ਐੱਨਆਰਆਈ ਨਾਲ ਵਿਆਹ ਕਰਵਾਉਣਾ ਹੈ ਤਾਂ ਇਨ੍ਹਾਂ 5 ਸਵਾਲਾਂ ਦੇ ਜਵਾਬ ਜ਼ਰੂਰ ਜਾਣੋ

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਪਤਨੀ ਅਤੇ ਬੱਚਿਆਂ ਨੂੰ ਭਾਰਤ ਵਿੱਚ ਛੱਡਣ ਵਾਲੇ 45 ਐਨਆਰਆਈ ਪਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ।

ਮੇਨਕਾ ਗਾਂਧੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਪਾਸਪੋਰਟ ਰੱਦ ਕਰਨ ਦੇ ਨਾਲ-ਨਾਲ ਇਨ੍ਹਾਂ 45 ਲੋਕਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਵਿੱਚ ਵੀ ਐੱਨਆਰਆਈ ਲਾੜਿਆਂ ਨਾਲ ਵਿਆਹਾਂ ਸਬੰਧੀ ਧੋਖਾਧੜੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ।

ਪੰਜਾਬ ਵਿੱਚ ਇਹ ਮੁੱਦਾ ਬਹੁਤ ਵੱਡਾ ਹੈ ਕਿਉਂਕਿ ਕਈ ਲੋਕ ਆਪਣੀਆਂ ਧੀਆਂ ਨੂੰ ਵਿਦੇਸ਼ ਵਸਾਉਣ ਦੀ ਚਾਹਤ ਨਾਲ ਵਿਦੇਸ਼ੀ ਲਾੜਿਆਂ ਨਾਲ ਵਿਆਹੁੰਦੇ ਹਨ।

ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਐੱਨਆਰਾਈ ਮੁੰਡੇ ਵਿਆਹ ਕਰਵਾ ਕੇ ਇੱਕ ਵਾਰ ਵਿਦੇਸ਼ ਜਾਣ ਤੋਂ ਬਾਅਦ ਵਾਪਿਸ ਨਹੀਂ ਮੁੜਦੇ ਜਾਂ ਫਿਰ ਸਾਲਾਂ ਤੱਕ ਕੁੜੀ ਨਾਲ ਸੰਪਰਕ ਨਹੀਂ ਕਰਦੇ।

ਜੇਕਰ ਕਿਸੇ ਵੀ ਕੁੜੀ ਨਾਲ ਅਜਿਹਾ ਹੁੰਦਾ ਹੈ ਤਾਂ ਉਸ ਲਈ ਕੀ ਕਾਨੂੰਨੀ ਪ੍ਰਬੰਧ ਹਨ? ਕਿਹੜੇ ਅਧਿਕਾਰਾਂ ਦੀ ਵਰਤੋਂ ਕਰਕੇ ਉਹ ਆਪਣਾ ਹੱਕ ਵਾਪਿਸ ਲੈ ਸਕਦੀ ਹੈ?

ਇਹ ਵੀ ਪੜ੍ਹੋ:

ਇਸ ਮੁੱਦੇ 'ਤੇ ਬੀਬੀਸੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਐੱਨਆਰਆਈ ਵਿੰਗ ਦੀ ਸੀਨੀਅਰ ਵਕੀਲ ਅਤੇ ਕਈ ਸਾਲਾਂ ਤੋਂ ਅਜਿਹੀਆਂ ਕੁੜੀਆਂ ਦੇ ਹੱਕ ਵਿੱਚ ਕੰਮ ਕਰਨ ਵਾਲੀ ਸਮਾਜਿਕ ਕਾਰਕੁਨ ਦਲਜੀਤ ਕੌਰ ਨਾਲ ਗੱਲਬਾਤ ਕੀਤੀ।

