3 ਮਹੀਨੇ ਵਿੱਚ 60 ਲੱਖ ਦਾ ਖਾਣਾ, ਸਰਕਾਰੀ ਖ਼ਰਚੇ 'ਤੇ ਪੁੱਤ ਦਾ ਵਿਆਹ, ਕੀ ਹਨ ਚੰਨੀ 'ਤੇ ਇਲਜ਼ਾਮ ਤੇ ਉਨ੍ਹਾਂ ਦੇ ਜਵਾਬ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ 'ਤੇ ਭ੍ਰਿਸ਼ਟਾਚਾਰ ਤੇ ਘਪਲੇਬਾਜ਼ੀ ਦੇ ਇਲਜ਼ਾਮ ਲਗਾਏ ਹਨ।

ਅਕਾਲੀ ਦਲ ਦੇ ਕੌਮੀ ਬੁਲਾਰੇ ਪਰਮਬੈਂਸ ਸਿੰਘ ਰੋਮਾਣਾ ਉਰਫ਼ ਬੰਟੀ ਰੋਮਾਣਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਇਆ ਕਿ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਚਮਕੌਰ ਸਾਹਿਬ ਵਿਚਲੇ ਹੋਏ ਇੱਕ ਧਾਰਮਿਕ ਸਮਾਗਮ 'ਚੋਂ ਪੈਸਿਆਂ ਦਾ ਜੁਗਾੜ ਕਰਕੇ ਆਪਣੇ ਪੁੱਤਰ ਦੇ ਵਿਆਹ ਉੱਤੇ ਖਰਚ ਕੀਤੇ ਸਨ।

ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਬਤੌਰ ਮੁੱਖ ਮੰਤਰੀ ਦੇ ਤਿੰਨ ਮਹੀਨਿਆਂ ਦੀ ਸਰਕਾਰ ਦੌਰਾਨ ਉਨ੍ਹਾਂ ਦੇ ਖਾਣੇ ਦਾ ਬਿੱਲ 60 ਲੱਖ ਰੁਪਏ ਦਾ ਸੀ।

ਇਨ੍ਹਾਂ ਸਾਰੇ ਇਲਜ਼ਾਮਾਂ 'ਤੇ ਆਪਣਾ ਪੱਖ ਰੱਖਦਿਆਂ ਚਰਨਜੀਤ ਸਿੰਘ ਚੰਨੀ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸੋਚੀ-ਸਮਝੀ ਸਾਜ਼ਿਸ਼ ਕੀਤੀ ਜਾ ਰਹੀ ਹੈ।

ਚੰਨੀ ਨੇ ਕਿਹਾ ਇਹ ਬਹੁਤ ਹੀ ਨੀਵੇਂ ਦਰਜ਼ੇ ਦੇ ਇਲਜ਼ਾਮ ਹਨ, ਉਹ ਅਜਿਹੇ ਹਰਾਮ ਦੇ ਪੈਸਿਆਂ ਨੂੰ ਘਰ ਵਿਚ ਲਿਆਉਣ ਬਾਰੇ ਸੋਚ ਵੀ ਨਹੀਂ ਸਕਦੇ।

ਚੰਨੀ ਨੇ ਆਪਣੇ ਬਚਾਅ ਵਿੱਚ ਹੋਰ ਕੀ-ਕੀ ਕਿਹਾ, ਇਹ ਜਾਣਨ ਤੋਂ ਪਹਿਲਾਂ ਇੱਕ ਨਜ਼ਰ ਪੂਰੇ ਮਾਮਲੇ ਉਤੇ:

’60 ਲੱਖ ਰੁਪਏ ਦਾ ਖਾਣਾ 5 ਸਿਤਾਰਾ ਹੋਟਲ ਤੋਂ ਆਇਆ’

ਰੋਮਾਣਾ ਨੇ ਦਾਅਵਾ ਹੈ ਕਿ ਪਿਛਲੇ ਸਮੇਂ ਵਿੱਚ ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਪੰਜਾਬ ਨੂੰ ਬੁਰੀ ਤਰ੍ਹਾਂ ਨਾਲ ਲੁੱਟਿਆ ਹੈ।

