You’re viewing a text-only version of this website that uses less data. View the main version of the website including all images and videos.
ਮਾਲੇਰਕੋਟਲਾ ਦੀ ਇਫ਼ਤਾਰ ਅਤੇ ਗੰਗਾ-ਯਮੁਨੀ ਤਹਿਜ਼ੀਬ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਮਾਲੇਰਕੋਟਲਾ ਵਿੱਚ ਰਮਜ਼ਾਨ ਦੇ ਮਹੀਨੇ ਨੂੰ ਮੁਸਲਮਾਨਾਂ ਦੇ ਨਾਲ-ਨਾਲ ਗ਼ੈਰ-ਮੁਸਲਮਾਨ ਵੀ ਪਾਕ-ਪਵਿੱਤਰ ਮੰਨਦੇ ਹਨ।
ਰੋਜ਼ਾ ਖੋਲ੍ਹਣ ਦੀ ਰਸਮ ਅੰਮ੍ਰਿਤਵੀਰ ਸਿੰਘ, ਰਜਿੰਦਰ ਸ਼ਰਮਾ ਅਤੇ ਮੂਬੀਨ ਫ਼ਾਰੂਕੀ ਨੂੰ ਇੱਕੋ ਥਾਂ ਇਕੱਠੇ ਅਦਾ ਕਰਦੇ ਹਨ।
ਇਹ ਤਿੰਨੇ ਵੱਖੋ-ਵੱਖਰੇ ਧਰਮਾਂ ਦੇ ਪੈਰੋਕਾਰ ਜ਼ਰੂਰ ਹਨ ਪਰ ਰੋਜ਼ਿਆਂ ਦੇ ਦਿਨਾਂ 'ਚ ਧਾਰਮਿਕ ਰਹਿਤ ਨੂੰ ਸਮਾਜਿਕ ਬਣਾ ਦਿੰਦੇ ਹਨ।
''ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ''
ਰੋਜ਼ਿਆਂ ਦੇ ਦਿਨਾਂ ਵਿੱਚ ਮਾਲੇਰਕੋਟਲਾ ਦਾ ਹਿੰਦੂ-ਸਿੱਖ ਭਾਈਚਾਰਾ ਮੁਸਲਮਾਨਾਂ ਦੇ ਰੋਜ਼ੇ ਖੁਲ੍ਹਵਾਉਣ ਦੀ ਰਹਿਤ ਨਿਭਾਉਂਦਾ ਹੈ।
ਅੰਮ੍ਰਿਤਵੀਰ ਸਿੰਘ ਕੱਪੜੇ ਦੀ ਦੁਕਾਨ ਕਰਦੇ ਹਨ ਅਤੇ ਹਰ ਸਾਲ ਫ਼ਲ ਲੈ ਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਰੋਜ਼ੇ ਖੁਲ੍ਹਵਾਉਣ ਪਹੁੰਚਦੇ ਹਨ।
ਅੰਮ੍ਰਿਤਵੀਰ ਦੱਸਦੇ ਹਨ, "ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਅਸੀਂ ਰੋਜ਼ੇ ਇਫ਼ਤਾਰੀ ਦੇ ਪਵਿੱਤਰ ਤਿਉਹਾਰ ਵਿੱਚ ਸ਼ਿਰਕਤ ਕਰਦੇ ਆ ਰਹੇ ਹਾਂ। ਅਸੀਂ ਰੋਜ਼ੇ ਖੁਲ੍ਹਵਾਉਂਦੇ ਹਾਂ ਅਤੇ ਸੇਵਾ ਵੀ ਕਰਦੇ ਹਾਂ।"
ਅੰਮ੍ਰਿਤਵੀਰ ਨੂੰ ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ।
ਉਨ੍ਹਾਂ ਮੁਤਾਬਕ, "ਰੋਜ਼ੇ ਰੱਖਣਾ ਅੱਲ੍ਹਾ ਦੀ ਰਜ਼ਾ ਵਿੱਚ ਰਹਿਣਾ ਹੈ, ਗੁਰਬਾਣੀ ਵੀ ਇਹੀ ਉਪਦੇਸ਼ ਦਿੰਦੀ ਹੈ...ਸਾਨੂੰ ਸਿੱਖ, ਹਿੰਦੂ ਜਾਂ ਮੁਸਲਮਾਨ ਧਰਮ ਵਿੱਚ ਕੋਈ ਫ਼ਰਕ ਨਹੀਂ ਲੱਗਦਾ।"
ਵਰਤ ਅਤੇ ਰੋਜ਼ੇ ਇੱਕੋ ਜਿਹੇ...
ਰਜਿੰਦਰ ਪਾਲ ਸ਼ਰਮਾ ਦੁਕਾਨਦਾਰ ਹਨ ਅਤੇ ਹਰ ਸਾਲ ਰਮਜ਼ਾਨ ਮੌਕੇ ਮੁਸਲਮਾਨਾਂ ਦੇ ਰੋਜ਼ੇ ਖੋਲ੍ਹਣ ਦੇ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ, ਜਿਸ ਨੂੰ ਰੋਜ਼ਾ-ਇਫ਼ਤਾਰੀ ਕਿਹਾ ਜਾਂਦਾ ਹੈ।
ਰਜਿੰਦਰ ਪਾਲ ਦੱਸਦੇ ਹਨ, "ਰਮਜ਼ਾਨ ਦਾ ਮਹੀਨਾ ਬੜਾ ਪਵਿੱਤਰ ਮਹੀਨਾ ਹੈ, ਜਿਸ ਤਰਾਂ ਹਿੰਦੂ ਧਰਮ ਵਿੱਚ ਵਰਤ ਰੱਖੇ ਜਾਂਦੇ ਹਨ ਉਸੇ ਤਰ੍ਹਾਂ ਇਸ ਮਹੀਨੇ ਮੁਸਲਮਾਨਾਂ ਵੱਲੋਂ ਰੋਜ਼ੇ ਰੱਖੇ ਜਾਂਦੇ ਹਨ।''
''ਹਿੰਦੂ ਹੋਣ ਦੇ ਨਾਤੇ ਮੈਂ ਇੱਥੇ ਆਇਆ ਹਾਂ...ਅਸੀਂ ਸਾਰੇ ਮਿਲ-ਜੁਲ ਕੇ ਤਿਉਹਾਰ ਮਨਾਉਂਦੇ ਹਾਂ। ਇਹ ਦੀਵਾਲੀ-ਦੁਸ਼ਹਿਰਾ ਸਾਡੇ ਨਾਲ ਮਨਾਉਂਦੇ ਹਨ। ਅਸੀਂ ਈਦ ਅਤੇ ਰੋਜ਼ੇ ਇਨ੍ਹਾਂ ਨਾਲ ਰਲ ਕੇ ਮਨਾਉਂਦੇ ਹਾਂ।"
''ਹਿੰਦੋਸਤਾਨ ਦੀ ਗੰਗਾ-ਯਮੁਨੀ ਤਹਿਜ਼ੀਬ ਇਹੀ ਹੈ''
ਐਡਵੋਕੇਟ ਮੂਬੀਨ ਫ਼ਾਰੂਕੀ ਮੁਸਲਿਮ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਸ਼ਹਿਰ ਵਿੱਚ ਰੋਜ਼ਾ-ਇਫ਼ਤਾਰੀ ਦੇ ਸਮਾਗਮ ਦਾ ਇੰਤਜ਼ਾਮ ਕਰਦੇ ਹਨ।
ਮੂਬੀਨ ਦਸਦੇ ਹਨ, "ਜਦੋਂ ਹਿੰਦੂ, ਸਿੱਖ ਜਾਂ ਹੋਰ ਭਾਈਚਾਰੇ ਦੇ ਲੋਕ ਆ ਕੇ ਸਾਨੂੰ ਰੋਜ਼ਾ ਇਫ਼ਤਾਰੀ ਕਰਵਾਉਂਦੇ ਹਨ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਅਸੀਂ ਵੀ ਇਨ੍ਹਾਂ ਭਾਈਚਾਰਿਆਂ ਦੇ ਪਵਿੱਤਰ ਤਿਉਹਾਰਾਂ ਮੌਕੇ ਸ਼ਿਰਕਤ ਕਰਦੇ ਹਾਂ।"
