ਇਸ ਅਫ਼ਗਾਨ ਪਰਿਵਾਰ ਨੂੰ ਇੱਕ ਔਰਤ ਨੇ ਖੁਸ਼ੀ ਨਾਲ ਫਲੈਟ ਮੁਫ਼ਤ ਵਿੱਚ ਕਿਉਂ ਦਿੱਤਾ

    • ਲੇਖਕ, ਲੂਸੀ ਮੈਨਿੰਗ ਅਤੇ ਫਿਲ ਕੈਂਪ
    • ਰੋਲ, ਬੀਬੀਸੀ ਨਿਊਜ਼

ਇਹ ਐਬਰਡੀਨ ਵਿੱਚ ਇੱਕ ਹਨੇਰੀ, ਠੰਢੀ ਰਾਤ ਸੀ, ਪਰ ਜਦੋਂ ਵੇਸਲ ਪਰਿਵਾਰ ਆਪਣੀ 10 ਘੰਟੇ ਦੀ ਯਾਤਰਾ ਦੇ ਅੰਤ ਵਿੱਚ ਕਾਰ ਤੋਂ ਬਾਹਰ ਨਿਕਲਿਆ ਤਾਂ ਹੇਲਗਾ ਮੈਕਫਰਲੇਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਇੰਤਜ਼ਾਰ ਕਰ ਰਹੀ ਸੀ। ਉਸ ਨੇ ਉਨ੍ਹਾਂ ਨੂੰ ਜੱਫੀ ਪਾ ਕੇ ਕਿਹਾ, 'ਆਖਿਰ, ਮੈਨੂੰ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ।'

ਇਹ ਉਨ੍ਹਾਂ ਦਾ ਨਵਾਂ ਘਰ ਹੋਵੇਗਾ ਜੋ 75 ਸਾਲ ਪੁਰਾਣੀ ਦਿਆਲਤਾ ਕਾਰਨ ਸੰਭਵ ਹੋਇਆ ਹੈ।

ਇਹ ਇੱਕ ਜਰਮਨ ਸ਼ਰਨਾਰਥੀ ਦੀ ਸਕਾਟਿਸ਼ ਧੀ ਹੈ ਜੋ ਬਰਤਾਨੀਆ ਆਏ ਇੱਕ ਅਫ਼ਗਾਨ ਪਰਿਵਾਰ ਦੀ ਮਦਦ ਕਰ ਰਹੀ ਹੈ।

ਬੁਰਹਾਨ ਵੇਸਲ ਅਫ਼ਗਾਨਿਸਤਾਨ ਵਿੱਚ ਬ੍ਰਿਟਿਸ਼ ਸੈਨਾ ਲਈ ਇੱਕ ਦੁਭਾਸ਼ੀਏ ਵਜੋਂ ਕੰਮ ਕਰਦਾ ਸੀ।

ਜਦੋਂ ਤਾਲਿਬਾਨ ਨੇ ਕਬਜ਼ਾ ਕਰ ਲਿਆ ਤਾਂ ਉਹ ਇਸ ਡਰੋਂ ਛੁਪ ਗਿਆ ਕਿ ਉਹ ਉਸ ਨੂੰ ਮਾਰ ਦੇਣਗੇ।

ਇਹ ਵੀ ਪੜ੍ਹੋ

'ਕੋਈ ਰਹਿਮ ਨਹੀਂ ਕਰੇਗਾ’

ਅਸੀਂ ਅਗਸਤ ਵਿੱਚ ਕਾਬੁਲ ਵਿੱਚ ਜ਼ੂਮ ਜ਼ਰੀਏ ਉਸ ਨਾਲ ਇੰਟਰਵਿਊ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਨੂੰ ਮਦਦ ਦੀ ਅਪੀਲ ਕੀਤੀ ਸੀ।

ਬੁਰਹਾਨ ਨੇ ਕਿਹਾ, "ਮੈਂ ਉਨ੍ਹਾਂ ਤੋਂ ਭੀਖ ਮੰਗਦਿਆਂ ਕਿਹਾ ਕਿ ਮੈਂ ਬਸ ਇੰਨਾ ਚਾਹੁੰਦਾ ਹਾਂ ਕਿ ਉਹ ਮੇਰੇ ਅਤੇ ਮੇਰੇ ਪਰਿਵਾਰ ਲਈ ਸੁਰੱਖਿਆ ਦਾ ਰਸਤਾ ਪ੍ਰਦਾਨ ਕਰੇ।"