ਉਨ੍ਹਾਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਕਿਹਾ, ''ਉਨ੍ਹਾਂ ਦੇ ਕਿੱਸੇ ਹਰ ਰੋਜ਼ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਅੱਜ ਵੀ ਇੱਕ ਚੈਨਲ 'ਤੇ ਉਨ੍ਹਾਂ ਸਬੰਧੀ ਇੱਕ ਆਰਟੀਆਈ ਬਾਰੇ ਚੱਲ ਰਿਹਾ ਸੀ ਕਿ ਕਿਵੇਂ ਜਿੰਨਾ ਚਿਰ ਉਹ ਮੁੱਖ ਮੰਤਰੀ ਰਹੇ, ਹਰ ਰੋਜ਼ 5 ਸਿਤਾਰਾ ਹੋਟਲ ਤਾਜ 'ਚੋਂ 70 ਬੰਦਿਆਂ ਦਾ ਖਾਣਾ ਸੀਐੱਮ ਹਾਊਸ ਆਉਂਦਾ ਰਿਹਾ।''

''ਕਿਵੇਂ 2500 ਰੁਪਈਏ ਪ੍ਰਤੀ ਲੀਟਰ ਵਾਲਾ ਜੂਸ ਉਹ ਪੀਂਦੇ ਰਹੇ ਤੇ 4000 ਰੁਪਏ ਪਲੇਟ ਦਾ ਖਾਣਾ ਇਹ ਖਾਂਦੇ ਰਹੇ।''

‘ਪੁੱਤਰ ਦੇ ਵਿਆਹ ਦਾ ਖਰਚ ਸ਼ਹਾਦਤ ਏ ਦਾਸਤਾਨ ਪ੍ਰੋਗਰਾਮ 'ਚੋਂ ਕੱਢਿਆ’

ਉਨ੍ਹਾਂ ਦੱਸਿਆ, 'ਬਠਿੰਡਾ ਨਿਵਾਸੀ ਰਾਜਵਿੰਦਰ ਸਿੰਘ ਦੁਆਰਾ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਨੇ ਬੜੀ ਰਿਸਰਚ ਕਰਕੇ, ਡੇਟਾ ਕੱਢ ਕੇ ਸ਼ਿਕਾਇਤ ਦਰਜ ਕਰਵਾਈ ਹੈ।''

''19 ਨਵੰਬਰ 2021 ਨੂੰ ਚਮਕੌਰ ਸਾਹਿਬ 'ਦਾਸਤਾਨ ਏ ਸ਼ਹਾਦਤ’ ਇੱਕ ਪ੍ਰੋਗਰਾਮ ਹੋਇਆ ਸੀ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਜਿਹੇ ਪਵਿੱਤਰ ਪ੍ਰੋਗਰਾਮ 'ਦਾਸਤਾਨ ਏ ਸ਼ਹਾਦਤ' ਨੂੰ ਦਾਸਤਾਨ ਏ ਭ੍ਰਿਸ਼ਟਾਚਾਰ 'ਚ ਬਦਲ ਕੇ ਰੱਖ ਦਿੱਤਾ।''

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਕਿਸੇ ਵੀ ਟੈਂਡਰ ਲਈ 21 ਦਿਨ ਦਾ ਸਮਾਂ ਦੇਣਾ ਹੁੰਦਾ ਹੈ ਪਰ ਇਸ ਪ੍ਰੋਗਰਾਮ ਲਈ ਅਜਿਹਾ ਨਹੀਂ ਕੀਤਾ ਗਿਆ।

ਰੋਮਾਣਾ ਨੇ ਕਿਹਾ, ''ਇਸ ਪ੍ਰੋਗਰਾਮ ਲਈ ਚੰਨੀ ਸਰਕਾਰ ਵੱਲੋਂ 4 ਟੈਂਡਰ ਲਗਾਏ ਗਏ, 17 ਨਵੰਬਰ 2021 ਨੂੰ ਟੈਂਡਰ ਪ੍ਰਕਸ਼ਿਤ ਕੀਤੇ ਗਏ, 17 ਨੂੰ ਹੀ ਟੈਂਡਰ ਮਨਜ਼ੂਰ ਹੋ ਗਏ, 17 ਨੂੰ ਹੀ ਟੈਕਨਿਕਲ ਬਿਡ ਖੋਲ੍ਹੀ ਜਾਂਦੀ ਹੈ, 17 ਨੂੰ ਇਸ ਨੂੰ ਅਪਰੂਵ ਕਰਕੇ ਫਾਈਨੈਂਸ਼ਿਲ ਬਿਡ ਖੋਲ੍ਹੀ ਜਾਂਦੀ ਹੈ ਤੇ 17 ਨੂੰ ਹੀ ਵਰਕ ਆਰਡਰ ਦੇ ਦਿੱਤੇ ਜਾਂਦੇ ਹਨ।''

