ਆਰਐੱਸਐੱਸ 'ਚ ਕੀ ਹੈ ਔਰਤਾਂ ਦਾ ਪਹਿਰਾਵਾ?

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਦਿਨੀਂ ਰਾਹੁਲ ਗਾਂਧੀ ਗੁਜਰਾਤ ਦੇ ਦੌਰੇ 'ਤੇ ਸਨ। ਗੁਜਰਾਤ ਦੇ ਵਡੋਦਰਾ 'ਚ ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਰਾਹੁਲ ਗਾਂਧੀ ਨੇ ਆਰਐੱਸਐੱਸ ਵਿੱਚ ਔਰਤਾਂ ਦੀ ਭਾਗੀਦਾਰੀ 'ਤੇ ਵਿਅੰਗ ਕੀਤਾ।

ਰਾਹੁਲ ਗਾਂਧੀ ਨੇ ਔਰਤਾਂ ਵਿਚਾਲੇ ਹੀ ਸਵਾਲ ਪੁੱਛਿਆ, "ਕੀ ਤੁਸੀਂ ਆਰਐੱਸਐੱਸ ਵਿੱਚ ਇੱਕ ਵੀ ਔਰਤ ਨੂੰ ਸ਼ੌਰਟਸ ਪਾਏ ਹੋਏ ਦੇਖਿਆ ਹੈ? ਮੈਂ ਤਾਂ ਕਦੇ ਨਹੀਂ ਵੇਖਿਆ। ਆਖ਼ਰ, ਆਰਐੱਸਐੱਸ 'ਚ ਔਰਤਾਂ ਨੂੰ ਆਉਣ ਦੀ ਇਜਾਜ਼ਤ ਕਿਉਂ ਨਹੀਂ ਹੈ? ਭਾਜਪਾ ਵਿੱਚ ਕਈ ਔਰਤਾਂ ਹਨ ਪਰ ਆਰਐੱਸਐੱਸ 'ਚ ਮੈਂ ਕਿਸੇ ਔਰਤ ਨੂੰ ਨਹੀਂ ਦੇਖਿਆ।"

ਰਾਹੁਲ ਗਾਂਧੀ ਆਪਣੇ ਇਸ ਬਿਆਨ ਕਾਰਨ ਸੁਰਖੀਆਂ 'ਚ ਹਨ।

ਰਾਹੁਲ ਗਾਂਧੀ ਦੇ ਇਸ ਬਿਆਨ ਦਾ ਜਵਾਬ ਆਰਐੱਸਐੱਸ ਦੇ ਆਲ ਇੰਡੀਆ ਪ੍ਰਚਾਰ ਮੁਖੀ ਮਨਮੋਹਨ ਵੈਦਿਆ ਨੇ ਦਿੱਤਾ।

ਇੰਡੀਅਨ ਐਕਸਪ੍ਰੈੱਸ ਮੁਤਾਬਕ, ਮਨਮੋਹਨ ਵੈਦਿਆ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਪੁਰਸ਼ ਹਾਕੀ ਮੈਚ 'ਚ ਔਰਤਾਂ ਨੂੰ ਦੇਖਣਾ ਚਾਹੁੰਦੇ ਹਨ।

ਵੈਦਿਆ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਲਾ ਹਾਕੀ ਮੈਚ ਵਿੱਚ ਜਾਣਾ ਚਾਹੀਦਾ ਹੈ।

ਪਰ ਕੀ ਸੱਚਮੁਚ ਆਰਐੱਸਐੱਸ 'ਚ ਔਰਤਾਂ ਨਹੀਂ ਹਨ? ਸੱਚ ਦੀ ਪਤਾ ਲਗਾਉਣ ਲਈ ਬੀਬੀਸੀ ਨੇ ਆਰਐੱਸਐੱਸ ਨਾਲ ਜੁੜੇ ਲੋਕਾਂ ਨਾਲ ਗੱਲ ਕੀਤੀ।

ਪਤਾ ਲੱਗਾ ਕਿ ਆਰਐੱਸਐੱਸ 'ਚ ਔਰਤਾਂ ਦਾ ਵੱਖਰਾ ਵਿੰਗ ਹੈ। ਜਿਸ ਨੂੰ ਰਾਸ਼ਟਰ ਸੇਵਿਕਾ ਸਮਿਤੀ ਕਿਹਾ ਜਾਂਦਾ ਹੈ।

ਦੇਸਭਰ 'ਚ ਸ਼ਾਖਾਵਾਂ

ਪੂਰੀ ਦਿੱਲੀ ਵਿੱਚ ਇਸ ਦੀਆਂ 100 ਅਤੇ ਦੇਸ ਭਰ 'ਚ 3500 ਤੋਂ ਵੱਧ ਸ਼ਾਖਾਵਾਂ ਹਨ।

ਇਸ ਬਾਰੇ ਅਸੀਂ ਦੱਖਣੀ ਦਿੱਲੀ ਦੀ ਇੱਕ ਸ਼ਾਖਾ 'ਚ ਰੋਜ਼ਾਨਾ ਜਾਣ ਵਾਲੀ ਸੁਸ਼ਮਿਤਾ ਸਾਨਿਆਲ ਨਾਲ ਗੱਲ ਕੀਤੀ।

40 ਸਾਲਾ ਸੁਸ਼ਮਿਤਾ ਪਿਛਲੇ 16 ਸਾਲਾਂ ਤੋਂ ਆਰਐੱਸਐੱਸ ਦੀ ਮਹਿਲਾ ਵਿੰਗ ਰਾਸ਼ਟਰ ਸੇਵਿਕਾ ਸਮਿਤੀ ਨਾਲ ਜੁੜੀ ਹੋਈ ਹੈ।

ਸੁਸ਼ਮਿਤਾ ਨੂੰ ਇਸ ਸ਼ਾਖਾ ਬਾਰੇ 2001 'ਚ ਪਤਾ ਲੱਗਾ ਜਦੋਂ ਉਹ ਬ੍ਰਿਟਿਸ਼ ਰੈੱਡ ਕ੍ਰਾਸ ਨਾਲ ਲੰਦਨ 'ਚ ਕੰਮ ਕਰ ਰਹੀ ਸੀ। ਸੁਸ਼ਮਿਤਾ ਉੱਥੋਂ ਹੀ ਇਸ ਨਾਲ ਜੁੜ ਗਈ ਸੀ।

ਬੀਬੀਸੀ ਨੇ ਜਦੋਂ ਇਸ ਸ਼ਾਖਾ ਦੀਆਂ ਔਰਤਾਂ ਦੇ ਪਹਿਰਾਵੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਅਸੀਂ ਚਿੱਟੀ ਸਲਵਾਰ ਕਮੀਜ਼ ਪਾਉਂਦੇ ਹਾਂ ਅਤੇ ਉਸ 'ਤੇ ਚਿੱਟੀ ਚੁੰਨੀ ਲੈਂਦੇ ਹਾਂ। ਜਿਸ ਦਾ ਬਾਰਡਰ ਗੁਲਾਬੀ ਰੰਗ ਦਾ ਹੁੰਦਾ ਹੈ। ਔਰਤਾਂ ਚਾਹੁਣ ਤਾਂ ਗੁਲਾਬੀ ਬਾਰਡਰ ਵਾਲੀ ਚਿੱਟੀ ਸਾੜੀ ਵੀ ਪਾ ਸਕਦੀਆਂ ਹਨ।"

ਰਾਹੁਲ ਗਾਂਧੀ ਦੇ ਬਿਆਨ 'ਤੇ ਅਸੀਂ ਉਨ੍ਹਾਂ ਕੋਲੋਂ ਪ੍ਰਤੀਕਿਰਿਆ ਪੁੱਛੀ ਤਾਂ ਸ਼ੁਸਮਿਤਾ ਨੇ ਕਿਹਾ, "ਕਿਸੇ ਇੱਕ ਦੇ ਚਾਹੁਣ 'ਤੇ ਅਸੀਂ ਆਪਣਾ ਪਹਿਰਾਵਾ ਨਹੀਂ ਬਦਲ ਸਕਦੇ। ਇਹ 80 ਸਾਲਾਂ ਤੋਂ ਸਾਡੀ ਪਰੰਪਰਾ ਹੈ ਪਰ ਆਰਐੱਸਐੱਸ 'ਚ ਔਰਤਾਂ ਹਨ ਕੀ ਉਹ ਇਹ ਨਹੀਂ ਜਾਣਦੇ ?"

ਔਰਤਾਂ ਦਾ ਆਰਐੱਸਐੱਸ ਨਾਲ ਰਿਸ਼ਤਾ ਪੁਰਾਣਾ ਹੈ।

ਸੁਸ਼ਮਿਤਾ ਕਹਿੰਦੇ ਹਨ, "ਬਚਪਨ ਤੋਂ ਕੋਈ ਵੀ ਬੱਚਾ ਜਾਂ ਬੱਚੀ ਆਰਐੱਸਐੱਸ ਨਾਲ ਜੁੜ ਸਕਦੇ ਹਨ। ਆਰਐੱਸਐੱਸ ਦੀ ਤਰੁਣ ਸ਼ਾਖਾ 'ਚ ਕੋਈ ਵੀ ਨੌਜਵਾਨ ਕੁੜੀ ਆ ਸਕਦੀ ਹੈ ਅਤੇ ਇਸ ਤੋਂ ਵੱਡੀਆਂ ਔਰਤਾਂ ਰਾਸ਼ਟਰ ਸੇਵਿਕਾ ਸਮਿਤੀ ਵਿੱਚ ਹਿੱਸਾ ਲੈ ਸਕਦੀਆਂ ਹਨ।"

"ਉਮਰ ਦੇ ਉਸ ਦੌਰ ਵਿੱਚ ਜਦੋਂ ਤੁਹਾਡਾ ਮਨ ਭਜਨ-ਕੀਰਤਨ ਵਿੱਚ ਲੱਗਦਾ ਹੈ ਤਾਂ ਤੁਸੀਂ ਧਰਮ ਸ਼ਾਖਾ ਵਿੱਚ ਹਿੱਸਾ ਲੈ ਸਕਦੇ ਹੋ।"

ਦੇਸ ਵਿੱਚ ਸਵੇਰੇ-ਸਵੇਰੇ ਲੱਗਣ ਵਾਲੀ ਆਰਐੱਸਐੱਸ ਦੀ ਸ਼ਾਖਾ ਵਿੱਚ ਬੇਸ਼ੱਕ ਔਰਤਾਂ ਨਹੀਂ ਦਿਸਦੀਆਂ ਪਰ ਸੁਸ਼ਮਿਤਾ ਦਾ ਕਹਿਣਾ ਹੈ ਕਿ ਰਾਸ਼ਟਰ ਸੇਵਿਕਾ ਸਮਿਤੀ, ਰਾਸ਼ਟਰ ਸਵੈ-ਸੇਵਕ ਸੰਘ ਦਾ ਹੀ ਅਨਿੱਖੜਵਾਂ ਸੰਗਠਨ ਹੈ।

ਇੱਥੇ ਦਿਨ 'ਚ ਇੱਕ ਵਾਰ ਸ਼ਾਖਾ ਜਰੂਰ ਲੱਗਦੀ ਹੈ ਅਤੇ ਸਮਾਂ ਸਥਾਨਕ ਮੈਂਬਰਾਂ ਦੀ ਸਹਿਮਤੀ ਨਾਲ ਤੈਅ ਕੀਤਾ ਜਾਂਦਾ ਹੈ।

ਰਾਸ਼ਟਰ ਸੇਵਿਕਾ ਸਮਿਤੀ ਦੀ ਅਧਿਕਾਰਕ ਵੈਬਸਾਈਟ ਮੁਤਾਬਕ, ਕਮੇਟੀ ਦਾ ਫਾਰਮੂਲਾ ਹੈ "ਮਹਿਲਾ ਰਾਸ਼ਟਰ ਦਾ ਆਧਾਰ ਹਨ"।

ਕਮੇਟੀ ਦੀ ਸਥਾਪਨਾ

ਕਮੇਟੀ ਦੀ ਸਥਾਪਨਾ 1936 ਵਿੱਚ ਦੁਸ਼ਹਿਰੇ ਵਾਲੇ ਦਿਨ ਹੋਈ ਸੀ। ਲਕਸ਼ਮੀਬਾਈ ਕੇਲਕਰ ਨੇ ਇਸ ਦੀ ਸਥਾਪਨਾ ਮਹਾਰਸ਼ਟਰ ਦੇ ਵਰਧਾ ਵਿੱਚ ਕੀਤੀ ਸੀ।

ਮੌਜੂਦਾ ਸਮੇਂ 'ਚ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਂਤਕਾ ਹਨ। ਜੋ ਨਾਗਪੁਰ ਵਿੱਚ ਰਹਿੰਦੇ ਹਨ ਅਤੇ 1995 ਤੋਂ ਇਸ ਦੇ ਨਾਲ ਜੁੜੇ ਹੋਏ ਹਨ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਲੋਕ ਸਭਾ ਦੇ ਸਪੀਕਰ ਸੁਮਿੱਤਰਾ ਮਹਾਜਨ ਵੀ ਇਸ ਨਾਲ ਜੁੜੇ ਹੋਏ ਹਨ।

ਆਰਐੱਸਐੱਸ ਨਾਲ ਜੁੜੇ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਕੇਸ਼ ਸਿਨਹਾ ਮੁਤਾਬਕ, "ਰਾਸ਼ਟਰ ਸੇਵਿਕਾ ਸਮਿਤੀ ਅਤੇ ਸਵੈ-ਸੇਵਕ ਇੱਕ ਦੂਜੇ ਦੇ ਪੂਰਕ ਹਨ। ਦੋਵਾਂ ਦਾ ਸੰਗਠਨਾਤਮਕ ਢਾਂਚਾ ਇਕੋ ਜਿਹਾ ਹੀ ਹੈ। ਦੋਵਾਂ ਦੇ ਮੁੱਖ ਸੰਚਾਲਕ ਹਨ। ਦੋਵਾਂ ਵਿੱਚ ਪ੍ਰਚਾਰਕ ਅਤੇ ਸੂਬਾ ਪ੍ਰਚਾਰਕ ਹੁੰਦੇ ਹਨ।"

ਰਾਹੁਲ ਗਾਂਧੀ ਦੇ ਸ਼ੌਰਟ ਵਾਲੇ ਬਿਆਨ ਬਾਰੇ ਰਾਕੇਸ਼ ਸਿਨਹਾ ਨੇ ਕਿਹਾ, "ਉਨ੍ਹਾਂ ਦਾ ਇਹ ਬਿਆਨ ਨੇ ਉਨ੍ਹਾਂ ਦੇ ਅੰਨੇਪਣ ਨੂੰ ਦਰਸਾਉਂਦਾ ਹੈ। ਤਾਂ ਹੀ 80 ਸਾਲ ਪੁਰਾਣੇ ਸੰਗਠਨ ਬਾਰੇ ਅਜਿਹਾ ਸਵਾਲ ਪੁੱਛ ਰਹੇ ਹਨ। ਕੀ ਰਾਣੀ ਲਕਸ਼ਮੀ ਬਾਈ, ਕਮਲਾ ਨੇਹਰੂ ਨੇ ਸ਼ੌਰਟ ਵਿੱਚ ਦੇਸ ਦੀ ਆਜ਼ਾਦੀ ਦੀ ਲੜਾਈ ਲੜੀ ਸੀ। ਅਸੀਂ ਔਰਤਾਂ ਨੂੰ ਮਰਦਾਂ 'ਤੇ ਨਿਰਭਰ ਨਹੀਂ ਬਲਕਿ ਆਤਮ ਨਿਰਭਰ ਮੰਨਦੇ ਹਾਂ। ਇਸ ਲਈ ਉਨ੍ਹਾਂ ਦਾ ਵੱਖਰਾ ਸੰਗਠਨ ਹੈ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)