ਧੋਖੇਬਾਜ਼ ਐੱਨਆਰਆਈ ਲਾੜਿਆਂ ਦੀ ਹੁਣ ਖੈਰ ਨਹੀਂ

    • ਲੇਖਕ, ਸਰੋਜ ਸਿੰਘ
    • ਰੋਲ, ਪੱਤਰਕਾਰ, ਬੀਬੀਸੀ

ਰੂਪਾਲੀ, ਅੰਮ੍ਰਿਤਪਾਲ ਅਤੇ ਅਮਨਪ੍ਰੀਤ ਤਿੰਨੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਰਹਿਣ ਵਾਲੀਆਂ ਹਨ ਪਰ ਤਿੰਨਾਂ ਦਾ ਦਰਦ ਇੱਕੋ ਜਿਹਾ ਹੈ।

ਤਿੰਨਾਂ ਦੇ ਪਤੀ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਛੱਡ ਕੇ ਵਿਦੇਸ਼ ਚਲੇ ਗਏ। ਤਿੰਨਾਂ ਨੇ ਪੁਲਿਸ ਥਾਣੇ, ਮਹਿਲਾ ਕਮਿਸ਼ਨ, ਐੱਨਆਰਆਈ ਕਮਿਸ਼ਨ ਅਤੇ ਕੋਰਟ ਦੇ ਇੰਨੇ ਚੱਕਰ ਕੱਟੇ ਕਿ ਕਿਸ ਧਾਰਾ ਤਹਿਤ ਕਿਸ ਨੂੰ ਕਿੰਨੀ ਸਜ਼ਾ ਹੋ ਸਕਦੀ ਹੈ, ਇਹ ਸਭ ਮੂੰਹ ਜ਼ੁਬਾਨੀ ਯਾਦ ਹੈ।

ਇਸੇ ਸਾਲ ਜਨਵਰੀ ਮਹੀਨੇ ਵਿੱਚ ਤਿੰਨਾਂ ਦੀ ਮੁਲਾਕਾਤ ਚੰਡੀਗੜ੍ਹ ਦੇ ਆਰਪੀਓ ਦਫ਼ਤਰ ਵਿੱਚ ਹੋਈ ਅਤੇ ਤਿੰਨਾਂ ਨੇ ਆਪਣੇ-ਆਪਣੇ ਕੇਸ ਵਿੱਚ ਆਪਣੇ ਪਤੀ ਅਤੇ ਰਿਸ਼ਤੇਦਾਰਾਂ ਦੇ ਪਾਸਪੋਰਟ ਜ਼ਬਤ ਕਰਵਾਏ।

ਇਹ ਵੀ ਪੜ੍ਹੋ :

ਚੰਡੀਗੜ੍ਹ ਦੇ ਪਾਸਪੋਰਟ ਅਧਿਕਾਰੀ ਸਿਬਾਸ਼ ਕਵੀਰਾਜ ਨੇ ਬੀਬੀਸੀ ਨੂੰ ਦੱਸਿਆ, "ਇੰਨੇ ਵੱਡੇ ਪੈਮਾਨੇ 'ਤੇ ਧੋਖੇਬਾਜ਼ ਐੱਨਆਰਆਈ ਪਤੀਆਂ 'ਤੇ ਕਾਰਵਾਈ ਇੰਨੀ ਸਖ਼ਤੀ ਨਾਲ ਕਦੇ ਨਹੀਂ ਕੀਤੀ ਗਈ ਹੈ। ਅਸੀਂ ਚੰਡੀਗੜ੍ਹ ਦਫ਼ਤਰ ਵਿੱਚ ਅਜਿਹੇ ਕੇਸ ਨੂੰ ਹੈਂਡਲ ਕਰਨ ਲਈ ਵੱਖ ਤੋਂ ਸੈੱਲ ਬਣਾਇਆ ਹੈ।"

ਕਿਵੇਂ ਕੰਮ ਕਰਦਾ ਹੈ ਇਹ ਸੈੱਲ?

ਇਸ ਸਵਾਲ ਦੇ ਜਵਾਬ ਵਿੱਚ ਸਿਬਾਸ਼ ਕਹਿੰਦੇ ਹਨ, "ਅਜਿਹੇ ਵਿਆਹਾਂ ਤੋਂ ਪੀੜਤ ਚਾਰ ਕੁੜੀਆਂ ਅਤੇ ਵਿਦੇਸ਼ ਮੰਤਰਾਲੇ ਦੇ ਦੋ ਮੁਲਾਜ਼ਮਾਂ ਨਾਲ ਮਿਲ ਕੇ ਅਸੀਂ ਇਹ ਸੈੱਲ ਚਲਾ ਰਹੇ ਹਾਂ। ਐੱਨਆਰਆਈ ਵਿਆਹਾਂ ਤੋਂ ਪੀੜਤ ਜਿੰਨੇ ਮਾਮਲੇ ਸਾਡੇ ਸਾਹਮਣੇ ਆਉਂਦੇ ਹਨ ਉਨ੍ਹਾਂ ਦੇ ਕਾਗਜ਼ ਪੂਰੇ ਨਹੀਂ ਹੁੰਦੇ। ਮੰਤਰਾਲਾ ਚਾਹ ਕੇ ਵੀ ਵਿਦੇਸ਼ ਵਿੱਚ ਉਨ੍ਹਾਂ 'ਤੇ ਸ਼ਿਕੰਜਾ ਨਹੀਂ ਕੱਸ ਸਕਦਾ। ਇਹ ਸੈੱਲ ਕਾਨੂੰਨੀ ਬਰੀਕੀਆਂ ਨੂੰ ਸਮਝਾਉਂਦੇ ਹੋਏ ਉਨ੍ਹਾਂ ਨਾਲ ਮਿਲ ਕੇ ਕੰਮ ਕਰਦਾ ਹੈ।"

ਇਸ ਸੈੱਲ ਨਾਲ ਆਪਣੀ ਮਰਜ਼ੀ ਨਾਲ ਜੁੜੀਆਂ ਚਾਰ ਕੁੜੀਆਂ ਵਿੱਚੋਂ ਤਿੰਨ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

ਰੂਪਾਲੀ ਦੀ ਕਹਾਣੀ

ਇਸ ਸਾਲ ਜਨਵਰੀ ਵਿੱਚ ਠੰਢ ਦੇ ਦਿਨਾਂ ਵਿੱਚ ਰੂਪਾਲੀ ਬਠਿੰਡਾ ਤੋਂ ਚੰਡੀਗੜ੍ਹ ਤੱਕ ਪਹੁੰਚੀ। ਉਸ ਨੇ ਸਾਲ 2017 ਵਿੱਚ ਵਿਆਹ ਕਰਵਾਇਆ। ਉਸ ਦਾ ਪਤੀ ਕੈਨੇਡਾ ਵਿੱਚ ਰਹਿੰਦਾ ਹੈ । ਵਿਆਹ ਦੇ ਦੂਜੇ ਦਿਨ ਤੋਂ ਹੀ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਮੈਂ ਇੱਕ ਮਹੀਨੇ ਲਈ ਹੀ ਸਹੁਰੇ ਪਰਿਵਾਰ ਸੀ। ਪਰ ਉਸ ਇੱਕ ਮਹੀਨੇ ਵਿੱਚ ਮੈਨੂੰ ਪਤਾ ਲੱਗਾ ਕਿ ਮੇਰਾ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ। ਇਸ ਦੌਰਾਨ ਮੈਂ ਗਰਭਵਤੀ ਹੋ ਗਈ ਅਤੇ ਡਿਪਰੈਸ਼ਨ ਵਿੱਚ ਚਲੀ ਗਈ ਅਤੇ ਮੇਰਾ ਗਰਭਪਾਤ ਹੋ ਗਿਆ।"

