You’re viewing a text-only version of this website that uses less data. View the main version of the website including all images and videos.
ਫੀਫਾ ਵਿਸ਼ਵ ਕੱਪ: ਕ੍ਰਿਸਟਿਆਨੋ ਰੋਨਾਲਡੋ ਨੂੰ 1800 ਕਰੋੜ ਰੁਪਏ ਦੀ ਪੇਸ਼ਕਸ਼ ਕਿਸ ਕਲੱਬ ਤੋਂ ਹੋਈ, ਕਿਵੇਂ ਇਹ ਸਿਤਾਰਾ ਅਰਸ਼ਾਂ ਤੱਕ ਪਹੁੰਚਿਆ
ਪੁਰਤਗਾਲ ਦੇ ਮਸ਼ਹੂਰ ਫ਼ੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੂੰ ਸਾਊਦੀ ਅਰਬ ਦੇ ਇੱਕ ਕਲੱਬ ਅਲ-ਨਾਸਰ ਵਲੋਂ ਤਿੰਨ ਸਾਲ ਲਈ ਖੇਡਣ ਬਦਲੇ 1800 ਕਰੋੜ ਰੁਪਏ ਦੀ ਵੱਡੀ ਪੇਸ਼ਕਸ਼ ਕੀਤੀ ਗਈ ਹੈ।
ਕ੍ਰਿਸਟੀਆਨੋ ਰੋਨਾਲਡੋ ਨੇ ਫੀਫਾ ਵਿਸ਼ਵ ਕੱਪ ਵਿੱਚ ਆਪਣੇ ਪ੍ਰਦਰਸ਼ਨ ਨਾਲ ਖੇਡ ਪ੍ਰੇਮੀਆਂ ਦਾ ਦਿਲ ਜਿੱਤਿਆ ਹੈ।
ਰੌਨਾਲਡੋ ਇਸ ਤੋਂ ਪਹਿਲਾਂ ਮੈਨਚੈਸਟਰ ਯੂਨਾਈਟਿਡ (ਐੱਮਯੂ) ਕਲੱਬ ਨਾਲ ਖੇਡ ਰਹੇ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਐੱਮਯੂ ਵਲੋਂ ਅਧਿਕਾਰਿਤ ਤੌਰ ’ਤੇ ਐਲਾਨ ਕੀਤਾ ਗਿਆ ਸੀ ਕਿ ਉਹ ਪੁਰਤਗਾਲ ਦੇ ਫ਼ੁੱਟਬਾਲ ਖ਼ਿਡਾਰੀ ਨਾਲ ਆਪਣਾ ਇਕਰਾਰਨਾਮਾ ਰੱਦ ਕਰ ਰਹੇ ਹਨ।
ਅਲ-ਨਾਸਰ ਨਾਲ ਕਰਾਰ
ਰੋਨਾਲਡੋ ਨੂੰ ਮਿਲੀ ਪੇਸ਼ਕਸ਼ ਦੀਆਂ ਗੱਲਾਂ ਫ਼ੁੱਟਬਾਲ ਜਗਤ ਵਿੱਚ ਤੇਜ਼ੀ ਨਾਲ ਫ਼ੈਲ ਰਹੀਆਂ ਹਨ। ਜੇ ਇਹ ਕਰਾਰ ਹੋ ਜਾਂਦਾ ਹੈ ਤਾਂ ਇਹ ਫ਼ੁੱਟਬਾਲ ਜਗਤ ਨੂੰ ਪ੍ਰੋਤਸ਼ਾਹਿਤ ਕਰਨ ਵਾਲਾ ਹੋਵੇਗਾ ਤੇ ਖਿਡਾਰੀਆਂ ਨੂੰ ਵੀ ਉਤਸ਼ਾਹਿਤ ਕਰਨ ਵਾਲਾ ਹੋਵੇਗਾ।
