'ਗਿਨੀਜ਼ ਵਰਲਡ ਰਿਕਾਰਡ' 'ਚ ਤੀਜੀ ਵਾਰ ਨਾਂ ਦਰਜ ਕਰਵਾਉਣ ਵਾਲਾ ਪੰਜਾਬੀ: ਮਿਲੋ ਸੰਦੀਪ ਸਿੰਘ ਨੂੰ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਖਿਡਾਰੀ ਸੰਦੀਪ ਸਿੰਘ ਕੈਲਾ ਨੇ ਆਪਣਾ ਨਾਂ 'ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ' 'ਚ ਤੀਜੀ ਵਾਰ ਸ਼ੁਮਾਰ ਕਰਵਾਇਆ ਹੈ।

ਉਨ੍ਹਾਂ ਨੇ ਨੇਪਾਲ ਦੇ ਥਾਨੇਸ਼ਵਰ ਗੁਰਗਈ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਸੰਦੀਪ ਨੇ ਟੂਥਬਰੱਸ਼ 'ਤੇ 1:08.15 ਮਿਨਟ ਤੱਕ ਬਾਸਕੇਟਬਾਲ ਘੁਮਾ ਕੇ ਇਹ ਰਿਕਾਰਡ ਬਣਾਇਆ।

ਪਹਿਲਾਂ ਥਾਨੇਸ਼ਵਰ ਗੁਰਗਈ ਨੇ 1.04:03 ਮਿਨਟ ਤੱਕ ਬਾਸਕੇਟਬਾਲ ਘੁਮਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ।

'ਗਿਨੀਜ਼ ਵਰਲਡ ਰਿਕਾਰਡ' ਵਿੱਚ ਤੀਜੀ ਵਾਰ ਨਾਂ ਦਰਜ ਕਰਵਾਉਣ ਵਾਲਾ ਸੰਦੀਪ ਸਿੰਘ ਕੈਲਾ ਦੁਨੀਆਂ ਦਾ ਪਹਿਲਾ ਪੰਜਾਬੀ ਬਣ ਗਿਆ ਹੈ। ਉਂਝ ਸੰਦੀਪ ਕੈਨੇਡਾ 'ਚ ਮਜ਼ਦੂਰੀ ਦਾ ਕੰਮ ਕਰਦਾ ਹੈ।

ਮੋਗਾ ਜ਼ਿਲ੍ਹੇ ਦੇ ਪਿੰਡ ਬੱਡੂਵਾਲ ਦੇ ਇਸ ਨੌਜਵਾਨ ਨੇ ਇਹ ਰਿਕਾਰਡ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿਖੇ ਕਾਇਮ ਕੀਤਾ ਹੈ।

ਇਹ ਵੀ ਪੜ੍ਹੋ

ਵੀਡੀਓ: ਦੇਖੋ ਸੰਦੀਪ ਇਹ ਸਭ ਕਰਦਾ ਕਿਵੇਂ ਹੈ

ਸੰਦੀਪ ਨੇ ਕਿਹਾ, “ਮੈਂ 2004 ਵਿਚ ਵਾਲੀਬਾਲ-ਸ਼ੂਟਿੰਗ ਖੇਡਣਾ ਸ਼ੁਰੂ ਕੀਤਾ ਸੀ। 2016 ਵਿੱਚ ਮੈਂ ਚੀਪਾਂਸ਼ੂ ਮਿਸ਼ਰਾ ਨਾਂ ਦੇ ਇੱਕ ਵਿਅਕਤੀ ਵੱਲੋਂ 42:92 ਸੈਕਿੰਡ ਬਾਸਕੇਟਬਾਲ ਨੂੰ ਟੂਥਬਰੱਸ਼ 'ਤੇ ਘੁਮਾ ਕੇ ਕਾਇਮ ਕੀਤੇ ਰਿਕਾਰਡ ਬਾਰੇ ਪੜ੍ਹਿਆ।”

“ਮੈਂ ਵੀ ਵਿਸ਼ਵ ਰਿਕਾਰਡ ਕਾਇਮ ਕਰਨ ਦਾ ਫੈਸਲਾ ਲਿਆ ਤੇ 2017 ਵਿੱਚ ਨੂੰ 53 ਸੈਕਿੰਡ ਲਈ ਬਾਕਟਬਾਲ ਘੁਮਾ ਕੇ ਮਿਸ਼ਰਾ ਦਾ ਰਿਕਾਰਡ ਤੋੜਿਆ ਤੇ ਗਿਨੀਜ਼ ਬੁੱਕ' 'ਚ ਨਾ ਦਰਜ ਕਰਵਾ ਲਿਆ।”

ਸੰਦੀਪ ਨੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਹੀ ਉਸ ਨੇ ਤਿੰਨ ਬਾਸਕੇਟਬਾਲਾਂ ਨੂੰ 19 ਸੈਕਿੰਡ ਲਈ ਘੁਮਾ ਕੇ 'ਲਿਮਕਾ ਬੁੱਕ ਆਫ਼ ਰਿਕਾਰਡਜ਼' 'ਚ ਆਪਣਾਂ ਨਾਂ ਦਰਜ ਕਰਵਾਇਆ ਸੀ।

ਉਨ੍ਹਾਂ ਕਿਹਾ, “ਇਸ ਮਗਰੋਂ ਬਾਸਕੇਟਬਾਲ ਨੂੰ ਬਰੱਸ਼ 'ਤੇ ਵੱਧ ਸਮਾਂ ਘੁਮਾਉਣ ਦਾ ਦੁਨੀਆਂ ਭਰ ਵਿਚ ਇਕ ਜਨੂਨ ਜਿਹਾ ਪੈਦਾ ਹੋ ਗਿਆ।”