ਉਨ੍ਹਾਂ ਅੱਗੇ ਕਿਹਾ ਕਿ ਜੇ 21 ਦਿਨਾਂ ਤੋਂ ਘੱਟ ਸਮੇਂ 'ਚ ਅਜਿਹਾ ਕੀਤਾ ਜਾਂਦਾ ਹੈ ਇਸ ਦੇ ਲਈ ਕਾਰਨ ਦੱਸਣਾ ਪੈਂਦਾ ਹੈ, ਜੋ ਕਿ ਚੰਨੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ।

ਉਨ੍ਹਾਂ ਆਖਿਆ ਕਿ ਇਸ ਵਿੱਚ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਚਾਰੇ ਟੈਂਡਰਾਂ ਵਿੱਚ ਸਿੰਗਲ ਬਿਡ ਲਗਾਈ ਗਈ ਸੀ।

  • ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਆਗੂ ਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ 'ਤੇ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ
  • ਅਕਾਲੀ ਦਲ ਦੇ ਬੁਲਾਰੇ ਪਰਮਬੈਂਸ ਸਿੰਘ ਰੋਮਾਣਾ ਦਾ ਦਾਅਵਾ, ਚੰਨੀ ਦੇ ਖਾਣੇ ਦਾ ਬਿੱਲ 60 ਲੱਖ ਆਇਆ ਸੀ ਤੇ ਇਹ 2500 ਲੀਟਰ ਵਾਲਾ ਜੂਸ ਪੀਂਦੇ ਸੀ
  • ਰੋਮਾਣਾ ਦਾ ਇਲਜ਼ਾਮ, 'ਆਪ' ਤੇ ਕਾਂਗਰਸ ਮਿਲੇ ਹੋਏ ਹਨ, ਇਸੇ ਲਈ ਕਿਸੇ ਭ੍ਰਿਸ਼ਟਾਚਾਰੀ ਕਾਂਗਰਸੀ ਆਗੂ ਦੀ ਗਿਰਫਤਾਰੀ ਨਹੀਂ ਹੋਈ
  • ਚੰਨੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦੀ ਕਰਾਰ ਦਿੰਦੇ ਹੋਏ ਆਪਣੇ ਖ਼ਿਲਾਫ਼ ਸਾਜ਼ਿਸ਼ ਰਚੇ ਜਾਣ ਦੀ ਗੱਲ ਕਹੀ
  • ਉਨ੍ਹਾਂ ਪੰਜਾਬ ਦੇ ਹਾਲਾਤਾਂ 'ਤੇ ਤੰਜ ਕੱਸਦੀਆਂ ਕਿਹਾ ਕਿ ਘਰਾਂ ਅੱਗੇ ਵੈਣ ਪੈ ਰਹੇ ਹਨ, ਇਹ ਰੰਗਲਾ ਪੰਜਾਬ ਨਹੀਂ

ਉਨ੍ਹਾਂ ਦੱਸਿਆ, ''ਇਹ ਚਾਰ ਟੈਂਡਰ ਮਹਿਮਾਨਾਂ ਲਈ ਚਾਹ, ਅਸਥਾਈ ਸਟੇਜ, ਫੁੱਲਾਂ ਦੀ ਸਜਾਵਟ ਅਤੇ ਟੈਂਟ ਦੇ ਸਨ।''

