ਪੰਜਾਬ ਵਿੱਚ ਕੁਝ ਖਿਡਾਰੀ ਗੈਂਗਸਟਰ ਕਿਉਂ ਬਣ ਰਹੇ ਹਨ?

    • ਲੇਖਕ, ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਖੇਡ ਦੇ ਮੈਦਾਨ ਵਿੱਚ ਕਰੀਅਰ ਬਨਾਉਣ ਦੀ ਥਾਂ ਗੈਂਗਸਟਰ ਵਿੱਕੀ ਗੌਂਡਰ ਉਰਫ ਹਰਜਿੰਦਰ ਸਿੰਘ ਭੁੱਲਰ ਅਤੇ ਪ੍ਰੇਮਾ ਲਾਹੌਰੀਆ ਅਪਰਾਧ ਦੀ ਦੁਨੀਆਂ ਨਾਲ ਜੁੜ ਗਏ।

26 ਜਨਵਰੀ ਨੂੰ ਇੱਕ ਪਾਸੇ ਹੋਣਹਾਰ ਖਿਡਾਰੀਆਂ ਦਾ ਸਨਮਾਨ ਕੀਤਾ ਜਾ ਰਿਹਾ ਦੂਜੇ ਪਾਸੇ ਖਿਡਾਰੀ ਤੋਂ ਗੈਂਗਸਟਰ ਬਣੇ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਪੰਜਾਬ ਪੁਲਿਸ ਦੇ ਕਥਿਤ ਮੁਕਾਬਲੇ ਵਿੱਚ ਮਾਰੇ ਗਏ। ਇੱਕ ਖਿਡਾਰੀ ਦਾ ਅਪਰਾਧ ਦੀ ਦੁਨੀਆਂ ਵਿੱਚ ਜਾਣਾ ਚਿੰਤਾ ਦਾ ਵਿਸ਼ਾ ਹੈ।

ਇਕੱਲਾ ਵਿੱਕੀ ਹੀ ਨਹੀਂ ਸਗੋਂ ਕਈ ਹੋਰ ਖਿਡਾਰੀ ਵੀ ਅਪਰਾਧ ਦੀ ਇਸ ਦਲਦਲ ਵਿੱਚ ਧਸ ਕੇ ਦਮ ਤੋੜ ਚੁੱਕੇ ਹਨ ਜਾਂ ਫਿਰ ਫਸੇ ਹੋਏ ਹਨ। ਇਹਨਾਂ ਵਿੱਚੋਂ ਫਿਰੋਜ਼ਪੁਰ ਦਾ ਨਾਮੀ ਗੈਂਗਸਟਰ ਜੈਪਾਲ ਹੈਮਰ ਥਰੋਅ ਦੀ ਖੇਡ ਨਾਲ ਜੁੜਿਆ ਰਿਹਾ ਹੈ।

ਇੱਥੋਂ ਦਾ ਦੂਜਾ ਗੈਂਗਸਟਰ ਗੁਰਸ਼ਾਦ ਸਿੰਘ ਉਰਫ ਸ਼ੇਰਾ ਖੁੱਬਣ ਵੀ ਹੈਮਰ ਥਰੋਅਰ ਸੀ।

ਪੁਲਿਸ ਮੁਕਾਬਲੇ ਵਿੱਚ ਸ਼ੇਰੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਇਸੇ ਗੈਂਗ ਦਾ ਹੀ ਇੱਕ ਮੈਬਰ ਹਰਿੰਦਰ ਸਿੰਘ ਟੀਨੂੰ ਵੀ ਸ਼ਾਟਪੁੱਟ ਖੇਡਦਾ ਰਿਹਾ ਹੈ।

ਖਬਰਾਂ ਮੁਤਾਬਕ ਫਾਜ਼ਿਲਕਾ ਦਾ ਰੌਕੀ, ਜਿਸ ਦਾ ਹਿਮਾਚਲ ਦੇ ਸ਼ਹਿਰ ਪਰਵਾਣੂ ਵਿੱਚ ਕਤਲ ਕੀਤਾ ਗਿਆ ਸੀ, ਉਹ ਵੀ ਖਿਡਾਰੀ ਸੀ। ਸ਼ੇਰਾ ਖੁੱਬਣ ਗੈਂਗ ਦਾ ਇੱਕ ਹੋਰ ਕਾਰਕੁਨ ਤੀਰਥ ਸਿੰਘ ਢਿੱਲੋਂ ਕਬੱਡੀ ਦਾ ਨਾਮੀ ਖਿਡਾਰੀ ਰਿਹਾ ਹੈ।

ਇਹ ਸਾਰੇ ਟੀਮ ਦੀ ਥਾਂ ਇਕੱਲੇ ਤੌਰ 'ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਖਿਡਾਰੀ ਸਨ। ਦੂਜੇ ਸ਼ਬਦਾਂ ਵਿੱਚ ਇਹ ਅਜੇ ਖੇਡ ਦੇ ਮੈਦਾਨ ਵਿੱਚ ਨਵੀਂ ਪਨੀਰੀ ਸੀ।

ਮੈਦਾਨ ਵਿੱਚ ਪਹਿਲਾ ਪੈਰ ਧਰਨ 'ਤੇ ਅਜਿਹੇ ਤਿਲਕੇ ਕਿ ਮੁੜ ਸੰਭਲ ਨਾ ਸਕੇ। ਇਹਨਾਂ ਵਿੱਚੋਂ ਕੋਈ ਕੌਮੀ ਜਾਂ ਕੌਮਾਂਤਰੀ ਪੱਧਰ ਦਾ ਖਿਡਾਰੀ ਨਹੀਂ ਸੀ।

ਵਿੱਕੀ ਦੀ ਜ਼ਿੰਦਗੀ ਅਜਿਹੀ ਹੈ

ਮੁਕਤਸਰ ਜ਼ਿਲੇ ਦੇ ਛੋਟੇ ਜਿਹੇ ਪਿੰਡ ਸਰਾਵਾਂ ਬੋਦਲਾ ਦੇ ਵਿੱਕੀ ਗੌਂਡਰ ਦਾ ਪਿਛੋਕੜ ਛੋਟੀ ਕਿਸਾਨੀ ਨਾਲ ਸੀ। ਦੋ ਭੈਣਾਂ ਦਾ ਇਕਲੌਤਾ ਭਰਾ ਵਿੱਕੀ ਪੜ੍ਹਾਈ ਦੀ ਥਾਂ ਖੇਡਾਂ ਵਿੱਚ ਵੱਧ ਰੁਚੀ ਰੱਖਦਾ ਸੀ।

ਸਕੂਲ ਪੱਧਰ 'ਤੇ ਵਿੱਕੀ ਨੇ ਖੇਡਾਂ ਵਿੱਚ ਚੰਗਾ ਨਾਮ ਕਮਾਇਆ ਅਤੇ ਇਸ ਕਰਕੇ ਨੌਂਵੀ ਜਮਾਤ ਵਿੱਚ ਉਸ ਦੀ ਚੋਣ ਜਲੰਧਰ ਦੇ ਸਪੋਰਟਸ ਸਕੂਲ ਲਈ ਹੋ ਗਈ।

ਜਲੰਧਰ ਪਹੁੰਚ ਕੇ ਵਿੱਕੀ ਖਿਡਾਰੀ ਬਣਨ ਦੀ ਥਾਂ ਹੌਲੀ ਹੌਲੀ ਅਪਰਾਧ ਦੀ ਦਲਦਲ ਵਿੱਚ ਧੱਸਦਾ ਗਿਆ ਅਤੇ ਫਿਰ ਉਸ ਦਾ ਅੰਤ ਮੌਤ ਨਾਲ ਜੱਫ਼ਾ ਪੈ ਗਿਆ।

ਖਿਡਾਰੀਆਂ ਦੀ ਰਾਏ

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਪੰਜਾਬ ਪੁਲਿਸ ਵਿੱਚ ਮੌਜੂਦਾ ਡੀਐਸਪੀ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਸਪੋਰਟਸਮੈਨ ਵਿਚ ਆਮ ਵਿਅਕਤੀਆਂ ਨਾਲੋਂ ਵੱਧ ਐਨਰਜੀ ਹੁੰਦੀ ਹੈ।

ਇਹ ਖਿਡਾਰੀ ਉਤੇ ਨਿਰਭਰ ਕਰਦਾ ਹੈ ਕਿ ਉਸ ਨੇ ਆਪਣੀ ਐਨਰਜੀ ਨੂੰ ਸਹੀ ਦਿਸ਼ਾ ਵਿੱਚ ਲਗਾਉਣੀ ਹੈ ਜਾਂ ਗਲਤ ਪਾਸੇ।

ਰਾਜਪਾਲ ਸਿੰਘ ਦਾ ਖਿਆਲ ਹੈ ਕਿ ਅਪਰਾਧ ਦੀ ਦੁਨੀਆ ਵਿੱਚ ਫਸੇ ਖਿਡਾਰੀ ਟੀਮ ਖੇਡਾਂ ਜਿਵੇਂ ਹਾਕੀ, ਫੁਟਬਾਲ ਜਾਂ ਫਿਰ ਕ੍ਰਿਕਟ ਦੀ ਬਜਾਏ ਇਕੱਲੇ ਤੌਰ ਉਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਨਾਲ ਵੱਧ ਸਬੰਧ ਰੱਖਦੇ ਹਨ।

ਰਾਜਪਾਲ ਸਿੰਘ ਮੁਤਾਬਕ ਅਪਰਾਧਿਕ ਪਿਛੋਕੜ ਵਾਲੇ ਖਿਡਾਰੀ ਨੈਸਨਲ ਜਾਂ ਇੰਟਰਨੈਸ਼ਲ ਪੱਧਰ ਤੱਕ ਪਹੁੰਚ ਹੀ ਨਹੀਂ ਸਕੇ ਕਿਉਂਕਿ ਉਹ ਪਹਿਲਾਂ ਹੀ ਗਲਤ ਸੰਗਤ ਵਿੱਚ ਪੈ ਗਏ।

ਕੀ ਸੋਚਦੇ ਹਨ ਗੌਂਡਰ ਦੇ ਜਲੰਧਰ ਸਕੂਲ ਦੇ ਅਧਿਆਪਕ?

ਜਲੰਧਰ ਦੇ ਸਪੋਰਟਸ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਬਾਲਾ ਨੇ ਫੋਨ ਉਤੇ ਦੱਸਿਆ ਕਿ ਜਦੋਂ ਪੁਲਿਸ ਸਕੂਲ ਵਿੱਚ ਪਿਛਲੇ ਸਾਲ ਵਿੱਕੀ ਗੌਂਡਰ ਬਾਰੇ ਪਤਾ ਕਰਨ ਲਈ ਆਈ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਇਸ ਸਕੂਲ ਦਾ ਵਿਦਿਆਰਥੀ ਸੀ।

ਪ੍ਰਵੀਨ ਬਾਲਾ ਨੇ ਦੱਸਿਆ ਕਿ ਉਹਨਾ ਨੇ ਇੱਕ ਸਾਲ ਪਹਿਲਾਂ ਹੀ ਸਕੂਲ ਦਾ ਚਾਰਜ ਸੰਭਾਲਿਆ ਹੈ ਇਸ ਲਈ ਵਿੱਕੀ ਬਾਰੇ ਉਹਨਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਪਰ ਸਕੂਲ ਦੇ ਪੁਰਾਣੇ ਅਧਿਆਪਕ ਦੱਸਦੇ ਹਨ ਕਿ ਉਹ ਕਾਫੀ ਚੰਗਾ ਖਿਡਾਰੀ ਸੀ। ਆਮ ਬੱਚਿਆਂ ਵਾਂਗ ਥੋੜ੍ਹਾ ਸ਼ਰਾਰਤੀ ਸੀ।

ਸਕੂਲ ਦੇ ਇੱਕ ਹੋਰ ਅਧਿਆਪਕ ਮਨਜੀਤ ਸਿੰਘ ਮੁਤਾਬਕ ਵਿੱਕੀ ਡਿਸਕਸ ਥਰੋਅ ਦਾ ਖਿਡਾਰੀ ਸੀ ਜਦੋਂ ਕਿ ਪ੍ਰੇਮਾ ਲਾਹੌਰੀਆ ਅਥਲੈਟਿਕਸ ਕਰਦਾ ਸੀ।

ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਉਹ ਸਕੂਲ ਵਿੱਚ ਸਨ ਤਾਂ ਦੋਵਾਂ ਦਾ ਧਿਆਨ ਖੇਡ ਵਿੱਚ ਸੀ ਅਤੇ ਸਕੂਲ ਪੂਰਾ ਕਰਨ ਤੋਂ ਬਾਅਦ ਉਹ ਕਾਲਜ ਚਲੇ ਗਏ। ਇਸ ਤੋਂ ਬਾਅਦ ਦੀ ਜਾਣਕਾਰੀ ਉਹਨਾਂ ਕੋਲ ਨਹੀਂ ਹੈ।

ਇਸੇ ਤਰ੍ਹਾਂ ਜਦੋਂ ਜਲੰਧਰ ਸਪੋਰਟਸ ਕਾਲਜ ਦੀ ਵਾਈਸ ਪ੍ਰਿੰਸੀਪਲ ਡਾਕਟਰ ਪਰਮਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਬਾਰੇ ਜਾਣਕਾਰੀ ਨਹੀਂ ਹੈ।

ਨੌਜਵਾਨ ਖਿਡਾਰੀਆਂ ਦੇ ਗਲਤ ਸੰਗਤ ਵਿੱਚ ਜਾਣ ਦੇ ਰੁਝਾਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਜਲੰਧਰ ਦੇ ਸਪਰੋਟਸ ਕਾਲਜ ਨੇ ਦੇਸ ਨੂੰ ਪਰਗਟ ਸਿੰਘ ਅਤੇ ਸੱਜਣ ਸਿੰਘ ਚੀਮਾ ਅਤੇ ਹੋਰ ਨਾਮੀ ਸਖਸ਼ੀਅਤਾਂ ਦਿੱਤੀਆਂ ਹਨ। ਸਿਰਫ ਇੱਕ ਮਾਮਲੇ ਨਾਲ ਜੋੜ ਕੇ ਖੇਡ ਦੀ ਦੁਨੀਆਂ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ।

ਪਰਮਜੀਤ ਕੌਰ ਮੁਤਾਬਕ ਬੱਚੇ ਨੂੰ ਸਹੀ ਸੇਧ ਦੇਣ ਵਿੱਚ ਅਧਿਆਪਕਾਂ ਦਾ ਯੋਗਦਾਨ ਸਭ ਤੋਂ ਜ਼ਿਆਦਾ ਹੁੰਦਾ ਹੈ ਪਰ ਕਈ ਵਾਰ ਬੱਚੇ ਗਲਤ ਸੰਗਤ ਵਿੱਚ ਜਾਣ ਕਰਕੇ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦੇ ਹਨ।

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਦੇ ਕੋਚ ਬਲਦੇਵ ਸਿੰਘ ਨੇ ਸਿਰਸਾ ਤੋਂ ਫੋਨ ਉਤੇ ਦੱਸਿਆ ਕਿ ਚੰਗਾ ਖਿਡਾਰੀ ਬਣਨ ਲਈ ਅਨੁਸ਼ਾਸਨ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਜੇਕਰ ਖਿਡਾਰੀ ਵਿੱਚ ਅਨੁਸਾਸ਼ਨ ਨਹੀਂ ਹੋਵੇਗਾ ਤਾਂ ਉਹ ਆਪਣੇ ਉਤੇ ਕਾਬੂ ਨਹੀਂ ਰੱਖ ਸਕਦਾ ਹੈ ਅਤੇ ਉਸ ਦਾ ਧਿਆਨ ਗਲਤ ਪਾਸੇ ਜਾਵੇਗਾ।

ਉਹਨਾਂ ਦਾ ਕਹਿਣਾ ਹੈ ਕਿ ਖਿਡਾਰੀ ਦੀ ਊਰਜਾ ਖੇਡ ਦੇ ਮੈਦਾਨ ਵਿੱਚ ਲੱਗਣੀ ਜ਼ਰੂਰੀ ਹੈ ਗਲਤ ਪਾਸੇ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