You’re viewing a text-only version of this website that uses less data. View the main version of the website including all images and videos.
ਪੰਜਾਬ ਦਾ ਸਰਕਾਰੀ ਸਕੂਲ ਜੋ ਨਿੱਜੀ ਸਕੂਲਾਂ ਨੂੰ ਮਾਤ ਪਾਉਂਦਾ, ਐੱਨਆਰਆਈ ਨੇ ਖਰਚੇ 1.5 ਕਰੋੜ
ਆਲੀਸ਼ਾਨ ਇਮਾਰਤ, ਵਿਦਿਆਰਥੀਆਂ ਤੇ ਅਧਿਆਪਕਾਂ ਦੇ ਬੈਠਣ ਲਈ ਬਿਹਤਰੀਨ ਫ਼ਰਨੀਚਰ, ਹਾਈ-ਟੈਕ ਕਲਾਸ ਰੂਮ, ਸਿੱਖਿਆਦਾਇਕ ਚਿੱਤਰਕਾਰੀ ਤੇ ਸਜਾਵਟ, ਹਰ ਪਾਸੇ ਹਰਿਆਲੀ ਨਾਲ ਦਿਲ ਟੁੰਬਦਾ ਚਾਰ-ਚੁਫੇਰਾ।
ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਦਾ ਇਹ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਅੱਜ ਤੋਂ ਕਰੀਬ ਪੰਜ-ਛੇ ਸਾਲ ਪਹਿਲਾਂ ਤੱਕ ਬਹੁਤ ਖਸਤਾ ਹਾਲਤ ਵਿੱਚ ਸੀ। ਇੱਥੋਂ ਤੱਕ ਕਿ ਸਟਾਫ਼ ਦੇ ਬੈਠਣ ਲਈ ਕਮਰਾ ਜਾਂ ਦਫ਼ਤਰ ਤੱਕ ਨਹੀਂ ਸੀ।
ਪਿਛਲੇ ਕੁਝ ਸਾਲਾਂ ਅੰਦਰ ਸਕੂਲ ਦੀ ਨੁਹਾਰ ਇੰਝ ਬਦਲੀ ਜਿਸ ਦੀ ਸ਼ਾਇਦ ਪਹਿਲਾਂ ਇੱਥੇ ਕਿਸੇ ਨੂੰ ਉਮੀਦ ਨਹੀਂ ਸੀ।
ਇਸ ਸਕੂਲ ਦੀ ਨੁਹਾਰ ਬਦਲੀ ਇੱਥੋਂ ਹੀ ਪੜ੍ਹੇ ਅਤੇ ਹੁਣ ਆਸਟਰੇਲੀਆ ਰਹਿੰਦੇ ਡਾ.ਕੁਲਜੀਤ ਸਿੰਘ ਗੋਸਲ ਨੇ।
ਉਹ ਆਪਣੇ ਪਿੰਡ ਦੇ ਇਸ ਸਕੂਲ ’ਤੇ ਡੇਢ ਕਰੋੜ ਰੁਪਏ ਖਰਚ ਚੁੱਕੇ ਹਨ।
ਸਕੂਲ ਦੀ ਨੁਹਾਰ ਬਦਲਣ ਲਈ ਗੁਰਦੁਆਰੇ ’ਚ ਐਲਾਨ
ਡਾ.ਕੁਲਜੀਤ ਸਿੰਘ ਗੋਸਲ ਸਾਲ 1996 ਵਿੱਚ ਆਸਟਰੇਲੀਆ ਗਏ ਸੀ।
ਉਹ ਕਹਿੰਦੇ ਹਨ ਕਿ ਪੜ੍ਹਾਈ ਕਰਕੇ ਹੀ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਹੋ ਸਕੀ ਹੈ, ਇਸ ਲਈ ਉਹ ਪਿੰਡ ਦੇ ਬੱਚਿਆਂ ਨੂੰ ਸਕੂਲ ਵਿੱਚ ਬਿਹਤਰ ਸਹੂਲਤਾਂ ਦੇਣਾ ਚਾਹੁੰਦੇ ਸੀ।