ਉਸ ਨੇ ਕਿਹਾ ਕਿ ਜੇਕਰ ਤਾਲਿਬਾਨ ਨੇ ਉਸ ਨੂੰ ਲੱਭ ਲਿਆ ਤਾਂ 'ਕੋਈ ਰਹਿਮ ਨਹੀਂ ਕਰੇਗਾ ਅਤੇ ਮੈਨੂੰ ਮੌਤ ਦਾ ਸਾਹਮਣਾ ਕਰਨਾ ਪਵੇਗਾ।'

ਅਸੀਂ ਬੁਰਹਾਨ ਦੇ ਸੰਪਰਕ ਵਿੱਚ ਰਹੇ ਕਿਉਂਕਿ ਉਸ ਨੇ ਅਫ਼ਗਾਨਿਸਤਾਨ ਛੱਡਣ ਲਈ ਆਪਣੀ ਅਤੇ ਆਪਣੀ ਪਤਨੀ ਨਰਸਿਸ ਜੋ ਇੱਕ ਗਾਇਨੀਕੋਲੋਜਿਸਟ ਹੈ ਅਤੇ ਬੇਟੇ ਸੇਪਹਰ ਦੀ ਜਾਨ ਨੂੰ ਜੋਖਮ ਵਿੱਚ ਪਾਇਆ ਸੀ।

ਉਨ੍ਹਾਂ ਨੇ ਹਵਾਈ ਅੱਡੇ 'ਤੇ ਮਚੀ ਹੋਈ ਹਫੜਾ-ਦਫੜੀ ਦਾ ਸਾਹਮਣਾ ਕੀਤਾ ਅਤੇ ਕਾਬੁਲ ਹਵਾਈ ਅੱਡੇ 'ਤੇ ਆਤਮਘਾਤੀ ਬੰਬ ਧਮਾਕੇ ਤੋਂ ਇੱਕ ਦਿਨ ਪਹਿਲਾਂ ਆਰਏਐੱਫ ਦੀ ਉਡਾਣ 'ਤੇ ਚੜ੍ਹਨ ਵਿੱਚ ਕਾਮਯਾਬ ਰਹੇ।

ਆਰਏਐੱਫ ਜਹਾਜ਼ ਤੋਂ ਪਰਿਵਾਰ ਦੀ ਤਸਵੀਰ ਭੇਜ ਕੇ ਬੁਰਹਾਨ ਨੇ ਸਾਨੂੰ ਦੱਸਿਆ ਕਿ ਇਹ 'ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਪਲ' ਹੈ।

ਅਸੀਂ ਬੁਰਹਾਨ ਨਾਲ ਦੁਬਾਰਾ ਇੰਟਰਵਿਊ ਕੀਤੀ ਕਿਉਂਕਿ ਉਸ ਦਾ ਪਰਿਵਾਰ ਹਵਾਈ ਅੱਡੇ ਦੇ ਨੇੜੇ ਇੱਕ ਹੋਟਲ ਵਿੱਚ ਕੁਆਰੰਟੀਨ ਸੀ।

ਸੇਪਹਰ ਆਪਣੇ ਨਵੇਂ ਦੇਸ਼ ਦੀ ਸਿਰਫ਼ ਖਿੜਕੀ ਤੋਂ ਬਾਹਰ ਦੇਖ ਸਕਦਾ ਸੀ ਅਤੇ ਆਪਣੀਆਂ ਖਿਡੌਣਾ ਕਾਰਾਂ ਨਾਲ ਖੇਡ ਸਕਦਾ ਸੀ, ਉਹ ਸਭ ਕੁਝ ਜੋ ਉਹ ਆਪਣੇ ਨਾਲ ਲੈ ਕੇ ਆਇਆ ਸੀ।

ਉਹ ਸੁਰੱਖਿਅਤ ਹੋਣ ਲਈ ਬਹੁਤ ਸ਼ੁਕਰਗੁਜ਼ਾਰ ਸਨ ਅਤੇ ਬੁਰਹਾਨ ਨੇ ਹੇਲਮੰਡ ਵਿੱਚ ਵਾਅਦਾ ਕੀਤਾ, "ਮੈਂ ਇਸ ਦੇਸ਼ ਦੀ ਸੇਵਾ ਕਰਾਂਗਾ।'