ਉਹ ਅੱਗੇ ਕਹਿੰਦੇ ਹਨ, "ਮਲੇਰਕੋਟਲਾ 'ਹਾਅ ਦੇ ਨਾਅਰੇ' ਦੀ ਧਰਤੀ ਹੈ, ਹਿੰਦੋਸਤਾਨ ਦੀ ਗੰਗਾ-ਯਮੁਨੀ ਤਹਿਜ਼ੀਬ ਇਹੀ ਹੈ ਅਤੇ ਇਹੀ ਸਾਡੀ ਸਾਂਝ ਤੇ ਪਿਆਰ ਹੈ। ਪਿਛਲੇ ਪੰਜ ਸਾਲਾਂ ਤੋਂ ਅਸੀਂ ਇਸੇ ਤਹਿਜ਼ੀਬ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ ਕਰ ਰਹੇ ਹਾਂ।"
ਰਮਜ਼ਾਨ ਮਹੀਨੇ ਕੁਰਾਨ ਨਾਜ਼ਲ ਹੋਈ ਸੀ। ਹਜ਼ਰਤ ਮੁੰਹਮਦ ਸਾਹਿਬ ਨੇ ਈਸਾਈ-ਯਹੂਦੀ ਰਵਾਇਤਾਂ ਦੀ ਲਗਾਤਾਰਤਾ ਕਾਇਮ ਰੱਖੀ ਅਤੇ ਇਸਲਾਮ ਦੀ ਸ਼ਨਾਖ਼ਤ ਲਈ ਇਸਲਾਮੀ ਰਹਿਤਾਂ ਸ਼ੁਰੂ ਕੀਤੀਆਂ।
ਇਸਲਾਮ ਦੀਆਂ ਪੰਜ ਨਿਸ਼ਾਨੀਆਂ ਮੰਨੀਆਂ ਜਾਂਦੀਆਂ ਹਨ—ਅੱਲ੍ਹਾ ਵਿੱਚ ਵਿਸ਼ਵਾਸ਼, ਨਮਾਜ਼, ਰੋਜ਼ੇ, ਜ਼ਕਾਤ ਅਤੇ ਹੱਜ।
ਜ਼ਕਾਤ ਤਹਿਤ ਹਰ ਮੁਸਲਮਾਨ ਨੇ ਆਪਣੀ ਬੱਚਤ ਦਾ ਢਾਈ ਫ਼ੀਸਦੀ ਦਾਨ ਕਰਨਾ ਹੁੰਦਾ ਹੈ।
ਰੋਜ਼ੇ ਅਤੇ ਹੱਜ ਇਸਲਾਮ ਤੋਂ ਪਹਿਲਾਂ ਦੀਆਂ ਰੀਤਾਂ ਹਨ ਜਿਨ੍ਹਾਂ ਨੂੰ ਕੁਝ ਤਬਦੀਲੀਆਂ ਤਹਿਤ ਜਾਰੀ ਰੱਖਿਆ ਗਿਆ ਹੈ।
ਰੀਤਾਂ ਦੀ ਇਸੇ ਸਾਂਝ ਤਹਿਤ ਯਹੂਦੀ, ਈਸਾਈ ਅਤੇ ਇਸਲਾਮ ਧਰਮ ਇੱਕੋ ਰੀਤ ਦਾ ਹਿੱਸਾ ਹਨ ਪਰ ਵੱਖਰੇ ਹਨ।