ਕਾਨੂੰਨ ਮੰਤਰੀ ਰਾਜਾ ਬਸ਼ਾਰਤ ਦਾ ਕਹਿਣਾ ਹੈ ਕਿ ਸਿਆਲਕੋਟ ਦੀ ਘਟਨਾ ਦੀ ਮੁੱਢਲੀ ਜਾਂਚ ਦੀ ਰਿਪੋਰਟ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੇਸ਼ ਕਰ ਦਿੱਤੀ ਗਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਿਆਲਕੋਟ ਘਟਨਾ ਦੀ ਜਾਂਚ ਲਈ ਫ਼ੌਜ ਦੇ ਖ਼ੁਫ਼ੀਆ ਸੰਗਠਨਾਂ ਦੇ ਅਧਿਕਾਰੀ ਪਹਿਲਾਂ ਤੋਂ ਹੀ ਕਾਨੂੰਨੀ ਏਜੰਸੀਆਂ ਨਾਲ ਜਾਂਚ ਪੜਤਾਲ ਕਰ ਰਹੇ ਹਨ।

ਬੀਬੀਸੀ ਪੱਤਰਕਾਰ ਸ਼ਹਿਜ਼ਾਦ ਮਲਿਕ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਸੈਨਾ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਇਲਾਵਾ ਮਿਲਟਰੀ ਇੰਟੈਲੀਜੈਂਸ ਅਤੇ ਸਿਵਿਲਅਨ ਖ਼ੁਫ਼ੀਆ ਸੰਗਠਨ ਇੰਟੈਲੀਜੈਂਸ ਬਿਓਰੋ ਦੇ ਕਰਮਚਾਰੀ ਵੀ ਜਾਂਚ ਟੀਮ ਦਾ ਹਿੱਸਾ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੀ ਮੁੱਢਲੀ ਜਾਂਚ ਰਿਪੋਰਟ ਦੇ ਮੁਤਾਬਿਕ ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਵਿੱਚੋਂ ਜ਼ਿਆਦਾਤਰ ਉਹ ਲੋਕ ਹਨ ਜੋ ਪ੍ਰਦਰਸ਼ਨ ਵਿੱਚ ਸ਼ਾਮਲ ਸਨ ਜਦੋਂਕਿ ਕੁਝ ਅਜਿਹੇ ਲੋਕ ਵੀ ਹਿਰਾਸਤ ਵਿੱਚ ਲਏ ਗਏ ਹਨ ਜੋ ਘਟਨਾ ਸਥਾਨ 'ਤੇ ਮੌਜੂਦ ਸਨ।

ਸਿਆਲਕੋਟ ਪੁਲਿਸ ਦੇ ਇੱਕ ਕਰਮਚਾਰੀ ਮੁਤਾਬਿਕ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਦਰਜਨ ਦੇ ਕਰੀਬ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਤਹਿਰੀਕ-ਏ-ਲਬਬੈਕ ਦੇ ਧਰਨਾ ਪ੍ਰਦਰਸ਼ਨ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਸੀ।

ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਾਰਤ ਦਾ ਕਹਿਣਾ ਸੀ ਕਿ ਹਿਰਾਸਤ ਵਿੱਚ ਲਏ ਗਏ ਲੋਕਾਂ ਦੇ ਸ਼ੁਰੂਆਤੀ ਬਿਆਨ ਦੇ ਆਧਾਰ 'ਤੇ ਹੋਰ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਲਈ ਛਾਪੇਮਾਰੀ ਜਾਰੀ ਹੈ ਜਿਨ੍ਹਾਂ ਨੇ ਭੀੜ ਨੂੰ ਸ਼੍ਰੀਲੰਕਾਈ ਨਾਗਰਿਕ ਦੇ ਖਿਲਾਫ਼ ਹਿੰਸਾ ਕਰਨ ਲਈ ਉਕਸਾਇਆ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਥਾਨਕ ਪੁਲਿਸ ਵੱਲੋਂ ਕੋਈ ਕੁਤਾਹੀ ਨਹੀਂ ਵਰਤੀ ਗਈ ਸੀ ਅਤੇ ਸੂਚਨਾ ਮਿਲਣ ਦੇ 20 ਮਿੰਟ ਬਾਅਦ ਪੁਲਿਸ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚ ਗਏ ਸਨ।

ਰਾਜਾ ਬਸ਼ਾਰਤ ਨੇ ਦੱਸਿਆ ਕਿ ਹਿੰਸਾ ਵਿੱਚ ਮਾਰੇ ਗਏ ਸ਼੍ਰੀਲੰਕਾਈ ਨਾਗਰਿਕ ਦੀ ਦੇਹ ਨੂੰ ਉਨ੍ਹਾਂ ਦੇ ਦੇਸ਼ ਭੇਜਣ ਲਈ ਵਿਦੇਸ਼ ਮੰਤਰੀ ਨਾਲ ਸੰਪਰਕ ਕੀਤਾ ਗਿਆ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਆਲਕੋਟ ਅਤੇ ਉਸ ਦੇ ਆਸ-ਪਾਸ ਦੇ ਗਿਰਜਾਘਰਾਂ ਅਤੇ ਵਿਦੇਸ਼ੀ ਫੈਕਟਰੀ ਵਰਕਰਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਲਾਹੌਰ ਵਿੱਚ ਆਈਜੀ ਪੰਜਾਬ ਨਾਲ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਹਸਨ ਖ਼ਾਵਰ ਨੇ ਦੱਸਿਆ ਕਿ ਸਿਆਲਕੋਟ ਘਟਨਾ ਵਿੱਚ ਸ਼ਾਮਲ 118 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ 13 ਮੁੱਖ ਮੁਲਜ਼ਮ ਸ਼ਾਮਲ ਹਨ ਅਤੇ ਤਮਾਮ ਮੁੱਖ ਮੁਲਜ਼ਮਾਂ ਦੀ ਸ਼ਨਾਖ਼ਤ ਹੋ ਚੁੱਕੀ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਘਟਨਾ ਸਥਾਨ ਨਾਲ ਜੁੜੀਆਂ 160 ਕੈਮਰਾ ਫੁਟੇਜ ਲਈਆਂ ਗਈਆਂ ਹਨ ਅਤੇ ਗ੍ਰਿਫ਼ਤਾਰੀਆਂ ਲਈ 10 ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਜਦੋਂਕਿ ਇਸ ਮਾਮਲੇ ਵਿੱਚ ਅੱਤਵਾਦ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ।

ਮੁੱਢਲੀ ਜਾਂਚ ਰਿਪੋਰਟ ਵਿੱਚ ਕੀ ਦੱਸਿਆ ਗਿਆ ਹੈ?

ਪੰਜਾਬ ਸਰਕਾਰ ਦੀ ਮੁੱਢਲੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੈਕਟਰੀ ਦੇ ਨਿਯਮ ਅਤੇ ਕੰਮ ਲੈਣ ਕਾਰਨ ਕੁਝ ਕਰਮਚਾਰੀ ਫੈਕਟਰੀ ਮੈਨੇਜਰ ਤੋਂ ਨਾਖ਼ੁਸ਼ ਸਨ। ਰਿਪੋਰਟ ਮੁਤਾਬਿਕ ਭੀੜ ਨੇ ਸ਼੍ਰੀਲੰਕਾਈ ਨਾਗਰਿਕ ਦੇ ਖਿਲਾਫ਼ ਹਿੰਸਾ ਦੀ ਸ਼ੁਰੂਆਤ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਕੀਤੀ। ਘਟਨਾ ਦੇ ਵਕਤ ਫੈਕਟਰੀ ਦੇ ਮਾਲਕ ਗਾਇਬ ਹੋ ਗਏ ਸਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਵਿਦੇਸ਼ੀ ਕੰਪਨੀਆਂ ਦੇ ਪ੍ਰਤੀਨਿਧੀ ਮੰਡਲ ਨੇ ਫੈਕਟਰੀ ਦਾ ਦੌਰਾ ਕਰਨਾ ਸੀ। ਸ਼੍ਰੀਲੰਕਾਈ ਮੈਨੇਜਰ ਨੇ ਫੈਕਟਰੀ ਦੀਆਂ ਮਸ਼ੀਨਾਂ ਦੀ ਸਾਫ਼ ਸਫ਼ਾਈ ਦਾ ਆਦੇਸ਼ ਦਿੱਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਧਾਰਮਿਕ ਸਟਿੱਕਰ ਹਟਾਉਣ ਨੂੰ ਕਿਹਾ ਗਿਆ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਥਿਤ ਤੌਰ 'ਤੇ ਜਦੋਂ ਫੈਕਟਰੀ ਕਰਮਚਾਰੀਆਂ ਨੇ ਸਟਿੱਕਰ ਨਹੀਂ ਹਟਾਇਆ ਤਾਂ ਮੈਨੇਜਰ ਨੇ ਖ਼ੁਦ ਹਟਾ ਦਿੱਤਾ।

ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਬੇਹੱਦ ਸ਼ਰਮਨਾਕ ਘਟਨਾ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਅਦਾਲਤ ਤੋਂ ਬਾਹਰ ਕਾਰਵਾਈ ਕਰਨਾ ਬਿਲਕੁਲ ਅਸਵੀਕਾਰਨਯੋਗ ਹੈ।

ਆਈਐੱਸਪੀਆਰ ਮੁਤਾਬਕ ਆਰਮੀ ਚੀਫ ਨੇ ਕਿਹਾ ਹੈ ਕਿ ਇਸ ਘਿਨੌਣੇ ਜੁਰਮ ਦੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਲਈ ਸਿਵਿਲ ਐਡਮਨਿਸਟ੍ਰੇਸ਼ਨ ਨੂੰ ਹਰ ਮੁਮਕਿਨ ਮਦਦ ਪਹੁੰਚਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)