ਕਿਵੇਂ ਗੁਜ਼ਰੇ ਦਿਨ

ਯੂਕੇ ਵਿੱਚ ਲਿਆਂਦੇ ਗਏ ਹਜ਼ਾਰਾਂ ਹੋਰ ਅਫ਼ਗਾਨਾਂ ਦੀ ਤਰ੍ਹਾਂ ਉਨ੍ਹਾਂ ਨੇ ਪਿਛਲੇ 100 ਦਿਨ ਹੋਟਲ ਦੇ ਕਮਰਿਆਂ ਵਿੱਚ ਗੁਜ਼ਾਰੇ ਹਨ।

ਸੇਪਹਰ ਨੇ ਆਖ਼ਿਰਕਾਰ ਸਕੂਲ ਜਾਣਾ ਸ਼ੁਰੂ ਕੀਤਾ, ਪਰ ਪਿਛਲੇ ਹਫ਼ਤੇ ਉਨ੍ਹਾਂ ਦੇ ਕੇਂਦਰੀ ਲੰਡਨ ਹੋਟਲ ਵਿੱਚ ਰਹਿ ਰਹੇ ਸੈਂਕੜੇ ਸ਼ਰਨਾਰਥੀਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਕ੍ਰਾਲੀ ਵਿੱਚ ਇੱਕ ਹੋਰ ਹੋਟਲ ਵਿੱਚ ਜਾਣਾ ਹੈ, ਇਸ ਲਈ ਸਾਰੇ ਬੱਚਿਆਂ ਨੂੰ ਸਕੂਲ ਛੱਡਣਾ ਪਿਆ ਅਤੇ ਸਕੂਲ ਜਨਵਰੀ ਤੱਕ ਦੁਬਾਰਾ ਸ਼ੁਰੂ ਨਹੀਂ ਹੋਵੇਗਾ।

ਜਦੋਂ ਪਰਿਵਾਰ ਅਜੇ ਆਪਣੇ ਲੰਡਨ ਹੋਟਲ ਵਿੱਚ ਹੀ ਸੀ, ਅਕਤੂਬਰ ਵਿੱਚ ਐਬਰਡੀਨ ਵਿੱਚ ਰਹਿਣ ਵਾਲੀ ਇੱਕ ਔਰਤ, ਹੇਲਗਾ ਮੈਕਫਰਲੇਨ ਤੋਂ ਉਸ ਨੂੰ ਈਮੇਲ ਆਈ।

ਉਸ ਨੇ ਲਿਖਿਆ: "ਤੁਹਾਡੀ ਕਹਾਣੀ ਮੇਰੇ ਨਾਲ ਮਿਲਦੀ ਜੁਲਦੀ ਹੈ। ਮੇਰੀ ਮਾਂ ਵਿਸ਼ਵ ਯੁੱਧ 2 ਵਿੱਚ ਸਿਲੇਸੀਅਨ ਸ਼ਰਨਾਰਥੀ ਸੀ ਅਤੇ ਬ੍ਰਿਟਿਸ਼ ਫੌਜ ਲਈ ਇੱਕ ਦੁਭਾਸ਼ੀਏ ਵਜੋਂ ਕੰਮ ਕਰਦੀ ਸੀ।'

ਉਸ ਨੇ ਲਿਖਿਆ, 'ਮੈਂ ਵੇਸਲ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਰਹੀ ਅਤੇ ਉਸ ਨੂੰ ਇੱਥੇ ਇੱਕ ਨਵਾਂ ਘਰ ਦੇਣ ਦੀ ਪੇਸ਼ਕਸ਼ ਕੀਤੀ।'

'ਮੈਂ ਤੁਹਾਡੀ ਰਿਪੋਰਟ ਵਿੱਚ ਉਨ੍ਹਾਂ ਦੀ ਦੁਰਦਸ਼ਾ ਨੂੰ ਇੰਨੀ ਚੰਗੀ ਤਰ੍ਹਾਂ ਉਜਾਗਰ ਕਰਨ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇਸ ਨੇ ਮੈਨੂੰ ਕੁਝ ਕਰਨ ਲਈ ਪ੍ਰੇਰਿਆ, ਜਿਸ ਦੀ ਮੈਨੂੰ ਉਮੀਦ ਹੈ ਕਿ ਉਹ ਜੋ ਕੁਝ ਵੀ ਕਰ ਰਹੇ ਹਨ, ਉਨ੍ਹਾਂ ਨੂੰ ਉਹ ਪੂਰਾ ਕਰ ਲੈਣਗੇ ਅਤੇ ਇੱਥੇ ਇੱਕ ਨਵੀਂ ਜ਼ਿੰਦਗੀ ਦੀ ਤਲਾਸ਼ ਨੂੰ ਥੋੜ੍ਹਾ ਸੌਖਾ ਕਰ ਦੇਵੇਗੀ।'

ਹੇਲਗਾ ਨੇ ਬਾਅਦ ਵਿੱਚ ਦੱਸਿਆ ਕਿ ਉਸ ਦੀ ਮਾਂ ਆਪਣੀ ਮਾਂ ਅਤੇ ਭੈਣ ਨਾਲ ਜਰਮਨੀ ਤੋਂ ਭੱਜ ਗਈ ਸੀ ਅਤੇ ਇਹ ਸਿਰਫ਼ ਰਸਤੇ ਵਿੱਚ ਹੋਰ ਲੋਕਾਂ ਦੀ ਦਿਆਲਤਾ ਹੀ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਉਨ੍ਹਾਂ ਨੂੰ ਭੋਜਨ ਦਿੱਤਾ ਸੀ, ਅਤੇ ਬਰਤਾਨੀਆ ਲਈ ਕੰਮ ਕਰਨ ਲਈ ਬ੍ਰਿਟਿਸ਼ ਰੈੱਡ ਕਰਾਸ ਵੱਲੋਂ ਵੀ ਉਨ੍ਹਾਂ ਨੂੰ ਮਦਦ ਮਿਲੀ ਸੀ।

ਉਸ ਨੇ ਕਿਹਾ, "ਇਹ ਦਿਆਲਤਾ ਅਤੇ ਮਨੁੱਖਤਾ ਲਈ ਕੁਝ ਵਾਪਸ ਦੇਣ ਦਾ ਸਮਾਂ ਸੀ ਜਿਸ ਨਾਲ ਮੇਰੀ ਮਾਂ ਅਤੇ ਪਰਿਵਾਰ ਨੂੰ ਬਚਣ ਵਿੱਚ ਮਦਦ ਮਿਲੀ ਸੀ।'

ਵੇਸਲ ਪਰਿਵਾਰ ਬਹੁਤ ਖੁਸ਼ ਸੀ ਕਿ ਇੱਕ ਔਰਤ ਜਿਸ ਨੂੰ ਉਹ ਕਦੇ ਨਹੀਂ ਮਿਲੇ, ਉਹ ਉਨ੍ਹਾਂ ਨੂੰ ਰਹਿਣ ਲਈ ਫਲੈਟ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਐਬਰਡੀਨ ਕੌਂਸਲ ਦੀ ਮਦਦ ਨਾਲ ਉਨ੍ਹਾਂ ਦੇ ਬੱਚੇ ਦੀ ਸਕੂਲੀ ਸਿੱਖਿਆ ਅਤੇ ਮੁੜ ਸਿਖਲਾਈ ਲਈ ਸਹਾਇਤਾ ਕਰ ਰਹੀ ਹੈ।

ਪਰ ਇਹ ਇੰਨਾ ਸੌਖਾ ਨਹੀਂ ਸੀ।

ਅਕਤੂਬਰ ਦੇ ਅੰਤ ਵਿੱਚ ਹੋਮ ਆਫਿਸ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੀਟਰਬਰੋ ਜਾਣਾ ਪਵੇਗਾ।

ਹੇਲਗਾ ਲਈ ਜਦੋਂ ਪਾਰਕਿੰਸਨਜ਼ ਦੀ ਬਿਮਾਰੀ ਨਾਲ ਜੂਝਦੀ ਹੋਈ ਅਕਸਰ ਬਿਸਤਰ 'ਤੇ ਹੀ ਰਹਿੰਦੀ ਸੀ, ਉਸ ਨੇ ਉਨ੍ਹਾਂ ਵੱਲੋਂ ਨੌਕਰਸ਼ਾਹੀ ਨਾਲ ਲੜਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਸਥਾਨਕ ਸੰਸਦ ਮੈਂਬਰ ਦੀ ਮਦਦ ਨਾਲ ਯੂਕੇ ਸਰਕਾਰ ਦੀ ਲਾਬਿੰਗ ਕੀਤੀ।