''ਇਸ ਵਿੱਚ ਚਾਹ ਦਾ ਰੇਟ ਰੱਖਿਆ ਗਿਆ 2000 ਰੁਪਏ ਪ੍ਰਤੀ ਕੱਪ, 800 ਰੁਪਏ ਇੱਕ ਕੁਰਸੀ ਦਾ ਕਿਰਾਇਆ, ਸਟੇਜ 'ਤੇ ਲਾਈਟ ਅਤੇ ਸਾਊਂਡ ਲਈ 97 ਲੱਖ ਰੁਪਏ ਖਰਚੇ ਗਏ ਤੇ ਲੰਚ 2000 ਰੁਪਏ ਪ੍ਰਤੀ ਪਲੇਟ।''

'ਚੋਣ ਕਮਿਸ਼ਨ ਮੁਤਾਬਕ ਉਸ ਸਟੇਜ ਦਾ ਖਰਚਾ 5830 ਰੁਪਏ ਹੋਣਾ ਚਾਹੀਦਾ ਸੀ।''

ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਉਸੇ ਸਮੇਂ ਦੌਰਾਨ ਹੋਏ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਦਾ ਸਾਰਾ ਖਰਚ ਇਸ (ਸ਼ਹਾਦਤ ਏ ਦਾਸਤਾਨ) ਪ੍ਰੋਗਰਾਮ 'ਚੋਂ ਕੱਢ ਕੇ ਦਿੱਤਾ ਗਿਆ।

ਰੋਮਾਣਾ ਨੇ ਸਵਾਲ ਕਰਦਿਆਂ ਕਿਹਾ ਕਿ ਜੇ ਵਿਆਹ ਦਾ ਖਰਚ ਇਸ ਪ੍ਰੋਗਰਾਮ 'ਚੋਂ ਨਹੀਂ ਗਿਆ ਤਾਂ ਸਾਬਕਾ ਮੁੱਖ ਮੰਤਰੀ ਸਪਸ਼ਟ ਕਰਨ ਉਹ ਸਾਰਾ ਖਰਚ ਕਿਸ ਖਾਤੇ 'ਚੋਂ ਹੋਇਆ।

ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਫਿਕਸਡ ਮੈਚ

ਰੋਮਾਣਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਇੱਕ ਫਿਕਸਡ ਮੈਚ ਚੱਲ ਰਿਹਾ ਹੈ ਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਚੰਨੀ ਹੋਵੇ, ਵੜਿੰਗ ਹੋਵੇ, ਸਿੱਧੂ ਹੋਵੇ, ਸਾਰੇ ਚੁੱਪ ਹਨ। ਉਨ੍ਹਾਂ ਕਿਹਾ ਕਿ ਕੋਈ ਸਰਕਾਰ ਦੇ ਖ਼ਿਲਾਫ਼ ਨਹੀਂ ਬੋਲਦਾ ਕਿਉਂਕਿ ਸਭ ਦੇ ਖ਼ਿਲਾਫ਼ ਸ਼ਿਕਾਇਤਾਂ ਹਨ ਤੇ ਜਿਸ ਨੇ ਮੂੰਹ ਖੋਲ੍ਹਿਆ ਉਸ ਨੂੰ ਅੰਦਰ ਕਰ ਦਿੱਤਾ ਜਾਵੇਗਾ।

''ਕਾਂਗਰਸ ਸਿਰ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ, ਇਸ ਲਈ ਕੰਪਰੋਮਾਇਜ਼ਡ ਹੈ ਤੇ ਬੋਲ ਨਹੀਂ ਸਕਦੀ।''

ਉਨ੍ਹਾਂ ਇਲਜ਼ਾਮ ਲਗਾਇਆ ਕਿ 'ਆਪ' ਸਰਕਾਰ ਨੇ ਚੰਨੀ ਨੂੰ ਫੜ੍ਹਨਾ ਨਹੀਂ।

ਰੋਮਾਣਾ ਨੇ ਆਖਿਆ ਕਿ ''ਮੈਂ ਮੁੱਖ ਮੰਤਰੀ ਸਾਬ੍ਹ ਨੂੰ ਚੈਲੇਂਜ ਕਰਦਾ ਹਾਂ ਕਿ ਤੁਹਾਡੇ ਕੋਲ ਚੰਨੀ ਖ਼ਿਲਾਫ਼, ਵੜਿੰਗ ਖ਼ਿਲਾਫ਼ ਸ਼ਿਕਾਇਤਾਂ ਆਈਆਂ ਹੋਈਆਂ ਹਨ, ਪਰਚਾ ਦੇ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਦਿਖਾਓ, ਫਿਰ ਮੰਨੀਏ।''

'ਇਹ ਮੈਨੂੰ ਬਦਨਾਮ ਕਰਨ ਦੀ ਚਾਲ'

ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ''ਇਹ ਪੂਰੀ ਤਰ੍ਹਾਂ ਕਿਸੇ ਨੇ ਬੇਬੁਨਿਆਦ ਤੇ ਮਨਘੜਤ ਕਹਾਣੀ ਬਣਾਈ ਹੈ। ਇਹ ਇੱਕ ਚਾਲ ਹੈ ਮੈਨੂੰ ਬਦਨਾਮ ਕਰਨ ਦੀ।''

ਚੰਨੀ ਨੇ ਕਿਹਾ, ''ਮੇਰੇ ਮੁੰਡੇ ਦਾ ਵਿਆਹ 10 ਅਕਤੂਬਰ ਨੂੰ ਹੋਇਆ ਹੈ, ਓਦੋਂ ਪ੍ਰੋਗਰਾਮ (ਸ਼ਹਾਦਤ ਏ ਦਾਸਤਾਨ) ਦਾ ਨਾ ਕੋਈ ਗੱਲ ਸੀ ਤੇ ਨਾ ਕੋਈ ਤਿਆਰੀ ਸੀ। ਉਸ ਤੋਂ 1 ਮਹੀਨਾ 10 ਦਿਨ ਬਾਅਦ, ਭਾਵ 19 ਨਵੰਬਰ ਨੂੰ ਇਹ ਪ੍ਰੋਗਰਾਮ ਹੁੰਦਾ ਹੈ। ਜਿਸ ਨਾਲ ਵਿਆਹ ਦਾ ਕੋਈ ਲੈਣਾ-ਦੇਣਾ ਨਹੀਂ ਹੈ।''

ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਬਹੁਤ ਮਾੜੇ ਇਲਜ਼ਾਮ ਲਗਾਏ ਹਨ ਕਿ ਚਮਕੌਰ ਸਾਹਿਬ ਦੇ ਕਿਸੇ ਸਮਾਗਮ 'ਚੋਂ ਅਸੀਂ ਆਪਣੇ ਮੁੰਡੇ ਦੇ ਵਿਆਹ ਵਾਸਤੇ ਕੁਝ ਕਰ ਲਾਵਾਂਗੇ।

ਉਨ੍ਹਾਂ ਆਖਿਆ, ''ਇਲਜ਼ਾਮ ਲਗਾਉਣੇ ਹਨ ਤਾਂ ਕੋਈ ਚੱਜ ਦੇ ਲਗਾਉਣ, ਮੈਨੂੰ ਗ੍ਰਿਫ਼ਤਾਰ ਕਰਨਾ ਹੈ ਕਰ ਲੈਣ ਪਰ ਇਸ ਤਰ੍ਹਾਂ ਦੀਆਂ ਬਦਨਾਮੀਆਂ ਦੇਣ ਦਾ ਕੋਈ ਮਤਲਬ ਨਹੀਂ ਬਣਦਾ।''

''ਜਦੋਂ ਤੋਂ ਮੈਂ ਉਤਰਿਆ ਹਾਂ ਉਦੋਂ ਤੋਂ ਹੀ ਵਿਜੀਲੈਂਸ ਵੱਲੋਂ ਤਿਆਰੀਆਂ ਸ਼ੁਰੂ ਹਨ ਕਿ ਇਸ ਨੂੰ ਕਿਸ ਤਰ੍ਹਾਂ ਫੜ੍ਹਨਾ ਹੈ।''

''ਪਹਿਲੇ ਦਿਨ ਹੀ ਜਦੋਂ ਮੈਂ ਮੂਸੇਵਾਲਾ ਸਾਬ੍ਹ ਦੇ ਘਰ ਗਿਆ ਹਾਂ ਮੈਨੂੰ ਰਸਤੇ 'ਚ ਫੋਨ ਆ ਗਿਆ ਕਿ ਜੇ ਤੁਸੀਂ ਉੱਥੇ ਗਏ ਤਾਂ ਤੁਹਾਨੂੰ ਫੜ੍ਹ ਲਵਾਂਗੇ।''

''ਉਸ ਤੋਂ ਬਾਅਦ ਮੇਰੇ ਬੈਂਕ ਖਾਤੇ, ਮੇਰੀਆਂ ਜ਼ਮੀਨਾਂ ਦੀ ਜਾਣਕਾਰੀ ਫਰੋਲੀ ਜਾ ਰਹੀ ਹੈ, ਲੋਕਾਂ ਤੋਂ ਪੁੱਛਿਆ ਜਾ ਰਿਹਾ ਹੈ, ਵਿਜੀਲੈਂਸ ਚਾਹੇ ਪਾਸੇ ਮੇਰੀ ਤਹਿਕੀਕਾਤ ਕਰਨ ਲੱਗੀ ਹੋਈ ਹੈ।''

''ਮੈਂ ਕਹਿੰਦਾ ਹਾਂ ਜੀ ਕਰੋ, ਪਰ ਧੱਕਾ ਨਾ ਕਰੋ। ਫਿਰ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਂ ਉਸ ਲਈ ਵੀ ਤਿਆਰ ਹਾਂ।''

ਇਹ ਵੀ ਪੜ੍ਹੋ:

'ਬਦਲੇ ਦੀ ਭਾਵਨਾ ਹੈ'

ਇਸ ਪਿਛਲੇ ਕਾਰਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਪਿੱਛੇ ਸਿਰਫ਼ ਬਦਲੇ ਦੀ ਭਾਵਨਾ ਹੈ।

ਚੰਨੀ ਨੇ ਇਲਜ਼ਾਮ ਲਗਾਇਆ ਕਿ ''ਇਹ ਕੋਈ ਭ੍ਰਿਸ਼ਟਾਚਾਰ ਮੁਕਤ ਪੰਜਾਬ ਨਹੀਂ ਬਣ ਰਿਹਾ ਬਲਕਿ ਕਾਂਗਰਸ ਮੁਕਤ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।''

''ਮੇਰੇ 'ਤੇ ਪਹਿਲਾਂ ਵੀ ਅਜਿਹੇ ਹਮਲੇ ਹੋ ਚੁੱਕੇ ਹਨ, ਪਹਿਲਾਂ ਵੀ ਸਰਕਾਰਾਂ ਨੇ ਅਜਿਹੀਆਂ ਚੀਜ਼ਾਂ ਕਰ ਕੇ ਦੇਖ ਲਈਆਂ ਹਨ, 2007 'ਚ ਮੇਰੇ ਭਰਾ ਨੂੰ ਅੰਦਰ ਰੱਖਿਆ ਗਿਆ ਸੀ, 6 ਮਹੀਨੇ ਸਾਨੂੰ ਸੌਣ ਨਹੀਂ ਦਿੱਤਾ, ਸਾਰਾ ਸਦਾ ਘਰ ਪੁੱਟ ਦਿੱਤਾ, ਮੇਰਾ ਭਰਾ ਨੂੰ ਬਹੁਤ ਤਸੀਹੇ ਦਿੱਤੇ, ਨਿਕਲਿਆ ਕੁਝ ਨਹੀਂ ਤੇ ਉਸੇ ਸਰਕਾਰ ਨੇ ਉਹ ਕੇਸ ਵਾਪਸ ਲਿਆ।''

''ਮੈਂ ਕਿਸੇ ਕਾਂਗਰਸੀ ਭਰਾ ਨੂੰ, ਕਿਸੇ ਵਰਕਰ ਨੂੰ, ਪੰਜਾਬ ਦੇ ਲੋਕਾਂ ਨੂੰ ਅਪੀਲ ਕਰਕੇ ਮੁਜ਼ਾਹਰੇ ਨਹੀਂ ਕਰਨੇ। ਮੈਂ ਆਪਣੇ ਪਿੰਡ 'ਤੇ ਸਹਾਂਗਾ।''

''ਮੈਂ ਮੁੱਖ ਮੰਤਰੀ ਸੀ, ਪਾਰਟੀ ਨੇ 3 ਮਹੀਨੇ ਵਾਸਤੇ ਬਣਾਇਆ। 70 ਸਾਲ ਦੇ ਕਿੰਨੇ ਮੁੱਖ ਮੰਤਰੀ ਰਹਿ ਲਏ, 15-15 ਸਾਲ ਵਾਲੇ ਵੀ ਰਹੇ ਨੇ ਪਰ 3 ਮਹੀਨੇ ਸਾਰਿਆਂ 'ਤੇ ਭਾਰੀ ਪਏ ਹੋਏ ਨੇ ਕਿ 3 ਮਹੀਨੇ ਵਾਲੇ ਨੂੰ ਨੋਚ ਲਓ।''

''3 ਮਹੀਨੇ ਹੀ ਸਾਰਿਆਂ 'ਤੇ ਭਾਰੀ ਹੋ ਗਏ? ਸਾਰਾ ਪੰਜਾਬ 3 ਮਹੀਨਿਆਂ 'ਚ ਹੀ ਲੁੱਟਿਆ ਗਿਆ?''

''ਇਹ ਸਾਰੀ ਇੱਕ ਵੱਡੀ ਸਾਜ਼ਿਸ਼ ਹੈ ਪਰ ਮੈਂ ਕੋਈ ਵਿਰੋਧ ਨਹੀਂ ਕਰਦਾ ਭਾਈ, ਜੋ ਕਰਨਾ ਹੈ ਕਰ ਲਓ।''

60 ਲੱਖ ਰੁਪਏ ਦਾ ਖਾਣਾ ਖਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ, ''ਮੈਂ ਨਾ ਸ਼ਰਾਬ ਪੀਂਦਾ, ਨਾ ਮੀਟ- ਆਂਡਾ ਖਾਂਦਾ, ਸਾਦੀ ਮੂੰਗੀ ਮਸਰੀ ਦੀ ਦਾਲ ਨਾਲ ਰੋਟੀ ਖਾਂਦਾ ਹਾਂ।''

ਉਨ੍ਹਾਂ ਕਿਹਾ, ''ਮੇਰੇ ਘਰ ਦੀ ਰਸੋਦੀ ਦੇਖ ਲਓ, ਮੇਰਾ ਖਾਣਾ ਅੱਲਗ ਬਣਦਾ ਹੈ। ਮੈਂ ਨਾ ਕਦੇ ਬਾਹਰੋਂ ਖਾਣਾ ਮੰਗਵਾਉਂਦਾ ਨਾ ਖਾਂਦਾ ਤੇ ਨਾ ਹੀ ਕਦੇ ਰਾਤ ਦੇ ਖਾਣੇ 'ਤੇ ਮਹਿਮਾਨਾਂ ਨਾ ਬੁਲਾਉਂਦਾ ਹਾਂ।''

''ਜੇ ਕਿਸੇ ਨੇ ਸੀਐੱਮ ਹਾਊਸ 'ਚ ਖਾਣਾ ਖਾਧਾ ਹੈ ਤਾਂ ਪੰਜਾਬ ਦੇ ਲੋਕਾਂ ਨੇ ਖਾਧਾ ਹੈ, ਮੈਂ ਕੋਈ ਬਾਹਰੋਂ ਤਾਂ ਆਪਣੇ ਬੰਦੇ ਲਿਆਇਆ ਨਹੀਂ ਖਾਣ ਵਾਸਤੇ। ਜਿਹੜੇ ਲੋਕ ਆਉਂਦੇ ਸੀ, ਉਨ੍ਹਾਂ ਵਾਸਤੇ (ਬਾਹਰ ਦਾ) ਖਾਣਾ ਲੱਗਦਾ ਸੀ।''

ਇਸ ਦੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਸਰਕਾਰ 'ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੋ ਹਾਲਾਤ ਨੇ, ਲੋਕ ਇੱਥੋਂ ਛੱਡ ਕੇ ਜਾਣਾ ਚਾਹੁੰਦੇ ਹਨ।

ਉਨ੍ਹਾਂ ਆਖਿਆ, ''ਲੋਕਾਂ ਦੇ ਘਰਾਂ ਦੇ ਬਾਹਰ ਵੈਣ ਪੈ ਰਹੇ ਹਨ, ਇਹ ਕੋਈ ਰੰਗਲਾ ਪੰਜਾਬ ਨਹੀਂ ਹੈ।''

ਚਰਨਜੀਤ ਸਿੰਘ ਚੰਨੀ ਬਾਰੇ ਖ਼ਾਸ ਗੱਲਾਂ

  • 2021 ਵਿੱਚ ਅਮਰਿੰਦਰ ਸਿੰਘ ਦੁਆਰਾ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਸੀ
  • ਚੰਨੀ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਤੇ 111 ਦਿਨਾਂ ਤੱਕ ਇਸ ਅਹੁਦੇ ਉੱਤੇ ਰਹੇ
  • ਇਸ ਤੋਂ ਪਹਿਲਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ 'ਚ ਮੰਤਰੀ ਸਨ ਤੇ ਕੈਪਟਨ ਖ਼ਿਲਾਫ਼ ਬਗ਼ਾਵਤ ਕਰਨ ਵਾਲਿਆਂ 'ਚ ਵੀ ਸ਼ਾਮਲ ਸਨ
  • 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੀ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਪਰ ਉਹ ਪਾਰਟੀ ਇਹ ਚੋਣਾਂ ਹਾਰ ਗਈ
  • ਚਰਨਜੀਤ ਸਿੰਘ ਚੰਨੀ ਦੇ ਪਤਨੀ ਡਾਕਟਰ ਹਨ ਤੇ ਉਨ੍ਹਾਂ ਦੇ ਦੋ ਪੁੱਤਰ ਹਨ
  • ਸਾਲ 2009 ਵਿੱਚ ਉਨ੍ਹਾਂ ਨੇ ਐਮਬੀਏ ਕੀਤੀ ਸੀ ਤੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਬੀਏ ਤੇ ਐਲਐਲਬੀ ਕੀਤੀ ਸੀ
  • 1996 ਵਿੱਚ ਉਹ ਖਰੜ ਨਗਰ ਕੌਂਸਲ ਦੇ ਉਹ ਪ੍ਰਧਾਨ ਬਣੇ ਸਨ ਤੇ ਇੱਥੋਂ ਹੀ ਉਨ੍ਹਾਂ ਦਾ ਸਿਆਸੀ ਸਫਰ ਸ਼ੁਰੂ ਹੋਇਆ ਸੀ
  • ਰੋਪੜ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਸੰਪਰਕ ਟਕਸਾਲੀ ਕਾਂਗਰਸੀ ਰਮੇਸ਼ ਦੱਤ ਨਾਲ ਹੋ ਗਿਆ ਜਿਹੜੇ ਸਮੇਂ-ਸਮੇਂ ਤੇ ਉਨ੍ਹਾਂ ਸਿਆਸਤ ਦਾ ਪਾਠ ਪੜ੍ਹਾਉਂਦੇ ਸਨ
  • ਉਨ੍ਹਾਂ ਨੂੰ ਦਲਿਤਾਂ ਦੇ ਆਗੂ ਵੱਜੋਂ ਉਭਾਰਨ ਵਿੱਚ ਉਸ ਸਮੇਂ ਦੇ ਦਲਿਤ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ
  • ਪਰ ਜਦੋਂ ਉਨ੍ਹਾ ਨੂੰ 2007 ਵਿੱਚ ਟਿਕਟ ਨਹੀਂ ਦਿੱਤੀ ਗਈ ਤਾਂ ਉਹ ਪਹਿਲੀ ਵਾਰ ਚਮਕੌਰ ਸਾਹਿਬ ਤੋਂ ਅਜ਼ਾਦ ਚੋਣ ਲੜੇ ਤੇ ਜਿੱਤ ਗਏ
  • ਸਾਲ 2012 ਦੀਆਂ ਚੋਣਾਂ ਉਹ ਕਾਂਗਰਸ ਪਾਰਟੀ ਵੱਲੋਂ ਲੜੇ 'ਤੇ ਜਿੱਤੇ ਸਨ ਤੇ ਉਨ੍ਹਾਂ ਨੂੰ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਲੈ ਕੇ ਆਏ ਸਨ
  • 2017 ਵਿੱਚ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਨੀ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ ਸਨ
  • 2022 ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਸਨ ਤੇ ਹਾਲ ਹੀ ਵਿੱਚ ਪਰਤੇ ਹਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)