ਸੁਆਲ- ਜੇਕਰ ਕੋਈ ਐੱਨਆਰਆਈ ਲਾੜਾ ਵਿਆਹ ਕਰਵਾਉਣ ਮਗਰੋਂ ਵਿਦੇਸ਼ ਚਲਾ ਜਾਂਦਾ ਹੈ ਅਤੇ ਭਾਰਤ ਵਿੱਚ ਆਪਣੀ ਪਤਨੀ ਨਾਲ ਕੋਈ ਸਪੰਰਕ ਨਹੀਂ ਕਰਦਾ ਤਾਂ ਔਰਤ ਕੋਲ ਕਾਨੂੰਨੀ ਕਾਰਵਾਈ ਦੇ ਕਿਹੜੇ ਬਦਲ ਹਨ?

ਜਵਾਬ- ਜੇਕਰ ਉਹ ਕੁੜੀ ਪੰਜਾਬ, ਕੇਰਲਾ ਜਾਂ ਗੁਜਰਾਤ ਦੀ ਹੈ, ਜਿੱਥੇ ਅਜਿਹੇ ਮਾਮਲੇ ਵਧੇਰੇ ਆਉਂਦੇ ਹਨ ਉੱਥੇ ਖਾਸ ਤੌਰ 'ਤੇ ਐੱਨਆਰਆਈ ਕਮਿਸ਼ਨ ਬਣਾਏ ਗਏ ਹਨ ਤੇ ਪੰਜਾਬ ਪੁਲਿਸ ਨੇ ਇਸ ਵਿੱਚ ਸਪੈਸ਼ਲ ਐਨਆਰਆਈ ਸੈੱਲ ਵੀ ਬਣਾਇਆ ਹੋਇਆ ਹੈ ਜਿੱਥੇ ਇੱਕ ਏਡੀਜੀਪੀ ਅਤੇ ਆਈਜੀ ਰੈਂਕ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈ। ਐੱਨਆਰਆਈ ਥਾਣੇ ਬਣਾਏ ਗਏ ਹਨ ਜਿੱਥੇ ਇੱਕ ਸਪੈਸ਼ਲ ਟੀਮ ਕੰਮ ਕਰਦੀ ਹੈ, ਉਹ ਉੱਥੇ ਜਾ ਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਇਸ ਤੋਂ ਇਲਾਵਾ ਉਹ ਭਾਰਤ ਸਰਕਾਰ ਦੇ ਉਨ੍ਹਾਂ ਮੰਤਰਾਲਿਆ 'ਤੇ ਪਹੁੰਚ ਕਰ ਸਕਦੇ ਹਨ ਜਿਹੜੇ ਇਸ ਸਬੰਧੀ ਕੰਮ ਕਰਦੇ ਹਨ। ਉਹ ਮੰਤਰਾਲੇ ਹਨ- ਜਸਟਿਸ ਐਂਡ ਲਾਅ ਮੰਤਰਾਲਾ, ਚਾਈਲਡ ਵੈਲਫੇਅਰ ਮੰਤਰਾਲਾ, ਵਿਦੇਸ਼ ਮੰਤਰਾਲਾ।

ਨੈਸ਼ਨਲ ਕਮਿਸ਼ਨ ਫਾਰ ਵੂਮਨ ਨਵੀਂ ਦਿੱਲੀ ਵਿੱਚ ਹੈ, ਉਸ ਨੂੰ ਇਸ ਮੁੱਦੇ 'ਤੇ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਜਿਸਦੇ ਅੰਦਰ ਇੱਕ ਐਨਆਰਆਈ ਸੈੱਲ ਬਣਾਇਆ ਗਿਆ ਹੈ ਇੱਥੇ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਹੀ ਕੁੜੀਆਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ।

ਇਹ ਵੀ ਪੜ੍ਹੋ:

