ਅਮਰੀਕਾ ’ਚ ਕਤਲ ਹੋਇਆ ਪੰਜਾਬੀ ਪਰਿਵਾਰ ਅਗਲੇ ਦਿਨ ਭਾਰਤ ਆਉਣ ਵਾਲਾ ਸੀ

    • ਲੇਖਕ, ਫਤਹਿਗੜ੍ਹ ਸਾਹਿਬ ਤੋਂ ਆਰਜੇ ਐੱਸ
    • ਰੋਲ, ਬੀਬੀਸੀ ਪੰਜਾਬੀ ਲਈ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਕਹਿਣਾ ਹੈ ਕਿ ਓਹਾਇਓ ਦੇ ਸਿਨਸਿਨਾਟੀ ਸ਼ਹਿਰ ਵਿੱਚ ਇੱਕੋ ਭਾਰਤੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ ‘ਨਸਲੀ ਅਪਰਾਧ’ ਨਹੀਂ ਹੈ।

ਐਤਵਾਰ, 28 ਅਪ੍ਰੈਲ ਨੂੰ ਅਮਰੀਕਾ ਦੇ ਓਹਾਇਓ ਸੂਬੇ 'ਚ ਗੋਲੀਆਂ ਨਾਲ ਚਾਰ ਲੋਕਾਂ ਨੂੰ ਕਤਲ ਕਰ ਦਿੱਤਾ ਸੀ ਚਾਰੋਂ ਵਿਅਕਤੀ ਫ਼ਤਹਿਗੜ੍ਹ ਸਾਹਿਬ ਦੇ ਦੋ ਪਿੰਡਾਂ ਨਾਲ ਸਬੰਧਤ ਸਨ।

ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਕਿ ਕਿ ਉਨ੍ਹਾਂ ਵਿੱਚੋਂ ਇੱਕ ਭਾਰਤੀ ਨਾਗਰਿਕ ਸੀ ਅਤੇ ਬਾਕੀ ਭਾਰਤੀ ਮੂਲ ਦੇ ਸਨ। ਇੱਕ ਹੋਰ ਟਵੀਟ ’ਚ ਕਿਹਾ, "ਇਹ ਮਾਮਲਾ ਜਾਂਚ ਅਧੀਨ ਹੈ ਪਰ ਇਹ ਨਸਲੀ ਹਮਲਾ ਨਹੀਂ ਹੈ...”

ਇਹ ਵੀ ਪੜ੍ਹੋ:

ਕੀ ਹੈ ਮਾਮਲਾ

ਪਰਿਵਾਰ ਦੇ ਜਿਨ੍ਹਾਂ ਮੈਂਬਰਾਂ ਨੂੰ ਘਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਉਨ੍ਹਾਂ ’ਚ ਤਿੰਨ ਔਰਤਾਂ ਸ਼ਾਮਿਲ ਸਨ।

ਮ੍ਰਿਤਕਾਂ ਵਿੱਚ 59 ਸਾਲਾ ਹਕੀਕਤ ਸਿੰਘ ਪਨਾਗ, ਉਨ੍ਹਾਂ ਦੀ 62 ਸਾਲਾ ਪਤਨੀ ਪਰਮਜੀਤ ਕੌਰ, 39 ਸਾਲਾ ਸ਼ਲਿੰਦਰ ਕੌਰ ਅਤੇ ਉਨ੍ਹਾਂ ਦੀ 58 ਸਾਲਾ ਨਨਾਣ ਅਮਰਜੀਤ ਕੌਰ ਸ਼ਾਮਿਲ ਸੀ।

ਉੱਥੇ ਦੀ ਸਥਾਨਕ ਪੁਲਿਸ ਮੁਤਾਬਕ ਇਸ ਦੀ ਜਾਣਕਾਰੀ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਦਿੱਤੀ।

ਐਮਰਜੈਂਸੀ ਨੰਬਰ 911 'ਤੇ ਫੋਨ ਕਰ ਕੇ ਉਸ ਨੇ ਕਿਹਾ, “ਮੇਰੀ ਪਤਨੀ ਤੇ ਤਿੰਨ ਹੋਰ ਮੈਂਬਰ ਜ਼ਮੀਨ 'ਤੇ ਖੂਨ ਨਾਲ ਲਥਪਥ ਹਨ। ਉਨ੍ਹਾਂ ਦੇ ਸਿਰ ਤੋਂ ਖੂਨ ਵਹਿ ਰਿਹਾ ਹੈ।”

ਘਰ ਦੀ ਹਾਲਤ ਦੇਖ ਕੇ ਕਿਆਸ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਸ਼ਾਇਦ ਖਾਣਾ ਪਕਾ ਰਹੀ ਸੀ।

ਫਤਹਿਗੜ੍ਹ ਸਾਹਿਬ ਨਾਲ ਸਬੰਧਤ ਸੀ ਪਰਿਵਾਰ

ਇਨ੍ਹਾਂ 'ਚੋਂ ਹਕੀਕਤ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਹਕੀਕਤ ਦੀ ਵਿਆਹੁਤਾ ਕੁੜੀ ਸਲਿੰਦਰਜੀਤ ਕੌਰ, ਪਿੰਡ ਮਹਾਦੀਆਂ ਦੇ ਰਹਿਣ ਵਾਲੇ ਸਨ, ਜਦਕਿ ਪਰਮਜੀਤ ਕੌਰ ਦੀ ਭੈਣ, ਅਮਰਜੀਤ ਕੌਰ, ਬੱਸੀ ਪਠਾਣਾਂ ਨੇੜਲੇ ਪਿੰਡ ਘੁਮੰਡਗੜ੍ਹ ਦੀ ਰਹਿਣ ਵਾਲੀ ਸੀ।