ਉਨ੍ਹਾਂ ਕਿਹਾ, “ਅੱਜ ਮੈਂ ਜੋ ਵੀ ਹਾਂ ਉਹ ਮੇਰੀ ਪੜ੍ਹਾਈ ਕਰਕੇ ਹਾਂ। ਜੇ ਮੈਂ ਨਾ ਪੜ੍ਹਿਆ ਹੁੰਦਾ ਤਾਂ ਹੋ ਸਕਦਾ ਸੀ ਮੈਂ ਵੀ ਅੱਜ ਪਿੰਡ ਵਿੱਚ ਡੰਗਰ ਚਾਰਦਾ ਹੁੰਦਾ। ਮੈਂ ਪਹਿਲਾਂ ਵੀ ਡੰਗਰ ਚਾਰਦਾ ਰਿਹਾ ਹਾਂ, ਜੇ ਨਾਂ ਪੜ੍ਹਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਵੀ ਉਹੀ ਕਰਦਾ। ਇਸ ਲਈ ਮੇਰੀ ਸ਼ੁਰੂ ਤੋਂ ਤਮੰਨਾ ਸੀ ਕਿ ਜਿਵੇਂ ਮੈਂ ਪੜ੍ਹ ਗਿਆ ਅਤੇ ਮੇਰੀ ਜ਼ਿੰਦਗੀ ਥੋੜ੍ਹੀ ਬਿਹਤਰ ਹੋ ਗਈ ਹੈ, ਇਸੇ ਤਰ੍ਹਾਂ ਪਿੰਡ ਦੇ ਗਰੀਬ ਬੱਚੇ ਵੀ ਪੜ੍ਹਾਈ ਕਰ ਸਕਣ।”
ਡਾ.ਕੁਲਜੀਤ ਸਿੰਘ ਦੇ ਪਤਨੀ ਮਨਜੀਤ ਕੌਰ ਕਹਿੰਦੇ ਹਨ, “ਇਹ ਇਨ੍ਹਾਂ ਦਾ ਸੁਫ਼ਨਾ ਸੀ। ਜਦੋਂ ਸਾਡੇ ਬੀਬੀ ਜੀ (ਡਾ.ਕੁਲਜੀਤ ਦੇ ਮਾਤਾ) ਦੀ ਮੌਤ ਹੋਈ ਤਾਂ ਉਨ੍ਹਾਂ ਦੇ ਭੋਗ ’ਤੇ ਇਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਸਕੂਲ ਦੀ ਇਮਾਰਤ ਬਣਾਉਣਗੇ। ਇਨ੍ਹਾਂ ਦਾ ਜੋ ਸੁਫ਼ਨਾ ਸੀ, ਇਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਐਲਾਨ ਕਰ ਦਿੱਤਾ।”
ਇਹ ਵੀ ਪੜ੍ਹੋ:
'ਆਪਣੀ ਕੋਠੀ ਵੇਖ ਕੇ ਘੱਟ ਤੇ ਸਕੂਲ ਨੂੰ ਵੇਖ ਕੇ ਵੱਧ ਖ਼ੁਸ਼ੀ ਹੁੰਦੀ ਹੈ'
2016 ਵਿੱਚ ਡਾ. ਕੁਲਜੀਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਿਰਮਾਣ ਦਾ ਐਲਾਨ ਕੀਤਾ ਸੀ।
2017 ਤੋਂ ਨਿਰਮਾਣ ਦਾ ਕੰਮ ਸ਼ੁਰੂ ਹੋ ਕੇ ਸਾਲ 2019 ਤੱਕ ਪੂਰਾ ਕਰ ਲਿਆ ਗਿਆ।
ਫਿਰ ਸਾਲ 2021 ਤੋਂ 2022 ਤੱਕ ਸਰਕਾਰੀ ਮਿਡਲ ਸਕੂਲ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ।
ਇਸ ਸਾਰੇ ਕੰਮ ਵਿੱਚ ਉਨ੍ਹਾਂ ਨੇ ਡੇਢ ਕਰੋੜ ਰੁਪਏ ਖਰਚ ਕਰਨ ਦਾ ਦਾਅਵਾ ਕੀਤਾ ਹੈ।
ਡਾ.ਕੁਲਜੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਿੱਖਿਆ ਦਾ ਪੱਧਰ ਹਾਲੇ ਵੀ ਬਹੁਤ ਨੀਵਾਂ ਹੈ ਅਤੇ ਉਨ੍ਹਾਂ ਦੇ ਵੇਲਿਆਂ ਵਿੱਚ ਹੋਰ ਵੀ ਪਛੜਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਜਲੰਧਰ ਦੇ ਆਲੇ-ਦੁਆਲੇ ਵਾਲੇ ਇਲਾਕੇ ਵਿੱਚ ਕਿਸੇ ਦੋਸਤ ਦੇ ਪਿੰਡ ਜਾਂਦੇ ਤਾਂ ਉੱਥੇ ਸੋਹਣੀਆਂ-ਸੋਹਣੀਆਂ ਕੋਠੀਆਂ ਦੇਖ ਕੇ ਹੈਰਾਨ ਹੁੰਦੇ ਸੀ।
ਡਾ.ਕੁਲਜੀਤ ਨੇ ਕਿਹਾ, “ਅਸੀਂ ਪੁੱਛਦੇ ਕਿ ਇਹ ਕੋਠੀਆਂ ਕਿਸ ਨੇ ਬਣਾਈਆਂ ਹਨ, ਤਾਂ ਉਹ ਕਹਿੰਦੇ ਸੀ ਕਿ ਇਹ ਵਲਾਇਤੀਏ ਨੇ ਯਾਨੀ ਵਿਦੇਸ਼ੋਂ ਆਏ ਨੇ। ਉਦੋਂ ਮੇਰੀ ਵੀ ਤਮੰਨਾਂ ਹੁੰਦੀ ਸੀ ਕਿ ਰੱਬ ਨੇ ਚਾਹਿਆ ਤਾਂ ਅਸੀਂ ਵੀ ਇਹ ਕਰਾਂਗੇ।”
ਉਨ੍ਹਾਂ ਕਿਹਾ, “ਹੁਣ ਮੈਨੂੰ ਮੇਰੀ ਆਪਣੀ ਕੋਠੀ ਵੇਖ ਕੇ ਘੱਟ ਖ਼ੁਸ਼ੀ ਹੁੰਦੀ ਹੈ, ਇਸ ਸਕੂਲ ਨੂੰ ਵੇਖ ਕੇ ਵੱਧ ਖ਼ੁਸ਼ੀ ਹੁੰਦੀ ਹੈ।”
ਡਾ.ਗੋਸਲ ਕਹਿੰਦੇ ਹਨ, “ਮੇਰਾ ਸੁਫ਼ਨਾ ਸੀ ਕਿ ਪਿੰਡ ਦੇ ਕਿਸੇ ਗਰੀਬ ਪਰਿਵਾਰ ਦੇ ਬੱਚੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਗਰੀਬੀ ਕਰਕੇ ਉਹ ਚੰਗੇ ਸਕੂਲ ਵਿੱਚ ਪੜ੍ਹ ਨਹੀਂ ਸਕਿਆ। ਉਹ ਸਵੇਰੇ ਉੱਠ ਕੇ ਆਪਣੇ ਮਾਂ-ਬਾਪ ਨੂੰ ਇਹ ਨਾ ਕਹੇ ਕਿ ਉਸ ਨੇ ਸਕੂਲ ਨਹੀਂ ਜਾਣਾ ਹੈ। ਉਹ ਇਹ ਕਹੇ ਕਿ ਸਕੂਲ ਜਾਣਾ ਹੈ।”
'ਪਹਿਲਾਂ ਸਕੂਲ ਦੀ ਮਿੱਟੀ ਮੱਥੇ ਲਾਉਂਦਾ ਹਾਂ, ਫਿਰ ਅੰਦਰ ਆਉਂਦਾ ਹਾਂ'
ਡਾ.ਕੁਲਜੀਤ ਸਿੰਘ ਗੋਸਲ ਕਹਿੰਦੇ ਹਨ ਉਹ ਹੁਣ ਬਹੁਤ ਆਲੀਸ਼ਾਨ ਜ਼ਿੰਦਗੀ ਦੇਖ ਚੁੱਕੇ ਹਨ, ਪਰ ਮਨ ਦੀ ਸੰਤੁਸ਼ਟੀ ਇਸ ਸਕੂਲ ਵਿੱਚ ਆ ਕੇ ਮਹਿਸੂਸ ਕਰਦੇ ਹਨ।
ਉਹ ਕਹਿੰਦੇ ਹਨ, “ਮੈਂ ਇੱਥੇ ਆ ਕੇ ਪਹਿਲਾਂ ਸਕੂਲ ਦੀ ਮਿੱਟੀ ਆਪਣੇ ਮੱਥੇ ਲਾਉਂਦਾ ਹਾਂ, ਫਿਰ ਅੰਦਰ ਆਉਂਦਾ ਹਾਂ।”
ਸਕੂਲ ਦੇ ਨਿਰਮਾਣ ਦਾ ਸਾਰਾ ਕੰਮ ਇੱਕ ਆਰਕੀਟੈਕਟ ਦੀ ਨਿਗਰਾਨੀ ਹੇਠ ਹੋਇਆ ਹੈ। ਡਾ.ਕੁਲਜੀਤ ਦੇ ਹਰ ਵੇਲੇ ਇੱਥੇ ਮੌਜੂਦ ਨਾ ਰਹਿਣ ਕਰਕੇ ਉਨ੍ਹਾਂ ਦੇ ਭਰਾ ਜਸਵੰਤ ਸਿੰਘ ਨੇ ਮੁੱਖ ਤੌਰ ‘ਤੇ ਕੰਮ ਸਾਂਭਿਆ। ਹਾਲਾਂਕਿ, ਡਾ. ਕੁਲਜੀਤ ਸਿੰਘ ਗੋਸਲ਼ ਵੀ ਸਮੇਂ-ਸਮੇਂ ਆਸਟਰੇਲੀਆ ਤੋਂ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ।