ਬੀਬੀਸੀ ਸਪੋਰਟਸ ਦੇ ਪੱਤਰਕਾਰ ਸਾਈਮਨ ਸਟੋਨ ਨੂੰ ਅਲ-ਨਾਸਰ ਨਾਲ ਸਬੰਧਿਤ ਇੱਕ ਸੂਤਰ ਨੇ ਦੱਸਿਆ ਕਿ ਰੋਨਾਲਡੋ ਨਾਲ ਕੋਈ ਕਰਾਰ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਰੋਨਾਲਡੋ ਦੇ ਬਹੁਤ ਵੱਡੇ ਪ੍ਰਸ਼ੰਸਕ ਹਾਂ ਅਤੇ ਅਸੀਂ ਕਿਸੇ ਵੀ ਕਲੱਬ ਦੇ ਰੂਪ ਵਿੱਚ ਉਨ੍ਹਾਂ ਨੂੰ ਸਾਈਨ ਕਰਨਾ ਪਸੰਦ ਕਰਾਂਗੇ, ਪਰ ਅਸੀਂ ਸਮਝਦੇ ਹਾਂ ਕਿ ਉਨ੍ਹਾਂ ਦਾ ਧਿਆਨ ਹੁਣ ਸਿਰਫ ਵਿਸ਼ਵ ਕੱਪ 'ਤੇ ਹੈ।"
ਹਾਲਾਂਕਿ ਵਿਸ਼ਵ ਕੱਪ ਵਿੱਚ ਆਪਣੀ ਖੇਡ ਦੇ ਜ਼ੌਹਰ ਦਿਖਾ ਰਹੇ ਰੌਨਾਲਡੋ ਦਾ ਕਿਸੇ ਵੀ ਕਲੱਬ ਨਾਲ ਕੋਈ ਇਕਰਾਰ ਨਹੀਂ ਹੈ ਪਰ ਉਹ ਨੂੰ 1 ਜਨਵਰੀ ਤੱਕ ਇੱਕ ਨਵੇਂ ਕਲੱਬ ਲਈ ਸਾਈਨ ਕਰਨ ਦੀ ਆਗਿਆ ਵੀ ਨਹੀਂ ਹੈ।
ਮੈਨਚੈਸਟਰ ਕਲੱਬ ਨਾਲ ਕੰਟਰੈਕਟ ਰੱਦ ਹੋਣਾ
ਪੁਰਤਗਾਲੀ ਖਿਡਾਰੀ ਤੇ ਮੈਨਚੈਸਟਰ ਯੂਨਾਈਟਿਡ ਕਲੱਬ ਦਰਮਿਆਨ ਇੱਕ ਚੰਗੀ ਜੁਗਲਬੰਦੀ ਰਹੀ। ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ ਲਈ ਹੁਣ ਤੱਕ 346 ਮੈਚ ਖੇਡੇ ਜਿਨ੍ਹਾਂ ਵਿੱਚ ਉਨ੍ਹਾਂ ਨੇ 145 ਗੋਲ ਬਣਾਏ।
ਪਰ ਰੋਨਾਲਡੋ ਦੇ ਇੱਕ ਇੰਟਰਵਿਊ ਵਿੱਚ ਕਲੱਬ ਦੀ ਅਲੋਚਣਾ ਤੋਂ ਬਾਅਦ, ਉਨ੍ਹਾਂ ਦਾ ਕੰਟਰੈਕਟ ਰੱਦ ਕਰ ਦਿੱਤਾ ਗਿਆ। ਇਹ ਫੀਫਾ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਹੋਇਆ।
ਉਨ੍ਹਾਂ ਨੇ ਕਲੱਬ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਮੈਨੇਜਰ ਏਰਿਕ ਟੈਨ ਹੈਗ ਲਈ "ਕੋਈ ਸਤਿਕਾਰ" ਨਹੀਂ ਹੈ।
ਟਾਕਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਲੱਬ ਦੀ ਅਲੋਚਣਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਕਲੱਬ ਦੇ ਮੈਨੇਜਰ ਏਰਿਕ ਟੈਨ ਹੈਗ ਲਈ ਕੋਈ ਸਤਿਕਾਰ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਗਰਮੀਆਂ ਵਿੱਚ ਸਾਊਦੀ ਅਰਬ ਦੇ ਇੱਕ ਕਲੱਬ ਦਾ 30.5 ਪੌਂਡ ਡਾਲਰਾਂ ਦਾ ਸੌਦਾ ਉਨ੍ਹਾਂ ਨੇ ਠੁਕਰਾ ਦਿੱਤਾ ਜੋ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਮਹਿੰਗੇ ਫ਼ੁੱਟਬਾਲ ਖਿਡਾਰੀ ਬਣਾ ਦਿੰਦਾ।
