ਕਾਂਗਰਸ ਬਨਾਮ ਭਾਜਪਾ: ਤਿੰਨ ਰਾਜਾਂ ਦੀ ਜਿੱਤ ਰਾਹੁਲ ਲਈ 2019 ਦੀ ਗਾਰੰਟੀ ਕਿਵੇਂ ਨਹੀਂ

    • ਲੇਖਕ, ਰਾਜੇਸ਼ ਪ੍ਰਿਆਦਰਸ਼ੀ
    • ਰੋਲ, ਡਿਜੀਟਲ ਐਡੀਟਰ, ਬੀਬੀਸੀ ਹਿੰਦੀ

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਅਜੇ ਕੁਝ ਸਮੇਂ ਤੱਕ ਜਾਰੀ ਰਹੇਗਾ ਪਰ ਹੁਣ ਤੱਕ ਜਿੰਨੀ ਜਾਣਕਾਰੀ ਸਾਹਮਣੇ ਆਈ ਹੈ, ਉਸਦੇ ਆਧਾਰ 'ਤੇ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਇਹ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਲਈ ਖ਼ਤਰੇ ਦੀ ਘੰਟੀ ਹੈ?

2014 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ, ਬਿਹਾਰ, ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਭਾਜਪਾ ਨੂੰ ਕਈ ਛੋਟੀਆਂ-ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਹ ਝਟਕਾ ਕਾਫ਼ੀ ਵੱਡਾ ਹੈ। 'ਕਾਂਗਰਸ ਮੁਕਤ ਭਾਰਤ' ਦਾ ਨਾਅਰਾ ਦੇਣ ਵਾਲੀ ਪਾਰਟੀ ਤੋਂ ਕਾਂਗਰਸ ਨੇ ਤਿੰਨ ਵੱਡੇ ਸੂਬੇ ਖੋਹ ਲਏ ਹਨ।

ਪਰ ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ 2019 ਲਈ ਕੋਈ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ, ਅਜਿਹਾ ਮੰਨਣ ਦੇ ਕਈ ਕਾਰਨ ਹਨ।

ਇਹ ਵੀ ਪੜ੍ਹੋ:

ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਅਜੇ ਕਰੀਬ ਚਾਰ ਮਹੀਨੇ ਬਾਕੀ ਹਨ, ਅਜੇ ਜਿਹੜੀ ਚੁਣਾਵੀ ਗਹਿਮਾਗਹਿਮੀ ਨਜ਼ਰ ਆ ਰਹੀ ਹੈ, ਉਹ ਲੋਕ ਸਭਾ ਚੋਣਾਂ ਤੱਕ ਚੱਲਦੀ ਰਹੇਗੀ।

ਵਿਧਾਨ ਸਭਾ ਚੋਣਾਂ ਦੇ ਨਤੀਜੇ ਸਿੱਧੇ ਤੌਰ 'ਤੇ ਪਾਰਟੀਆਂ ਦੇ ਮਨੋਬਲ 'ਤੇ ਅਸਰ ਪਾਉਂਦੇ ਹਨ ਪਰ ਉਨ੍ਹਾਂ ਦੀ ਅਹਿਮੀਅਤ ਨੂੰ ਸਹੀ ਢੰਗ ਨਾਲ ਸਮਝਣ ਦੀ ਲੋੜ ਹੈ।

ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ 'ਸਿਆਸਤ ਵਿੱਚ ਇੱਕ ਹਫ਼ਤਾ ਬਹੁਤ ਲੰਬਾ ਸਮਾਂ ਹੁੰਦਾ ਹੈ',ਅਜੇ ਤਾਂ ਚਾਰ ਮਹੀਨੇ ਬਾਕੀ ਹਨ। ਇਸਦੇ ਨਾਲ ਹੀ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਲੋਕ ਵੱਖ-ਵੱਖ ਤਰੀਕੇ ਨਾਲ ਵੋਟ ਕਰਦੇ ਹਨ।

2019 ਦੀ ਚੋਣ ਮੋਦੀ ਲੋਕਪ੍ਰਿਅਤਾ ਦੇ ਬਲਬੂਤੇ 'ਤੇ ਲੜਨਗੇ

ਇਸਦੀ ਸਭ ਤੋਂ ਵੱਡੀ ਮਿਸਾਲ ਹੈ, ਫਰਵਰੀ 2015 ਵਿੱਚ ਹੋਈਆਂ ਦਿੱਲੀ 'ਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 67 ਸੀਟਾਂ ਜਿੱਤੀਆਂ ਸਨ ਜਦਕਿ ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਮੋਦੀ ਲਹਿਰ ਨਾਲ ਕੇਂਦਰ 'ਚ ਸਰਕਾਰ ਬਣੀ ਸੀ।