ਨੈਸ਼ਨਲ ਕਮਿਸ਼ਨ ਫਾਰ ਵੂਮਨ ਦੀ ਸਾਈਟ ਦੇ ਐਨਆਈਆਰ ਸੈੱਲ ਵਿੱਚ ਖੱਬੇ ਪਾਸੇ ਹੇਠਾਂ ਲਿਖਿਆ ਹੈ 'ਰਜਿਸਟਰ ਯੂਅਰ ਕੰਪਲੇਟ ਨਾਓ'ਉੱਥੇ ਕਲਿੱਕ ਕਰਕੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਸੁਆਲ- ਜੇਕਰ ਕੋਈ ਐੱਨਆਰਆਈ ਬਾਹਰੋਂ ਆ ਕੇ ਪੰਜਾਬੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਜਾਂ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਕੇਸ ਵਿੱਚ ਇਹ ਕਿਵੇਂ ਵੈਰੀਫਾਈ ਕੀਤੀ ਜਾਵੇ ਕਿ ਉਸ ਸ਼ਖ਼ਸ ਨੇ ਕਿਤੇ ਬਾਹਰ ਵੀ ਤਾਂ ਵਿਆਹ ਨਹੀਂ ਕਰਵਾਇਆ ਹੋਇਆ?

ਜਵਾਬ- ਰਿਸ਼ਤਾ ਕਰਨ ਵੇਲੇ ਮੁੰਡੇ ਅਤੇ ਉਸਦੇ ਪਰਿਵਾਰ ਬਾਰੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਵਿਚੋਲਿਆਂ 'ਤੇ ਭਰੋਸਾ ਕਰਨ ਦੀ ਥਾਂ ਖ਼ੁਦ ਸੋਸ਼ਲ ਮੀਡੀਆ ਜ਼ਰੀਏ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਜਾਂ ਕੋਈ ਜਾਣਕਾਰ, ਜਿਹੜਾ ਵਿਦੇਸ਼ ਰਹਿੰਦਾ ਹੋਵੇ, ਉਸ ਰਾਹੀਂ ਪਤਾ ਕਰਵਾਉਣਾ ਚਾਹੀਦਾ ਹੈ।

ਪੰਜਾਬ ਸਰਕਾਰ ਨੇ ਵੀ ਇਹ ਕਿਹਾ ਹੈ ਕਿ ਪੰਜਾਬ ਦਾ ਜਿਹੜਾ ਵੀ ਸ਼ਖ਼ਸ ਆਪਣੀ ਕੁੜੀ ਦਾ ਵਿਆਹ ਵਿਦੇਸ਼ ਕਰਨਾ ਚਾਹੁੰਦਾ ਹੈ ਉਹ ਜ਼ਿਲ੍ਹਾ ਕਲੈਕਟਰ ਜਾਂ ਫਿਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਅਰਜ਼ੀ ਦੇਵੇ ਕਿ ਮੈਂ ਇਸ ਥਾਂ ਤੇ, ਇਸ ਸ਼ਖ਼ਸ ਨਾਲ ਆਪਣੀ ਕੁੜੀ ਦਾ ਵਿਆਹ ਕਰਵਾਉਣਾ ਚਾਹੁੰਦਾ ਹਾਂ। ਇਹ ਉਨ੍ਹਾਂ ਦਾ ਪਤਾ ਹੈ, ਮੈਨੂੰ ਇਸਦੀ ਵੈਰੀਫੀਕੇਸ਼ਨ ਕਰਵਾ ਕੇ ਦਿੱਤੀ ਜਾਵੇ।

ਪੰਜਾਬ ਸਰਕਾਰ ਮੁਤਾਬਕ ਉਹ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਇਸ ਬਾਰੇ ਪਤਾ ਕਰਕੇ ਜਾਣਕਾਰੀ ਦਿੱਤੀ ਜਾਵੇਗੀ।

