ਜ਼ੋਮੈਟੋ ਦੇ ਡਲਿਵਰੀ ਕਰਮੀ ਦਾ ਵੀਡੀਓ ਵਾਇਰਲ, ਉੱਠੇ ਕਈ ਸੁਆਲ

ਕਿਸੇ ਗਾਹਕ ਨੂੰ ਖਾਣਾ ਦੇਣ ਜਾਂਦਿਆਂ ਫੂਡ ਡਲਿਵਰੀ ਐਪ ਜ਼ੋਮੈਟੋ ਦੇ ਇੱਕ ਕਰਮੀ ਨੇ ਰਸਤੇ 'ਚ ਡੱਬਾ ਖੋਲ੍ਹ ਕੇ ਥੋੜ੍ਹਾ ਜਿਹਾ ਖਾਣਾ ਖਾਧਾ ਤਾਂ ਉਸਦਾ ਵੀਡੀਓ ਵਾਇਰਲ ਹੋ ਗਿਆ।

ਜ਼ੋਮੈਟੋ ਨੇ ਇਸ ਆਦਮੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਤਾਂ ਇੰਟਰਨੈੱਟ ਉੱਪਰ ਭਖਵੀਂ ਚਰਚਾ ਹੋਣ ਲੱਗੀ।

ਬੀਬੀਸੀ ਨੇ ਫ਼ੂਡ ਡਿਲੀਵਰੀ ਐਪ ਦੇ ਵਪਾਰ ਬਾਰੇ ਹੋਰ ਜਾਣਿਆ ਅਤੇ ਲੋਕਾਂ ਦੇ ਵਿਚਾਰ ਇਕੱਠੇ ਕੀਤੇ।

ਇਹ ਵੀਡੀਓ ਤਮਿਲ ਨਾਡੂ ਦੇ ਮਦੂਰਾਇ ਸ਼ਹਿਰ ਦਾ ਹੈ। ਡਲਿਵਰੀ-ਮੈਨ ਨੇ ਜ਼ੋਮੈਟੋ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਉਹ ਸੀਲ-ਬੰਦ ਡੱਬੇ ਵਿੱਚੋਂ ਖਾਣਾ ਖਾਂਦਾ ਹੈ ਤੇ ਫਿਰ ਵਾਪਸ ਸੀਲ ਕਰ ਦਿੰਦਾ ਹੈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਇਹ ਵੀਡੀਓ ਹਜ਼ਾਰਾਂ ਵਾਰ ਸ਼ੇਅਰ ਹੋਇਆ ਅਤੇ ਲੋਕਾਂ ਨੇ ਉਸ ਬੰਦੇ ਦੀ ਹਰਕਤ 'ਤੇ ਖੂਬ ਗੁੱਸਾ ਕੀਤਾ, ਉਸ ਦੀ ਫਜ਼ੀਹਤ ਕੀਤੀ।

ਇਸ ਤੋਂ ਬਾਅਦ ਜ਼ੋਮੈਟੋ ਨੇ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਕਿ "ਖਾਣੇ ਨਾਲ ਛੇੜਛਾੜ" ਖਿਲਾਫ਼ ਇਹ "ਗੰਭੀਰ" ਮਾਮਲਾ ਹੈ।

ਉਨ੍ਹਾਂ ਨੇ ਬਿਆਨ ਦਿੱਤਾ, "ਅਸੀਂ ਉਸ (ਕਰਮੀ) ਨਾਲ ਲੰਬੀ ਗੱਲਬਾਤ ਕੀਤੀ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਇਹ ਇੱਕ ਇਨਸਾਨੀ ਗਲਤੀ ਸੀ, ਫਿਰ ਵੀ ਅਸੀਂ ਉਸ ਨੂੰ ਹਟਾ ਦਿੱਤਾ ਹੈ।"

ਜਦੋਂ ਇਹ ਖ਼ਬਰ ਫੈਲੀ ਤਾਂ ਬੰਦੇ ਦੀ ਨੌਕਰੀ ਚਲੀ ਗਈ। ਜਿਸ ਤੋਂ ਬਾਅਦ ਇੰਟਰਨੈੱਟ ਉੱਪਰ ਇਸ ਬਾਰੇ ਤਰਸ ਤੇ ਦੁੱਖ ਦੀ ਭਾਵਨਾ ਵੀ ਨਜ਼ਰ ਆਈ।

