ਮੁਸਲਮਾਨ ਕਿਵੇਂ ਪੂਰੀ ਕਰਦੇ ਹਨ ਹੱਜ ਦੀ ਪ੍ਰਕਿਰਿਆ

    • ਲੇਖਕ, ਬੀਬੀਸੀ ਹਿੰਦੀ ਟੀਮ
    • ਰੋਲ, ਨਵੀਂ ਦਿੱਲੀ

ਦੁਨੀਆਂ ਭਰ ਦੇ ਲੱਖਾਂ ਮੁਸਲਮਾਨ ਹੱਜ ਲਈ ਹਰ ਸਾਲ ਸਾਊਦੀ ਅਰਬ ਪਹੁੰਚਦੇ ਹਨ। ਪੰਜ ਦਿਨਾਂ ਤੱਕ ਚੱਲਣ ਵਾਲੀ ਇਹ ਹੱਜ ਯਾਤਰਾ ਇਸ ਸਾਲ ਐਤਵਾਰ ਤੋਂ ਸ਼ੁਰੂ ਹੋਈ ਹੈ।

ਸਾਊਦੀ ਅਰਬ ਦੇ ਮੱਕਾ ਸ਼ਹਿਰ 'ਚ ਕਾਬਾ ਨੂੰ ਇਸਲਾਮ ਦੀ ਸਭ ਤੋਂ ਪਵਿੱਤਰ ਥਾਂ ਮੰਨਿਆ ਜਾਂਦਾ ਹੈ। ਇਸਲਾਮ ਦਾ ਇਹ ਪ੍ਰਾਚੀਨ ਧਾਰਮਿਕ ਅਸਥਾਨ ਦੁਨੀਆਂ ਦੇ ਮੁਸਲਮਾਨਾਂ ਲਈ ਅਹਿਮ ਹੈ।

ਇਹ ਵੀ ਪੜ੍ਹੋ:

ਇਸ ਸਾਲ ਉਮੀਦ ਹੈ ਕਿ ਹੱਜ ਮੌਕੇ 20 ਲੱਖ ਤੋਂ ਵੱਧ ਮੁਸਲਮਾਨ ਸਾਊਦੀ ਅਰਬ ਪਹੁੰਚਣਗੇ। ਜਾਣੋ ਹੱਜ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ -

ਹੱਜ 'ਤੇ ਜਾਣ ਦਾ ਕੀ ਮਕਸਦ ਹੁੰਦਾ ਹੈ?

ਇਸਲਾਮ ਦੇ ਕੁੱਲ ਪੰਜ ਥੰਮ੍ਹਾਂ ਵਿੱਚੋਂ ਹੱਜ ਪੰਜਵਾਂ ਥੰਮ੍ਹ ਹੈ। ਸਿਹਤਮੰਦ ਅਤੇ ਆਰਥਿਕ ਤੌਰ 'ਤੇ ਸਮਰੱਥ ਸਾਰੇ ਮੁਸਲਮਾਨਾਂ ਤੋਂ ਇਹ ਉਮੀਦ ਹੁੰਦੀ ਹੈ ਕਿ ਜ਼ਿੰਦਗੀ ਵਿੱਚ ਇੱਕ ਵਾਰ ਹੱਜ 'ਤੇ ਜ਼ਰੂਰ ਜਾਣ।

ਹੱਜ ਨੂੰ ਅਤੀਤ ਦੇ ਪਾਪਾਂ ਨੂੰ ਮਿਟਾਉਣ ਦੇ ਮੌਕੇ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹੱਜ ਤੋਂ ਬਾਅਦ ਇਨਸਾਨ ਦੇ ਤਮਾਮ ਪਿਛਲੇ ਗੁਨਾਹ ਮੁਆਫ਼ ਕਰ ਦਿੱਤੇ ਗਏ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰ ਸਕਦੇ ਹਨ। ਜ਼ਿਆਦਾਤਰ ਮੁਸਲਮਾਨਾਂ ਦੇ ਮਨ 'ਚ ਜ਼ਿੰਦਗੀ ਵਿੱਚ ਇੱਕ ਵਾਰ ਹੱਜ ਕਰਨ ਦੀ ਇੱਛਾ ਹੁੰਦੀ ਹੈ।

