ਹਾਕੀ ਵਿਸ਼ਵ ਕੱਪ: ਸਾਬਕਾ ਪਾਕਿਸਤਾਨੀ ਕਪਤਾਨ ਹਸਨ ਸਰਦਾਰ, ਸਰਦਾਰ ਸਿੰਘ ਨੂੰ ਕਿਉਂ ਲੱਭ ਰਹੇ ਹਨ

    • ਲੇਖਕ, ਹਰਪ੍ਰੀਤ ਲਾਂਬਾ
    • ਰੋਲ, ਭੁਵਨੇਸ਼ਵਰ ਤੋਂ, ਬੀਬੀਸੀ ਦੇ ਲਈ

ਪਾਕਿਸਤਾਨੀ ਹਾਕੀ ਟੀਮ ਦੇ ਮੌਜੂਦਾ ਮੈਨੇਜਰ ਹਸਨ ਸਰਦਾਰ ਆਪਣੇ ਦੌਰ 'ਚ ਜਦੋਂ ਮੈਦਾਨ 'ਤੇ ਹਾਕੀ ਲੈ ਕੇ ਦੌੜਦੇ ਸਨ ਤਾਂ ਦੁਨੀਆਂ ਉਨ੍ਹਾਂ ਦੀ ਖੇਡ ਦੀ ਦੀਵਾਨੀ ਹੋ ਜਾਂਦੀ ਸੀ।

ਪਰ ਹਸਨ ਸਰਦਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਭਾਰਤ ਦੇ ਭੁਵਨੇਸ਼ਵਰ 'ਚ ਖੇਡੇ ਜਾ ਰਹੇ ਹਾਕੀ ਵਰਲਡ ਕੱਪ 'ਚ ਭਾਰਤੀ ਹਾਕੀ ਖਿਡਾਰੀ ਸਰਦਾਰ ਸਿੰਘ ਦੀ ਕਮੀ ਮਹਿਸੂਸ ਹੋ ਰਹੀ ਹੈ।

ਹਸਨ ਸਰਦਾਰ ਕਹਿੰਦੇ ਹਨ, "ਸਰਦਾਰ ਮੇਰਾ ਪਸੰਦੀਦਾ ਖਿਡਾਰੀ ਸੀ। ਖੇਡ ਦੇ ਮੈਦਾਨ 'ਤੇ ਮੈਂ ਉਨ੍ਹਾਂ ਦੀ ਕਮੀ ਮਹਿਸੂਸ ਕਰ ਰਿਹਾ ਹਾਂ। ਪਰ ਭਾਰਤੀ ਟੀਮ ਵੀ ਬਹੁਤ ਚੰਗਾ ਖੇਡ ਰਹੀ ਹੈ। ਭਾਰਤ ਦੇ ਸਕਿੱਪਰ ਮਨਪ੍ਰੀਤ ਸਿੰਘ ਅਤੇ ਨੌਜਵਾਨ ਸਟ੍ਰਾਈਕਰ ਦਿਲਪ੍ਰੀਤ ਸਿੰਘ ਨੂੰ ਖੇਡਦੇ ਦੇਖਣਾ ਬਹੁਤ ਚੰਗਾ ਲਗਦਾ ਹੈ। ਮਨਪ੍ਰੀਤ ਸਿੰਘ ਤਾਂ ਤੁਹਾਡੇ ਸਭ ਤੋਂ ਬਹਿਤਰੀਨ ਖਿਡਾਰੀਆਂ ਵਿੱਚੋਂ ਇੱਕ ਹਨ।"

ਪਾਕਿਸਤਾਨ ਦੀ ਮੰਨੀ-ਪ੍ਰਮੰਨੀ ਗਾਇਕ ਨੂਰਜਹਾਂ ਦੇ ਜਵਾਈ ਹਸਨ ਸਰਦਾਰ ਸਾਲ 1982 'ਚ ਵੀ ਭਾਰਤ ਆ ਚੁੱਕੇ ਹਨ।

ਇਹ ਵੀ ਪੜ੍ਹੋ:

ਆਪਣੇ ਪਿਛਲੇ ਦੌਰੇ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਜਦੋਂ ਮੈਂ 1982 ਵਿੱਚ ਭਾਰਤ ਆਇਆ ਸੀ ਤਾਂ ਤਤਕਾਲੀ ਭਾਰਤੀ ਕਪਤਾਨ ਅਸਲਮ ਸ਼ੇਰ ਖ਼ਾਨ ਨੇ ਮੇਰੀ ਮੁਲਾਕਾਤ ਰਾਜੀਵ ਗਾਂਧੀ ਨਾਲ ਕਰਵਾਈ ਸੀ।"