ਸੁਆਲ- ਬਹੁਤ ਮਾਮਲੇ ਅਜਿਹੇ ਵੀ ਦੇਖੇ ਗਏ ਹਨ ਕਿ ਸਿਰਫ਼ ਵਿਦੇਸ਼ ਜਾਣ ਦੀ ਚਾਹਤ ਵਿੱਚ ਹੀ ਮੁੰਡਾ-ਕੁੜੀ ਨਾਲ ਵਿਆਹ ਕਰਵਾ ਲੈਂਦੇ ਹਨ ਅਤੇ ਬਾਹਰ ਜਾ ਕੇ ਜੇਕਰ ਮੁੰਡਾ ਕੁੜੀ ਨੂੰ ਤਲਾਕ ਦਿੰਦਾ ਹੈ, ਤਾਂ ਉਸ ਕੁੜੀ ਲਈ ਕਾਨੂੰਨੀ ਤੌਰ 'ਤੇ ਕੋਈ ਪ੍ਰਬੰਧ ਹੈ?

ਜਵਾਬ- ਜੇਕਰ ਮੁੰਡਾ ਅਤੇ ਕੁੜੀ ਦੋਵੇਂ ਆਪਣੀ ਸਹਿਮਤੀ ਨਾਲ ਤਲਾਕ ਲੈਣਾ ਚਾਹੁੰਦੇ ਹਨ ਤਾਂ ਉਹ ਵਿਦੇਸ਼ ਵਿੱਚ ਤਲਾਕ ਲੈ ਸਕਦੇ ਹਨ। ਕਈ ਦੇਸਾਂ ਵਿੱਚ ਨੋ ਫੌਲਟ ਸਟੇਟ ਦਾ ਵੀ ਪ੍ਰਬੰਧ ਹੈ ਜਿੱਥੇ ਉਹ ਪੁੱਛਦੇ ਹੀ ਨਹੀਂ ਕਿ ਤੁਸੀਂ ਤਲਾਕ ਕਿਉਂ ਲੈਣ ਚਾਹੁੰਦੇ ਹੋ। ਇਨ੍ਹਾਂ ਦੇਸਾਂ ਵਿੱਚ ਤਲਾਕ ਲੈਣ ਕਾਫ਼ੀ ਸੌਖਾ ਹੈ।

ਪਰ ਜੇਕਰ ਕੋਈ ਮੁੰਡਾ ਵਿਦੇਸ਼ ਜਾ ਕੇ ਕੁੜੀ ਨੂੰ ਤਲਾਕ ਦਿੰਦਾ ਹੈ ਤਾਂ ਭਾਰਤ ਦੇ ਕਾਨੂੰਨ ਵਿੱਚ ਉਸ ਨੂੰ ਵੈਲਿਡ ਨਹੀਂ ਮੰਨਿਆ ਜਾਂਦਾ।

ਕਾਨੂੰਨੀ ਪ੍ਰਕਿਰਿਆ ਦੇ ਲਈ ਉਸ ਨੂੰ ਭਾਰਤ ਆਉਣਾ ਹੀ ਪਵੇਗਾ। ਭਾਰਤ ਦਾ ਕਾਨੂੰਨ ਉਸ ਨੂੰ ਮਾਨਤਾ ਨਹੀਂ ਦਿੰਦਾ।

ਇਹ ਵੀ ਪੜ੍ਹੋ:

ਸੁਆਲ- ਭਾਰਤ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਐੱਨਆਰਆਈ ਵਿਆਹ 48 ਘੰਟੇ ਵਿੱਚ ਰਜਿਸਟਰ ਨਹੀਂ ਕਰਵਾਇਆ ਜਾਂਦਾ, ਤਾਂ ਪਾਸਪੋਰਟ, ਵੀਜ਼ਾ ਨਹੀਂ ਮਿਲੇਗਾ। ਤੁਹਾਨੂੰ ਕੀ ਲਗਦਾ ਹੈ ਸਰਕਾਰ ਵੱਲੋਂ ਇਹ ਹੁਕਮ ਜਾਰੀ ਕਰਨ ਤੋਂ ਬਾਅਦ ਔਰਤਾਂ ਨੂੰ ਕੋਈ ਇਸਦਾ ਫਾਇਦਾ ਹੋਇਆ ਹੈ?

ਜਵਾਬ-ਪਹਿਲਾਂ ਵਿਆਹਾਂ ਦੀ ਰਜਿਸਟ੍ਰੇਸ਼ਨ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਸੀ ਜਿਸ ਕਾਰਨ ਧੋਖਾਧੜੀ ਦੇ ਕਾਫ਼ੀ ਮਾਮਲੇ ਸਾਹਮਣੇ ਆਉਂਦੇ ਰਹੇ ਸਨ ਪਰ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਲ ਹੁਣ ਕਾਫ਼ੀ ਫਾਇਦਾ ਹੋਇਆ ਹੈ ਕਿਉਂਕਿ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਮੁੰਡੇ ਦਾ ਪਾਸਪੋਰਟ ਅਤੇ ਉਸਦੇ ਹੋਰ ਦਸਤਾਵੇਜ਼ ਅਧਿਕਾਰਕ ਤੌਰ 'ਤੇ ਦਰਜ ਹੋ ਜਾਂਦੇ ਹਨ।

ਇਸਦਾ ਇਹ ਵੀ ਫਾਇਦਾ ਹੈ ਕਿ ਬਿਨਾਂ ਰਜਿਸਟ੍ਰੇਸ਼ਨ ਦੇ ਉਹ ਵੀਜ਼ਾ ਹੀ ਅਪਲਾਈ ਨਹੀਂ ਕਰ ਸਕੇਗਾ। ਇਸ ਤੋਂ ਪਹਿਲਾ ਕੁੜੀਆਂ ਨੂੰ ਇਸ ਬਾਰੇ ਪਤਾ ਨਹੀਂ ਸੀ। ਇਸਦਾ ਇਹ ਫਾਇਦਾ ਹੈ ਕਿ ਪਹਿਲਾ ਸਟੈੱਪ ਇਸ ਨਾਲ ਜ਼ਰੂਰ ਕਲੀਅਰ ਹੋ ਜਾਂਦਾ ਹੈ।

ਸਵਾਲ- ਕੁੜੀ ਵੱਲੋਂ ਕੀਤੀ ਜਾਣ ਵਾਲੀ ਕਾਨੂੰਨ ਕਾਰਵਾਈ ਕਿੰਨੀ ਔਖੀ ਤੇ ਉਲਝੀ ਹੋਈ ਹੈ?

ਜਵਾਬ- ਜੇਕਰ ਕੋਈ ਕੁੜੀ ਇਸ ਸਬੰਧੀ ਕਾਨੂੰਨੀ ਲੜਾਈ ਲੜਨ ਲਈ ਕੋਰਟ ਦਾ ਰੁਖ਼ ਕਰਦੀ ਹੈ ਤਾਂ ਉਸ ਨੂੰ ਅਦਾਲਤ ਵੱਲੋਂ ਪਹਿਲੀ ਤਰੀਕ ਹੀ 6 ਮਹੀਨੇ ਬਾਅਦ ਦਿੱਤੀ ਜਾਂਦੀ ਹੈ। ਕੋਰਟ ਦੀ ਪ੍ਰੀਕਿਰਿਆ ਬਹੁਤ ਹੀ ਗੁੰਝਲਦਾਰ ਅਤੇ ਮਹਿੰਗੀ ਵੀ ਹੈ।

ਕੋਰਟ ਦਾ ਰੁਖ਼ ਕਰਨ ਤੋਂ ਪਹਿਲਾਂ ਇਹ ਕੁੜੀਆਂ ਵਿਦੇਸ਼ ਮੰਤਰਾਲੇ ਦਾ ਰੁਖ਼ ਕਰ ਸਕਦੀਆਂ ਹਨ। ਭਾਰਤ ਸਰਕਾਰ ਵੱਲੋਂ ਅਜਿਹੀਆਂ ਕੁੜੀਆਂ ਲਈ ਕਈ ਪ੍ਰਬੰਧ ਹਨ।

ਇਸ ਵਿੱਚ ਐੱਨਆਰਆਈ ਲਾੜਿਆਂ ਵੱਲੋਂ ਛੱਡੀਆਂ ਔਰਤਾਂ ਲਈ ਕੁਝ ਸ਼ਰਤਾਂ ਦੇ ਆਧਾਰ 'ਤੇ ਪ੍ਰਬੰਧ ਹਨ। ਜਿਸ ਤਹਿਤ ਉਨ੍ਹਾਂ ਦੀ ਇਸ ਕਾਨੂੰਨੀ ਲੜਾਈ ਵਿੱਚ ਹਰ ਤਰ੍ਹਾਂ ਦੀ ਮਦਦ ਕਰਨ ਦਾ ਪ੍ਰਬੰਧ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਕਈ ਅਜਿਹੀਆਂ ਸੰਸਥਾਵਾਂ ਵੀ ਹਨ ਜਿਹੜੀਆਂ ਅਜਿਹੀਆਂ ਕੁੜੀਆਂ ਲਈ ਕੰਮ ਕਰਦੀਆਂ ਹਨ। ਉਹ ਉੱਥੇ ਜਾ ਕੇ ਵੀ ਮਦਦ ਲੈ ਸਕਦੀਆਂ ਹਨ।

ਇਹ ਵੀ ਪੜ੍ਹੋ:

ਐੱਨਆਰਆਈ ਨਾਲ ਵਿਆਹ ਕਰਵਾਉਣ ਸਬੰਧੀ ਕੁੜੀਆਂ ਲਈ ਕੀ DO'S ਅਤੇ DON'TS ਹੋਣੇ ਚਾਹੀਦੇ ਹਨ?

ਨੈਸ਼ਨਲ ਕਮਿਸ਼ਨ ਫਾਰ ਵੂਮਨ ਦੀ ਵੈੱਬਸਾਈਟ ਦੇ ਅੰਦਰ ਬਣੇ ਐੱਨਆਰਆਈ ਸੈੱਲ ਕਾਲਮ ਵਿੱਚ ਸਾਰੇ DO'S ਅਤੇ DON'TS ਦਿੱਤੇ ਹੋਏ ਹਨ।

ਇਸ ਨੂੰ ਜਾਣਨ ਲਈ ਤੁਸੀਂ ਇਸ ਵੈੱਬਸਾਈਟ 'ਤੇ ਕਲਿੱਕ ਕਰ ਸਕਦੇ ਹੋ। ਉਸ ਤੋਂ ਇਲਾਵਾ ਕੁਝ ਖਾਸ ਗੱਲਾਂ ਇੱਥੇ ਵੀ ਪੜ੍ਹ ਸਕਦੇ ਹੋ।

ਕੀ ਕਰੀਏ?