''ਮੇਰੇ 53 ਸੈਕਿੰਡ ਦੇ ਰਿਕਾਰਡ ਨੂੰ ਕੁਨਾਲ ਸਿੰਗਲਾ ਨੇ 55:80 ਸੈਕਿੰਡ ਲਈ ਬਾਸਕੇਟਬਾਲ ਘੁਮਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ, ਜਿਸ ਨੂੰ ਮੈਂ ਇੱਕ ਚੁਣੌਤੀ ਦੇ ਰੂਪ 'ਚ ਲਿਆ।”

“ਮੈਂ ਹਾਲੇ ਮਿਹਨਤ ਕਰ ਹੀ ਰਿਹਾ ਸੀ ਕਿ ਜਰਮਨੀ ਦੇ ਖਿਡਾਰੀ ਇਸਤਵਾਨ ਕਸਾਪੋ ਨੇ ਕੁਨਾਲ ਸਿੰਗਲਾ ਦਾ ਰਿਕਾਰਡ ਆਪਣੇ ਨਾਂ ਕਰ ਲਿਆ, ਜਿਸ ਨੇ ਮੈਨੂੰ ਹੋਰ ਮਿਹਨਤ ਕਰਨ 'ਤੇ ਮਜ਼ਬੂਰ ਕੀਤਾ।”

ਸਮੇਂ ਦੇ ਗੇੜ ਤੇ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਸੰਦੀਪ ਨੇ ਵਿਦੇਸ਼ ਵੱਲ ਰੁਖ਼ ਕੀਤਾ ਤੇ ਉਹ ਰੁਜ਼ਗਾਰ ਲਈ ਕੈਨੇਡਾ ਦੀ ਧਰਤੀ 'ਤੇ ਪਹੁੰਚ ਗਏ।

25 ਦਸੰਬਰ 2017 ਨੂੰ ਜਦੋਂ ਪੂਰਾ ਵਿਸ਼ਵ ਕ੍ਰਿਸਮਸ ਮਨਾ ਰਿਹਾ ਸੀ ਤਾਂ ਸੰਦੀਪ ਨੇ ਜਰਮਨੀ ਦੇ ਇਸਤਵਾਨ ਕਸਾਪੋ ਦਾ ਰਿਕਾਰਡ 1 ਮਿਨਟ ਤੇ 50 ਮਿਲੀ-ਸੈਕਿੰਡ ਲਈ ਬਾਸਕੇਟਬਾਲ ਟੂਥਬਰੱਸ਼ 'ਤੇ ਘੁਮਾ ਕੇ 'ਗਿਨੀਜ਼ ਬੁੱਕ' 'ਚ ਮੁੜ ਦਰਜ ਕਰਵਾ ਲਿਆ।

ਸਭ ਤੋਂ ਪਹਿਲਾਂ ਉਨ੍ਹਾਂ ਨੇ 2016 ਵਿੱਚ 25 ਸਾਲ ਦੀ ਉਮਰ ਵਿਚ ਅਮਰੀਕਾ ਦੇ ਡੇਵਿਡ ਕੈਨ ਦਾ 33 ਸੈਕਿੰਡ ਦਾ ਰਿਕਾਰਡ ਤੋੜ ਕੇ 45 ਸੈਕਿੰਡ ਕੀਤਾ ਸੀ। ਇਹ ਰਿਕਾਰਡ ਉਸ ਨੇ ਵਾਲੀਬਾਲ ਨਾਲ ਤੋੜਿਆ ਪਰ 'ਗਿਨੀਜ਼ ਵਰਲਡ ਰਿਕਾਰਡ' ਨੇ ਉਸ ਦਾ ਇਹ ਰਿਕਾਰਡ ਦਰਜ ਨਹੀਂ ਕੀਤਾ ਕਿਉਂਕਿ ਉਨਾਂ ਕੋਲ੍ਹ ਵਾਲੀਬਾਲ ਨੂੰ ਘੁਮਾਉਣ ਦੀ ਕੈਟੇਗਿਰੀ ਹੀ ਨਹੀਂ ਸੀ।

ਇਹ ਵੀ ਪੜ੍ਹੋ

ਸੰਦੀਪ ਨੇ ਕਿਹਾ, “ਵਿਸ਼ਵ ਰਿਕਾਰਡ ਤਾਂ ਟੁੱਟਣ ਲਈ ਹੀ ਬਣਦੇ ਹਨ। 10ਵੀਂ ਵਾਰ ਮੇਰੇ ਵੱਲੋਂ ਕਾਇਮ ਕੀਤੇ ਗਏ ਵਿਸ਼ਵ ਰਿਕਾਰਡ ਨੂੰ ਤੋੜਣ ਲਈ ਹੁਣ ਮੈਂ 11ਵੀਂ ਵਾਰ ਲਈ ਬਾਸਕੇਟਬਾਲ ਘੁਮਾਉਣ ਦੀ 73 ਸਕਿੰਟ ਦੀ ਨਵੀਂ ਕੋਸ਼ਿਸ਼ ਵੀ 'ਗਿਨੀਜ਼ ਵਰਲਡ ਰਿਕਾਰਡ' ਕੋਲ ਅਪਲਾਈ ਕਰ ਦਿੱਤੀ ਹੈ। ਜਲਦ ਹੀ ਮੇਰਾ ਨਵਾਂ ਰਿਕਾਰਡ ਬਣਨ ਦੀ ਆਸ ਹੈ।”

ਤੁਸੀਂ ਇਹ ਵੀਡੀਓਜ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)