ਹਕੀਕਤ ਦੇ ਵੱਡੇ ਭਰਾ ਹਰਬੰਸ ਸਿੰਘ ਨੇ ਦੱਸਿਆ ਕਿ ਹਕੀਕਤ ਸਿੰਘ 1986 ਤੋਂ ਅਮਰੀਕਾ 'ਚ ਰਹਿੰਦਾ ਸੀ ਤੇ ਉਪੈਟਰੋਲ ਪੰਪ ਦੇ ਮੈਨੇਜਰ ਵਜੋਂ ਤਾਇਨਾਤ ਸੀ। ਉਨ੍ਹਾਂ ਨੂੰ ਹਕੀਕਤ ਸਿੰਘ ਤੇ ਉਸ ਦੇ ਪਰਿਵਾਰ ਦੀ ਮੌਤ ਦੀ ਘਟਨਾ ਸਬੰਧੀ ਉਨ੍ਹਾਂ ਨੂੰ ਹਕੀਕਤ ਦੇ ਗੁਆਂਢ 'ਚ ਪਿੰਡ ਦੀ ਹੀ ਰਹਿੰਦੀ ਕੁੜੀ ਨੇ ਦੱਸਿਆ ਸੀ।

ਭਰਾ ਹਰਬੰਸ ਸਿੰਘ ਮੁਤਾਬਕ, "ਉਹ ਤਕਰੀਬਨ ਇੱਕ ਸਾਲ ਪਹਿਲਾਂ ਹੀ ਮਿਲ ਕੇ ਗਿਆ ਸੀ। ਉਸ ਦਾ ਕੋਈ ਮੁੰਡਾ ਨਹੀਂ ਹੈ ਤੇ ਉਸ ਦੀ ਸਲਿੰਦਰਜੀਤ ਕੌਰ ਇਕਲੌਤੀ ਕੁੜੀ ਹੀ ਹੈ ਜੋ ਉਨ੍ਹਾਂ ਦੇ ਗੁਆਂਢ ਵਿੱਚ ਹੀ ਪਤੀ ਤੇ ਬੱਚਿਆਂ ਨਾਲ ਰਹਿੰਦੀ ਸੀ। 5 ਮਾਰਚ ਨੂੰ ਅਮਰਜੀਤ ਕੌਰ ਅਮਰੀਕਾ 'ਚ ਪਰਮਜੀਤ ਕੌਰ ਨੂੰ ਮਿਲਣ ਗਈ ਸੀ। ਉਸ ਦੇ ਪਤੀ ਦੀ ਕਰੀਬ ਤਿੰਨ ਸਾਲ ਮੌਤ ਹੋ ਚੁੱਕੀ ਹੈ।"

ਹਰਬੰਸ ਸਿੰਘ ਨੇ ਅੱਗੇ ਦੱਸਿਆ ਕਿ ਹਕੀਕਤ ਸਿੰਘ ਦੀ 10 ਏਕੜ ਜ਼ਮੀਨ ਪਿੰਡ ਮਹਾਦੀਆਂ ਵਿੱਚ ਹੈ ਅਤੇ ਇਕ ਕੋਠੀ ਵੀ ਹੈ। ਇਸ ਤੋਂ ਇਲਾਵਾ 51 ਏਕੜ ਜ਼ਮੀਨ ਚਮਕੌਰ ਸਾਹਿਬ ਨੇੜਲੇ ਬੇਚਿਰਾਗ ਪਿੰਡ ਚੁਪਕੀ ਮੰਡ 'ਚ ਹੈ ਜਿਸ ਦੀ ਦੇਖ-ਰੇਖ ਉਸ ਦਾ ਭਤੀਜਾ ਜਸ਼ਨਦੀਪ ਸਿੰਘ ਕਰ ਰਿਹਾ ਹੈ।

ਭਾਰਤ ਆਉਣ ਵਾਲੀ ਸੀ ਪਰਮਜੀਤ

ਘਰ ਦੀ ਦੇਖ-ਰੇਖ ਕਰ ਰਹੇ ਹਕੀਕਤ ਸਿੰਘ ਦੇ ਭਣੋਈਏ ਦਲਬਾਰਾ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ 2002 ਤੋਂ ਕੋਠੀ ਦੀ ਦੇਖ-ਰੇਖ ਕਰ ਰਹੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਦੱਸਿਆ, "ਪਰਮਜੀਤ ਕੌਰ ਦਾ ਉਨ੍ਹਾਂ ਨੂੰ ਸ਼ਨੀਵਾਰ ਬਾਅਦ ਦੁਪਿਹਰ ਕਰੀਬ ਤਿੰਨ ਵਜੇ ਫ਼ੋਨ ਆਇਆ ਸੀ ਕਿ ਉਹ ਭਾਰਤ ਆ ਰਹੇ ਹਨ। ਇੱਕ ਮਈ ਦੀ ਰਾਤ ਨੂੰ ਦਿੱਲੀ ਆ ਜਾਣਗੇ ਜਿਸ ਕਰਕੇ ਉਹ ਘਰ ਦੀ ਸਾਫ਼-ਸਫ਼ਾਈ ਤੇ ਗੈਸ ਸਲੰਡਰ ਭਰਵਾ ਕੇ ਰੱਖਣ, ਜਿਸ ਕਰਕੇ ਉਨ੍ਹਾਂ ਘਰ ਦੀ ਸਫਾਈ ਕਰਵਾ ਦਿੱਤੀ ਅਤੇ ਸਲੰਡਰ ਵੀ ਭਰਵਾ ਦਿੱਤਾ ਸੀ।”

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)