ਵੇਸਲ ਪਰਿਵਾਰ ਨੂੰ ਪੀਟਰਬਰੋ ਭੇਜਿਆ ਗਿਆ, ਪਰ ਉੱਥੇ ਪਹੁੰਚਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਤੋਂ ਕੋਈ ਗਲਤੀ ਹੋ ਗਈ ਹੈ ਅਤੇ ਉਨ੍ਹਾਂ ਨੂੰ ਲੰਡਨ ਦੇ ਹੋਟਲ ਵਾਪਸ ਜਾਣਾ ਹੋਵੇਗਾ।

ਆਖ਼ਿਰਕਾਰ, ਸੋਮਵਾਰ ਨੂੰ ਉਨ੍ਹਾਂ ਨੂੰ ਹੋਮ ਆਫਿਸ ਦੁਆਰਾ ਸੂਚਿਤ ਕੀਤਾ ਗਿਆ ਕਿ ਉਹ ਐਬਰਡੀਨ ਜਾ ਸਕਦੇ ਹਨ।

ਇੱਕ- ਦੋ ਬੈਗ ਅਤੇ ਸੇਪਹਰ ਦਾ ਖਿਡੌਣਾ ਸਕੂਟਰ ਜੋ ਇੱਕ ਸਥਾਨਕ ਪਰਿਵਾਰ ਨੇ ਉਨ੍ਹਾਂ ਨੂੰ ਦਾਨ ਕੀਤਾ ਸੀ, ਲੈ ਕੇ ਉਹ ਆਪਣੇ ਨਵੇਂ ਸ਼ਹਿਰ ਵਿੱਚ ਪਹੁੰਚ ਗਏ।

ਕਾਬੁਲ ਤੋਂ ਇਹ ਪਰਿਵਾਰ ਹੁਣ ਇੱਕ ਸਕਾਟਿਸ਼ ਪਰਿਵਾਰ ਬਣ ਜਾਵੇਗਾ ਜਿਸ ਨੂੰ ਅਜਨਬੀਆਂ ਦੀ ਦਿਆਲਤਾ ਨਾਲ ਮਦਦ ਮਿਲੀ ਹੈ।

ਹੇਲਗਾ ਨੇ ਮੁਸਕਰਾਉਂਦਿਆਂ ਸੇਪਹਰ ਨੂੰ ਆਪਣਾ ਨਵਾਂ ਕਮਰਾ ਦਿਖਾਉਂਦਿਆਂ ਕਿਹਾ, 'ਤੁਹਾਡੇ ਨਵੇਂ ਘਰ ਵਿੱਚ ਤੁਹਾਡਾ ਸੁਆਗਤ ਹੈ।' ਜਿਸ ਵਿੱਚ ਖਿਡੌਣਿਆਂ ਦੀਆਂ ਕਾਰਾਂ ਵਾਲੀ ਚਾਦਰ ਵਿਛਾਈ ਹੋਈ ਸੀ।

ਨਰਸਿਸ ਜਦੋਂ ਫਲੈਟ ਵਿੱਚ ਗਈ ਤਾਂ ਉਹ ਰੋ ਪਈ।

"ਸਾਡੇ ਕੋਲ ਅਜੇ ਵੀ ਇਸ ਸੰਸਾਰ ਵਿੱਚ ਚੰਗੇ ਇਨਸਾਨ ਹਨ'

ਆਪਣੇ ਕਰੀਅਰ ਨੂੰ ਛੱਡ ਕੇ, ਰਿਸ਼ਤੇਦਾਰਾਂ ਨੂੰ ਪਿੱਛੇ ਛੱਡ ਕੇ ਅਤੇ ਤਿੰਨ ਮਹੀਨਿਆਂ ਵਿੱਚ ਤਿੰਨ ਹੋਟਲਾਂ ਵਿੱਚ ਘੁੰਮਣ ਤੋਂ ਬਾਅਦ ਆਖ਼ਿਰਕਾਰ ਇਹ ਉਨ੍ਹਾਂ ਦੇ ਜੀਵਨ ਵਿੱਚ ਕੁਝ ਸਥਿਰਤਾ ਆਈ ਸੀ।

ਰਸੋਈ ਵਿੱਚ ਹੇਲਗਾ ਨੇ ਕੁਝ ਸਕੌਟਿਸ਼ ਵਿਅੰਜਨ ਲਿਆਂਦੇ : ਟਿਉਨੋਕ ਦੇ ਟੀਕੇਕ ਅਤੇ ਇਰਨ ਬਰੂ।

ਬੁਰਹਾਨ ਨੇ ਹੱਸਦੇ ਹੋਏ ਕਿਹਾ, 'ਮੈਂ ਅਫ਼ਗਾਨਿਸਤਾਨ ਵਿੱਚ ਹੇਲਮੰਡ ਵਿੱਚ ਇਰਨ ਬਰੂ ਨੂੰ ਦੇਖਿਆ ਹੈ।'

ਬੁਰਹਾਨ ਨੂੰ ਹੇਲਗਾ ਦਾ ਧੰਨਵਾਦ ਕਰਨ ਲਈ ਸ਼ਬਦ ਲੱਭਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਆਖਿਰ ਉਸ ਨੇ ਕਿਹਾ: 'ਤੁਹਾਡੀ ਉਦਾਰਤਾ, ਤੁਹਾਡੇ ਦਿਆਲੂਪਣ ਨੂੰ ਕਦੇ ਨਹੀਂ ਭੁਲਾਂਗਾ।'

"ਸਾਡੇ ਕੋਲ ਅਜੇ ਵੀ ਇਸ ਸੰਸਾਰ ਵਿੱਚ ਚੰਗੇ ਇਨਸਾਨ ਹਨ ਅਤੇ ਤੁਸੀਂ ਇੱਕ ਉਦਾਹਰਣ ਹੋ।”

"ਉਦਾਰ ਲੋਕ ਤੁਹਾਡੀ ਮਦਦ ਕਰਨ ਉਦੋਂ ਆਉਂਦੇ ਹਨ ਜਦੋਂ ਤੁਸੀਂ ਹਨੇਰੇ ਵਿੱਚ ਹੁੰਦੇ ਹੋ ਅਤੇ ਉਹ ਆਉਂਦੇ ਹਨ ਅਤੇ ਤੁਹਾਡੇ ਕਮਰੇ ਵਿੱਚ ਰੌਸ਼ਨੀ ਕਰ ਦਿੰਦੇ ਹਨ।'

ਵੇਸਲ ਪਰਿਵਾਰ ਖੁਸ਼ਕਿਸਮਤ ਹੈ। ਜ਼ਿਆਦਾਤਰ ਅਫ਼ਗਾਨ ਸ਼ਰਨਾਰਥੀ ਅਜੇ ਵੀ ਹੋਟਲਾਂ ਵਿੱਚ ਹਨ।

ਉਹ ਸੁਰੱਖਿਅਤ ਰਹਿਣ ਲਈ ਸ਼ੁਕਰਗੁਜ਼ਾਰ ਹਨ, ਪਰ ਅੜਿੱਕੇ ਅਜੇ ਵੀ ਕਾਫ਼ੀ ਹਨ: ਉਹ ਬਾਹਰ ਜਾਣ ਲਈ, ਆਪਣੇ ਬੱਚਿਆਂ ਨੂੰ ਸਥਾਈ ਸਕੂਲਾਂ ਵਿੱਚ ਦਾਖਲ ਕਰਾਉਣ, ਸਿਖਲਾਈ ਸ਼ੁਰੂ ਕਰਨ ਜਾਂ ਨੌਕਰੀਆਂ ਲੱਭਣ ਲਈ ਬੇਤਾਬ ਹਨ।

ਇੱਕ ਵਿਅਕਤੀ ਵਿੱਚ ਦੂਜਿਆਂ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਹੁੰਦੀ ਹੈ।

ਹੇਲਗਾ ਕੋਲ ਵੇਸਲ ਪਰਿਵਾਰ ਲਈ ਇੱਕ ਅੰਤਮ ਸੰਦੇਸ਼ ਸੀ ਕਿਉਂਕਿ ਉਨ੍ਹਾਂ ਨੇ ਐਬਰਡੀਨ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ।

ਉਸ ਨੇ ਕਿਹਾ, “ਤੁਸੀਂ ਹੁਣ ਸਾਡੇ ਪਰਿਵਾਰ ਦਾ ਹਿੱਸਾ ਹੋ। ਤੁਹਾਡਾ ਬਹੁਤ ਸੁਆਗਤ ਹੈ।”

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)