ਜੋ ਹੱਜ ਦਾ ਖ਼ਰਚਾ ਨਹੀਂ ਝੱਲ ਸਕਦੇ, ਉਨ੍ਹਾਂ ਦੀ ਧਾਰਮਿਕ ਆਗੂ ਅਤੇ ਸੰਗਠਨ ਆਰਥਿਕ ਮਦਦ ਕਰਦੇ ਹਨ। ਕੁਝ ਮੁਸਲਮਾਨ ਤਾਂ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਭਰ ਦੀ ਕਮਾਈ ਹੱਜ 'ਤੇ ਜਾਣ ਲਈ ਸਾਂਭ ਕੇ ਰੱਖਦੇ ਹਨ।

ਦੁਨੀਆਂ ਦੇ ਕੁਝ ਹਿੱਸਿਆਂ 'ਚੋਂ ਅਜਿਹੇ ਹਾਜੀ ਵੀ ਪਹੁੰਚਦੇ ਹਨ, ਜੋ ਹਜ਼ਾਰਾਂ ਮੀਲ ਦੀ ਦੂਰੀ ਕਈ ਦਿਨ ਪੈਦਲ ਚੱਲ ਕੇ ਤੈਅ ਕਰਕੇ ਮੱਕਾ ਪਹੁੰਚਦੇ ਹਨ।

ਇਹ ਵੀ ਪੜ੍ਹੋ:

ਮੁਸਲਮਾਨਾਂ ਲਈ ਇਸਲਾਮ ਦੇ ਪੰਜ ਥੰਮ੍ਹ ਕਾਫ਼ੀ ਮਾਅਨੇ ਰੱਖਦੇ ਹਨ। ਇਹ ਪੰਜ ਥੰਮ੍ਹ ਸੰਕਲਪ ਵਾਂਗ ਹਨ। ਇਸਲਾਮ ਮੁਤਾਬਕ ਜ਼ਿੰਦਗੀ ਜਿਊਣ ਲਈ ਇਹ ਕਾਫ਼ੀ ਅਹਿਮ ਹਨ।

ਇਹ ਹਨ ਇਸਲਾਮ ਦੇ ਪੰਜ ਥੰਮ੍ਹ-

  • ਤੌਹੀਦ - ਯਾਨਿ ਇੱਕ ਅੱਲ੍ਹਾ ਅਤੇ ਮੁਹੰਮਦ ਉਨ੍ਹਾਂ ਦੇ ਭੇਜੇ ਹੋਏ ਦੂਤ ਹਨ, ਇਸ 'ਚ ਹਰ ਮੁਸਲਮਾਨ ਦਾ ਵਿਸ਼ਵਾਸ ਹੋਣਾ
  • ਨਮਾਜ਼ - ਦਿਨ ਵਿੱਚ ਪੰਜ ਵਾਰ ਨਿਯਮ ਨਾਲ ਨਮਾਜ਼ ਅਦਾ ਕਰਨਾ
  • ਰੋਜ਼ਾ - ਰਮਜ਼ਾਨ ਦੌਰਾਨ ਰੋਜ਼ਾ (ਵਰਤ) ਰੱਖਣਾ
  • ਜ਼ਕਾਤ - ਗ਼ਰੀਬਾਂ ਅਤੇ ਲੋੜਵੰਦ ਲੋਕਾਂ ਨੂੰ ਦਾਨ ਕਰਨਾ
  • ਹੱਜ - ਮੱਕਾ ਜਾਣਾ

ਹੱਜ ਦਾ ਇਤਿਹਾਸ ਕੀ ਹੈ?

ਲਗਪਗ ਚਾਰ ਹਜ਼ਾਰ ਸਾਲ ਪਹਿਲਾਂ ਮੱਕਾ ਦਾ ਮੈਦਾਨ ਪੂਰੀ ਤਰ੍ਹਾਂ ਵੀਰਾਨ ਸੀ। ਮੁਸਲਮਾਨਾਂ ਦਾ ਅਜਿਹਾ ਮੰਨਣਾ ਹੈ ਕਿ ਅੱਲ੍ਹਾ ਨੇ ਪੈਗੰਬਰ ਅਬਰਾਹਿਮ (ਜਿਸਨੂੰ ਮੁਸਲਮਾਨ ਇਬ੍ਰਾਹਿਮ ਕਹਿੰਦੇ ਹਨ) ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੀ ਪਤਨੀ ਹਾਜਰਾ ਅਤੇ ਪੁੱਤਰ ਇਸਮਾਇਲ ਨੂੰ ਫ਼ਲਸਤੀਨ ਤੋਂ ਅਰਬ ਲੈ ਆਵੇ ਤਾਂ ਜੋ ਉਨ੍ਹਾਂ ਦੀ ਪਹਿਲੀ ਪਤਨੀ ਸਾਰਾ ਦੀ ਘ੍ਰਿਣਾ ਤੋਂ ਉਨ੍ਹਾਂ ਨੂੰ (ਹਾਜਰਾ ਅਤੇ ਇਸਮਾਇਲ) ਬਚਾਇਆ ਜਾ ਸਕੇ।

ਮੁਸਲਮਾਨਾਂ ਦਾ ਇਹ ਵੀ ਮੰਨਣਾ ਹੈ ਕਿ ਅੱਲ੍ਹਾ ਨੇ ਪੈਗੰਬਰ ਅਬਰਾਹਿਮ ਤੋਂ ਉਨ੍ਹਾਂ ਦੀ ਆਪਣੀ ਕਿਸਮਤ 'ਤੇ ਛੱਡ ਦੇਣ ਲਈ ਕਿਹਾ। ਉਨ੍ਹਾਂ ਨੂੰ ਖਾਣ ਦੀਆਂ ਕੁਝ ਚੀਜ਼ਾਂ ਅਤੇ ਥੋੜ੍ਹਾ ਪਾਣੀ ਦਿੱਤਾ ਗਿਆ। ਕੁਝ ਦਿਨਾਂ 'ਚ ਹੀ ਇਹ ਸਾਮਾਨ ਖ਼ਤਮ ਹੋ ਗਿਆ। ਹਾਜਰਾ ਅਤੇ ਇਸਮਾਇਲ ਭੁੱਖ ਤੇ ਪਿਆਸ ਨਾਲ ਬੇਹਾਲ ਹੋ ਗਏ।

ਮੁਸਲਮਾਨਾਂ ਦਾ ਮੰਨਣਾ ਹੈ ਕਿ ਨਿਰਾਸ਼ ਹਾਜਰਾ ਮੱਕਾ 'ਚ ਸਥਿਤ ਸਫ਼ਾ ਅਤੇ ਮਰਵਾ ਦੀਆਂ ਪਹਾੜੀਆਂ ਤੋਂ ਮਦਦ ਦੀ ਚਾਹਤ ਵਿੱਚ ਹੇਠਾਂ ਉੱਤਰੀ। ਭੁੱਖ ਅਤੇ ਥਕਾਨ ਨਾਲ ਟੁੱਟ ਚੁੱਕੀ ਹਾਜਰਾ ਡਿੱਗ ਗਈ ਅਤੇ ਉਨ੍ਹਾਂ ਨੇ ਸੰਕਟ ਤੋਂ ਮੁਕਤੀ ਲਈ ਅੱਲ੍ਹਾ ਤੋਂ ਗੁਹਾਰ ਲਗਾਈ।

ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਇਸਮਾਇਲ ਨੇ ਜ਼ਮੀਨ 'ਤੇ ਪੈਰ ਮਾਰਿਆ ਤਾਂ ਧਰਤੀ ਹੇਠਾਂ ਤੋਂ ਪਾਣੀ ਆ ਗਿਆ ਅਤੇ ਦੋਵਾਂ ਦੀ ਜਾਨ ਬਚ ਗਈ।

ਹਾਜਰਾ ਨੇ ਪਾਣੀ ਨੂੰ ਸੁਰੱਖਿਅਤ ਕੀਤਾ ਅਤੇ ਖਾਣ ਦੀਆਂ ਚੀਜ਼ਾਂ ਬਦਲੇ ਪਾਣੀ ਦਾ ਵਪਾਰ ਵੀ ਸ਼ੁਰੂ ਕਰ ਦਿੱਤਾ। ਇਸ ਪਾਣੀ ਨੂੰ ਹੁਣ ਆਬ-ਏ-ਜ਼ਮਜ਼ਮ ਯਾਨਿ ਜ਼ਮਜ਼ਮ ਖੂਹ ਦਾ ਪਾਣੀ ਕਿਹਾ ਜਾਂਦਾ ਹੈ।

