You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਕਤਲ ਕੇਸ: ਦੀਪਕ ਟੀਨੂੰ ਕਿਵੇਂ ਹੋਇਆ ਫ਼ਰਾਰ -ਪੁਲਿਸ ਇਹ ਦੱਸ ਰਹੀ ਕਹਾਣੀ
ਦੀਪਕ ਟੀਨੂੰ ਦੇ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋਣ ਦੇ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਨੇ ਟਵੀਟ ਕਰਕੇ ਦਿੱਤੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਕਥਿਤ ਮੁਲਜ਼ਮ ਦੀਪਕ ਟੀਨੂੰ ਮਾਨਸਾ ਦੀ ਪੁਲਿਸ ਹਿਰਾਸਤ ਵਿੱਚੋਂ ਸ਼ਨੀਵਾਰ ਰਾਤ ਨੂੰ ਫ਼ਰਾਰ ਹੋ ਗਿਆ ਹੈ।
ਜਾਣਕਾਰੀ ਮੁਤਾਬਰ ਟੀਨੂੰ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ 'ਗੈਂਗਸਟਰ' ਦੱਸਿਆ ਜਾ ਰਿਹਾ ਹੈ।
ਮਾਨਸਾ ਪੁਲਿਸ ਵੱਲੋਂ ਦੋ ਦਿਨ ਪਹਿਲਾਂ ਹੀ ਦੀਪਕ ਟੀਨੂੰ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਉੱਪਰ ਮਾਨਸਾ ਲਿਆਂਦਾ ਗਿਆ ਸੀ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਟੀਨੂੰ ਨੂੰ ਟਰਾਂਜ਼ਿਟ ਰਿਮਾਂਡ ਉੱਪਰ ਤਿਹਾੜ ਜੇਲ੍ਹ ਤੋਂ 4 ਜੁਲਾਈ ਨੂੰ ਲਿਆਈ ਸੀ।
ਸਿੱਧੂ ਮੂਸੇਵਾਲਾ ਦਾ ਕਤਲ ਇਸ ਸਾਲ 29 ਮਈ ਨੂੰ ਹੋਇਆ ਸੀ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ 34 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਦਾ ਮਾਸਟਰਮਾਂਈਂਡ ਗੋਲਡੀ ਬਰਾੜ ਨੂੰ ਮੰਨਿਆ ਜਾ ਰਿਹਾ ਹੈ ਜਿਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਇਸ ਕਤਲ ਦੀ ਸਾਜਿਸ਼ ਘੜੀ ਸੀ।
ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਮਾਮਲਾ ਦਰਜ
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਸੀਆਈਏ ਦੇ ਇੰਚਾਰਜ ਨੂੰ ਫੜ ਲਿਆ ਗਿਆ ਹੈ ਤੇ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਬਰਖਾਸਤ ਕਰਨ ਦੀ ਪ੍ਰਕਿਰਿਆ ਜਾਰੀ ਹੈ। ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁਲਜ਼ਮ ਨੂੰ ਮੁੜ ਤੋਂ ਗ੍ਰਿਫ਼ਤਾਰ ਕਰਨ ਲਈ ਪੁਲਿਸ ਪਾਰਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਆਪਰੇਸ਼ਨ ਜਾਰੀ ਹੈ।
- 29 ਸਾਲਾ ਦੀਪਕ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ।
- ਦੀਪਕ ਟੀਨੂੰ ਦਾ ਸੰਬੰਧ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਸਮਝੇ ਜਾਂਦੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਦੱਸਿਆ ਜਾਂਦਾ ਹੈ।
- ਸਿੱਧੂ ਮੂਸੇ ਵਾਲੇ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
- ਟੀਨੂੰ ਖ਼ਿਲਾਫ਼ ਕੁੱਲ 34 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 10 ਕਤਲ ਦੇ ਅਤੇ 14 ਇਰਾਦਾ ਕਤਲ ਅਤੇ 10 ਹੋਰ ਮਾਮਲੇ ਵੀ ਦਰਜ ਹਨ।
- ਪੁਲੀਸ ਰਿਕਾਰਡ ਮੁਤਾਬਕ ਇਹ ਪਹਿਲਾ ਮੌਕਾ ਨਹੀਂ ਹੈ ਕਿ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਇਆ ਹੈ।
ਦੀਪਕ ਟੀਨੂੰ ਕੌਣ ਹੈ
29 ਸਾਲਾ ਦੀਪਕ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਉਸ ਉੱਪਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਕਈ ਦਰਜਨ ਅਪਰਾਧਿਕ ਮਾਮਲੇ ਦਰਜ ਹਨ।
ਟੀਨੂੰ ਖ਼ਿਲਾਫ਼ ਹੁਣ ਤੱਕ ਕੁੱਲ 34 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਆਈਪੀਸੀ ਦੀ ਧਾਰਾ 302 (ਕਤਲ) ਅਧੀਨ 10 ਅਤੇ ਇਰਾਦਾ ਕਤਲ ਦੀ ਧਾਰਾ 307 ਅਧੀਨ 14 ਮਾਮਲਿਆਂ ਤੋਂ ਇਲਾਵਾ 10 ਹੋਰ ਮਾਮਲੇ ਵੀ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।
ਦੀਪਕ ਟੀਨੂੰ ਖ਼ਿਲਾਫ਼ ਪਹਿਲਾ ਮਾਮਲਾ ਦਿੱਲੀ ਵਿੱਚ ਦਰਜ ਕੀਤਾ ਗਿਆ ਸੀ, ਜਦੋਂ ਉਸ ਦਾ ਨਾਂ ਉੱਥੇ ਹੋਈ ਇੱਕ ਗੋਲੀਬਾਰੀ ਵਿੱਚ ਸਾਹਮਣੇ ਆਇਆ ਸੀ।
15 ਜੁਲਾਈ 2017 ਦੌਰਾਨ ਕੋਟਕਪੁਰਾ ਵਿੱਚ ਹੋਏ ਲਵੀ ਦਿਓਰਾ ਕਤਲ ਮਾਮਲੇ ਦੇ ਪੰਜ ਮੁਲਜ਼ਮਾਂ ਵਿੱਚ ਇੱਕ ਟੀਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
'ਪੰਜਾਬ ਸਰਕਾਰ ਗਰਬਾ ਕਰ ਰਹੀ ਹੈ ਤੇ ਗੈਂਸਗਸਟ ਭੱਜ ਰਹੇ ਹਨ'
ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ।
ਕਾਂਗਰਸੀ ਆਗੂ ਪਰਗਟ ਸਿੰਘ ਨੇ ਲਿਖਿਆ ਹੈ,''ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫੜਿਆ ਗੈਂਗਸਟ ਦੀਪਕ ਮਾਨਸਾ ਪੁਲਿਸ ਦੀ ਹਿਰਾਸਤ ਤੋਂ ਪਿਛਲ ਰਾਤੀਂ ਭੱਜ ਗਿਆ ਹੈ। ਇਹ ਪੰਜਾਬ ਪੁਲਿਸ ਦਾ ਅਕਸ ਖ਼ਰਾਬ ਕਰ ਰਿਹਾ ਹੈ ਅਤੇ ਇਸੇ ਦੌਰਾਨ ਪੰਜਾਬ ਦੇ ਬੇਫਿਕਰ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਗਰਬਾ ਕਰ ਰਹੇ ਹਨ।''
ਇਸੇ ਤਰ੍ਹਾਂ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਗੁਜਰਾਤ ਵਿੱਚ ਗਰਬਾ ਕਰ ਰਹੇ ਹਨ ਤਾਂ ਦੀਪਕ ਸਿੱਧੂ ਮੂਸੇਵਾਲਾ ਦਾ ਕਾਤਲ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ ਹੈ।
''ਜਦੋਂ ਇੱਕ ਨਿੱਜੀ ਕਾਰ ਵਿੱਚ ਬਿਨਾਂ ਹੱਥਕੜੀਆਂ ਦੇ ਲਿਜਾਇਆ ਜਾ ਰਿਹਾ ਸੀ ਅਤੇ ਉਸ ਨੂੰ ਫ਼ੋਨ ਇਸਤੇਮਾਲ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ। ਕੋਈ ਹੈਰਾਨੀ ਨਹੀਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਥੱਲੇ ਗੈਂਗਸਟਰ ਰਾਜ ਚੱਲ ਰਿਹਾ ਹੈ।''
ਪਹਿਲਾਂ ਪੁਲਿਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਹੋਇਆ ਸੀ ਫਰਾਰ
ਪੁਲੀਸ ਰਿਕਾਰਡ ਮੁਤਾਬਕ ਇਹ ਪਹਿਲਾ ਮੌਕਾ ਨਹੀਂ ਹੈ ਕਿ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਇਆ ਹੈ।
ਟੀਨੂੰ 17 ਜੂਨ 2017 ਨੂੰ ਪੰਚਕੂਲਾ ਤੋਂ ਪੁਲਿਸ ਨੂੰ ਝਕਾਨੀ ਦੇ ਕੇ ਅੰਬਾਲਾ ਦੀ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋ ਗਿਆ ਸੀ।
ਦੀਪਕ ਟੀਨੂੰ ਜਦੋਂ ਪੰਚਕੂਲਾ ਤੋਂ ਫਰਾਰ ਹੋਇਆ ਸੀ ਤਾਂ ਉਸ ਵੇਲੇ ਉਸ ਨੂੰ ਮੈਡੀਕਲ ਚੈੱਕਅੱਪ ਲਈ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਹ ਡਿਊਟੀ ਉੱਤੇ ਤਾਇਨਾਤ ਸਿਪਾਹੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਫ਼ਰਾਰ ਹੋ ਗਿਆ ਸੀ।
ਇਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਦਸੰਬਰ 2017 ਵਿਚ ਬੈਂਗਲੁਰੂ ਤੋਂ ਗ੍ਰਿਫ਼ਤਾਰ ਕਰ ਲਿਆ ਸੀ।
ਵੀਡੀਓ: ਪੰਜਾਬ ਸਰਕਾਰ ਤੋਂ ਕਿੱਥੇ ਹੋਈ ਵੱਡੀ ਗਲਤੀ
ਸਿੱਧੂ ਮੂਸੇਵਾਲਾ ਕੇਸ ਵਿੱਚ ਕੀ ਭੂਮਿਕਾ ਹੈ?
ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਮਾਨਸਾ ਪੁਲਿਸ ਵੱਲੋਂ ਅਦਾਲਤ ਵਿੱਚ 1850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਇਸ ਚਾਰਜਸ਼ੀਟ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਦੀਪਕ ਟੀਨੂੰ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਵਿੱਚ ਕੰਮ ਕਰਦਾ ਸੀ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕੁਝ ਦਿਨ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਦੀਪਕ ਟੀਨੂੰ ਸਿੱਧੂ ਮੁੱਸੇਵਾਲਾ ਕਤਲਕਾਂਡ ਵਿੱਚ ਸ਼ਾਮਿਲ ਸੀ।
ਪੁਲਿਸ ਮੁਤਾਬਕ ਦੀਪਕ ਟੀਨੂੰ ਲਾਰੈਂਸ ਬਿਸ਼ਨੋਈ ਗੈਂਗ ਲਈ ਫਾਇਨਾਂਸਰ ਵਜੋਂ ਕੰਮ ਕਰਦਾ ਸੀ।
ਪੁਲਿਸ ਮੁਤਾਬਕ ਦੀਪਕ ਟੀਨੂੰ ਦੀ ਲਾਰੈਂਸ ਬਿਸ਼ਨੋਈ ਨਾਲ ਆਖਰੀ ਗੱਲਬਾਤ ਇਸੇ ਸਾਲ 27 ਮਈ ਨੂੰ ਹੋਈ ਸੀ।
ਇਸ ਤੋਂ ਬਾਅਦ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਦਾ ਕਤਲ
29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇ ਵਾਲੇ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮੂਸੇਵਾਲਾ ਦੋ ਹੋਰ ਵਿਅਕਤੀਆਂ ਨਾਲ ਮਾਨਸਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਮੂਸਾ ਤੋਂ ਜਵਾਹਰਕੇ ਪਿੰਡ ਜਾ ਰਹੇ ਸੀ ਜਦੋਂ ਉਨ੍ਹਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।
ਘਟਨਾ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਕੁਝ ਗੈਂਗਜ਼ ਤੋਂ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਸਨ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ।