You’re viewing a text-only version of this website that uses less data. View the main version of the website including all images and videos.
ਗੁਰਮੇਹਰ ਕੌਰ ਨੂੰ ਮਿਲੀ ਟਾਈਮ ਮੈਗਜ਼ੀਨ 'ਚ ਥਾਂ
ਟਾਈਮ ਮੈਗਜ਼ੀਨ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੂੰ 'ਨੈਕਸਟ ਜਨਰੇਸ਼ਨ ਲੀਡਰਜ਼-2017' ਦੀ ਸੂਚੀ 'ਚ ਸਥਾਨ ਦਿੱਤਾ ਹੈ।
ਮੈਗਜ਼ੀਨ ਨੇ ਗੁਰਮੇਹਰ ਨੂੰ ''ਫ਼੍ਰੀ ਸਪੀਚ ਵਾਰੀਅਰ'' ਕਿਹਾ ਹੈ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ 20 ਸਾਲਾ ਗੁਰਮੇਹਰ ਇਸੇ ਸਾਲ ਫਰਵਰੀ ਮਹੀਨੇ ਚਰਚਾ 'ਚ ਆਈ ਸੀ।
ਹਿੰਸਾ ਖ਼ਿਲਾਫ ਕੀਤੀ ਅਵਾਜ਼ ਬੁਲੰਦ
ਗੁਰਮੇਹਰ ਨੇ ਦਿੱਲੀ ਯੂਨੀਵਸਿਟੀ ਦੇ ਰਾਮਜਸ ਕਾਲਜ 'ਚ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਹਿੰਸਾ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਸੀ।
ਰਾਮਜਸ ਕਾਲਜ 'ਚ ਜੇਐਨਯੂ ਦੇ ਵਿਦਿਆਰਥੀ ਉਮਰ ਖ਼ਾਲਿਦ ਦੇ ਭਾਸ਼ਣ ਖ਼ਿਲਾਫ਼ ਏਬੀਵੀਪੀ ਤੇ ਆਈਸਾ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰਾਂ 'ਚ ਝੜਪ ਹੋਈ ਸੀ।
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਚੱਕੀ ਗੁਰਮੇਹਰ ਕੌਰ ਨੇ ਆਪਣੀ ਇੱਕ ਫੋਟੋ ਅਪਲੋਡ ਕੀਤੀ।
ਇਸ 'ਤੇ ਲਿਖਿਆ ਸੀ, ''ਮੈਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਮੈਂ ਏਬੀਵੀਪੀ ਤੋਂ ਨਹੀਂ ਡਰਦੀ। ਮੈਂ ਇੱਕਲੀ ਨਹੀਂ ਹਾਂ।''
ਇਸ ਤੋਂ ਬਾਅਦ ਗੁਰਮੇਹਰ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲੀਆਂ। ਉਸਨੂੰ ਕਤਲ ਤੇ ਰੇਪ ਦੀ ਧਮਕੀ ਵੀ ਦਿੱਤੀ ਗਈ।
ਇਸੇ ਦੌਰਾਨ ਉਸਦੀ ਇੱਕ ਪੁਰਾਣੀ ਤਸਵੀਰ ਵੀ ਵਾਇਰਲ ਹੋ ਗਈ। ਤਸਵੀਰ ਵਿੱਚ ਫੜੇ ਹੋਏ ਪੋਸਟਰ 'ਤੇ ਲਿਖਿਆ ਸੀ, ''ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਸਗੋਂ ਜੰਗ ਨੇ ਮਾਰਿਆ।''
ਭਾਰਤੀ ਫੌਜ 'ਚ ਕੈਪਟਨ ਗੁਰਮੇਹਰ ਦੇ ਪਿਤਾ ਦੀ ਕਈ ਸਾਲ ਪਹਿਲਾਂ ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਠਭੇੜ 'ਚ ਮੌਤ ਹੋ ਗਈ ਸੀ।
ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਗੁਰਮੇਹਰ ਸਿਆਸਤਦਾਨਾਂ, ਕ੍ਰਿਕਟਰਾਂ ਤੇ ਫ਼ਿਲਮ ਅਦਾਕਾਰਾਂ ਦੇ ਨਿਸ਼ਾਨੇ 'ਤੇ ਵੀ ਆਈ।
ਅਗਲੇ ਸਾਲ ਆ ਰਹੀ ਹੈ ਕਿਤਾਬ
ਗੁਰਮੇਹਰ ਕੌਰ ਦੀ ਅਗਲੇ ਸਾਲ 'ਸਮਾਲ ਐਕਟ ਆਫ ਫ੍ਰੀਡਮ' ਕਿਤਾਬ ਵੀ ਰਿਲੀਜ਼ ਹੋਣ ਵਾਲੀ ਹੈ।
ਟਾਈਮਸ ਮੈਗਜ਼ੀਨ ਨੇ ਅਕਤੂਬਰ ਦੇ ਅੰਕ 'ਚ 10 ਨੌਜਵਾਨ ਮੁੰਡੇ ਕੁੜੀਆਂ ਨੂੰ ਥਾਂ ਦਿੱਤੀ ਹੈ ਜਿਨ੍ਹਾਂ ਨੇ ਦੁਨੀਆ 'ਚ ਵੱਖਰੀ ਪਛਾਣ ਬਣਾਈ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)