You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਬਾਰੇ ਕੀ ਕਿਹਾ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕਾਂਗਰਸ ਆਮ ਲੋਕਾਂ ਦੀ ਵਿਚਾਰਧਾਰਾ ਨਾਲ ਜੁੜੀ ਪਾਰਟੀ ਹੈ ਇਸ ਲਈ ਉਹ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਉਨ੍ਹਾਂ ਦੀ ਸ਼ਮੂਲੀਅਤ ਦੇ ਮੌਕੇ ਗਨ ਕਲਚਰ ਬਾਰੇ ਲਿਖੇ ਉਨ੍ਹਾਂ ਦੇ ਗੀਤ ਤੇ ਉਨ੍ਹਾਂ ’ਤੇ ਦਰਜ ਮਾਮਲਿਆਂ ਬਾਰੇ ਸਵਾਲ ਨਵਜੋਤ ਸਿੰਘ ਸਿੱਧੂ ਨੂੰ ਪੁੱਛੇ ਗਏ।
ਸਿੱਧੂ ਮੂਸੇਵਾਲਾ ਨੇ ਕੀ ਕਿਹਾ?
ਸਿੱਧੂ ਮੂਸੇਵਾਲਾ ਨੇ ਕਿਹਾ, "ਅੱਜ ਤੋਂ 3-4 ਸਾਲ ਪਹਿਲਾਂ ਮੈਂ ਸੰਗੀਤ ਸ਼ੁਰੂ ਕੀਤਾ ਸੀ। ਤੁਹਾਡੇ ਸਾਰਿਆਂ ਦੇ ਪਿਆਰ ਤੇ ਆਸ਼ੀਰਵਾਦ ਸਦਕਾ ਮੈਨੂੰ ਅੱਜ ਇਹ ਮੁਕਾਮ ਪ੍ਰਾਪਤ ਹੋਇਆ ਹੈ।"
"ਅੱਜ ਚਾਰ ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਕਦਮ ਚੁੱਕਣ ਜਾ ਰਿਹਾ ਹਾਂ, ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆਂ, ਜਿਸ ਵਿੱਚ ਮੇਰੀ ਸ਼ੁਰੂਆਤ ਹੈ।"
ਇਹ ਵੀ ਪੜ੍ਹੋ:
“ਪਹਿਲਾਂ ਮੇਰਾ ਇਸ ਤਰਫ ਕੋਈ ਖ਼ਾਸ ਰੁਝਾਨ ਵੀ ਨਹੀਂ ਸੀ ਕਿਉਂਕਿ ਜਿੰਨੇ ਬੰਦੇ ਸੰਗੀਤ ਵਾਲੇ ਹੁੰਦੇ ਹਨ ਉਨ੍ਹਾਂ ਦੀ ਦੁਨੀਆਂ ਕੁਝ ਹੋਰ ਹੁੰਦੀ ਹੈ।"
"ਪਰ ਸ਼ੁਰੂ ਤੋਂ ਮੇਰਾ ਜੁੜਾਅ ਪਿੰਡ ਨਾਲ ਰਿਹਾ, ਅਸੀਂ ਆਮ ਪਰਿਵਾਰਾਂ 'ਚੋਂ ਉੱਠੇ ਹੋਏ ਲੋਕ ਹਾਂ।"
“ਮੇਰੇ ਪਿਤਾ ਜੀ ਫੌਜ ਵਿੱਚ ਰਹੇ ਹਨ, ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਤੇ ਅਜੇ ਵੀ ਅਸੀਂ ਉਸੇ ਪਿੰਡ ਵਿੱਚ ਰਹਿ ਰਹੇ ਹਾਂ।"
"ਮੇਰੇ ਨਾਲ ਸਾਡਾ ਮਾਨਸਾ-ਬਠਿੰਡਾ ਦਾ ਇਲਾਕਾ ਜਿਸ ਤਰ੍ਹਾਂ ਜੁੜਿਆ ਹੋਇਆ ਹੈ, ਉਹ ਉਨ੍ਹਾਂ ਦਾ ਪਿਆਰ, ਉਨ੍ਹਾਂ ਦੀਆਂ ਦੁਆਵਾਂ ਤੇ ਆਸਾਂ ਹਨ।"
ਕਾਂਗਰਸ ਮਿਹਨਤਕਸ਼ ਲੋਕਾਂ ਦੀ ਪਾਰਟੀ - ਮੂਸੇਵਾਲਾ
"ਮੈਂ ਕਾਂਗਰਸ 'ਚ ਹੀ ਕਿਉਂ ਸ਼ਾਮਲ ਹੋਇਆ, ਇਸਦਾ ਇੱਕ ਬਹੁਤ ਵੱਡਾ ਕਾਰਨ ਹੈ।"
"ਪਹਿਲੀ ਗੱਲ ਇਹ ਕਿ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ, ਇਸ ਦੇ ਵਿੱਚ ਉਹ ਲੋਕ ਨੇ ਜਿਹੜੇ ਆਮ ਘਰਾਂ ਤੋਂ ਉੱਠੇ ਹੋਏ ਹਨ।''
"ਮੁੱਖ ਵਜ੍ਹਾ ਇਹ ਹੈ ਕਿ ਇੱਥੇ ਕੋਈ ਵੀ ਮਿਹਨਤਕਸ਼ ਆਦਮੀ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ ਤੇ ਵਿਕਾਸ ਕਰ ਸਕਦਾ ਹੈ। ਕਿੱਤਿਆਂ ਤੋਂ, ਘਰਾਣਿਆਂ ਤੋਂ ਉੱਪਰ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ।"
‘ਬਹੁਤ ਲੋਕਾਂ 'ਤੇ ਕੇਸ ਪਏ ਨੇ, ਫੇਰ ਕੀ ਹੋ ਗਿਆ’
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੱਤਰਕਾਰਾਂ ਨੇ ਸਿੱਧੂ ਮੂਸੇਵਾਲਾ ਦੇ ਗਨ ਕਲਚਰ ਵਾਲੇ ਗਾਣਿਆਂ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ।
ਸਿੱਧੂ ਮੂਸੇਵਾਲਾ ’ਤੇ ਚੱਲਦੇ ਕੇਸਾਂ ਬਾਰੇ ਨਵਜੋਤ ਸਿੱਧੂ ਨੇ ਕਿਹਾ, "ਇਸ ਗੱਲ ਨੂੰ ਸਮਝੋ ਕਿ ਕੇਸ ਪੈਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਗਿਲਟੀ (ਦੋਸ਼ੀ) ਹੋ ਗਿਆ। ਮੇਰੇ 'ਤੇ ਕੇਸ ਪਏ ਸੀ, ਫਿਰ ਲੋਕਾਂ ਨੇ ਛੇ ਚੋਣਾਂ ਜਿੱਤਵਾ ਦਿੱਤੀਆਂ।"
''ਪਹਿਲੀ ਗੱਲ ਤਾਂ ਇਹ ਕਿ ਜਦੋਂ ਸਬਜਿਊਡੀਸ਼ ਮਾਮਲਾ ਹੈ ਫਿਰ ਅਦਾਲਤ ਦੀ ਕਿਸੇ ਗੱਲ 'ਤੇ ਕੋਈ ਟਿੱਪਣੀ ਕਰਨੀ ਵਾਜਿਬ ਨਹੀਂ ਹੈ।"
"ਫਿਰ ਵੀ ਜੇ ਤੁਸੀਂ ਸਵਾਲ ਪੁੱਛਿਆ ਹੈ, ਤਾਂ ਜਿਹੜੇ ਰੁੱਖ 'ਤੇ ਅੰਬ ਲੱਗਦੇ ਹਨ ਰੋੜੇ ਵੀ ਉਸੇ ਨੂੰ ਵੱਜਦੇ ਹਨ। ਬਹੁਤ ਲੋਕ ਨੇ ਇਸ ਧਰਤੀ 'ਤੇ ਜਿਨ੍ਹਾਂ 'ਤੇ ਕੇਸ ਪਏ ਹੋਏ ਨੇ। ਫੇਰ ਕੀ ਹੋ ਗਿਆ।"
ਵੀਡੀਓ - ਸਿੱਧੂ ਮੂਸੇਵਾਲੇ ਦੇ ਗਾਣੇ ਪੰਜਾਬੀਆਂ ਦੀ ਪਸੰਗ˸ ਰਾਜਾ ਵੜਿੰਗ
ਕੀ ਬੋਲੇ ਵਿਰੋਧੀ ਧਿਰਾਂ ਦੇ ਆਗੂ?
ਭਾਜਪਾ ਦੇ ਨੈਸ਼ਨਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਕਾਂਗਰਸ 'ਤੇ ਬਾਰਡਰ ਸਟੇਟ 'ਚ ਗਨ ਕਲਚਰ ਅਤੇ ਵੱਖਵਾਦ ਨੂੰ ਹਵਾ ਦੇਣ ਦਾ ਇਲਜ਼ਾਮ ਲਗਾਇਆ।
ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਸਾਜ਼ਿਸ ਮੁੜ ਤੋਂ ਪੰਜਾਬ ਨੂੰ ਅਸਥਿਰ ਕਰਨ ਦੀ ਹੈ।
ਉਨ੍ਹਾਂ ਕਿਹਾ ਕਿ ਮੂਸੇਵਾਲਾ 'ਤੇ ਪੰਜਾਬ ਪੁਲਿਸ ਵੱਲੋਂ ਗਨ ਕਲਚਰ ਪ੍ਰਮੋਟ ਕਰਨ ਦੇ ਖ਼ਿਲਾਫ਼ ਕਈ ਕੇਸ ਦਰਜ ਕੀਤੇ ਗਏ ਹਨ।
ਨਾਲ ਹੀ ਚੁੱਘ ਨੇ ਕਿਹਾ ਕਿ ਦਸੰਬਰ 2020 'ਚ ਮੂਸੇਵਾਲਾ ਨੇ ਭਿੰਡਰਾਵਾਲਾ ਅਤੇ ਹੋਰ ਵੱਖ-ਵਾਦੀ ਲੀਡਰਾਂ ਦੀ ਹਿਮਾਇਤ 'ਚ ਗਾਣਾ ਗਾਇਆ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਸਿਆਸੀ ਇਤਿਹਾਸ ਦਾ ਕਾਲਾ ਦਿਨ ਹੈ।
ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ
ਸਿੱਧੂ ਮੂਸੇਵਾਲਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਦਿੱਲੀ ’ਚ ਮੁਲਾਕਾਤ ਕੀਤੀ।
ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ।
ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਪੰਜਾਬ ਦੀ ਬਹਿਤਰੀ ਨਾਲ ਕਾਂਗਰਸ ’ਚ ਆਏ ਹਨ।
“ਅਸੀਂ ਆਪਣੇ ਇਲਾਕੇ ਬਾਰੇ ਗੱਲਬਾਤ ਕੀਤੀ।”
ਨਵਜੋਤ ਸਿੱਧੂ ਨੇ ਕਿਹਾ, “ਉਹ (ਮੂਸੇਵਾਲਾ) ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਆਇਆ ਸੀ। ਉਹ ਬਹੁਤ ਨੇਕ ਬੰਦਾ ਹੈ। ਉਸ ਨੇ ਆਪਣਾ ਵਿਜ਼ਨ ਰਾਹੁਲ ਗਾਂਧੀ ਨੂੰ ਦੱਸਿਆ।”
“ਹੁਣ ਉਹ ਸਿਆਸੀ ਆਗੂ ਬਣ ਚੁੱਕਿਆ ਹੈ। ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਨੂੰ ਬਹੁਤ ਸਰਾਹਿਆ। ਸਾਡੇ ਕੋਲ ਯੂਥ ਆਈਕੋਨ ਅਤੇ ਵਰਲਡ ਦਾ ਸੂਪਰ ਸਟਾਰ ਆਇਆ ਹੈ।”
ਇਹ ਵੀ ਪੜ੍ਹੋ:
ਇਹ ਵੀ ਦੇਖੋ: