ਬੀਬੀਸੀ ਵਿਸ਼ੇਸ਼: 'ਬੋਲਣ ਦਾ ਅਧਿਕਾਰ ਕਿਸੇ ਨੂੰ ਗਾਲ਼ ਕੱਢਣਾ ਨਹੀਂ ਹੁੰਦਾ'

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀ.ਬੀ.ਸੀ ਪੰਜਾਬੀ ਲਈ

ਦਿੱਲੀ ਯੂਨੀਵਰਸਿਟੀ ਵਿੱਚ ਸਾਹਿਤ ਦੀ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਗੁਰਮੇਹਰ ਕੌਰ ਨੂੰ ਟਾਈਮ ਮੈਗਜ਼ੀਨ ਨੇ ਨੈਕਸਟ ਜਨਰੇਸ਼ਨ ਲੀਡਰਜ਼ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ। ਭਾਰਤ ਤੋਂ ਉਹ ਇੱਕਲੀ ਹੀ ਜੋ ਇਸ ਸੂਚੀ ਵਿੱਚ ਸ਼ਾਮਲ ਹੈ। ਉਸ ਨਾਲ ਬੀਬੀਸੀ ਪੰਜਾਬੀ ਦੀ ਖਾਸ ਗੱਲਬਾਤ ਦੇ ਪੇਸ਼ ਹਨ ਕੁਝ ਅੰਸ਼

ਜਿੰਮੇਵਾਰੀ ਦਾ ਅਹਿਸਾਸ

ਗੱਲਬਾਤ ਦੌਰਾਨ ਗੁਰਮੇਹਰ ਨੇ ਕਿਹਾ, 'ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਇਹ ਮਾਣ ਜਿੰਮੇਵਾਰੀਆਂ ਦਾ ਅਹਿਸਾਸ ਵੀ ਕਰਵਾਉਂਦਾ ਹੈ।

ਇੰਝ ਲੱਗ ਰਿਹਾ ਹੈ ਜਿਵੇਂ ਕਿਸੇ ਨੇ ਕਾਫ਼ੀ ਦੇਰ ਬਾਅਦ ਮੱਲ੍ਹਮ ਲਗਾ ਦਿੱਤੀ ਹੋਵੇ ਚੋਟ 'ਤੇ।ਮੈਨੂੰ ਇਸ ਪ੍ਰਾਪਤੀ ਦਾ ਇੱਕ ਮਹੀਨਾ ਪਹਿਲਾ ਹੀ ਪਤਾ ਸੀ'।

ਇਸ ਮੌਕੇ ਬੋਲਣ ਵਾਲੀ ਕੁੜੀ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਸੀ। ਗੁਰਮੇਹਰ ਇਸ ਪ੍ਰਾਪਤੀ ਨੂੰ ਵਿਆਕਤੀਗਤ ਨਹੀਂ ਸਗੋਂ ਸੋਚ ਤੇ ਵਿਚਾਰਾਂ ਦੀ ਪ੍ਰਾਪਤੀ ਮੰਨਦੀ ਹੈ।

ਪ੍ਰਗਟਾਵੇ ਤੇ ਬੋਲਣ ਦੇ ਅਧਿਕਾਰ 'ਚ ਫ਼ਰਕ

ਬੋਲਣ ਅਤੇ ਪ੍ਰਗਟਾਵੇ ਦੇ ਅਧਿਕਾਰਾਂ ਬਾਰੇ ਲਏ ਗਏ ਆਪਣੇ ਸਟੈਂਡ 'ਤੇ ਗੁਰਮੇਹਰ ਅੱਜ ਵੀ ਕਾਇਮ ਹੈ।

ਉਹ ਕਹਿੰਦੀ ਹੈ ਕਿ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਆਪਣੇ ਪ੍ਰਗਟਾਵੇ ਦਾ ਵੀ ਅਧਿਕਾਰ ਹੋਣਾ ਚਾਹੀਦਾ ਹੈ।

ਜੇ ਤੁਹਾਨੂੰ ਕੋਈ ਗਾਲ਼ਾਂ ਕੱਢਦਾ ਹੈ, ਤੰਗ ਕਰਦਾ ਹੈ ਜਾਂ ਸਰੀਰਕ ਸ਼ੋਸ਼ਣ ਕਰਦਾ ਹੈ ਤਾਂ ਇਹ ਸਾਰਾ ਕੁਝ ਪ੍ਰਗਟਾਵੇ ਜਾਂ ਬੋਲਣ ਦੇ ਅਧਿਕਾਰ ਵਿੱਚ ਨਹੀਂ ਆਉਂਦਾ।