ਇਹ ਵੀ ਸਮਝਣਾ ਚਾਹੀਦਾ ਹੈ ਕਿ ਮੋਦੀ ਨੇ ਸੰਸਦੀ ਚੋਣਾਂ ਨੂੰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਤਰ੍ਹਾਂ ਬਣਾ ਦਿੱਤਾ ਹੈ। 2014 ਦੀ ਹੀ ਤਰ੍ਹਾਂ, 2019 ਦੀ ਚੋਣ ਵੀ ਉਹ ਆਪਣੀ ਨਿੱਜੀ ਲੋਕਪ੍ਰਿਅਤਾ ਦੇ ਆਧਾਰ 'ਤੇ ਲੜਨਗੇ, ਜਿਸ ਵਿੱਚ ਮੁੱਖ ਸੰਦੇਸ਼ ਇਹੀ ਹੋਵੇਗੀ ਕਿ ਮੋਦੀ ਨਹੀਂ ਤਾਂ ਕੀ ਰਾਹੁਲ ਗਾਂਧੀ?

ਪਰ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈ ਕਿ ਇਹ ਦਾਅ ਕੰਮ ਕਰ ਜਾਣ। ਜਿਨ੍ਹਾਂ ਲੋਕਾਂ ਨੂੰ 2004 ਦੀਆਂ ਲੋਕ ਸਭਾ ਚੋਣਾਂ ਯਾਦ ਹਨ, ਉਹ ਜਾਣਦੇ ਹਨ ਕਿ ਅਟਲ ਬਿਹਾਰੀ ਵਾਜਪਈ ਕਿੰਨੇ ਪਸੰਦੀਦਾ ਲੀਡਰ ਸਨ ਅਤੇ ਉਨ੍ਹਾਂ ਸਾਹਮਣੇ ਇੱਕ 'ਵਿਦੇਸ਼ੀ ਮੂਲ' ਦੀ ਔਰਤ ਸੀ ਜਿਹੜੀ ਠੀਕ ਤਰ੍ਹਾਂ ਹਿੰਦੀ ਵੀ ਨਹੀਂ ਬੋਲ ਸਕਦੀ ਸੀ, ਅਤੇ ਉਦੋਂ ਇੰਡੀਆ ਸ਼ਾਈਨ ਕਰ ਰਿਹਾ ਸੀ।

ਉਸ ਸਮੇਂ ਪਾਰਟੀ ਦੇ ਸਭ ਤੋਂ ਤੇਜ਼-ਤਰਾਰ ਮੰਨੇ ਜਾਣ ਵਾਲੇ ਨੇਤਾ, ਪ੍ਰਮੋਦ ਮਹਾਜਨ ਨੇ ਪੂਰੇ ਜੋਸ਼ ਅਤੇ ਆਤਮਵਿਸ਼ਵਾਸ ਨਾਲ ਜਿੱਤ ਦੀ ਭਵਿੱਖਬਾਣੀ ਕੀਤੀ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਇਸ ਭਵਿੱਖਬਾਣੀ ਨਾਲ ਸਿਆਸਤ ਕਰਨ ਵਾਲਿਆਂ ਅਤੇ ਉਸ 'ਤੇ ਟਿੱਪਣੀ ਕਰਨ ਵਾਲਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਭਵਿੱਖਬਾਣੀਆਂ ਅਕਸਰ ਗ਼ਲਤ ਸਾਬਿਤ ਹੁੰਦੀਆਂ ਰਹਿੰਦੀਆਂ ਹਨ।

ਭਾਰਤ ਦਾ ਵੋਟਰ ਕਦੋਂ ਕੀ ਹੁਕਮ ਦੇਵੇਗਾ, ਇਹ ਦੱਸਣਾ ਬਹੁਤ ਮੁਸ਼ਕਿਲ ਹੈ। ਹਾਲਾਂਕਿ 2004 ਤੋਂ ਲੈ ਕੇ ਹੁਣ ਤੱਕ ਭਾਰਤ ਦੀ ਸਿਆਸਤ ਬਹੁਤ ਬਦਲ ਚੁੱਕੀ ਹੈ ਪਰ ਇੱਕ ਗੱਲ ਨਹੀਂ ਬਦਲੀ, ਉਹ ਹੈ ਵੋਟਰ ਦੇ ਮਨ ਦੀਆਂ ਗੁੱਥੀਆਂ ਸੁਲਝਾਉਣ 'ਚ ਵਾਰ-ਵਾਰ ਮਿਲਣ ਵਾਲੀ ਨਾਕਾਮੀ।