"ਰਾਜੀਵ ਗਾਂਧੀ ਨੂੰ ਏਸ਼ੀਅਨ ਖੇਡਾਂ ਆਯੋਜਿਤ ਕਰਵਾਉਣ ਦੀ ਜ਼ਿੰਮੇਵਾਰੀ ਮਿਲੀ ਹੋਈ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਇੰਦਰਾ ਗਾਂਧੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਲਈ ਪਹਿਲਾ ਮਿਸ਼ਨ ਹੈ।''

''ਰਾਜੀਵ ਨੇ ਮੈਨੂੰ ਇਹ ਸਭ ਦੱਸਿਆ ਅਤੇ ਇਸ ਤੋਂ ਬਾਅਦ ਸਾਡੇ ਦੋਵਾਂ 'ਚ ਦੋਸਤੀ ਹੋ ਗਈ। ਇਸ ਤੋਂ ਬਾਅਦ ਕਈ ਸਾਲਾਂ ਬਾਅਦ ਜਦੋਂ ਰਾਜੀਵ ਗਾਂਧੀ ਪਾਕਿਸਤਾਨ ਪਹੁੰਚੇ ਤਾਂ ਉੱਥੇ ਇੱਕ ਵਾਰ ਮੁੜ ਸਾਡੀ ਮੁਲਾਕਾਤ ਹੋਈ ਅਤੇ ਉਨ੍ਹਾਂ ਦੀ ਮੌਤ ਤੱਕ ਸਾਡੀ ਦੋਸਤੀ ਬਣੀ ਰਹੀ।"

"ਕਈ ਮੌਕਿਆਂ 'ਤੇ ਮੇਰੀ ਮੁਲਾਕਾਤ ਬਾਲੀਵੁੱਡ ਦੀਆਂ ਅਦਾਕਾਰਾਂ ਨਾਲ ਹੋਈ। ਇਨ੍ਹਾਂ ਵਿੱਚ ਸਾਇਰਾ ਬਾਨੋ ਅਤੇ ਪ੍ਰਵੀਨ ਬਾਬੀ ਵੀ ਸ਼ਾਮਲ ਸੀ। ਮੈਂ ਦਿਲੀਪ ਕੁਮਾਰ ਨੂੰ ਮਿਲਿਆ ਹਾਂ। ਉਹ ਦਿਨ ਹੀ ਕੁਝ ਹੋਰ ਸੀ।"

ਭਾਰਤੀ ਮੈਚਾਂ ਦੇ ਖਾਸ ਮਹਿਮਾਨ

ਇਸ ਵਿਸ਼ਵ ਕੱਪ ਦੌਰਾਨ ਭਾਰਤ ਦੇ ਹਰ ਮੈਚ ਵਿੱਚ ਇੱਕ ਖਾਸ ਮਹਿਮਾਨ ਸ਼ਾਮਲ ਹੁੰਦਾ ਹੈ।

ਇਹ ਮਹਿਮਾਨ ਹੈ ਅੱਠ ਸਾਲ ਦੀ ਨਿਸ਼ਠਾ ਕੌਰ ਸਰਾ ਜਿਨ੍ਹਾਂ ਨੂੰ ਓਡੀਸ਼ਾ ਸਰਕਾਰ ਮੈਲਬਰਨ ਤੋਂ ਲੈ ਕੇ ਆਈ ਹੈ ਅਤੇ ਉਹ ਹਰ ਮੈਚ ਵਿੱਚ ਇੱਕ ਦਰਸ਼ਕ ਦੇ ਰੂਪ ਵਿੱਚ ਸ਼ਾਮਲ ਹੁੰਦੀ ਹੈ।

ਜਦੋਂ ਭਾਰਤ ਅਤੇ ਕੈਨੇਡਾ ਵਿੱਚ ਮੁਕਾਬਲਾ ਹੋਇਆ ਤਾਂ ਛੋਟੀ ਜਿਹੀ ਨਿਸ਼ਠਾ ਸਕਿੱਪਰ ਮਨਪ੍ਰੀਤ ਦਾ ਹੱਥ ਫੜ ਕੇ ਉਨ੍ਹਾਂ ਨੂੰ ਮੈਦਾਨ ਤੱਕ ਲੈ ਗਈ।

ਸਾਲ 1994 ਵਿੱਚ ਫਾਊਂਡੇਸ਼ਨ ਕੱਪ ਅਤੇ ਭਾਰਤ ਦੇ ਬੇਮਿਸਾਲ ਡਿਫੈਂਡਰ ਦਿਲੀਪ ਤਿਰਕੀ ਨਾਲ ਖੇਡ ਚੁੱਕੇ ਗੁਰਵਿੰਦਰ ਸਿੰਘ ਨਿਸ਼ਠਾ ਦੇ ਪਿਤਾ ਹਨ।

ਇਹ ਵੀ ਪੜ੍ਹੋ:

ਆਪਣੇ ਪਿਤਾ ਨਾਲ ਆਈ ਨਿਸ਼ਠਾ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਵੇਂ ਲੱਗ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ, "ਮੇਰੇ ਪਿਤਾ ਇੱਕ ਹਾਕੀ ਖਿਡਾਰੀ ਸਨ। ਇਸ ਲਈ ਮੈਨੂੰ ਹਾਕੀ ਵਿੱਚ ਬਹੁਤ ਦਿਲਚਸਪੀ ਹੈ। ਕੱਲ੍ਹ ਮਨਪ੍ਰੀਤ ਭਈਆ ਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਰਹਿੰਦੀ ਹਾਂ ਅਤੇ ਕੀ ਕਰਦੀ ਹਾਂ ਤਾਂ ਉਨ੍ਹਾਂ ਨਾਲ ਅਤੇ ਟੀਮ ਨਾਲ ਗੱਲ ਕਰਕੇ ਮੈਨੂੰ ਬਹੁਤ ਮਜ਼ਾ ਆਇਆ।"

ਪਰ ਜਦੋਂ ਉਨ੍ਹਾਂ ਤੋਂ ਭਾਰਤ ਦੀ ਮਹਿਲਾ ਹਾਕੀ ਟੀਮ ਬਾਰੇ ਪੁੱਛਿਆ ਗਿਆ ਤਾਂ ਨਿਸ਼ਠਾ ਨੇ ਕਿਹਾ, "ਮਹਿਲਾ ਟੀਮ 'ਚ ਮੇਰੀ ਪਸੰਦੀਦਾ ਖਿਡਾਰੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਹੈ ਅਤੇ ਮੈਂ ਆਸਟਰੇਲੀਆ ਵਿੱਚ ਉਨ੍ਹਾਂ ਨੂੰ ਮਿਲ ਚੁੱਕੀ ਹਾਂ।"

ਆਸਟਰੇਲੀਆ ਬਨਾਮ ਇੰਡੀਆ ਮੈਚ ਹੋਵੇ ਤਾਂ...

ਨਿਸ਼ਠਾ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਜੇਕਰ ਆਸਟਰੇਲੀਆ ਅਤੇ ਇੰਡੀਆ ਵਿਚਾਲੇ ਮੈਚ ਹੋਵੇ ਤਾਂ ਉਹ ਕਿਹੜੀ ਟੀਮ ਦਾ ਸਮਰਥਨ ਕਰੇਗੀ।

ਇਸ ਸਵਾਲ 'ਤੇ ਨਿਸ਼ਠਾ ਕਹਿੰਦੀ ਹੈ, "ਮੈਂ ਆਪਣੇ ਪਿਤਾ ਨੂੰ ਕਹਾਂਗੀ ਕਿ ਉਹ ਆਸਟੇਰਲੀਆ ਦੀ ਜਰਸੀ ਪਾ ਲੈਣ ਤੇ ਮੈਂ ਇੰਡੀਆ ਦੀ ਪਾ ਲਵਾਂਗੀ। ਇਸ ਤਰ੍ਹਾਂ ਅਸੀਂ ਦੋਵੇਂ ਜਿੱਤਣ ਵਾਲੀ ਟੀਮ ਵੱਲ ਹੋਵਾਂਗੇ।"

ਨਿਸ਼ਠਾ ਨੂੰ ਸਪੈਸ਼ਲ ਗੈਸਟ ਆਫ਼ ਆਨਰ ਮਿਲਣ ਪਿੱਛੇ ਵੀ ਇੱਕ ਕਹਾਣੀ ਹੈ।

ਸਾਲ 2018 ਦੇ ਅਪ੍ਰੈਲ ਮਹੀਨੇ ਵਿੱਚ ਨਿਸ਼ਠਾ ਕਾਮਨਵੈਲਥ ਖੇਡਾਂ ਦੌਰਾਨ ਰਾਸ਼ਟਰੀ ਟੀਮ ਦੀ ਹੌਸਲਾ-ਅਫਜ਼ਾਈ ਕਰ ਰਹੀ ਸੀ।

ਇਸ ਦੌਰਾਨ ਓਡੀਸ਼ਾ ਦੇ ਨੌਜਵਾਨ ਮਾਮਲਿਆਂ ਦੇ ਮੰਤਰੀ ਚੰਦਰ ਸਾਰਥੀ ਬੇਹਰਾ ਅਤੇ ਖੇਡ ਸਕੱਤਰ ਵਿਸ਼ਾਲ ਕੁਮਾਰ ਦੇਵ ਦੀ ਮੁਲਾਕਾਤ ਨਿਸ਼ਠਾ ਨਾਲ ਹੋਈ।

ਖੇਡ ਪ੍ਰਤੀ ਇਸ ਕੁੜੀ ਦਾ ਸਮਰਪਣ ਅਤੇ ਗਿਆਨ ਦੇਖ ਕੇ ਦੋਵੇਂ ਲੀਡਰ ਕਾਫ਼ੀ ਪ੍ਰਭਾਵਿਤ ਹੋਏ ਅਤੇ ਨਿਸ਼ਠਾ ਨੂੰ ਪਰਿਵਾਰ ਸਮੇਤ ਵਰਲਡ ਕੱਪ ਦੇਕਣ ਦਾ ਸੱਦਾ ਦਿੱਤਾ।

ਸਲਮਾਨ ਨਾਲ ਮਿਲਣਾ ਚਾਹੁੰਦੇ ਹਨ ਇਮਰਾਨ

ਪਾਕਿਸਤਾਨ ਦੀ ਹਾਕੀ ਟੀਮ ਦੇ ਭਾਰਤ ਵਿੱਚ ਕਈ ਪ੍ਰਸ਼ੰਸਕ ਹੋਣਗੇ ਪਰ ਜੇਕਰ ਪਾਕਿਸਤਾਨੀ ਹਾਕੀ ਟੀਮ ਕਿਸੇ ਨਾਲ ਮਿਲਣਾ ਚਾਹੁੰਦੀ ਹੈ ਤਾਂ ਉਹ ਹਨ ਸਲਮਾਨ ਖ਼ਾਨ।

ਇਹ ਵੀ ਪੜ੍ਹੋ:

ਵਰਲਡ ਕੱਪ ਵਿੱਚ ਸ਼ਾਮਲ ਹੋਣ ਆਈ ਟੀਮ ਦੇ ਗੋਲਕੀਪਰ ਇਮਰਾਨ ਬੱਟ ਸਲਮਾਨ ਖ਼ਾਨ ਦੇ ਬਹੁਤ ਵੱਡੇ ਫੈਨ ਹਨ ਅਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ।

ਉਹ ਕਹਿੰਦੇ ਹਨ, "ਜਦੋਂ ਮੈਂ ਸਕੂਲ ਵਿੱਚ ਸੀ ਤਾਂ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਦੇਖਦਾ ਸੀ। ਮੇਰੀ ਪਸੰਦੀਦਾ ਫ਼ਿਲਮ ਹੈ 'ਹਮ ਆਪਕੇ ਹੈ ਕੌਣ'। ਤੁਸੀਂ ਯਕੀਨ ਨਹੀਂ ਕਰੋਗੇ ਕਿ ਮੈਂ ਆਪਣੇ ਕੱਪੜਿਆਂ ਤੋਂ ਲੈ ਕੇ ਵਾਲਾਂ ਤੱਕ ਸਲਮਾਨ ਖ਼ਾਨ ਦੇ ਸਟਾਈਲ ਨੂੰ ਕਾਪੀ ਕਰਦਾ ਸੀ।"

ਪਾਕਿਸਤਾਨ ਟੀਮ ਦੇ ਮੌਜੂਦਾ ਕੋਚ ਅਤੇ ਸਾਬਕਾ ਸਟਰਾਈਕਰ ਰੇਹਾਨ ਇਮਰਾਨ ਬੱਟ ਦੇ ਹੀ ਭਰਾ ਹਨ ਅਤੇ ਉਹ ਵੀ ਸਲਮਾਨ ਦੇ ਫੈਨ ਹਨ।

ਪਾਕਿਸਤਾਨੀ ਟੀਮ ਵਿੱਚ ਦਿੱਗਜ ਫਾਰਵਰਡ ਖਿਡਾਰੀ ਰਹੇ ਰੇਹਾਨ ਕਹਿੰਦੇ ਹਨ, "ਸਲਮਾਨ ਦੀ ਇੱਕ ਫ਼ਿਲਮ ਕਿੱਕ ਆਈ ਸੀ ਜਿਸਦੇ ਡਾਇਲੌਗ ਪਾਕਿਸਤਾਨ ਵਿੱਚ ਕਾਫ਼ੀ ਮਸ਼ਹੂਰ ਹੋ ਗਏ ਸੀ। ਤੁਸੀਂ ਕਿਤੇ ਵੀ ਜਾਓ, ਲੋਕ ਤੁਹਾਨੂੰ ਇਹ ਕਹਿੰਦੇ ਮਿਲ ਜਾਣਗੇ ਕਿ 'ਕਿੱਕ ਨਹੀਂ ਆਈ'।"

"ਸਲਮਾਨ ਇੱਕ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਸ਼ਾਹਰੁਖ ਖ਼ਾਨ ਨੂੰ ਲੈ ਕੇ ਵੀ ਇਹੀ ਸਥਿਤੀ ਹੈ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)