ਸਕੂਲ ਦਾ ਉਦਘਾਟਨ 2022 ਦੇ ਆਖ਼ਿਰ ਵਿੱਚ ਹੀ ਹੋਇਆ ਹੈ। ਉਦਘਾਟਨ ਵੇਲੇ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਚੀਮਾ ਤੇ ਕੁਲਦੀਪ ਸਿੰਘ ਧਾਲੀਵਾਲ ਸਮੇਤ ਕਈ ਸਖਸੀਅਤਾਂ ਪਹੁੰਚੀਆਂ ਸੀ।
ਉਦਘਾਟਨ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਸ ਸਕੂਲ ਲਈ ਡਾ.ਕੁਲਜੀਤ ਸਿੰਘ ਗੋਸਲ਼ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਡਾ.ਗੋਸਲ ਨੇ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਦਾ ਸਿਸਟਮ ਦੇਖ ਕੇ ਆਪਣੇ ਪਿੰਡ ਦੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦਾ ਉਪਰਾਲਾ ਕੀਤਾ ਹੈ।”
'ਹੁਣ ਸਾਡਾ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦਿੰਦਾ ਹੈ'
ਇਸ ਸਕੂਲ ਦੀ ਬਦਲੀ ਨੁਹਾਰ ਦੇਖ ਕੇ ਹਰ ਦੇਖਣ ਵਾਲਾ ਤਾਰੀਫ਼ ਕਰਦਾ ਹੈ।
ਸਕੂਲ ਦੇ ਅਧਿਆਪਕ ਕਹਿੰਦੇ ਹਨ ਕਿ ਸਕੂਲ ਦੀ ਪਹਿਲਾਂ ਅਤੇ ਹੁਣ ਦੀ ਦਿੱਖ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ।
ਇੱਕ ਅਧਿਆਪਕ ਨੇ ਕਿਹਾ, “ਡਾ.ਗੋਸਲ ਫ਼ਰਿਸ਼ਤਾ ਬਣ ਕੇ ਆਏ ਹਨ। ਸਕੂਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ। ਸਹੂਲਤਾਂ ਵੀ ਏ-ਗਰੇਡ ਦੀਆਂ।”
ਇੱਕ ਹੋਰ ਅਧਿਆਪਕ ਨੇ ਕਿਹਾ, “ਸਾਡੇ ਕੋਲ ਬੈਠਣ ਲਈ ਸਟਾਫ਼ ਰੂਮ ਵੀ ਨਹੀਂ ਸੀ। ਦਫਤਰ ਵੀ ਨਹੀਂ ਸੀ। ਅਸੀਂ ਉਨ੍ਹਾਂ ਤੋਂ ਸਿਰਫ਼ ਇੱਕ ਕਮਰੇ ਦੀ ਮੰਗ ਕੀਤੀ ਸੀ, ਜੋ ਤੁਸੀਂ ਵੇਖ ਰਹੇ ਹੋ ਉਨ੍ਹਾਂ ਦੀ ਦੇਣ ਹੈ। ਹੁਣ ਸਾਡਾ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦਿੰਦਾ ਹੈ।”
ਸਕੂਲ ਬਾਰੇ ਭਾਵੁਕਤਾ ਨਾਲ ਬੋਲਦਿਆਂ ਡਾ. ਗੋਸਲ ਕਹਿੰਦੇ ਹਨ “ਜਿਸ ਦਿਨ ਇਸ ਸਕੂਲ ਵਿੱਚੋਂ ਪੜ੍ਹ ਕੇ ਕੋਈ ਇੰਜੀਨੀਅਰ ਬਣ ਜਾਊਗਾ, ਕੋਈ ਡਾਕਟਰ ਬਣ ਜਾਊਗਾ, ਕੋਈ ਕਿਸੇ ਕੰਪਨੀ ਦਾ ਸੀਈਓ ਬਣ ਜਾਊਗਾ ਉਦੋਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋਇਆ ਹੈ।”