ਮੁਸਲਮਾਨ ਇਸ ਨੂੰ ਸਭ ਤੋਂ ਪਵਿੱਤਰ ਪਾਣੀ ਮੰਨਦੇ ਹਨ ਅਤ ਹੱਜ ਤੋਂ ਬਾਅਦ ਸਾਰੇ ਹਾਜੀ ਕੋਸ਼ਿਸ਼ ਕਰਦੇ ਹਨ ਕਿ ਉਹ ਇਸ ਪਵਿੱਤਰ ਪਾਣੀ ਨੂੰ ਲੈ ਕੇ ਆਪਣੇ ਘਰ ਪਰਤਣ।

ਜਦੋਂ ਪੈਗੰਬਰ ਅਬਰਾਹਿਮ ਫ਼ਲਸਤੀਨ ਤੋਂ ਪਰਤੇ ਤਾਂ ਦੇਖਿਆ ਕਿ ਉਨ੍ਹਾਂ ਦਾ ਪਰਿਵਾਰ ਇੱਕ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਅਤੇ ਉਹ ਪੂਰੀ ਤਰ੍ਹਾਂ ਹੈਰਾਨ ਸਨ।

ਇਹ ਵੀ ਪੜ੍ਹੋ:

ਮੁਸਲਮਾਨ ਮੰਨਦੇ ਹਨ ਕਿ ਇਸ ਦੌਰਾਨ ਪੈਗੰਬਰ ਅਬਰਾਹਿਮ ਨੂੰ ਅੱਲ੍ਹਾ ਨੇ ਇੱਕ ਤੀਰਥ ਅਸਥਾਨ ਬਣਾ ਕੇ ਸਮਰਪਿਤ ਕਰਨ ਨੂੰ ਕਿਹਾ। ਅਬਰਾਹਿਮ ਅਤੇ ਇਸਮਾਇਲ ਨੇ ਪੱਥਰ ਦੀ ਇੱਕ ਛੋਟੀ ਜਿਹੀ ਇਮਾਰਤ ਦੀ ਉਸਾਰੀ ਕੀਤੀ। ਇਸ ਨੂੰ ਹੀ ਕਾਬਾ ਕਿਹਾ ਜਾਂਦਾ ਹੈ।

ਅੱਲ੍ਹਾ ਪ੍ਰਤੀ ਆਪਣੇ ਭਰੋਸੇ ਨੂੰ ਮਜ਼ਬੂਤ ਕਰਨ ਲਈ ਹਰ ਸਾਲ ਇੱਥੇ ਮੁਸਲਮਾਨ ਆਉਂਦੇ ਹਨ। ਸਦੀਆਂ ਬਾਅਦ ਮੱਕਾ ਵੀਰਾਨ ਇਲਾਕੇ ਤੋਂ ਇੱਕ ਵੱਡਾ ਸ਼ਹਿਰ ਬਣ ਗਿਆ ਅਤੇ ਇਸਦੀ ਇੱਕੋ-ਇੱਕ ਵਜ੍ਹਾ ਪਾਣੀ ਦੇ ਮੁਕੰਮਲ ਸਰੋਤ ਦਾ ਮਿਲਣਾ ਸੀ।

ਹੌਲੀ-ਹੌਲੀ ਲੋਕਾਂ ਨੇ ਇੱਥੇ ਵੱਖ-ਵੱਖ ਈਸ਼ਵਰ ਦੀ ਪੂਜਾ ਸ਼ੁਰੂ ਕਰ ਦਿੱਤੀ। ਪੈਗੰਬਰ ਅਬਰਾਹਿਮ ਦੇ ਜ਼ਰੀਏ ਬਣਾਈ ਗਈ ਇਸ ਪਵਿੱਤਰ ਇਮਾਰਤ 'ਚ ਮੂਰਤੀਆਂ ਰੱਖੀਆਂ ਜਾਣ ਲੱਗੀਆਂ।

ਮੁਸਲਮਾਨਾਂ ਦਾ ਅਜਿਹਾ ਮੰਨਣਾ ਹੈ ਕਿ ਇਸਲਾਮ ਦੇ ਆਖ਼ਰੀ ਪੈਗੰਬਰ ਹਜ਼ਰਤ ਮੁਹੰਮਦ (570-632) ਨੂੰ ਅੱਲ੍ਹਾ ਨੇ ਕਿਹਾ ਕਿ ਉਹ ਕਾਬਾ ਨੂੰ ਪਹਿਲਾਂ ਵਾਲੀ ਸਥਿਤੀ 'ਚ ਲਿਆਉਣ ਅਤੇ ਉੱਥੇ ਸਿਰਫ਼ ਅੱਲ੍ਹਾ ਦੀ ਇਬਾਦਤ ਹੋਣ ਦੇਣ।