ਤੁਸੀਂ ਬੋਲ ਸਕਦੇ ਹੋ ਪਰ ਕਿਸੇ ਨੂੰ ਗਾਲ਼ਾਂ ਨਹੀਂ ਕੱਢ ਸਕਦੇ। ਬੋਲਣ ਦੇ ਅਧਿਕਾਰ ਵਿੱਚ ਕਿਸੇ ਨੂੰ ਗਾਲ਼ਾਂ ਨਹੀਂ ਕੱਢੀਆਂ ਜਾ ਸਕਦੀਆਂ।

ਬੋਲਣ ਦੇ ਅਧਿਕਾਰ ਅਤੇ ਪ੍ਰਗਟਾਵੇ ਦੇ ਅਧਿਕਾਰ ਵਿੱਚ ਬੜੀ ਪਤਲੀ ਜਿਹੀ ਲਾਇਨ ਹੁੰਦੀ ।

ਸਿਆਸਤ ਤੋਂ ਬਾਹਰ ਬੈਠ ਕੇ ਕੁਝ ਨਹੀਂ ਹੋਣਾ

ਨੌਜਵਾਨਾਂ ਨੂੰ ਸਿਆਸਤ ਵਿੱਚ ਆਉਣ ਦਾ ਸੱਦਾ ਦਿੰਦਿਆ ਗੁਰਮੇਹਰ ਕਹਿੰਦੀ ਹੈ, 'ਯੂਥ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਆਪਣੇ ਵਿਚਾਰਾਂ ਨਾਲ ਅੱਗੇ ਵੱਧਣਾ ਚਾਹੀਦਾ ਹੈ'।

'ਰਾਜਨੀਤੀ ਵਿੱਚ ਸੱਤਾ ਹਾਸਲ ਕਰਨ ਲਈ ਨਾ ਜਾਣ। ਯੂਥ ਰਾਜਨੀਤੀ ਵਿੱਚ ਆਉਣ ਅਤੇ ਆਪਣੀ ਥਾਂ ਮੱਲਣ। ਕੋਈ ਭਾਵੇਂ ਰਾਜਨੀਤਿਕ ਆਗੂ ਹੋਵੇ ਜਾਂ ਸੈਲੇਬ੍ਰਿਟੀ ਹੋਵੇ ਜਾਂ ਆਮ ਇਨਸਾਨ ਹੋਵੇ ਉਸ ਨੂੰ ਆਪਣੇ ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ'।

'ਰਾਜਨੀਤੀ ਗੰਦੀ ਹੈ ਤਾਂ ਇਸ ਦੀ ਅੰਦਰ ਜਾ ਕੇ ਹੀ ਸਫ਼ਾਈ ਕਰਨੀ ਪਵੇਗੀ। ਬਾਹਰ ਬੈਠ ਕੇ ਅਜਿਹੀਆਂ ਗੱਲਾਂ ਕਰੀ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ'।

ਹੁਣ ਜ਼ਿੰਦਗੀ ਚ ਚੈਨ ਕਿੱਥੇ

'ਮੈਂ ਚਾਹੁੰਦੀ ਸੀ ਕਿ ਮੇਰੀ ਜਿੰਦਗੀ ਸਧਾਰਣ ਕੁੜੀਆਂ ਵਾਂਗ ਹੋਵੇ ਪਰ ਹੁਣ ਅਜਿਹਾ ਸੰਭਵ ਨਹੀਂ ਜਾਪਦਾ। ਮਾਰਕੀਟ ਜਾਓ ਜਾਂ ਫਿਰ ਸੜਕ 'ਤੇ ਜਾਓ ਤਾਂ ਲੋਕ ਪਛਾਣ ਲੈਂਦੇ ਹਨ ਤੇ ਫੋਟੋਆਂ ਕਰਵਾਉਣ ਨੂੰ ਕਹਿੰਦੇ ਰਹਿੰਦੇ ਹਨ'।

'ਮੈਂ ਸੋਚਦੀ ਹਾਂ ਕਿ ਇੱਕ ਭਵਿੱਖ ਆਪਣੇ ਲਈ ਪ੍ਰਵਾਨ ਕਰ ਲਵੋ ਜਿਹੜਾ ਲੋਕਾਂ ਨੇ ਦਿੱਤਾ'।

'ਮੈਂ ਬੜੇ ਮਾਣ ਨਾਲ ਲੋਕਾਂ ਵੱਲੋਂ ਦਿੱਤੇ ਗਏ ਭਵਿੱਖ ਨੂੰ ਪ੍ਰਵਾਨ ਕਰ ਲਿਆ ਹੈ'।

ਉਨ੍ਹਾਂ ਲੋਕਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਸੰਕਟ ਵੇਲੇ ਮੇਰੇ ਨਾਲ ਖੜ੍ਹੇ ਹੋਏ। ਔਖੇ ਵੇਲਿਆਂ ਵਿੱਚ ਮੇਰਾ ਕਾਲਜ , ਦਿੱਲੀ ਯੂਨੀਵਰਸਿਟੀ,ਬੀ.ਐਚ.ਯੂ.ਪੰਜਾਬ ਯੂਨੀਵਰਸਿਟੀ ਅਤੇ ਹੋਰ ਵਿਦਿਆਕ ਅਦਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਜਿੰਨ੍ਹਾਂ ਨੇ ਮੇਰਾ ਸਾਥ ਦਿੱਤਾ।

