ਕੁਰਾਨ ਨਾਲ ਮੁਹੱਬਤ ਕਰਨ ਵਾਲਾ ਹਿੰਦੂ ਖਾਨਦਾਨ

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਸ਼੍ਰੀਨਗਰ ਤੋਂ ਬੀਬੀਸੀ ਲਈ

ਅਬਰੋਲ ਪਰਿਵਾਰ ਵਿੱਚ ਇਹ ਸਿਲਸਿਲਾ ਉਦੋਂ ਤੋਂ ਚੱਲਿਆ ਆ ਰਿਹਾ ਹੈ ਜਦੋਂ ਭਾਰਤ ਦੀ ਵੰਡ ਵੀ ਨਹੀਂ ਹੋਈ ਸੀ।

ਇਸ ਖਾਨਦਾਨ ਦੀ ਤੀਜੀ ਪੀੜ੍ਹੀ ਦੇ ਸੁਰੇਸ਼ ਹੁਣ ਇਨ੍ਹਾਂ ਪਾਂਡੁਲਿੱਪੀਆਂ ਅਤੇ ਕਲਾਤਮਕ ਲੇਖਾਂ (ਕੈਲੀਗ੍ਰੈਫਜ਼) ਦੇ ਵਾਰਿਸ ਹਨ।

ਉਨ੍ਹਾਂ ਕੋਲ ਤਕਰੀਬਨ 5 ਹਜ਼ਾਰ ਪਾਂਡੁਲਿੱਪੀਆਂ ਅਤੇ ਢਾਈ ਸੌ ਕੈਲੀਗ੍ਰੈਫਜ਼ ਹਨ।

ਸੁਰੇਸ਼ ਅਬਰੋਲ ਦੇ ਦਾਦਾ ਆਪਣੇ ਪਿਤਾ ਦੇ ਨਾਲ ਆਖਰੀ ਡੋਗਰਾ ਸ਼ਾਸਕ ਮਹਾਰਾਜ ਹਰੀ ਸਿੰਘ ਦੇ ਦਰਬਾਰ ਵਿੱਚ ਜਾਇਆ ਕਰਦੇ ਸਨ।

ਮਹਾਰਾਜਾ ਹਰੀ ਸਿੰਘ ਨੇ ਸਾਲ 1952 ਤੱਕ ਜੰਮੂ ਅਤੇ ਕਸ਼ਮੀਰ 'ਤੇ ਪੂਰੇ 27 ਸਾਲ ਰਾਜ ਕੀਤਾ ਸੀ।

ਸੁਰੇਸ਼ ਅਬਰੋਲ ਦਾ ਪਰਿਵਾਰ ਜੰਮੂ ਵਿੱਚ ਰਹਿੰਦਾ ਹੈ ਅਤੇ ਗਹਿਣਿਆਂ ਦੇ ਖਾਨਦਾਨੀ ਪੇਸ਼ੇ ਨਾਲ ਜੁੜਿਆ ਹੋਇਆ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਾ ਲਾਲਾ ਰਖੀ ਰਾਮ ਅਬਰੋਲ ਹਰੀ ਸਿੰਘ ਦੇ ਗਹਿਣਿਆਂ ਦੀ ਦੇਖਰੇਖ ਕਰਦੇ ਸਨ।

ਉੱਥੋਂ ਹੀ ਉਨ੍ਹਾਂ ਨੇ ਹੌਲੀ-ਹੌਲੀ ਪਾਂਡੁਲਿੱਪੀਆਂ, ਕੈਲੀਗ੍ਰੈਫ਼ੀ, ਤਾਂਬੇ ਅਤੇ ਸੋਨੇ ਦੇ ਸਿੱਕੇ ਜਮ੍ਹਾ ਕਰਨੇ ਸ਼ੁਰੂ ਕਰ ਦਿੱਤੇ ਸਨ।

ਸੁਰੇਸ਼ ਅਬਰੋਲ ਕੋਲ ਤਕਰੀਬਨ ਪੰਜ ਹਜ਼ਾਰ ਪਾਂਡੁਲਿੱਪੀਆਂ ਹਨ ਜਿਨ੍ਹਾਂ ਵਿੱਚ ਅਰਬੀ, ਸੰਸਕ੍ਰਿਤ, ਫਾਰਸੀ, ਅਤੇ ਸ਼ਾਰਦਾ ਭਾਸ਼ਾ ਵਿੱਚ ਲਿਖੇ ਦਸਤਾਵੇਜ਼ ਸ਼ਾਮਿਲ ਹਨ। ਇਨ੍ਹਾਂ ਵਿੱਚ ਆਯੁਰਵੇਦ ਦੇ ਵਿਸ਼ੇ 'ਤੇ ਲਿਖੀਆਂ ਪਾਂਡੁਲਿੱਪੀਆਂ ਵੀ ਹਨ।

ਇੱਕ ਕੁਰਾਨ ਕਾਗਜ਼ 'ਤੇ, ਇੱਕ ਕਪੜੇ 'ਤੇ

ਸ਼੍ਰੀਨਗਰ ਵਿੱਚ ਹਾਲ ਹੀ ਵਿੱਚ ਸੁਰੇਸ਼ ਅਬਰੋਲ ਦਾ ਸੰਗ੍ਰਹਿ ਇੱਕ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ ਸੀ। ਇਸ ਪ੍ਰਦਰਸ਼ਨੀ ਵਿੱਚ ਕੁਰਾਨ ਦੀਆਂ ਦੋ ਹੱਥ ਦੀਆਂ ਲਿਖਤ ਕਾਪੀਆਂ ਨੇ ਲੋਕਾਂ ਨੂੰ ਖਾਸ ਤੌਰ 'ਤੇ ਖਿੱਚਿਆ।

ਇਨ੍ਹਾਂ ਵਿੱਚੋਂ ਇੱਕ ਕੁਰਾਨ ਕਾਗਜ਼ ਅਤੇ ਦੂਜੀ ਖੱਦਰ ਦੀ ਚਾਦਰ 'ਤੇ ਲਿਖੀ ਹੋਈ ਹੈ।

ਸੁਰੇਸ਼ ਅਬਰੋਲ ਕਹਿੰਦੇ ਹਨ, "ਦੋਵੇਂ ਹੀ ਕੁਰਾਨ ਮੁਕੰਮਲ (ਯਾਨਿ ਪੂਰੇ 30 ਚੈਪਟਰਜ਼ ਦੇ ਨਾਲ) ਹਨ। ਕਾਗਜ਼ ਵਾਲੀ ਕੁਰਾਨ ਇੱਕ ਫੁੱਟ ਚੌੜੀ ਅਤੇ ਪੰਜ ਫੁੱਟ ਲੰਬੀ ਹੈ। ਕਪੜੇ 'ਤੇ ਲਿਖੀ ਕੁਰਾਨ ਸਾਢੇ ਚਾਰ ਫੁੱਟ ਲੰਬੀ ਅਤੇ ਸਾਢੇ ਪੰਜ ਫੁੱਟ ਚੌੜੀ ਹੈ। ਦੋਹਾਂ ਨੂੰ ਦੇਖਣ-ਪੜ੍ਹਣ ਲਈ 10 ਜਾਂ 20 ਐਕਸਿਸ ਦਾ ਲੈਂਸ ਇਸਤੇਮਾਲ ਕਰਨਾ ਪੈਂਦਾ ਹੈ। ਇਹ ਦੋਵੇਂ ਹੀ ਹੱਥ ਨਾਲ ਲਿਖੀਆਂ ਗਈਆਂ ਹਨ।"

ਅਬਰੋਲ ਦੇ ਪਰਿਵਾਰ ਨੇ ਤਕਰੀਬਨ 90 ਸਾਲ ਤੋਂ ਇਹ ਅਨੋਖੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਠੀਕ-ਠਾਕ ਇਹ ਪਤਾ ਨਹੀਂ ਕਿ ਕੁਰਾਨ ਦੀਆਂ ਕਾਪੀਆਂ ਕਿੰਨੀਆਂ ਪੁਰਾਣੀਆਂ ਹਨ।

ਸੁਰੇਸ਼ ਦੱਸਦੇ ਹਨ ਕਿ ਬੀਤੇ 30-35 ਸਾਲਾਂ ਵਿੱਚ ਹੀ ਉਨ੍ਹਾਂ ਨੂੰ ਕੁਝ ਲੋਕਾਂ ਨੇ ਇਸ ਮਾਮਲੇ ਵਿੱਚ ਜਾਣਕਾਰੀ ਦੇਣੀ ਸ਼ੁਰੂ ਕੀਤੀ ਹੈ।

ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਖੁਦ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਿੰਨੇ ਪੁਰਾਣੇ ਹਨ।

ਸੋਨੇ ਦਾ ਸ਼ਜਰ-ਏ-ਨਸਬ

ਹੱਥ ਨਾਲ ਲਿਖੀ ਗਈ ਕੁਰਾਨ ਦੀਆਂ ਦੋਵੇਂ ਕਾਪੀਆਂ 'ਤੇ ਲੇਖਕ ਦਾ ਨਾਮ ਨਹੀਂ ਲਿਖਿਆ ਹੈ।

ਅਬਰੋਲ ਕਹਿੰਦੇ ਹਨ, "ਪੁਰਾਣੇ ਲੋਕ ਮਲੰਗ (ਖੁਦ ਵਿੱਚ ਮਗਨ ਰਹਿਣ ਵਾਲੇ) ਕਿਸਮ ਦੇ ਹੋਇਆ ਕਰਦੇ ਸਨ। ਉਨ੍ਹਾਂ ਨੂੰ ਇਸ ਗੱਲ ਵਿੱਚ ਦਿਲਚਸਪੀ ਨਹੀਂ ਰਹਿੰਦੀ ਸੀ ਕਿ ਉਨ੍ਹਾਂ ਦਾ ਨਾਮ ਦਰਜ ਹੋਵੇ। ਉਹ ਲੋਕ ਗੁਮਨਾਮੀ ਦੀ ਜ਼ਿੰਦਗੀ ਪਸੰਦ ਕਰਦੇ ਸੀ। ਸ਼ਾਇਦ ਇਹੀ ਵਜ੍ਹਾ ਹੈ ਕਿ ਇਨ੍ਹਾਂ ਕੁਰਾਨਾਂ 'ਤੇ ਕਿਸੇ ਦਾ ਨਾਮ ਨਹੀਂ ਲਿਖਿਆ ਗਿਆ ਹੈ।"

ਪ੍ਰਦਰਸ਼ਨੀ ਲਈ ਅਬਰੋਲ ਨੇ ਤਕਰੀਬਨ 40 ਕੈਲੀਗ੍ਰੈਫਜ਼ ਰੱਖੇ ਸਨ ਅਤੇ ਨਾਲ ਹੀ ਸ਼ਜਰ-ਏ-ਨਸਬ ਵਿੱਚ ਰੱਖਿਆ ਗਿਆ ਸੀ।

ਸ਼ਜਰ-ਏ-ਨਸਬ ਯਾਨਿ ਕਿ ਹਰ ਪੈਗੰਬਰ ਦਾ ਨਾਮ। ਇਸਲਾਮੀ ਮਾਨਤਾ ਮੁਤਾਬਕ ਪਹਿਲਾਂ ਪੈਗੰਬਰ ਹਜ਼ਰਤ ਆਦਮ ਸਨ ਜਿਨ੍ਹਾਂ ਨੂੰ ਦੁਨੀਆਂ ਦਾ ਪਹਿਲਾ ਇਨਸਾਨ ਵੀ ਕਿਹਾ ਜਾਂਦਾ ਹੈ।

ਅਬਰੋਲ ਨੇ ਦੱਸਿਆ ਕਿ ਸ਼੍ਰੀਨਗਰ ਵਿੱਚ ਪ੍ਰਦਰਸ਼ਨੀ ਲਈ ਰੱਖਿਆ ਗਿਆ ਸ਼ਜਰ-ਏ-ਨਸਬ ਸੋਨੇ ਦਾ ਸੀ।

ਪ੍ਰਦਰਸ਼ਨੀ ਲਈ ਲਿਆਏ ਗਏ ਸੁਰੇਸ਼ ਅਬਰੋਲ ਦੇ 40 ਕੈਲੀਗ੍ਰੈਫਜ਼ ਵੇਲੱਮ 'ਤੇ ਬਣੇ ਹੋਏ ਸਨ। ਵੇਲੱਮ ਊਂਠ ਜਾਂ ਬਕਰੀ ਦੇ ਖਾਲ 'ਤੇ ਬਣਾਇਆ ਜਾਂਦਾ ਹੈ।

'ਹਰ ਧਰਮ ਦੇ ਹਸਤਲੇਖ ਸਾਡੇ ਲਈ ਪਵਿੱਤਰ'

ਅਬਰੋਲ ਕਹਿੰਦੇ ਹਨ, "ਜਿਸ ਤਰ੍ਹਾਂ ਸਾਡੇ ਆਪਣੇ ਧਰਮ ਦੇ ਹਸਤਲੇਖ ਸਾਡੇ ਲਈ ਪਵਿੱਤਰ ਹਨ, ਉਸੇ ਤਰ੍ਹਾਂ ਹੀ ਦੂਜੇ ਧਰਮਾਂ ਦੇ ਵੀ ਹਸਤਲੇਖ ਸਾਡੇ ਲਈ ਪਵਿੱਤਰ ਹਨ।''