ਸਾਲ 628 'ਚ ਪੈਗੰਬਰ ਮੁਹੰਮਦ ਨੇ ਆਪਣੇ 1400 ਸ਼ਰਧਾਲੂਆਂ ਦੇ ਨਾਲ ਇੱਕ ਯਾਤਰਾ ਸ਼ੁਰੂ ਕੀਤੀ। ਇਹ ਇਸਲਾਮ ਦੀ ਪਹਿਲੀ ਤੀਰਥ ਯਾਤਰਾ ਬਣੀ ਅਤੇ ਇਸ ਯਾਤਰਾ 'ਚ ਪੈਗੰਬਰ ਅਬਰਾਹਿਮ ਦੀ ਧਾਰਮਿਕ ਪਰੰਪਰਾ ਨੂੰ ਮੁੜ ਤੋਂ ਸਥਾਪਿਤ ਕੀਤਾ ਗਿਆ। ਇਸ ਨੂੰ ਹੱਜ ਕਿਹਾ ਜਾਂਦਾ ਹੈ।

ਹਾਜੀ ਉੱਥੇ ਜਾ ਕੇ ਕਰਦੇ ਕੀ ਹਨ?

ਹੱਜ ਯਾਤਰੀ ਪਹਿਲਾਂ ਸਾਊਦੀ ਅਰਬ ਦੇ ਜਿੱਦਾ ਸ਼ਹਿਰ ਪਹੁੰਚਦੇ ਹਨ। ਉੱਥੋਂ ਉਹ ਬੱਸ ਰਾਹੀਂ ਮੱਕਾ ਸ਼ਹਿਰ ਜਾਂਦੇ ਹਨ, ਪਰ ਮੱਕਾ ਤੋਂ ਠੀਕ ਪਹਿਲਾਂ ਇੱਕ ਖ਼ਾਸ ਥਾਂ ਹੈ ਜਿੱਥੋਂ ਹੱਜ ਦੀ ਅਧਿਕਾਰਿਤ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਮੱਕਾ ਸ਼ਹਿਰ ਦੇ ਅੱਠ ਕਿੱਲੋਮੀਟਰ ਦੇ ਘੇਰੇ ਤੋਂ ਇਸ ਵਿਸ਼ੇਸ਼ ਥਾਂ ਦੀ ਸ਼ੁਰੂਆਤ ਹੁੰਦੀ ਹੈ।

ਇਸ ਵਿਸ਼ੇਸ਼ ਥਾਂ ਨੂੰ ਮੀਕ਼ਾਤ ਕਹਿੰਦੇ ਹਨ। ਹੱਜ 'ਤੇ ਜਾਣ ਵਾਲੇ ਸਾਰੇ ਯਾਤਰੀ ਇੱਥੋਂ ਇੱਕ ਖ਼ਾਸ ਤਰ੍ਹਾਂ ਦਾ ਕੱਪੜਾ ਪਹਿਨਦੇ ਹਨ, ਜਿਸ ਨੂੰ ਅਹਿਰਾਮ ਕਿਹਾ ਜਾਂਦਾ ਹੈ। ਹਾਲਾਂਕਿ ਕੁਝ ਲੋਕ ਬਹੁਤ ਪਹਿਲਾਂ ਤੋਂ ਹੀ ਅਹਿਰਾਮ ਪਾ ਲੈਂਦੇ ਹਨ, ਇੱਥੋਂ ਤੱਕ ਕਿ ਕੁਝ ਲੋਕ ਅਹਿਰਾਮ ਪਾ ਕੇ ਹੀ ਹਵਾਈ ਜਹਾਜ਼ ਵਿੱਚ ਬੈਠਦੇ ਹਨ।

ਅਹਿਰਾਮ ਸਿਲਾਇਆ ਹੋਇਆ ਨਹੀਂ ਹੁੰਦਾ ਔਰਤਾਂ ਨੂੰ ਅਹਿਰਾਮ ਪਾਉਣ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਪਸੰਦ ਦਾ ਕੋਈ ਵੀ ਕੱਪੜਾ ਪਾ ਸਕਦੀਆਂ ਹਨ। ਇਸ ਤੋਂ ਇਲਾਵਾ ਹਾਜੀਆਂ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