2004 ਦੀ ਥੋੜ੍ਹੀ ਹੋਰ ਚਰਚਾ ਕਰ ਲਈਏ ਤਾਂ ਸ਼ਾਇਦ 2019 ਬਾਰੇ ਸੋਚਣ 'ਚ ਕੁਝ ਮਦਦ ਮਿਲੇ। ਇਹ ਆਪਣੇ ਆਪ ਵਿੱਚ ਦਿਲਚਸਪੀ ਵਾਲੀ ਗੱਲ ਹੈ ਕਿ 2003 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵਾਜਪਈ ਦੀ ਅਗਵਾਈ ਵਿੱਚ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਕਾਂਗਰਸ ਤੋਂ ਖੋਹ ਲਏ ਸੀ।

ਅਟਲ ਬਿਹਾਰੀ ਵਾਜਪਈ ਨੇ ਇਸੇ ਜਿੱਤ ਤੋਂ ਬਾਅਦ ਅਤਿ-ਆਤਮਵਿਸ਼ਵਾਸ 'ਚ ਲੋਕ ਸਭਾ ਚੋਣਾਂ ਛੇਤੀ ਕਰਵਾਉਣ ਦਾ ਫ਼ੈਸਲਾ ਲਿਆ ਸੀ। ਉਸ ਸਮੇਂ ਭਾਜਪਾ ਦੀ ਸੋਚ ਸੀ ਕਿ ਵਾਜਪਈ ਦੇ ਕੱਦ ਦੇ ਸਾਹਮਣੇ ਸੋਨੀਆ ਗਾਂਧੀ ਟਿਕ ਨਹੀਂ ਸਕਣਗੇ, ਪਰ ਜਿਸ ਤਰ੍ਹਾਂ ਦਸੰਬਰ ਵਿੱਚ ਸੋਚਿਆ ਸੀ ਅਜਿਹਾ ਕੁਝ ਵੀ ਮਈ 'ਚ ਨਹੀਂ ਹੋਇਆ। ਭਾਜਪਾ ਚੋਣ ਹਾਰ ਗਈ ਅਤੇ ਸਰਕਾਰ ਕਾਂਗਰਸ ਨੇ ਬਣਾਈ।

ਕਾਂਗਰਸ ਨੂੰ ਸਖ਼ਤ ਮਿਹਨਤ ਤੋਂ ਬਾਅਦ ਤਿੰਨ ਸੂਬਿਆਂ ਵਿੱਚ ਕਾਮਯਾਬੀ ਤਾਂ ਮਿਲੀ ਹੈ, ਪਰ ਇਸ ਨੂੰ 2019 ਵਿੱਚ ਜਿੱਤ ਦੀ ਗਾਰੰਟੀ ਨਹੀਂ ਮੰਨਿਆ ਜਾ ਸਕਦਾ, ਅਜਿਹਾ ਸੋਚਣਾ ਜਲਦਬਾਜ਼ੀ ਹੋਵੇਗੀ। ਕਾਂਗਰਸ ਦੀ ਤਾਜ਼ਾ ਕਾਮਯਾਬੀ ਨੂੰ ਧਿਆਨ ਨਾਲ ਦੇਖੀਏ ਤਾਂ ਕਈ ਛੋਟੀਆਂ-ਵੱਡੀਆਂ ਗੱਲਾਂ ਸਮਝ ਆਉਂਦੀਆਂ ਹਨ।

ਪਹਿਲੀ ਗੱਲ ਤਾਂ ਇਹ ਹੈ ਕਿ ਦੋ ਵੱਡੇ ਸੂਬਿਆਂ- ਮੱਧ ਪ੍ਰਦੇਸ਼ ਅਤੇ ਰਾਜਸਥਾਨ- ਵਿੱਚ ਕਾਂਗਰਸ ਅਤੇ ਭਾਜਪਾ ਦੀਆਂ ਵੋਟਾਂ ਦਾ ਬਹੁਤਾ ਫ਼ਰਕ ਨਹੀਂ ਹੈ।

ਮੋਦੀ ਸਾਹਮਣੇ ਚੁਣੌਤੀ ਬਣੇ ਕੇ ਉਭਰੇ ਰਾਹੁਲ

ਬਹੁਤ ਘੱਟ ਫ਼ਰਕ ਦਾ ਮਤਲਬ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਮੋਦੀ ਦੀ ਲੋਕਪ੍ਰਿਅਤਾ ਵਿੱਚ ਕਿਸੇ ਵੱਡੀ ਗਿਰਾਵਟ ਦਾ ਸੰਕੇਤ ਨਹੀਂ ਦੇ ਰਹੇ ਹਨ, ਪਰ ਇਹ ਜ਼ਰੂਰ ਹੈ ਕਿ ਰਾਹੁਲ ਗਾਂਧੀ ਉਨ੍ਹਾਂ ਸਾਹਮਣੇ ਇੱਕ ਚੁਣੌਤੀ ਦੇ ਤੌਰ 'ਤੇ ਉਭਰ ਰਹੇ ਹਨ। ਇਹ ਚੁਣੌਤੀ ਅਤੇ ਭਾਜਪਾ ਮੋਦੀ-ਸ਼ਾਹ ਦੀ ਰਣਨੀਤੀ ਅਗਲੇ ਚਾਰ ਮਹੀਨੇ 'ਚ ਕਈ ਦਿਲਚਸਪ ਖੇਡ ਦਿਖਾਵੇਗੀ।

ਇਸਦਾ ਇਹ ਨਤੀਜਾ ਵੀ ਨਹੀਂ ਕੱਢਣਾ ਚਾਹੀਦਾ ਕਿ 2019 'ਚ ਮੋਦੀ ਦੀ ਵਾਪਸੀ ਤੈਅ ਹੈ, ਬਹੁਤ ਸਾਰੇ ਫ਼ੈਕਟਰ ਭਾਜਪਾ ਦੇ ਅਨੁਕੂਲ ਨਹੀਂ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਭਾਜਪਾ ਬਹੁਤ ਮਜ਼ਬੂਤ ਮੰਨੀ ਜਾਂਦੀ ਰਹੀ ਹੈ, ਇਨ੍ਹਾਂ ਸੂਬਿਆਂ 'ਚ ਕੁੱਲ ਮਿਲਾ ਕੇ 65 ਲੋਕਸਭਾ ਸੀਟਾਂ ਹਨ। ਮੱਧ ਪ੍ਰਦੇਸ਼ 'ਚ 29, ਰਾਜਸਥਾਨ 'ਚ 25 ਅਤੇ ਛੱਤੀਗੜ੍ਹ ਵਿੱਚ 11 ਲੋਕ ਸਭਾ ਸੀਟਾਂ ਹਨ।

2014 ਦੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਸ਼ਾਨਦਾਰ ਜਿੱਤ 'ਚ ਇਨ੍ਹਾਂ ਸੂਬਿਆਂ ਦਾ ਅਹਿਮ ਯੋਗਦਾਨ ਰਿਹਾ ਹੈ।

ਮੱਧ ਪ੍ਰਦੇਸ਼ 'ਚ 27, ਰਾਜਸਥਾਨ ਵਿੱਚ 25 ਅਤੇ ਛੱਤੀਸਗੜ੍ਹ 'ਚ 10 ਸੀਟਾਂ ਮਿਲਾ ਕੇ ਭਾਜਪਾ ਨੂੰ ਕੁੱਲ 62 ਸੀਟਾਂ ਇਨ੍ਹਾਂ ਤਿੰਨ ਸੂਬਿਆਂ ਵਿੱਚੋਂ ਨਿਕਲੀਆਂ ਸੀ। ਜੇਕਰ ਜਨਤਾ ਦਾ ਮੌਜੂਦਾ ਮੂਡ ਬਰਕਰਾਰ ਰਿਹਾ ਤਾਂ ਭਾਜਪਾ ਨੂੰ ਇਨ੍ਹਾਂ ਸੂਬਿਆਂ ਵਿੱਚ ਸੀਟਾਂ ਦਾ ਨੁਕਸਾਨ ਜ਼ਰੂਰ ਹੋਵੇਗਾ।

ਇਹ ਵੀ ਪੜ੍ਹੋ:

ਪਰ ਮੋਦੀ ਵਿਰੋਧੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੋਦੀ-ਸ਼ਾਹ ਦੀ ਜੋੜੀ ਨੇ ਦੇਸ ਵਿੱਚ ਚੋਣਾਂ ਲੜਨ ਦੇ ਤਰੀਕੇ ਬਦਲ ਕੇ ਰੱਖ ਦਿੱਤੇ ਹਨ, ਉਨ੍ਹਾਂ ਨੇ ਜਿੱਤ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਆਪਣੇ ਜਨੂੰਨ ਨਾਲ ਲੋਕਾਂ ਨੂੰ ਕਈ ਵਾਰ ਹੈਰਾਨ ਕੀਤਾ ਹੈ, 2019 ਦੀਆਂ ਲੋਕ ਸਭਾ ਚੋਣਾਂ ਉਹ ਇਨ੍ਹਾਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਨਹੀਂ ਲੜਨਗੇ।

ਦੇਖਦੇ ਜਾਓ, ਅੱਗੇ-ਅੱਗੇ ਹੁੰਦਾ ਕੀ ਹੈ! ਨਤੀਜੇ ਕੱਢਣ ਅਤੇ ਖ਼ਤਰੇ ਦੀ ਘੰਟੀ ਵਜਾਉਣ 'ਚ ਐਨੀ ਹੜਬੜੀ ਸਹੀ ਨਹੀਂ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)