ਜਿਨ੍ਹਾਂ ਨੇ ਸਾਨੂੰ ਜਿਊਣ ਜੋਗਾ ਨਹੀਂ ਛੱਡਿਆ ਹੁਣ ਉਨ੍ਹਾਂ ਨੂੰ ਵੋਟ ਕਿਸ ਤਰਾਂ ਪਾਈਏ - ਧਨੌਲੇ ਦੇ ਵੋਟਰ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਸੰਗਰੂਰ ਤੋਂ ਬੀਬੀਸੀ ਪੰਜਾਬੀ ਲਈ

"ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਟਰੱਕਾਂ ਦੀ ਆਮਦਨ ਅਤੇ ਟਰੱਕਾਂ ਦੀ ਮੁਰੰਮਤ ਦੇ ਸਿਰ ’ਤੇ ਹੀ ਚਲਦਾ ਹੈ। ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਨਾਲ ਟਰੱਕਾਂ ਦਾ ਕੰਮ ਮੰਦਾ ਪੈ ਗਿਆ ਹੈ।"

"ਬੱਚਿਆ ਦੀਆਂ ਫ਼ੀਸਾਂ ਭਰਨ ਤੋਂ ਵੀ ਅਸਮਰਥ ਹੋਏ ਬੈਠੇ ਹਾਂ। ਇਸ ਲਈ ਅਸੀਂ ਘਰਾਂ ਅੱਗੇ ਇਹ ਲਿਖ ਕੇ ਲਾਇਆ ਹੈ ਕਿ ਕਾਂਗਰਸੀ ਵਰਕਰ ਸਾਡੇ ਘਰ ਵੋਟ ਮੰਗਣ ਨਾ ਆਉਣ।"

ਸੁਖਵਿੰਦਰ ਸਿੰਘ ਟਰੱਕ ਮਕੈਨਿਕ ਹਨ ਅਤੇ ਧਨੌਲਾ ਯੂਨੀਅਨ ਨਾਲ ਸਬੰਧਿਤ ਹਨ ਇਸ ਤੋਂ ਇਲਾਵਾ ਉਨ੍ਹਾਂ ਕੋਲ ਦੋ ਟਰੱਕ ਵੀ ਹਨ।

ਟਰੱਕ ਓਪਰੇਟਰ ਯੂਨੀਅਨ ਦੇ ਮੈਂਬਰ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕੀਤੇ ਜਾਣ ਕਰਕੇ ਕਾਂਗਰਸ ਪਾਰਟੀ ਨਾਲ ਰੁੱਸੇ ਹੋਏ ਹਨ।

ਇਕੱਲੇ ਸੁਖਵਿੰਦਰ ਸਿੰਘ ਹੀ ਨਹੀਂ ਸਗੋਂ ਲੋਕ ਸਭਾ ਹਲਕਾ ਸੰਗਰੂਰ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਵੋਟਰ ਸਿਆਸੀ ਪਾਰਟੀਆਂ ਵੱਲੋਂ ਕੀਤੇ ਵਾਅਦੇ ਵਫਾ ਨਾ ਕਰਨ ਕਰਕੇ ਚੋਣਾਂ ਦੇ ਬਾਈਕਾਟ ਦਾ ਮਨ ਬਣਾਈ ਬੈਠੇ ਹਨ।

ਇਹ ਵੀ ਪੜ੍ਹੋ:

ਸੰਗਰੂਰ ਹਲਕੇ ਦੇ ਕਸਬਾ ਧਨੌਲਾ ਦੇ ਕਈ ਘਰਾਂ ਦੇ ਬਾਹਰ ਕਾਂਗਰਸ ਦੇ ਸਮਰਥਕਾਂ ਵੱਲੋਂ ਵੋਟ ਮੰਗਣ ਤੋਂ ਵਰਜਣ ਦੇ ਬੈਨਰ ਘਰਾਂ ਅੱਗੇ ਲਗਾਏ ਗਏ ਹਨ।