  • ਐੱਨਆਰਆਈ ਲਾੜੇ ਦੀ ਨਿੱਜੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਨਾਲ ਜਾਂਚੋ
  • ਉਸਦਾ ਮੈਰੀਟਲ ਸਟੇਟਸ ਚੈੱਕ ਕਰੋ। ਉਹ ਵਿਆਹਿਆ ਤਾਂ ਨਹੀਂ ਜਾਂ ਪਹਿਲਾਂ ਤਲਾਕਸ਼ੁਦਾ ਤਾਂ ਨਹੀਂ। ਉਸਦੀ ਪੜ੍ਹਾਈ-ਲਿਖਾਈ, ਉਸਦੀ ਨੌਕਰੀ ਜਾਂ ਕਾਰੋਬਾਰ, ਉਸਦੇ ਦਫ਼ਤਰ ਦਾ ਪਤਾ, ਉਸਦਾ ਇਮੀਗਰੇਸ਼ਨ ਸਟੇਟਸ, ਟਾਈਪ ਆਫ਼ ਵੀਜ਼ਾ ਆਦਿ ਚੀਜ਼ਾਂ ਚੰਗੀ ਤਰ੍ਹਾਂ ਪਤਾ ਲਗਾਓ
  • ਭਾਰਤ ਵਿੱਚ ਉਸਦੀ ਪ੍ਰਾਪਰਟੀ, ਘਰ ਦਾ ਪਤਾ, ਪਰਿਵਾਰਕ ਪਿਛੋਕੜ, ਵੀਜ਼ਾ, ਪਾਸਪੋਰਟ ਵੋਟਰ ਕਾਰਡ ਅਤੇ ਸੋਸ਼ਲ ਸਿਕਊਰਟੀ ਨੰਬਰ ਬਾਰੇ ਪਤਾ ਲਗਾਓ।
  • ਰੂਟੀਨ ਵਿੱਚ ਮੁੰਡੇ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰੋ। ਉਨ੍ਹਾਂ ਦਾ ਵਿਵਹਾਰ ਜਾਂਚੋ।
  • ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰਦੇ ਹੋ ਤਾਂ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਜਾਂ ਭਰੋਸੇਯੋਗ ਸ਼ਖ਼ਸ ਨੂੰ ਖ਼ਬਰ ਕਰੋ। ਉਸ ਹਿੰਸਾ ਤਹਿਤ ਆਪਣੇ ਕਾਨੂੰਨੀ ਹੱਕਾਂ ਦੀ ਵਰਤੋਂ ਕਰੋ।

ਕੀ ਨਾ ਕਰੀਏ?

  • ਕੋਈ ਵੀ ਫ਼ੈਸਲਾ ਜਲਦਬਾਜ਼ੀ ਵਿੱਚ ਜਾਂ ਕਿਸੇ ਦੇ ਦਬਾਅ ਹੇਠਾਂ ਨਾ ਲਵੋ।
  • ਵਿਆਹ ਸਬੰਧੀ ਕੋਈ ਵੀ ਫ਼ੈਸਲਾ ਆਪਣੇ ਪਰਿਵਾਰ ਮੈਂਬਰਾਂ ਨਾਲ ਸਲਾਹ ਕੀਤੇ ਬਿਨਾਂ ਨਾ ਲਵੋ। ਜੇਕਰ ਉਹ ਦੂਰ ਹਨ ਤਾਂ ਆਲਨਾਈਲ ਮੀਟਿੰਗ ਕਰੋ, ਫੋਨ ਜਾਂ ਈਮੇਲ ਦੀ ਵੀ ਵਰਤੋਂ ਕਰ ਸਕਦੇ ਹੋ।
  • ਆਪਣੀ ਧੀ ਦਾ ਵਿਆਹ ਸਿਰਫ਼ ਕਿਸੇ ਮੈਰਿਜ ਬਿਊਰੋ, ਏਜੰਟ ਜਾਂ ਵਿਚੋਲੇ ਦੇ ਭਰੋਸੇ ਨਾ ਕਰੋ।
  • ਵਿਦੇਸ਼ ਵਿੱਚ ਵਿਆਹ ਕਰਵਾਉਣ 'ਤੇ ਸਹਿਮਤੀ ਨਾ ਜਤਾਓ
  • ਭਾਰਤ ਜਾਂ ਫਿਰ ਵਿਦੇਸ਼, ਜੇਕਰ ਕਿਤੇ ਵੀ ਤੁਹਾਡਾ ਪਤਾ ਜਾਂ ਸਹੁਰਾ ਪਰਿਵਾਰ ਤੁਹਾਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ ਤਾਂ ਚੁੱਪ ਨਾ ਰਹੋ। ਅਥਾਰਿਟੀਆਂ ਨਾਲ ਸੰਪਰਕ ਕਰੋ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)