ਹੱਜ ਯਾਤਰੀ -

  • ਇਸ ਦੌਰਾਨ ਪਤੀ-ਪਤਨੀ ਸਰੀਰਕ ਸਬੰਧ ਨਹੀਂ ਬਣਾ ਸਕਦੇ
  • ਆਪਣੇ ਵਾਲ ਤੇ ਨਹੁੰ ਨਹੀਂ ਕੱਟ ਸਕਦੇ
  • ਪਰਫ਼ਿਊਮ ਜਾਂ ਕਿਸੇ ਵੀ ਖ਼ੁਸ਼ਬੂਦਾਰ ਚੀਜ਼ ਲਗਾਉਣ ਤੋਂ ਬਚਣ
  • ਕਿਸੇ ਨਾਲ ਲੜਾਈ-ਝਗੜੇ ਤੋਂ ਪਰਹੇਜ਼ ਕਰਨ, ਇੱਥੋਂ ਤੱਕ ਕਿ ਕਿਸੇ ਵੀ ਜੀਵ ਦੀ ਹੱਤਿਆ ਕਰਨ ਤੋਂ ਬਚਣ

ਮੱਕਾ ਪਹੁੰਚਦੇ ਹੀ ਮੁਸਲਮਾਨ ਸਭ ਤੋਂ ਪਹਿਲਾਂ ਉਮਰਾ ਕਰਦੇ ਹਨ। ਉਮਰਾ ਇੱਕ ਛੋਟੀ ਧਾਰਮਿਕ ਪ੍ਰਕਿਰਿਆ ਹੈ। ਹੱਜ ਇੱਕ ਵਿਸ਼ੇਸ਼ ਮਹੀਨੇ 'ਚ ਕੀਤਾ ਜਾਂਦਾ ਹੈ ਪਰ ਉਮਰਾ ਸਾਲ 'ਚ ਕਦੇ ਵੀ ਕੀਤਾ ਜਾ ਸਕਦਾ ਹੈ।

ਪਰ ਜਿਹੜੇ ਲੋਕ ਹੱਜ 'ਤੇ ਜਾਂਦੇ ਹਨ ਉਹ ਆਮ ਤੌਰ 'ਤੇ ਉਮਰਾ ਵੀ ਕਰਦੇ ਹਨ, ਹਾਲਾਂਕਿ ਇਹ ਜ਼ਰੂਰੀ ਨਹੀਂ ਹੈ।

ਉਮਰਾ ਦੇ ਦੌਰਾਨ ਹੱਜ ਵਿੱਚ ਕੀਤੇ ਜਾਣ ਵਾਲੇ ਕਈ ਧਾਰਮਿਕ ਕਰਮ-ਕਾਂਡ ਕੀਤੇ ਜਾਂਦੇ ਹਨ।

ਅਧਿਕਾਰਿਤ ਤੌਰ 'ਤੇ ਹੱਜ ਦੀ ਸ਼ੁਰੂਆਤ ਇਸਲਾਮਿਕ ਮਹੀਨੇ ਜ਼ਿਲ-ਹਿਜ ਦੀ ਅੱਠ ਤਾਰੀਖ਼ ਤੋਂ ਹੁੰਦੀ ਹੈ। ਅੱਠ ਤਾਰੀਕ ਨੂੰ ਹਾਜੀ ਮੱਕਾ ਤੋਂ ਕਰੀਬ 12 ਕਿੱਲੋਮੀਟਰ ਦੂਰ ਮੀਨਾ ਸ਼ਹਿਰ ਜਾਂਦੇ ਹਨ।

ਅੱਠ ਦੀ ਰਾਤ ਹਾਜੀ ਮੀਨਾ ਵਿੱਚ ਗੁਜ਼ਾਰਦੇ ਹਨ ਅਤੇ ਅਗਲੀ ਸਵੇਰ ਯਾਨਿ ਨੌਂ ਤਾਰੀਕ ਨੂੰ ਅਰਾਫ਼ਾਤ ਦੇ ਮੈਦਾਨ ਪਹੁੰਚਦੇ ਹਨ। ਹੱਜ ਯਾਤਰੀ ਅਰਾਫ਼ਾਤ ਦੇ ਮੈਦਾਨ ਵਿੱਚ ਖੜੇ ਹੋ ਕੇ ਅੱਲ੍ਹਾ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਨ।

ਸ਼ਾਮ ਨੂੰ ਹਾਜੀ ਮੁਜ਼ਦਲਫ਼ਾ ਸ਼ਹਿਰ ਜਾਂਦੇ ਹਨ ਅਤੇ ਨੌਂ ਤਾਰੀਖ਼ ਦੀ ਹੀ ਰਾਤ ਨੂੰ ਉੱਥੇ ਰਹਿੰਦੇ ਹਨ। ਦਸ ਤਾਰੀਕ ਦੀ ਸਵੇਰ ਯਾਤਰੀ ਫ਼ਿਰ ਮੀਨਾ ਸ਼ਹਿਰ ਵਾਪਿਸ ਆ ਜਾਂਦੇ ਹਨ।

ਉਸ ਤੋਂ ਬਾਅਦ ਉਹ ਇੱਕ ਖ਼ਾਸ ਥਾਂ 'ਤੇ ਜਾ ਕੇ ਸੰਕੇਤਕ ਤੌਰ 'ਤੇ ਸ਼ੈਤਾਨ ਨੂੰ ਪੱਥਰ ਮਾਰਦੇ ਹਨ। ਉਸਨੂੰ ਜਮਾਰਾਤ ਕਿਹਾ ਜਾਂਦਾ ਹੈ, ਅਕਸਰ ਇਸ ਦੌਰਾਨ ਭੱਜ-ਦੌੜ ਮਚਦੀ ਹੈ ਅਤੇ ਕਈ ਲੋਕ ਮਾਰੇ ਜਾਂਦੇ ਹਨ।

ਸ਼ੈਤਾਨ ਨੂੰ ਪੱਥਰ ਮਾਰਨ ਤੋਂ ਬਾਅਦ ਹਾਜੀ ਬੱਕਰੇ ਜਾਂ ਭੇਡ ਦੀ ਕੁਰਬਾਨੀ ਦਿੰਦੇ ਹਨ। ਉਸ ਤੋਂ ਬਾਅਦ ਮਰਦ ਆਪਣਾ ਸਿਰ ਮੁੰਡਵਾਉਂਦੇ ਹਨ ਅਤੇ ਔਰਤਾਂ ਆਪਣੇ ਥੋੜ੍ਹੇ ਜਿਹੇ ਵਾਲ ਕੱਟਦੀਆਂ ਹਨ।

ਇਹ ਵੀ ਪੜ੍ਹੋ:

ਉਸ ਤੋਂ ਬਾਅਦ ਯਾਤਰੀ ਮੱਕਾ ਵਾਪਸ ਆਉਂਦੇ ਹਨ ਅਤੇ ਕਾਬਾ ਦੇ ਸੱਤ ਚੱਕਰ ਲਗਾਉਂਦੇ ਹਨ, ਜਿਸਨੂੰ ਧਾਰਮਿਕ ਤੌਰ 'ਤੇ ਤਵਾਫ਼ ਕਿਹਾ ਜਾਂਦਾ ਹੈ। ਇਸ ਦਿਨ ਹੀ ਯਾਨਿ ਜ਼ਿਲ-ਹਿਜ ਦੀ ਦਸ ਤਾਰੀਕ ਨੂੰ ਪੂਰੀ ਦੁਨੀਆਂ ਦੇ ਮੁਸਲਮਾਨ ਈਦ-ਉਲ-ਅਜ਼ਹਾ ਜਾਂ ਬਕ਼ਰੀਦ ਦਾ ਤਿਓਹਾਰ ਮਨਾਉਂਦੇ ਹਨ।

ਬਕ਼ਰੀਦ ਦਰਅਸਲ ਪੈਗੰਬਰ ਅਹਬਰਾਹਿਮ ਅਤੇ ਉਨ੍ਹਾਂ ਦੇ ਪੁੱਤਰ ਪੈਗੰਬਰ ਇਸਮਾਇਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਪੈਗੰਬਰ ਅਬਰਾਹਿਮ ਨੂੰ ਇੱਕ ਵਾਰ ਇਹ ਸੁਪਨਾ ਆਇਆ ਕਿ ਅੱਲ੍ਹਾ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਪੁੱਤਰ ਇਸਮਾਇਲ ਦੀ ਕੁਰਬਾਨੀ ਮੰਗੀ ਹੈ।

ਅੱਲ੍ਹਾ ਦੇ ਹੁਕਮਾਂ ਮੁਤਾਬਕ ਹਜ਼ਰਤ ਅਬਰਾਹਿਮ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਪਰ ਜਿਵੇਂ ਹੀ ਉਹ ਆਪਣੇ ਪੁੱਤਰ ਦੀ ਗਿੱਚੀ 'ਤੇ ਚਲਾਉਣ ਵਾਲੇ ਸਨ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅੱਲ੍ਹਾ ਸਿਰਫ਼ ਉਨ੍ਹਾਂ ਦਾ ਇਮਤਿਹਾਨ ਲੈ ਰਹੇ ਸਨ ਅਤੇ ਪੁੱਤਰ ਦੀ ਥਾਂ ਇੱਕ ਮੇਮਨੇ (ਬੱਕਰੀ ਦਾ ਬੱਚਾ) ਨੂੰ ਕੁਰਬਾਨ ਕਰਨ ਦਾ ਆਦੇਸ਼ ਦਿੱਤਾ ਗਿਆ।

ਹਰ ਸਾਲ ਮੁਸਲਮਾਨ ਅਬਰਾਹਿਮ ਅਤੇ ਇਸਮਾਇਲ ਦੀ ਇਸ ਕੁਰਬਾਨੀ ਨੂੰ ਯਾਦ ਕਰਦੇ ਹਨ ਅਤੇ ਬਕ਼ਰੀਦ ਦੇ ਦਿਨ ਇੱਕ ਬੱਕਰੇ ਨੂੰ ਕੁਰਬਾਨ ਕਰਦੇ ਹਨ।

ਤਵਾਫ਼ ਤੋਂ ਬਾਅਦ ਹੱਜ ਯਾਤਰੀ ਫ਼ਿਰ ਮੀਨਾ ਆ ਜਾਂਦੇ ਹਨ ਅਤੇ ਉੱਥੇ ਦੋ ਦਿਨ ਹੋਰ ਰਹਿੰਦੇ ਹਨ। ਮਹੀਨੇ ਦੀ 12 ਤਾਰੀਖ਼ ਨੂੰ ਆਖ਼ਰੀ ਵਾਰ ਹੱਜ ਯਾਤਰੀ ਕਾਬਾ ਦਾ ਤਵਾਫ਼ ਕਰਦੇ ਹਨ ਅਤੇ ਦੁਆ ਕਰਦੇ ਹਨ। ਇਸ ਤਰ੍ਹਾਂ ਹੱਜ ਦੀ ਪੂਰੀ ਪ੍ਰਕਿਰਿਆ ਮੁਕੰਮਲ ਹੁੰਦੀ ਹੈ।

ਹੱਜ ਯਾਤਰੀ ਮੱਕਾ ਤੋਂ ਲਗਭਗ 450 ਕਿੱਲੋਮੀਟਰ ਦੂਰ ਮਦੀਨਾ ਸ਼ਹਿਰ ਜਾਂਦੇ ਹਨ ਅਤੇ ਉੱਥੇ ਮੌਜੂਦ ਮਸਜਿਦ-ਏ-ਨਬਵੀ 'ਚ ਨਮਾਜ਼ ਪੜ੍ਹਦੇ ਹਨ। ਇਸਦਾ ਹੱਜ ਦੀ ਧਾਰਮਿਕ ਪ੍ਰਕਿਰਿਆ ਤੋਂ ਕੋਈ ਸਿੱਧਾ ਸੰਬੰਧ ਨਹੀਂ ਹੈ, ਪਰ ਕਿਉਂਕਿ ਇਸ ਮਸਜਿਦ ਨੂੰ ਖ਼ੁਦ ਪੈਗੰਬਰ ਮੁਹੰਮਦ ਨੇ ਬਣਵਾਇਆ ਸੀ, ਇਸ ਲਈ ਹਰ ਮੁਸਲਮਾਨ ਇਸਨੂੰ ਕਾਬਾ ਤੋਂ ਬਾਅਦ ਦੂਜਾ ਸਭ ਤੋਂ ਅਹਿਮ ਧਾਰਿਮਕ ਥਾਂ ਮੰਨਦਾ ਹੈ।

ਇੱਥੇ ਹੀ ਹਜ਼ਰਤ ਮੁਹੰਮਦ ਦੀ ਮਜ਼ਾਰ ਵੀ ਹੈ, ਹੱਜ ਸ਼ਰਧਾਲੂ ਉਸਦੇ ਵੀ ਦਰਸ਼ਨ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)