ਮਾਹਰਾਂ ਦਾ ਮੰਨਣਾ ਹੈ ਕਿ ਇਹ ਇਹ ਸਮਝਿਆ ਜਾਂਦਾ ਹੈ ਕਿ ਰੋਨਾਲਡੋ ਵਿਸ਼ਵ ਕੱਪ ਵਿੱਚ ਪੁਰਤਗਾਲ ਨਾਲ ਪੂਰੀ ਤਰ੍ਹਾਂ ਵਚਨਬੱਧਤਾ ਰੱਖਦੇ ਹਨ ਤੇ ਜਦੋਂ ਤੱਕ ਇਹ ਖ਼ਤਮ ਨਹੀਂ ਹੋ ਜਾਂਦਾ ਉਨ੍ਹਾਂ ਭਵਿੱਖ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਕੋਈ ਫ਼ੈਸਲਾ ਲੈਣ ਦਾ ਇਰਾਦਾ ਨਹੀਂ ਹੈ।
ਕ੍ਰਿਸਟਿਆਨੋ ਰੋਨਾਲਡੋ ਫ਼ੁੱਟਬਾਲ ਕਲੱਬਾਂ ਨਾਲ ਰਿਸ਼ਤਾ
- ਕ੍ਰਿਸਟਿਆਨੋ ਰੋਨਾਲਡੋ ਲੰਬਾ ਸਮਾਂ ਮੈਨਚੈਸਟਰ ਯੂਨਾਈਟਿਡ ਕਲੱਬ ਨਾਲ ਖੇਡੇ
- ਕਲੱਬ ਵਲੋਂ ਉਨ੍ਹਾਂ ਨੂੰ 2003 ਵਿੱਚ ਮੈਨਚਸਟਰ ਯੂਨਾਈਟਿਡ ਲਈ 1.9 ਕਰੋੜ ਅਮਰੀਕਨ ਡਾਰਲਾਂ ’ਤੇ ਸਾਈਨ ਕੀਤਾ ਸੀ।
- ਇੱਕ ਵਿਵਾਦਿਤ ਇੰਟਰਵਿਊ ਤੋਂ ਬਾਅਦ ਨਵੰਬਰ ਵਿੱਚ ਉਨ੍ਹਾਂ ਦਾ ਮੈਨਚੈਸਟਰ ਯੂਨਾਈਟਿਡ ਕਲੱਬ ਨਾਲ ਰਿਸ਼ਤਾ ਟੁੱਟ ਗਿਆ ਹੈ।
- ਹੁਣ ਸਾਊਦੀ ਅਰਬ ਦੇ ਇੱਕ ਕਲੱਬ ਅਲ-ਨਾਸਰ ਵਲੋਂ ਤਿੰਨ ਸਾਲ ਲਈ ਖੇਡਣ ਬਦਲੇ 1800 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਰੋਨਾਲਡੋ ਕਿਹੜੇ ਕਿਹੜੇ ਕਲੱਬ ਵੱਲੋਂ ਖੇਡੇ
ਕ੍ਰਿਸਟਿਆਨੋ ਰੋਨਾਲਡੋ ਇੱਕ ਪੇਸ਼ੇਵਰ ਫ਼ੁੱਟਬਾਲ ਖਿਡਾਰੀ ਹਨ ਜੋ ਆਪਣੀ ਕੌਮਾਂਤਰੀ ਟੀਮ ਲਈ ਵੱਖ ਵੱਖ ਕਲੱਬਾਂ ਨਾਲ ਜੁੜੇ ਰਹੇ।
ਉਨ੍ਹਾਂ ਨੇ ਆਪਣੇ ਪੇਸ਼ਵਰ ਕਰੀਅਰ ਦੀ ਸ਼ੁਰੂਆਤ ਸਪੋਰਟਿੰਗ ਲਿਸਬਨ ਤੋਂ ਕੀਤੀ। ਉਨ੍ਹਾਂ ਨੇ ਕਲੱਬ ਲਈ ਖੇਡੇ 31 ਮੈਚਾਂ ਵਿੱਚ ਮਹਿਜ਼ 5 ਗੋਲ ਦਾਗੇ।