ਬੀਬੀਸੀ ਨੇ ਡਲਿਵਰੀ ਕਰਮੀਆਂ ਨਾਲ ਗੱਲਬਾਤ ਕੀਤੀ ਤਾਂ ਕਈ ਤਕਲੀਫ਼ਾਂ ਸਾਹਮਣੇ ਆਈਆਂ।

ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਕਰਮੀ ਨੇ ਦੱਸਿਆ, "ਪਹਿਲਾਂ ਸਾਨੂੰ ਪ੍ਰਤੀ ਡਲਿਵਰੀ 60 ਰੁਪਏ ਮਿਲਦੇ ਸਨ, ਫਿਰ ਘੱਟ ਕਰਕੇ 40 ਕਰ ਦਿੱਤੇ। ਮੈਂ ਆਪਣੇ ਬੱਚਿਆਂ ਨੂੰ ਤਾਂ ਪੜ੍ਹਾਉਣਾ ਹੀ ਹੈ, ਇਸ ਲਈ ਮੈਂ ਕੰਮ ਕਰਦਾ ਰਿਹਾ। ਹੁਣ ਕੰਪਨੀ ਇਸ ਨੂੰ ਘਟਾ ਕੇ 30 ਰੁਪਏ ਕਰਨ ਵਾਲੀ ਹੈ। ਸਾਡੇ ਖਰਚੇ ਵੀ ਹਨ - ਪੈਟ੍ਰੋਲ ਮਹਿੰਗਾ ਹੈ, ਮੇਰੇ ਬੱਚੇ ਵੀ ਹਨ। ਦੱਸੋ, ਕੀ ਕਰਾਂ ਮੈਂ?

ਦੂਜੇ ਕਰਮੀ ਨੇ ਦੱਸਿਆ, "ਆਪਣੇ ਪਰਿਵਾਰ 'ਚ ਮੈਂ ਹੀ ਕਮਾਊ ਹਾਂ। ਜੇ ਮੇਰਾ ਐਕਸੀਡੈਂਟ ਹੋ ਜਾਵੇ ਤਾਂ ਮੇਰੇ ਕੋਲ ਕੋਈ ਬੀਮਾ ਵੀ ਨਹੀਂ। ਕੰਪਨੀ ਨੂੰ ਸੋਚਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

ਐਪ-ਆਧਾਰਤ ਡਲਿਵਰੀ ਦਾ ਕੰਮ ਭਾਰਤ 'ਚ ਬਹੁਤ ਪੁਰਾਣਾ ਨਹੀਂ ਹੈ ਪਰ ਇਸ 'ਚ ਵਾਧਾ ਬਹੁਤ ਤੇਜ਼ੀ ਨਾਲ ਹੋਇਆ ਹੈ। ਖਾਣੇ ਤੋਂ ਇਲਾਵਾ ਹੋਰ ਚੀਜ਼ਾਂ ਦੀ ਵੀ ਡਲਿਵਰੀ ਹੁੰਦੀ ਹੈ। ਐਮੇਜ਼ੋਨ ਤੇ ਫਲਿੱਪਕਾਰਟ ਵਰਗੀਆਂ ਕੰਪਨੀਆਂ ਦੇ ਹਜ਼ਾਰਾਂ ਡਲਿਵਰ ਕਰਮੀ ਹਨ।

ਭਾਰਤ ਵਿੱਚ ਨੌਕਰੀਆਂ ਦੀ ਕਮੀ ਕਰਕੇ ਵੱਧ ਪੜ੍ਹੇ-ਲਿਖੇ ਲੋਕ ਵੀ ਇਹ ਕੰਮ ਕਰ ਰਹੇ ਹਨ, ਭਾਵੇਂ ਉਨ੍ਹਾਂ ਦਾ ਸ਼ੋਸ਼ਣ ਹੀ ਹੋਵੇ।

ਜ਼ੋਮੈਟੋ ਮੁਤਾਬਕ ਉਸ ਕੋਲ 1.5 ਲੱਖ ਡਲਿਵਰੀ ਕਰਮੀ ਹਨ। ਅਜਿਹੀ ਇੱਕ ਹੋਰ ਸੇਵਾ 'ਸਵਿਗੀ' ਕੋਲ 1 ਲੱਖ ਮੁਲਾਜ਼ਮ ਹਨ।

ਹਾਲਾਂਕਿ ਜ਼ਿਆਦਾਤਰ ਕੰਪਨੀਆਂ ਅੰਕੜੇ ਸਾਂਝੇ ਨਹੀਂ ਕਰਦੀਆਂ, ਜ਼ੋਮੈਟੋ ਨੇ ਕੁਝ ਦਿਨ ਪਹਿਲਾਂ ਹੀ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਸ ਨੂੰ ਹੁਣ ਹਰ ਮਹੀਨੇ 2 ਕਰੋੜ ਆਰਡਰ ਮਿਲ ਰਹੇ ਹਨ। ਇਸ ਡਲਿਵਰੀ ਵਪਾਰ ਦੀ ਕਮਾਈ ਬਾਰੇ ਕੋਈ ਅਜਿਹਾ ਅੰਕੜਾ ਨਹੀਂ ਜੋ ਕਿ ਸਾਰੇ ਕਾਰੋਬਾਰ ਦੇ ਵਿਸਥਾਰ ਬਾਰੇ ਦੱਸ ਸਕੇ।

ਜ਼ੋਮੈਟੋ ਤੇ ਸਵਿਗੀ ਦੋਵਾਂ ਨੇ ਹੀ ਕਿਹਾ ਹੈ ਕਿ ਉਹ ਡਲਿਵਰੀ ਕਰਮੀਆਂ ਉੱਪਰ ਕਿਸੇ "ਟਾਰਗੇਟ" ਦਾ ਦਬਾਅ ਨਹੀਂ ਪਾਉਂਦੇ ਅਤੇ ਨਾ ਹੀ ਕੋਈ ਪਨੈਲਟੀ ਲਗਾਉਂਦੇ ਹਨ।

ਜ਼ੋਮੈਟੋ ਦੇ ਪ੍ਰਤੀਨਿਧੀ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਸਾਰੇ ਡਲਿਵਰੀ ਪਾਰਟਨਰ ਨਿੱਜੀ ਠੇਕੇਦਾਰ ਹਨ ਜੋ ਕਿ ਆਪਣੀ ਮਰਜ਼ੀ ਨਾਲ ਲੌਗ-ਇਨ ਕਰਕੇ ਸਾਨੂੰ ਦੇਵਾ ਦਿੰਦੇ ਹਨ। ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਜਦੋਂ ਮਰਜ਼ੀ ਆਫਲਾਈਨ ਹੋ ਜਾਣ (ਭਾਵੇਂ ਇੱਕ ਘੰਟੇ ਲਈ, ਦਿਨ ਲਈ ਜਾਂ ਹਫਤੇ ਲਈ)। ਅਸੀਂ ਆਪਣੇ ਸਾਰੇ ਸਾਥੀਆਂ ਨੂੰ ਸਲਾਹ ਦਿੰਦੇ ਹਨ ਕਿ ਜ਼ਰੂਰਤ ਪਵੇ ਤਾਂ ਉਹ ਕੁਝ ਦੇਰ ਆਫਲਾਈਨ ਹੋ ਕੇ ਬ੍ਰੇਕ ਲਿਆ ਕਰਨ।"

ਦੋਵੇਂ ਕੰਪਨੀਆਂ ਨੇ ਦਾਅਵਾ ਕੀਤਾ ਕਿ ਉਹ ਡਲਿਵਰੀ ਕਰਮੀਆਂ ਨੂੰ ਬੀਮਾ ਅਤੇ ਹੋਰ ਸੁਵਿਧਾਵਾਂ ਦਿੰਦੀਆਂ ਹਨ।

ਇਹ ਵੀ ਪੜ੍ਹੋ:

ਇੱਕ ਡਲਿਵਰੀ ਕਰਮੀ, ਜਿਸ ਨੇ ਆਪਣਾ ਨਾਂ ਸਿਰਫ ਦੀਪਕ ਦੱਸਿਆ, ਨੇ ਪੁਸ਼ਟੀ ਕੀਤੀ ਕਿ ਕੰਪਨੀ ਆਫਲਾਈਨ ਰਹਿਣ ਵਾਲਿਆਂ ਨੂੰ ਕੋਈ ਜ਼ੁਰਮਾਨਾ ਨਹੀਂ ਲਗਾਉਂਦੀ। ਪਰ ਦੀਪਕ ਮੁਤਾਬਕ ਕੰਪਨੀਆਂ 'ਚ ਕਰਮੀ ਵੱਧ ਰਹੇ ਹਨ ਅਤੇ ਕਮਾਈ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਲੋਕ ਬਹੁਤੀ 'ਟਿੱਪ' ਤਾਂ ਉਂਝ ਹੀ ਨਹੀਂ ਦਿੰਦੇ।

ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਵਾਇਰਲ ਹੋਇਆ ਵੀਡੀਓ ਦੇਖਿਆ ਹੈ ਅਤੇ ਉਸ ਨੂੰ ਭੋਜਨ ਖੋਲ੍ਹ ਕੇ ਖਾਣ ਵਾਲੇ ਕਰਮੀ ਨਾਲ "ਕੋਈ ਹਮਦਰਦੀ ਨਹੀਂ"। "ਜੋ ਗਲਤ ਹੈ, ਉਹ ਗਲਤ ਹੈ। ਹਮਦਰਦੀ ਦਾ ਸਵਾਲ ਪੈਦਾ ਨਹੀਂ ਹੁੰਦਾ। ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਜੇ ਕੋਈ ਤੁਹਾਨੂੰ ਜੂਠਾ ਖਾਣਾ ਦੇਵੇ ਤਾਂ ਤੁਸੀਂ ਖਾ ਲਵੋਗੇ?"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)