"ਜਦੋਂ ਅਸੀਂ ਪੂਜਾ ਪਾਠ ਕਰਕੇ ਆਉਂਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਖਾਸ ਕਰਕੇ ਮੇਰੀ ਪਤਨੀ ਘਰ ਵਿੱਚ ਰੱਖੇ ਹਰ ਹਸਤਲੇਖ ਦੇ ਅੱਗੇ ਅਗਰਬੱਤੀ ਬਾਲਦੀ ਹੈ।"

ਆਪਣੇ ਘਰ ਦੇ ਇੱਕ ਹਿੱਸੇ ਵਿੱਚ ਅਬਰੋਲ ਅਤੇ ਉਨ੍ਹਾਂ ਦੇ ਤਿੰਨ ਭਰਾਵਾਂ ਨੇ ਇੱਕ ਮਿਊਜ਼ੀਅਮ ਬਣਾਇਆ ਹੋਇਆ ਹੈ। ਇੱਥੇ ਹੀ ਸਾਰੀਆਂ ਪਾਂਡੁਲਿੱਪੀਆਂ ਅਤੇ ਕੈਲੀਗ੍ਰੈਫਜ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ।

ਸਿੱਖ ਧਰਮ ਦੀਆਂ ਸਾਖੀਆਂ ਵੀ ਮੌਜੂਦ

ਉਹ ਇਹ ਵੀ ਦੱਸਦੇ ਹਨ ਕਿ ਸਿੱਖ ਧਰਮ ਦੀਆਂ ਸਾਖੀਆਂ ਵੀ ਉਨ੍ਹਾਂ ਕੋਲ ਹਨ ਜਿਨ੍ਹਾਂ ਤੋਂ ਇਹ ਜਾਣਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਕਿੱਥੇ-ਕਿੱਥੇ ਗਏ, ਕਿਸ-ਕਿਸ ਨੂੰ ਮਿਲੇ, ਕੀ-ਕੀ ਪ੍ਰਵਚਨ ਕੀਤੇ ਅਤੇ ਕਿਹੜੀਆਂ ਘਟਨਾਵਾਂ ਵਾਪਰੀਆਂ।

ਉਹ ਕਹਿੰਦੇ ਹਨ ਕਿ ਸਾਡੇ ਲਈ ਜੇ ਕੁਝ ਵਿਰਾਸਤ ਵਿੱਚ ਆਇਆ ਹੈ ਤਾਂ ਉਹ ਇਹੀ ਸਭ ਕੁਝ ਹੈ।

ਸ਼੍ਰੀਨਗਰ ਵਿੱਚ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਆਏ ਸਨ।

ਅਬਰੋਲ ਕਹਿੰਦੇ ਹਨ, "ਇੱਥੇ ਆਉਣ ਵਾਲੇ ਹਰ ਸ਼ਖਸ ਨੇ ਮੇਰੀ ਕਾਫ਼ੀ ਸ਼ਲਾਘਾ ਕੀਤੀ ਅਤੇ ਪਿਆਰ ਦਿੱਤਾ।"

ਸ਼੍ਰੀਨਗਰ ਦੇ ਟੂਰਿਸਟ ਰਿਸੈਪਸ਼ਨ ਸੈਂਟਰ ਵਿੱਚ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਆਰਕਾਈਵ ਅਤੇ ਮਿਊਜ਼ੀਅਮ ਵਿਭਾਗ ਨੇ ਇਸ ਪ੍ਰਦਰਸ਼ਨੀ ਨੂੰ ਪ੍ਰਬੰਧਿਤ ਕੀਤਾ ਸੀ ਜਿੱਥੇ ਕੁਰਾਨ ਦੀਆਂ ਕੁਝ ਹੋਰ ਨਾਯਾਬ ਹੱਥ ਲਿਖਤ ਕਾਪੀਆਂ ਪ੍ਰਦਰਸ਼ਨੀ ਲਈ ਰੱਖੀਆਂ ਗਈਆਂ ਹਨ।

ਅਜਿਹਾ ਪਹਿਲੀ ਵਾਰੀ ਸੀ ਜਦੋਂ ਅਬਰੋਲ ਦੀ ਕੁਰਾਨ ਦੀਆਂ ਅਨੋਖੀਆਂ ਕਾਪੀਆਂ ਦੀ ਪ੍ਰਦਰਸ਼ਨੀ ਘਰੋਂ ਬਾਹਰ ਲਾਈ ਗਈ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)