ਇਸ ਦੌਰਾਨ ਉਨ੍ਹਾਂ ਨੂੰ ਸਰ ਅਲੈਕਸ ਫਰਗੂਸਨ ਨੇ ਦੇਖਿਆ ਤੇ 2003 ਵਿੱਚ ਮੈਨਚਸਟਰ ਯੂਨਾਈਟਿਡ ਲਈ 1.9 ਕਰੋੜ ਅਮਰੀਕਨ ਡਾਰਲਾਂ ’ਤੇ ਸਾਈਨ ਕੀਤਾ।
ਰੋਨਾਲਡੋ ਨੇ ਸਰ ਅਲੈਕਸ ਦੀ ਅਗਵਾਈ ਵਿੱਚ 292 ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੁੱਲ 118 ਗੋਲ ਕੀਤਾ।
ਉਨ੍ਹਾਂ ਨੇ ਪਹਿਲੀ ਚੈਂਪੀਅਨ ਲੀਗ ਟਰਾਫ਼ੀ ਵੀ ਐੱਮਯੂ ਵਿੱਚ ਰਹਿੰਦਿਆਂ ਜਿੱਤੀ।
2009 ਵਿੱਚ ਉਹ ਰੀਅਲ ਮੈਡਰਿਡ ਦਾ ਹਿੱਸਾ ਬਣੇ।
ਇਸ ਵਾਰ ਉਨ੍ਹਾਂ ਦੀ ਡੀਲ 13.1 ਕਰੋੜ ਡਾਲਰਾਂ ਦੀ ਸੀ। ਇਸ ਕਲੱਬ ਨਾਲ ਖੇਡਦਿਆਂ ਉਨ੍ਹਾਂ ਨੇ 438 ਮੈਚ ਖੇਡੇ, ਜਿਨ੍ਹਾਂ ’ਚ 450 ਗੋਲ ਦਾਗੇ।
ਇਸ ਤੋਂ ਬਾਅਦ 2018 ਵਿੱਚ ਉਨ੍ਹਾਂ ਨੇ ਰੀਅਲ ਮੈਡਰਿਡ ਨੂੰ ਛੱਡਿਆ ਤੇ ਜੂਵੈਨਟਸ ਕਲੱਬ ਦਾ ਹਿੱਸਾ ਬਣ ਗਏ। 2021 ਵਿੱਚ ਉਹ ਫ਼ਿਰ ਤੋਂ ਮੈਨਚੈਸਟਰ ਯੂਨਾਈਟਿਡ ਵਿੱਚ ਆ ਗਏ।
ਇਸ ਤੋਂ ਬਾਅਦ ਉਹ ਕਿੱਥੇ ਜਾਂਦੇ ਹਨ ਤੇ ਇਹ ਵਿਸ਼ਵ ਕੱਪ ਤੋਂ ਬਾਅਦ ਤਹਿ ਹੋਵੇਗਾ।
ਦੁਨੀਆਂ ਦੇ ਮਹਿੰਗੇ ਖਿਡਾਰੀ
ਕ੍ਰਿਸਟਾਇਨੋ ਰੋਨਾਲਡੋ ਤੇ ਲਿਊਨ ਮੈਸੀ ਦੁਨੀਆਂ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਹਨ।
2022 ਦੀ ਫੋਰਬਜ਼ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਕੈਲੀਅਨ ਮੈਬਪੀ ਫ਼ਰਾਂਸ ਦੇ ਪੇਸ਼ੇਵਰ ਫੁੱਟਬਾਲ ਖਿਡਾਰੀ ਹਨ।
ਫਾਰਵਰਡ ਖੇਡਣ ਵਾਲੇ ਖਿਡਾਰੀ ਕਰੀਬ 12.8 ਕਰੋੜ ਡਾਲਰ ਕਮਾ ਕੇ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚ ਸ਼ੁਮਾਰ ਹਨ।
ਇਨ੍ਹਾਂ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀ ਲਿਓਨ ਮੈਸੀ ਆਉਂਦੇ ਜਿਨ੍ਹਾਂ ਦੀ ਸਲਾਨਾ ਆਮਦਨ 11 ਕਰੋੜ ਅਮਰੀਕਨ ਡਾਲਰ ਹੈ। ਮੈਸੀ ਸੈਂਟ ਜਰਮਨ ਕਲੱਬ ਵਿੱਚ ਫੋਰਵਰਡ ਵਜੋਂ ਖੇਡਦੇ ਹਨ।