ਬੀਐੱਚਯੂ ਵਿੱਚ ਲੜਕੀਆਂ 'ਤੇ ਕੀਤੇ ਗਏ ਅਤਿਆਚਾਰਾਂ ਬਾਰੇ ਟਿੱਪਣੀਆਂ ਕਰਦਿਆ ਗੁਰਮੇਹਰ ਕਹਿੰਦੀ ਹੈ ਕਿ ਲੜਕੀਆਂ ਨੂੰ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ ।

ਜਦੋਂ ਤੱਕ ਉਹ ਆਪਣੀਆਂ ਮੰਗਾਂ ਮੰਨਵਾ ਨਹੀਂ ਲੈਂਦੀਆਂ ਯੂਨੀਵਰਸਿਟੀਆਂ ਵਿੱਚ ਅਜਿਹਾ ਮਾਹੌਲ ਹੋਣਾ ਚਾਹੀਦਾ ਹੈ ਜਿੱਥੇ ਲੜਕੀਆਂ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਤੇ ਉਨ੍ਹਾ ਵਿਕਾਸ ਹੋ ਸਕੇ।

ਘਰਦਿਆਂ ਨੇ ਮੇਰੇ ਖੰਭ ਨਹੀਂ ਮਰੋੜੇ

ਪੂਰੀ ਦੁਨੀਆਂ ਤਹੁਾਡੇ ਨਾਲ ਹੋ ਜਾਵੇ ਪਰ ਜੇ ਤੁਹਾਡਾ ਪਰਿਵਾਰ ਨਾਲ ਨਹੀਂ ਖੜ੍ਹਦਾ ਤਾਂ ਬੁਰਾ ਲੱਗਦਾ ਹੈ।

ਪਰਿਵਾਰ ਨੇ ਮੈਂਨੂੰ ਕਦੇ ਵੀ ਨਹੀਂ ਰੋਕਿਆ। ਉਹ ਇਹੀ ਕਹਿੰਦੇ ਸਨ ਕਿ ਜੋ ਸਹੀ ਹੈ ਉਹੀ ਕਰੋ ਬੱਸ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਹੈ।

ਮੇਰੀ ਮੰਮੀ ਨੂੰ ਪਤਾ ਸੀ ਕਿ ਮੈਂ ਕਿਵੇਂ ਸੋਚਦੀ ਹਾਂ।ਘਰ ਵਿੱਚ ਬੋਲਣ ਦਾ ਅਧਿਕਾਰ ਮੈਨੂੰ ਮੇਰੀ ਮਾਂ ਅਤੇ ਮੇਰੇ ਦਾਦਾ ਜੀ ਨੇ ਦਿੱਤਾ।

ਮੈਨੂੰ ਮੇਰੀ ਮਾਂ ਨੇ ਵਿਸ਼ੇਸ਼ ਸਾਂਚੇ ਵਿੱਚ ਨਹੀਂ ਢਾਲਿਆ । ਮੈਨੂੰ ਉਹੀ ਕਰਨ ਦਿੱਤਾ ਜੋ ਮੈਂ ਸੋਚਿਆ ।

ਮੈਂ ਚਹੁੰਦੀ ਹਾਂ ਕਿ ਬੋਲਣ ਦਾ ਅਧਿਕਾਰ ਹਰ ਕਿਸੇ ਕੋਲ ਹੋਵੇ।

ਪੂਰੀ ਦੁਨੀਆਂ ਵਿੱਚ ਅਜਿਹਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ ਇੱਕ ਦੂਜੇ ਨੂੰ ਨਫ਼ਰਤ ਕੀਤੀ ਜਾਵੇ।

ਅਮਰੀਕਾ ਵਿੱਚ ਗੋਰੇ ਕਾਲਿਆਂ ਨਾਲ ਨਫ਼ਰਤ ਕਰਦੇ ਹਨ। ਯੂ.ਕੇ ਯੂਰਪੀਅਨ ਯੂਨੀਅਨ ਨਾਲੋਂ ਵੱਖ ਹੋ ਗਿਆ।

ਪਿਆਰ ਦਾ ਸੁਨੇਹਾ ਵੀ ਆਪਣਾ ਕੰਮ ਕਰੇਗਾ।ਉਸ ਨੂੰ ਵੀ ਲੋਕ ਸੁਣਨਗੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)