ਟਰੱਕ ਓਪਰੇਟਰ ਬਲਵਿੰਦਰ ਸਿੰਘ ਕਹਿੰਦੇ ਹਨ, “ਟਰੱਕ ਯੂਨੀਅਨਾਂ ਭੰਗ ਕਰਨ ਦਾ ਸਭ ਤੋਂ ਵੱਧ ਨੁਕਸਾਨ ਛੋਟੇ ਟਰੱਕ ਓਪਰੇਟਰਾਂ ਨੂੰ ਹੋਇਆ ਹੈ। ਉਨ੍ਹਾਂ ਮੁਤਾਬਿਕ ਹਾੜੀ ਸਾਉਣੀ ਹੀ ਸੀਜ਼ਨ ਲੱਗਦਾ ਹੈ ਅਤੇ ਜੇ ਇਸ ਤਰਾਂ ਦਾ ਹੀ ਹਾਲ ਰਿਹਾ ਤਾਂ ਉਨ੍ਹਾਂ ਨੂੰ ਟਰੱਕ ਵੇਚਣੇ ਪੈ ਸਕਦੇ ਹਨ।”

ਬਲਵਿੰਦਰ ਸਿੰਘ ਕਹਿੰਦੇ ਹਨ, "ਯੂਨੀਅਨਾਂ ਭੰਗ ਹੋਣ ਨਾਲ ਕਿਰਾਏ ਦੇ ਰੇਟ ਬਹੁਤ ਘੱਟ ਮਿਲ ਰਹੇ ਹਨ। ਕੰਮ ਦੀ ਵੀ ਕੋਈ ਗਰੰਟੀ ਨਹੀਂ ਹੈ ਕਿ ਮਿਲੇ ਜਾਂ ਨਾਂ ਮਿਲੇ। ਯੂਨੀਅਨ ਕਰਕੇ ਸਾਰੇ ਟਰੱਕ ਓਪਰੇਟਰਾਂ ਦੇ ਕੰਮ ਦੀ ਗਾਰੰਟੀ ਸੀ। ਜਿਨ੍ਹਾਂ ਨੇ ਸਾਨੂੰ ਜਿਊਣ ਜੋਗਾ ਨਹੀਂ ਛੱਡਿਆ ਹੁਣ ਉਨ੍ਹਾਂ ਨੂੰ ਵੋਟ ਕਿਸ ਤਰਾਂ ਪਾਈਏ।"

ਟਰੱਕ ਡਰਾਈਵਰ ਨਰਿੰਦਰ ਪਾਲ ਸਿੰਘ ਮੁਤਾਬਿਕ, "ਪੰਜਾਬ ਸਰਕਾਰ ਨੇ ਯੂਨੀਅਨਾਂ ਭੰਗ ਕਰ ਦਿੱਤੀਆਂ ਤਾਂ ਨਵੇਂ ਠੇਕੇਦਾਰਾਂ ਨੇ ਘੱਟ ਰੇਟਾਂ ’ਤੇ ਟੈਂਡਰ ਪਾ ਦਿੱਤੇ। ਘਟੇ ਰੇਟਾਂ ਵਿੱਚ ਜਦੋਂ ਮਾਲਕਾਂ ਨੂੰ ਕੁੱਝ ਨਹੀਂ ਬਚ ਰਿਹਾ ਤਾਂ ਸਾਨੂੰ ਕੀ ਬਚੇਗਾ। ਮੇਰੇ ਪਰਿਵਾਰ ਦਾ ਇਸੇ ਨਾਲ ਚਲਦਾ ਹੈ। ਮੇਰੇ ਕੋਲ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਹੈ। ਮੇਰਾ ਭਵਿੱਖ ਹੁਣ ਖ਼ਤਰੇ ਵਿੱਚ ਹੈ।"

ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ ਅਤੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਵੀ ਨੌਕਰੀਆਂ ਨਾ ਮਿਲਣ ਦੇ ਰੋਸ ਵਜੋਂ ਅਜਿਹੇ ਹੀ ਬੈਨਰ ਆਪਣੇ ਘਰਾਂ ਅੱਗੇ ਲਗਾਏ ਗਏ ਹਨ।

ਸੁਖਵਿੰਦਰ ਸਿੰਘ ਢਿੱਲਵਾਂ ਬੇਰੁਜ਼ਗਾਰ ਅਧਿਆਪਕ ਅਤੇ ਹੈਲਥ ਵਰਕਰ ਦੋਹਾਂ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਹਨ।

ਸੁਖਵਿੰਦਰ ਸਿੰਘ ਕਹਿੰਦੇ ਹਨ, "ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਆਉਣ ਤੋਂ ਬਾਅਦ ਕੁੱਝ ਵੀ ਨਹੀਂ ਕੀਤਾ।“

“ਮੈਂ ਬੀ ਐੱਡ ਕਰਕੇ ਟੈੱਟ ਪਾਸ ਕਰ ਚੁੱਕਾ ਹਾਂ। ਮਲਟੀਪਰਪਜ਼ ਹੈਲਥ ਵਰਕਰ ਦਾ ਡਿਪਲੋਮਾ ਵੀ ਮੈਂ ਕੀਤਾ ਹੋਇਆ ਹੈ। ਦੋ-ਦੋ ਪ੍ਰੋਫੈਸ਼ਨਲ ਕੋਰਸ ਹੋਣ ਦੇ ਬਾਵਜੂਦ ਨੌਕਰੀ ਇੱਕ ਵੀ ਨਹੀਂ ਮਿਲੀ।”

“ਪੰਜਾਬ ਵਿੱਚ ਲਗਭਗ ਵੀਹ ਹਜ਼ਾਰ ਟੈੱਟ ਪਾਸ ਬੀ ਐੱਡ ਅਧਿਆਪਕ ਬੇਰੁਜ਼ਗਾਰ ਹਨ, ਜਦਕਿ ਚੌਵੀ ਹਜ਼ਾਰ ਦੇ ਕਰੀਬ ਪੋਸਟਾਂ ਸਰਕਾਰੀ ਸਕੂਲਾਂ ਵਿੱਚ ਖ਼ਾਲੀ ਪਈਆਂ ਹਨ।“

“ਇਸੇ ਤਰਾਂ ਤਿੰਨ ਹਜ਼ਾਰ ਮਲਟੀ ਪਰਪਜ਼ ਹੈਲਥ ਵਰਕਰਾਂ ਦੀਆਂ ਪੋਸਟਾਂ ਵਿਚੋਂ ਇੱਕ ਹਜ਼ਾਰ ਪੋਸਟ ਖ਼ਾਲੀ ਪਈ ਹੈ ਜਦਕਿ ਸੈਂਤੀ ਸੌ ਦੇ ਕਰੀਬ ਹੈਲਥ ਵਰਕਰ ਬੇਰੁਜ਼ਗਾਰ ਘੁੰਮ ਰਹੇ ਹਨ।”

“ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਸਾਨੂੰ ਨੌਕਰੀ ਨਹੀਂ ਦਿੱਤੀ ਗਈ। ਹੁਣ ਦੁਖੀ ਹੋ ਕੇ ਆਪਣੇ ਘਰਾਂ ਅੱਗੇ ਬੈਨਰ ਲਾਏ ਹਨ ਕਿ ਨੌਕਰੀ ਨਹੀਂ ਤਾਂ ਵੋਟ ਵੀ ਨਹੀਂ।"

ਪੰਜਾਬ ਵਿੱਚ ਚੋਣ ਲੜ ਰਹੀਆਂ ਪਾਰਟੀਆਂ ਦਾ ਵਿਰੋਧ ਕਰਨ ਵਾਲੀਆਂ ਹੋਰ ਤਬਕਾਤੀ ਜਥੇਬੰਦੀਆਂ ਵੀ ਹਨ ਪਰ ਸਭ ਦਾ ਵੱਖਰਾ ਤਰੀਕਾ ਹੈ।

ਦਰਬਾਰ-ਏ-ਖ਼ਾਲਸਾ ਜਥੇਬੰਦੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਾ ਪਾਉਣ ਲਈ ਲੋਕਾਂ ਵਿੱਚ ਪ੍ਰਚਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਜਥੇਬੰਦੀ ਦੇ ਕਾਰਕੁਨ ਸੁਖਚੈਨ ਸਿੰਘ ਚੈਨਾ ਮੁਤਾਬਿਕ, "ਉਂਜ ਸਾਡਾ ਇਹ ਮੰਨਣਾ ਹੈ ਕਿ ਸੱਤਾ ਵਿੱਚ ਰਹੀ ਕਿਸੇ ਪਾਰਟੀ ਨੇ ਆਮ ਲੋਕਾਂ ਖ਼ਾਸ ਕਰ ਕਿਸਾਨਾਂ ਦੇ ਹਿਤਾਂ ਦੀ ਗੱਲ ਨਹੀਂ ਕੀਤੀ। ਪਰ ਅਸੀਂ ਲੋਕਾਂ ਨੂੰ ਅਪੀਲ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਈ ਜਾਵੇ।”

“ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵੇਲੇ ਅਕਾਲੀ ਦਲ ਦੀ ਹੀ ਪੰਜਾਬ ਵਿੱਚ ਸਰਕਾਰ ਸੀ। ਅਸੀਂ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪਰਿਵਾਰ ਨੂੰ ਸਿੱਧਾ ਦੋਸ਼ੀ ਮੰਨਦੇ ਹਾਂ।"

ਪੰਜਾਬ ਖੇਤ ਮਜ਼ਦੂਰ ਯੂਨੀਅਨ ਵੀ ਆਪਣੇ ਵਰਕਰਾਂ ਨੂੰ ਵੋਟਾਂ ਮੰਗਣ ਵਾਲੀਆਂ ਪਾਰਟੀਆਂ ਤੋਂ ਸੁਚੇਤ ਕਰਨ ਲਈ ਮੀਟਿੰਗਾਂ ਕਰ ਰਹੀ ਹੈ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਕਹਿੰਦੇ ਹਨ ਕਿ ਬੀਤੇ ਦਿਨੀਂ ਹੋਈ ਯੂਨੀਅਨ ਦੀ ਸੂਬਾਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ।

ਉਨ੍ਹਾਂ ਮੁਤਾਬਿਕ, "ਅਸੀਂ ਵੋਟਾਂ ਵਿੱਚ ਖੜੀ ਕਿਸੇ ਖ਼ਾਸ ਪਾਰਟੀ ਦਾ ਵਿਰੋਧ ਨਹੀਂ ਕਰਦੇ। ਸਾਡਾ ਇਹ ਤਜਰਬਾ ਹੈ ਕਿ ਸਾਰੀਆਂ ਹੀ ਪਾਰਟੀਆਂ ਨੇ ਕਦੇ ਮਜ਼ਦੂਰਾਂ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਸਗੋਂ ਅਮੀਰ ਘਰਾਣਿਆਂ ਦੇ ਹਿੱਤ ਹੀ ਪੂਰੇ ਹਨ।”

"ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਆਮ ਲੋਕਾਂ ਦੀ ਹਾਲਤ ਦਿਨੋਂ ਦਿਨ ਮਾੜੀ ਹੀ ਹੋਈ ਹੈ। ਮਜ਼ਦੂਰਾਂ, ਕਿਸਾਨਾਂ ਦੀਆਂ ਵਧਦੀਆਂ ਖੁਦਕੁਸ਼ੀਆਂ ਇਸ ਦੀ ਵੱਡੀ ਉਦਾਹਰਨ ਹੈ।ਮਜ਼ਦੂਰਾਂ ਕਿਸਾਨਾਂ ਨੇ ਤਾਂ ਆਪਣੇ ਲਈ ਜੇ ਕੁੱਝ ਪ੍ਰਾਪਤ ਕੀਤਾ ਹੈ ਤਾਂ ਉਹ ਸੰਘਰਸ਼ ਕਰਕੇ ਹੀ ਪ੍ਰਾਪਤ ਕੀਤਾ ਹੈ।"

“ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਵੋਟ ਰਾਜਨੀਤੀ ਵਿੱਚ ਫਸ ਕੇ ਆਪਸ ਵਿੱਚ ਭਰਾ ਮਾਰੂ ਜੰਗ ਵਿੱਚ ਨਾ ਉਲਝਣ। ਸਾਨੂੰ ਉਲਟਾ ਜਮਾਤੀ ਏਕਤਾ ਕਾਇਮ ਕਰਨੀ ਚਾਹੀਦੀ ਹੈ। ਇਸ ਕੰਮ ਲਈ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਦੋ ਵੱਡੇ ਇਕੱਠ ਕਰਕੇ ਮਜ਼ਦੂਰਾਂ ਕਿਸਾਨਾਂ ਨੂੰ ਚੇਤੰਨ ਕਰ ਰਹੇ ਹਾਂ।"

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)