ਕ੍ਰਿਸਟਿਆਨੋ ਰੋਨਾਲਡੋ ਕਰੀਬ 10 ਕਰੋੜ ਡਾਲਰ ਕਮਾ ਕੇ ਤੀਜੇ ਨੰਬਰ ’ਤੇ ਹਨ।
ਮਹਿੰਗੀਆਂ ਔਰਤ ਖਿਡਾਰਨਾਂ
ਕੈਰਾ ਵਾਲਸ਼, ਬੈਰਸੇਲੋਨਾ ਤੇ ਇੰਗਲੈਂਡ ਲਈ ਖੇਡਣ ਵਾਲੇ ਮਿਡ ਫੀਲਡਰ ਹਨ। ਕੈਰਾ ਵਿਸ਼ਵ ਕੱਪ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਮੈਨਚੈਸਟਰ ਸਿਟੀ ਨੂੰ ਸਤੰਬਰ 2022 ਵਿੱਚ ਜੁਆਇਨ ਕੀਤਾ। ਇਹ ਡੀਲ 4 ਲੱਖ ਯੂਰੋਜ਼ ਦੀ ਸੀ।
ਪਰਨੀਲ ਹਾਰਡਰ, ਵੂਲਫ਼ਜ਼ਬਰਗ ਤੇ ਚੇਲਸੀ ਲਈ ਖੇਡਦੇ ਹਨ। ਉਨ੍ਹਾਂ ਦੀ ਕਲੱਬ ਨਾਲ ਸਲਾਨਾ ਡੀਲ 3.5 ਲੱਖ ਯੂਰੋਜ਼ ਦੀ ਹੈ।
ਮਿਲੇਨ ਡੋਮਿੰਗੁਏਸ, ਕਰੀਬ 2 ਲੱਖ ਯੂਰੋਜ਼ ਲੈਂਦੇ ਹਨ। ਔਰਤ ਖਿਡਾਰਨਾਂ ਨੇ ਚਾਹੇ ਵਿਸ਼ਵ ਕੱਪ ਜਿੱਤਿਆ ਪਰ ਉਨ੍ਹਾਂ ਦੀ ਸਲਾਨਾਂ ਆਮਦਨ ਮਰਦ ਮੈਂਬਰਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਭਾਰਤ ਦੇ ਮਹਿੰਗੇ ਖਿਡਾਰੀ
ਭਾਰਤ ਵਿੱਚ ਵੀ ਆਈਪੀਐੱਲ ਨਿਲਾਮੀ ਦੌਰਾਨ ਕ੍ਰਿਕੇਟ ਖਿਡਾਰੀਆਂ ਨੂੰ ਚੰਗੇ ਪੈਸੇ ਮਿਲਦੇ ਹਨ।
2022 ਵਿੱਚ ਇਸ਼ਾਨ ਕਿਸ਼ਨ ਨੂੰ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ਵਿੱਚ ਖਰੀਦਿਆ। ਤੇ ਦੀਪਕ ਚਾਹਰ ਨੂੰ ਚੇਨਈ ਸੁਪਰ ਕਿੰਗਜ਼ ਵਲੋਂ 14 ਕਰੋੜ ਰੁਪਏ ਵਿੱਚ ਖਰੀਦਿਆਂ ਗਿਆ।
2008 ਵਿੱਚ ਐੱਮਐੱਸ ਧੋਨੀ ਨੂੰ ਚੇਨਈ ਸੁਪਰ ਕਿੰਗਜ਼ ਵਲੋਂ 9.5 ਕਰੋੜ ਵਿੱਚ ਖਰੀਦਿਆ ਗਿਆ ਸੀ।
ਗੌਤਮ ਗੰਭੀਰ ਨੂੰ ਕੋਲਕੱਤਾ ਨਾਈਟ ਰਾਈਡਰਜ਼ ਵਲੋਂ 2011 ਵਿੱਚ 14.9 ਕਰੋੜ ਰੁਪਏ ਵਿੱਚ ਆਪਣਾ ਹਿੱਸਾ ਬਣਾਇਆ ਗਿਆ।
ਇਸੇ ਤਰ੍ਹਾਂ ਰਵਿੰਦਰ ਜਦੇਜਾ ਨੂੰ ਵੀ ਚੇਨਈ ਸੁਪਰ ਕਿੰਗਜ਼ ਵਲੋਂ 2012 ਵਿੱਚ 12.8 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ।