ਇਹ ਮੁਸਲਮਾਨ ਕਿਊਂ ਨਹੀਂ ਪਰਤਣਾ ਚਾਹੁੰਦੇ ਆਪਣੇ ਪਿੰਡ?

    • ਲੇਖਕ, ਫ਼ੈਸਲ ਮੁੰਹਮਦ ਅਲੀ
    • ਰੋਲ, ਬੀਬੀਸੀ ਪੱਤਰਕਾਰ

ਉਨ੍ਹਾਂ ਦਾ ਦਾਅਵਾ ਹੈ ਕਿ 'ਸੰਗੀਤ ਉਨ੍ਹਾਂ ਦੀਆਂ ਰਗਾਂ 'ਚ ਦੌੜਦਾ ਹੈ', ਪਰ ਉਹੀ ਸੰਗੀਤ ਅਮਦ ਖ਼ਾਨ ਦੇ 'ਕਤਲ' ਦਾ ਕਾਰਨ ਬਣਿਆ।

ਜਦੋਂ ਮਾਂਗਣਯਾਰਾਂ ਨੇ ਜਜਮਾਨਾਂ ਦੀ ਨਾਇਨਸਾਫ਼ੀ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ਦਾ ਦਾਣਾ-ਪਾਣੀ ਬੰਦ ਹੋ ਗਿਆ। ਉਦੋਂ ਤੋਂ ਉਹ ਭੱਜ ਰਹੇ ਹਨ।

ਪਹਿਲਾਂ ਨੇੜਲੇ ਪਿੰਡ ਬਲਾੜ ਰਿਸ਼ਤੇਦਾਰਾਂ ਦੇ ਘਰ, ਅਤੇ ਹੁਣ ਜੈਸਲਮੇਰ - ਜਿੱਥੋਂ ਦੇ ਇੱਕ ਰੈਨ ਬਸੇਰੇ ਨੇ ਉਨ੍ਹਾਂ ਨੂੰ ਕੁਝ ਦਿਨਾਂ ਦਾ ਆਸਰਾ ਦਿੱਤਾ ਹੈ।

ਚਿਹਰੇ 'ਤੇ ਕਈ ਦਿਨਾਂ ਦੀ ਵਧੀ ਹੋਈ ਦਾੜੀ ਦੇ ਨਾਲ ਕਮੀਜ਼ ਪਜਾਮਾ ਪਾਈ ਜ਼ੱਕੇ ਖਾਨ ਕਹਿੰਦੇ ਹਨ, ''ਸਾਨੂੰ ਪੰਚਾਇਤ ਨੇ ਕਿਹਾ ਕਿ ਲਾਸ਼ ਦਫ਼ਨ ਕਰ ਦਿਓ, ਅਸੀਂ ਉਸ ਲਈ ਵੀ ਤਿਆਰ ਹੋ ਗਏ, ਪਰ ਉਹ ਇਨਸਾਫ਼ ਕਰਨ ਨੂੰ ਤਿਆਰ ਨਹੀਂ ਸਨ ਤਾਂ ਫ਼ੇਰ ਅਸੀਂ ਪੁਲਿਸ ਦੇ ਕੋਲ ਚਲੇ ਗਏ।''

'ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ'

ਮਾਂਗਣਯਾਰ ਪੰਚਾਂ ਤੋਂ ਆਪਣੇ ਭਰਾ ਦੇ ਕਥਿਤ ਕਾਤਲਾਂ, ਤੰਤਰ ਪੂਜਾ ਕਰਨ ਵਾਲੇ ਭੋਪਾ ਰਮੇਸ਼ ਸੁਥਾਰ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਸਨ।

ਪਿੰਡ ਵਾਲਿਆਂ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਲੱਗਿਆ ਕਿ ਮਾਮਲੇ ਨੂੰ ਸਿਰਫ਼ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਦ ਖ਼ਾਨ ਦੇ ਚਾਚੇ ਦੇ ਮੁੰਡੇ ਬਰਿਆਮ ਖ਼ਾਨ ਨੇ ਕਿਹਾ ਕਿ ਸਾਡੇ ਪ੍ਰਸ਼ਾਸਨ ਕੋਲ ਜਾਣ ਨਾਲ ਪਿੰਡ ਵਾਲੇ ਇਸ ਕਦਰ ਗੁੱਸੇ ਹੋ ਗਏ ਕਿ ਇਹ ਗੱਲ ਹੋਣ ਲੱਗੀ ਕਿ ਕੋਈ ਸਾਡੇ ਹੱਥੋਂ ਪਾਣੀ ਤਕ ਨਾ ਪੀਵੇ।

ਅੱਧਖੜ੍ਹ ਉਮਰ ਦੇ ਹਾਕਿਮ ਖ਼ਾਨ ਸਵਾਲ ਕਰਦੇ ਹਨ, ''ਸਾਡੇ ਕੋਲ ਕੀ ਰਾਹ ਸੀ, ਸਾਡੇ ਕੋਲ ਤਾਂ ਆਪਣਾ ਕੁਝ ਵੀ ਨਹੀਂ ਹੈ, ਅਸੀਂ ਤਾਂ ਜਜਮਾਨਾਂ ਦੇ ਆਸਰੇ ਹਾਂ, ਉਨ੍ਹਾਂ ਦੀ ਜ਼ਮੀਨ 'ਤੇ ਰਹਿੰਦੇ ਹਾਂ, ਉਨ੍ਹਾਂ ਦਾ ਦਿੱਤਾ ਖਾਨੇ ਹਾਂ, ਜੇਕਰ ਪਿੰਡ ਵਾਲੇ ਸਾਡਾ ਦਾਣਾ-ਪਾਣੀ ਬੰਦ ਕਰ ਦੇਣਗੇ ਤਾਂ ਉੱਥੇ ਜੀਵਾਂਗੇ ਕਿਵੇਂ ?''

ਗੁੱਸੇ ਤੋਂ ਜਿਆਦਾ ਡਰ ਹੈ

ਜਜਮਾਨਾਂ 'ਤੇ ਪੂਰੀ ਤਰ੍ਹਾਂ ਨਿਰਭਰ, ਉਨ੍ਹਾਂ ਦੇ ਜਸ਼ਨਾਂ ਤੇ ਗ਼ਮ 'ਚ ਗਾ ਵਜਾ ਕੇ, ਉਨ੍ਹਾਂ ਰਾਹੀਂ ਦਿੱਤੇ ਗਏ ਇਨਾਮਾਂ ਦੇ ਸਹਾਰੇ ਜ਼ਿੰਦਗੀ ਹੰਢਾਉਣ ਵਾਲੇ ਮਾਂਗਣਯਾਰਾਂ 'ਚ ਇਨਸਾਫ਼ ਨਾ ਹੋਣ ਕਰਕੇ ਗੁੱਸੇ ਤੋਂ ਜ਼ਿਆਦਾ ਪਿੰਡ ਵਾਲਿਆਂ ਦੀ ਨਰਾਜ਼ਗੀ ਦਾ ਡਰ ਡੂੰਘਾ ਬੈਠਾ ਹੈ।

ਮੁਸਲਿਮ ਮਜਹਬ ਨਾਲ ਰਿਸ਼ਤਾ ਰੱਖਣ ਵਾਲੇ ਮਾਂਗਣਯਾਰ ਆਪਣੇ ਹਿੰਦੂ ਜਜਮਾਨਾਂ ਦੇ ਘਰ ਗਾਉਂਦੇ-ਵਜਾਉਂਦੇ ਹਨ ਅਤੇ ਇਹ ਰਿਸ਼ਤਾ ਪੀੜ੍ਹੀਆਂ ਤੋਂ ਚੱਲ ਰਿਹਾ ਹੈ।

ਰੈਨ ਬਸੇਰੇ ਦੇ ਮੈਦਾਨ 'ਚ ਵਿਛੀ ਦਰੀ 'ਤੇ ਬੈਠੇ, ਸਾਡੇ ਨਾਲ ਗੱਲ ਕਰਦੇ-ਕਰਦੇ ਉਹ ਵਾਰ-ਵਾਰ ਮੇਰੇ ਤੋਂ ਫਰਿਆਦ ਕਰਦੇ ਹਨ, ''ਸਾਡੇ ਬਾਰੇ ਪਿੰਡ ਵਾਲਿਆਂ ਨੂੰ ਨਾ ਦੱਸਣਾ'', ''ਪੋਸਟਮਾਰਟਮ ਦੀ ਰਿਪੋਰਟ ਦਾ ਜ਼ਿਕਰ ਨਾ ਕਰਨਾ''।

ਕਿਉਂਕਿ ਇਹ ਪਹਿਲੀ ਵਾਰ ਤਾਂ ਹੈ ਨਹੀਂ ਕਿ ਦਾਂਤਲ ਪਿੰਡ 'ਚ ਕਿਸੇ ਮਾਂਗਣਯਾਰ ਦਾ ਕਤਲ ਹੋਇਆ ਹੋਵੇ!

ਅਮਦ ਖ਼ਾਨ ਦੇ ਇੱਕ ਭਰਾ ਨੂੰ ਕੋਈ ਸ਼ਖ਼ਸ ਆਪਣੇ ਨਾਲ ਕੰਮ ਦੇ ਲਈ ਲੈ ਗਿਆ ਸੀ ਅਤੇ ਬਾਅਦ 'ਚ ਉਸਦੀ ਲਾਸ਼ ਮਿਲੀ ਸੀ।

ਪਰ ਉਦੋਂ ਵੀ ਪਿੰਡ ਵਾਲਿਆਂ ਨੇ ਮਾਮਲੇ 'ਚ ਰਾਜੀਨਾਵਾਂ ਕਰਵਾ ਦਿੱਤਾ ਸੀ ਅਤੇ ਮਾਂਗਣਯਾਰ ਮੰਨ ਵੀ ਗਏ ਸਨ।

ਜ਼ੱਕੇ ਖਾਨ ਦਾਅਵਾ ਕਰਦੇ ਹਨ, ''ਇਸ ਵਾਰ ਪਹਿਲਾਂ ਤਾਂ ਭਾਈਚਾਰੇ ਦੇ ਕੁਝ ਨੌਜਵਾਨਾਂ ਨੇ ਮਾਮਲੇ ਨੂੰ ਇਟਰਨੈੱਟ ਦੇ ਰਾਹੀਂ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਤੇ ਫ਼ੇਰ ਪੁਲਿਸ 'ਚ ਸ਼ਿਕਾਇਤ ਹੋ ਗਈ''

ਕੀ ਹੈ ਪੂਰਾ ਮਾਮਲਾ ?

ਪੋਸਟਮਾਰਟਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਮਦ ਖ਼ਾਨ ਦੀ ਮੌਤ ਸਿਰ 'ਚ ਸੱਟ ਲੱਗਣ ਨਾਲ ਹੋਈ।

ਪਰਿਵਾਰ ਨੇ ਸਾਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਦੀਆਂ ਜਿਹੜੀਆਂ ਤਸਵੀਰਾਂ ਦਿਖਾਈਆਂ ਉਨ੍ਹਾਂ 'ਚ ਸਰੀਰ 'ਤੇ ਨੀਲੇ ਰੰਗ ਦੀ ਸੱਟ ਦੇ ਡੂੰਘੇ ਨਿਸ਼ਾਨ ਸਾਫ਼ ਦਿੱਖਦੇ ਹਨ।

ਪੁਲਿਸ ਮੁਤਾਬਕ 27 ਸਤੰਬਰ ਨੂੰ ਜਗਰਾਤੇ 'ਚ ਭੋਪੇ ਰਮੇਸ਼ ਨੇ ਅਮਦ ਖ਼ਾਨ ਤੋਂ ਇੱਕ ਖ਼ਾਸ ਰਾਗ ਦੀ ਫਰਮਾਇਸ਼ ਕੀਤੀ ਤਾਂ ਜੋ ਦੇਵੀ ਆਕੇ ਉਸ 'ਚ ਸਮਾਵੇ।

ਪਰ ਅਮਦ ਖਾਨ ਦੇ ਸੁਰ ਤੋਂ ਉਹ ਖੁਸ਼ ਨਾ ਹੋਇਆ।

ਇਸ ਤੋਂ ਬਾਅਦ ਕਥਿਤ ਤੌਰ 'ਤੇ ਅਮਦ ਖ਼ਾਨ ਦੀ ਇੰਨੀ ਕੁੱਟਮਾਰ ਕੀਤੀ ਗਈ ਕਿ ਉਸਦੀ ਮੌਤ ਹੋ ਗਈ।

ਘਟਨਾ ਤੋਂ ਡਰੇ ਹੋਏ ਮਾਂਗਣਯਾਰ ਅਜਿਹੀ ਜਲਦਬਾਜ਼ੀ 'ਚ ਪਿੰਡ ਤੋਂ ਭੱਜੇ ਹਨ ਕਿ 'ਆਪਣੇ ਪਸ਼ੁਆਂ-ਘੋੜਿਆਂ ਤੇ ਬਕਰੀਆਂ ਤਕ ਨੂੰ ਰੱਬ ਆਸਰੇ ਛੱਡ ਆਏ ਹਨ'।

ਪ੍ਰਸ਼ਾਸਨ ਅਤੇ ਪੁਲਿਸ ਦੇ ਲੱਖ ਸਮਝਾਉਣ 'ਤੇ ਕਹਿ ਰਹੇ ਹਨ ਕਿ ਉਹ ਵਾਪਸ ਨਹੀਂ ਜਾਣਗੇ ਭਾਵੇਂ ਸੜਕਾਂ 'ਤੇ ਸੌਣਾ ਤੇ ਮਜਦੂਰੀ ਕਰਨੀ ਪਵੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)