ਇੱਕ ਮਹੀਨੇ ਬਾਅਦ ਮੇਰਾ ਪਤੀ ਮੈਨੂੰ ਛੱਡ ਕੇ ਕੈਨੇਡਾ ਚਲਾ ਗਿਆ। ਨਾ ਹੀ ਉਸ ਨੇ ਕਿਸੇ ਨੂੰ ਫੋਨ ਕੀਤਾ ਅਤੇ ਨਾ ਹੀ ਉਸ ਨੇ ਮੇਰੇ ਮੈਸੇਜ ਦਾ ਕੋਈ ਜਵਾਬ ਦਿੱਤਾ।

ਰੂਪਾਲੀ ਨੇ ਆਪਣੇ ਪੇਕਿਆਂ ਨਾਲ ਮਿਲ ਕੇ ਆਪਣੇ ਸਹੁਰਿਆਂ 'ਤੇ ਐੱਫ਼ਆਈਆਰ ਦਰਜ ਕਰਵਾਈ ਪਰ ਰੂਪਾਲੀ ਦੇ ਸਹੁਰਿਆਂ ਨੇ ਕਹਿ ਕੇ ਧਿਆਨ ਨਹੀਂ ਦਿੱਤਾ, " ਉਨ੍ਹਾਂ ਦਾ ਪੁੱਤ ਤਾਂ ਵਿਦੇਸ਼ ਵਿੱਚ ਹੈ ਤੂੰ ਕੀ ਕਰ ਲਵੇਂਗੀ।"

ਐੱਨਆਰਆਈ ਨਾਲ ਵਿਆਹ ਦੇ ਮਾਮਲੇ ਵਿੱਚ ਦੋ ਤਰ੍ਹਾਂ ਦੀਆਂ ਸ਼ਿਕਾਇਤਾਂ ਹਨ। ਕਈ ਔਰਤਾਂ ਦੇ ਪਤੀ ਵਿਆਹ ਕਰਵਾ ਕੇ ਉਨ੍ਹਾਂ ਨੂੰ ਛੱਡ ਕੇ ਚਲੇ ਗਏ। ਕਈ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਨੂੰ ਉਹ ਨਾਲ ਤਾਂ ਲੈ ਗਏ ਪਰ ਉੱਥੇ ਤਸ਼ੱਦਦ ਕੀਤਾ ਜਾ ਰਿਹਾ ਹੈ। ਵਿਦੇਸ਼ ਵਿੱਚ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੁੰਦਾ।

ਰੂਪਾਲੀ ਦੇ ਮਾਮਲੇ ਵਿੱਚ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਛੱਡ ਕੇ ਕੈਨੇਡਾ ਚਲਾ ਗਿਆ। ਹਰ ਵਾਰ ਅਦਾਲਤ ਵਿੱਚ ਇੱਕ ਨਵੀਂ ਤਾਰੀਖ ਮਿਲਦੀ ਹੈ ਪਰ ਉਸ ਦਾ ਪਤੀ ਅਤੇ ਸਹੁਰੇ ਕਿਸੇ ਵੀ ਤਾਰੀਖ 'ਤੇ ਪੇਸ਼ ਹੀ ਨਹੀਂ ਹੋਏ।

ਰੂਪਾਲੀ ਇੱਕ ਇੰਜੀਨੀਅਰ ਹੈ ਪਰ ਹੁਣ ਉਸ ਨੂੰ ਨੌਕਰੀ ਤੋਂ ਛੁੱਟੀ ਲੈ ਕੇ ਅਦਾਲਤ ਦੇ ਧੱਕੇ ਖਾਣੇ ਪੈ ਰਹੇ ਹਨ।

ਇਸੇ ਸਾਲ ਜੂਨ ਵਿੱਚ ਉਸ ਨੂੰ ਸਫ਼ਲਤਾ ਮਿਲੀ ਅਤੇ ਉਸ ਦੇ ਪਤੀ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ।

ਹੁਣ ਉਸ ਦੇ ਪਤੀ ਨੂੰ ਭਾਰਤ ਵਾਪਸ ਆਉਣਾ ਹੀ ਪਏਗਾ। ਹੁਣ ਉਸ ਨੇ ਮਨ ਬਣਾ ਲਿਆ ਹੈ ਕਿ ਆਪਣੇ ਵਰਗੀਆਂ ਸਾਰੀਆਂ ਕੁੜੀਆਂ ਦੀ ਮਦਦ ਕਰੇਗੀ।

ਇਹ ਵੀ ਪੜ੍ਹੋ:

ਚੰਡੀਗੜ੍ਹ ਆਰਪੀਓ ਸਿਬਾਸ਼ ਮੁਤਾਬਕ ਪਾਸਪੋਰਟ ਜ਼ਬਤ ਕਰਨ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਵਿਦੇਸ਼ ਵਿੱਚ ਉਸ ਸੰਸਥਾ ਨੂੰ ਵੀ ਦਿੱਤੀ ਜਾਂਦੀ ਹੈ, ਜਿੱਥੇ ਐੱਨਆਰਆਈ ਪਤੀ ਕੰਮ ਕਰਦਾ ਹੋਵੇ।

ਅਜਿਹੇ ਵਿੱਚ ਸੰਸਥਾ ਵੱਲੋਂ ਵੀ ਅਜਿਹੇ ਮੁਲਾਜ਼ਮਾਂ 'ਤੇ ਦਬਾਅ ਬਣਾਉਣ ਵਿੱਚ ਕਾਮਯਾਬੀ ਮਿਲਦੀ ਹੈ।

ਪਾਸਪੋਰਟ ਜ਼ਬਤ ਕਰਨ ਤੋਂ ਬਾਅਦ ਵੀਜ਼ਾ ਖੁਦ ਹੀ ਖਤਮ ਹੋ ਜਾਂਦਾ ਹੈ ਅਤੇ ਵਿਦੇਸ਼ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲਦੀ।

ਸਿਬਾਸ਼ ਦਾ ਕਹਿਣਾ ਹੈ, "ਪਾਸਪੋਰਟ ਜ਼ਬਤ ਹੋਣ ਤੋਂ ਬਾਅਦ ਅਜਿਹੇ ਪਤੀਆਂ ਕੋਲ ਭਾਰਤ ਵਾਪਸ ਆਉਣ ਦਾ ਹੀ ਰਾਹ ਬਚਦਾ ਹੈ। ਇਸ ਲਈ ਉਸ ਦੇਸ ਵਿੱਚ ਭਾਰਤੀ ਦੂਤਾਵਾਸ ਦੀ ਮਦਦ ਲਈ ਜਾਂਦੀ ਹੈ।

ਮੁਲਕ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਆਰਪੀਓ ਦਫ਼ਤਰ ਆ ਕੇ ਉਨ੍ਹਾਂ ਦੇ ਨਾਮ 'ਤੇ ਚੱਲ ਰਹੇ ਮਾਮਲਿਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹ ਚਾਹੁਣ ਤਾਂ ਸੁਲ੍ਹਾ ਕਰ ਸਕਦੇ ਹਨ। ਸੁਲ੍ਹਾ ਨਾ ਹੋਣ 'ਤੇ ਕਾਨੂੰਨੀ ਤੌਰ 'ਤੇ ਜੋ ਕਾਰਵਾਈ ਹੋਣੀ ਚਾਹੀਦੀ ਹੈ ਉਹ ਕੀਤੀ ਜਾਂਦੀ ਹੈ। ਇੱਕ ਮਾਮਲੇ ਵਿੱਚ ਤਾਂ ਐੱਨਆਰਆਈ ਹੁਣੇ ਜੇਲ੍ਹ ਵੀ ਭੇਜਿਆ ਹੈ।

ਵਿਦੇਸ਼ ਮੰਤਰਾਲੇ ਮੁਤਾਬਕ ਐੱਨਆਰਆਈ ਪਤੀਆਂ ਤੋਂ ਪਰੇਸ਼ਾਨ ਪਤਨੀਆਂ ਵਿੱਚੋਂ ਸਭ ਤੋਂ ਜ਼ਿਆਦਾ ਪੰਜਾਬ ਦੀਆਂ ਹਨ। ਦੂਜੇ ਅਤੇ ਤੀਜੇ ਨੰਬਰ ਉੱਤੇ ਤੇਲੰਗਾਨਾ ਅਤੇ ਕਰਨਾਟਕ ਦੀਆਂ ਔਰਤਾਂ ਹਨ।

ਸਿਬਾਸ਼ ਮੁਤਾਬਕ, "ਪੰਜਾਬ, ਹਰਿਆਣਾ ਮਿਲਾ ਕੇ ਤਕਰੀਬਨ 25000 ਔਰਤਾਂ ਇਸ ਤਰ੍ਹਾਂ ਦੇ ਵਿਆਹ ਤੋਂ ਪਰੇਸ਼ਾਨ ਹਨ।"

ਅੰਮ੍ਰਿਤਪਾਲ ਦੀ ਕਹਾਣੀ

ਰੂਪਾਲੀ ਨਾਲ ਹੀ ਚੰਡੀਗੜ੍ਹ ਐੱਨਆਰਆਈ ਸੈੱਲ ਵਿੱਚ ਅੰਮ੍ਰਿਤਪਾਲ ਕੌਰ ਵੀ ਕੰਮ ਕਰਦੀ ਹੈ।

ਅੰਮ੍ਰਿਤਪਾਲ ਕੌਰ ਨਾਲ ਰੁਪਾਲੀ ਦੀ ਮੁਲਾਕਾਤ ਇਸੇ ਸਾਲ ਜਨਵਰੀ ਵਿੱਚ ਹੋਈ। ਦੁੱਖ ਵਿੱਚ ਇੱਕ-ਦੂਜੇ ਦੀਆਂ ਹਮਦਰਦ ਬਣ ਗਈਆਂ। ਸਾਲ 2013 ਦੇ ਅਕਤੂਬਰ ਮਹੀਨੇ ਵਿੱਚ ਉਸਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਪਤੀ ਨੇ ਤਿੰਨ ਵਿਆਹ ਕੀਤੇ ਹਨ, ਜਿਸ ਦਾ ਉਨ੍ਹਾਂ ਨੂੰ ਵਿਆਹ ਵੇਲੇ ਪਤਾ ਨਹੀਂ ਸੀ।

ਵਿਆਹ ਦੇ 15ਵੇਂ ਦਿਨ ਪਤੀ ਅਤੇ ਸੱਸ ਦੋਵੇਂ ਕੰਮਕਾਰ ਦਾ ਬਹਾਨਾ ਲਾ ਕੇ ਆਸਟਰੇਲੀਆ ਲਈ ਰਵਾਨਾ ਹੋ ਗਏ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਦੋਵਾਂ ਦਾ ਸਾਥ ਇੰਨੇ ਘੱਟ ਦਿਨਾਂ ਦਾ ਸੀ ਕਿ ਉਨ੍ਹਾਂ ਨੂੰ ਵਿਆਹ ਤੱਕ ਰਜਿਸਟਰ ਕਰਵਾਉਣ ਦਾ ਸਮਾਂ ਨਹੀਂ ਮਿਲਿਆ।

ਉਨ੍ਹਾਂ ਨੇ ਇੱਕ ਸਾਲ ਤੱਕ ਪਤੀ ਦੀ ਉਡੀਕ ਨਹੀਂ ਕੀਤੀ।

ਜਦੋਂ ਰੂਪਾਲੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਦੋਵਾਂ ਨੇ ਆਪਣਾ ਦਰਦ ਸਾਂਝਾ ਕੀਤਾ। ਦੋਹਾਂ ਵਿਚਾਲੇ ਇੱਕ ਵੱਖਰਾ ਜਿਹਾ ਰਿਸ਼ਤਾ ਬਣ ਗਿਆ।

ਹਮਉਮਰ ਹੋਣ ਕਾਰਨ ਵੀ ਅਤੇ ਇੱਕੋ ਵਰਗਾ ਗਮ ਹੋਣ ਕਾਰਨ ਵੀ।

ਅੰਮ੍ਰਿਤਪਾਲ ਮੁਤਾਬਕ ਵਿਆਹ ਤੋਂ ਇੱਕ ਸਾਲ ਬਾਅਦ ਉਨ੍ਹਾਂ ਦੇ ਪਤੀ ਭਾਰਤ ਪਰਤੇ ਪਰ ਉਨ੍ਹਾਂ ਨੂੰ ਮਿਲਣ ਲਈ ਨਹੀਂ ਸਗੋਂ ਉਨ੍ਹਾਂ ਤੋਂ ਤਲਾਕ ਲੈਣ ਲਈ।

ਅੰਮ੍ਰਿਤਪਾਲ ਮੁਤਾਬਕ ਉਹ ਸੰਮਨ ਉਨ੍ਹਾਂ ਨੂੰ ਚਾਰ ਮਹੀਨਿਆਂ ਬਾਅਦ ਮਿਲਿਆ। ਉਹ ਦੱਸਦੀ ਹੈ, "ਮੈਂ ਫੋਨ 'ਤੇ ਤਲਾਕ ਦੇਣ ਦੇ ਪਿੱਛੇ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਮੇਰੇ ਸਾਹਮਣੇ ਦਾਜ ਦੀ ਮੰਗ ਰੱਖ ਦਿੱਤੀ।"

ਫਿਲਹਾਲ ਅੰਮ੍ਰਿਤਪਾਲ ਦੀ ਸੱਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ ਪਰ ਉਨ੍ਹਾਂ ਦੇ ਪਤੀ ਦਾ ਨਹੀਂ ਹੋ ਸਕਿਆ ਹੈ।

ਦਰਅਸਲ ਅੰਮ੍ਰਿਤਪਾਲ ਦੇ ਪਤੀ ਆਸਟਰੇਲੀਆ ਦੇ ਨਾਗਰਿਕ ਹਨ। ਵਿਆਹ ਵੇਲੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ।

ਹੁਣ ਅੰਮ੍ਰਿਤਪਾਲ ਚਾਹੁੰਦੀ ਹੈ ਕਿ ਉਨ੍ਹਾਂ ਦੇ ਪਤੀ ਨੂੰ ਵਾਪਸ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਕਦਮ ਚੁੱਕੇ।

ਅੰਮ੍ਰਿਤਪਾਲ ਪੋਸਟ ਗ੍ਰੈਜੁਏਟ ਹਨ ਪਰ ਕੋਰਟ ਕਚਿਹਰੀ ਦੇ ਚੱਕਰ ਵਿੱਚ ਉਹ ਨੌਕਰੀ ਨਹੀਂ ਕਰ ਪਾ ਰਹੀ। ਉਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।

ਅਮਨਪ੍ਰੀਤ ਦੀ ਕਹਾਣੀ

ਅੰਮ੍ਰਿਤਪਾਲ ਅਤੇ ਰੂਪਲੀ ਦਾ ਸਾਥ ਕਦੋਂ ਦੋਸਤੀ ਵਿੱਚ ਬਦਲ ਗਿਆ ਪਤਾ ਹੀ ਨਹੀਂ ਲੱਗਿਆ। ਦੋਵੇਂ ਇਕੱਠੀਆਂ ਰਹਿਣ ਲੱਗੀਆਂ। ਫਿਰ ਇੱਕ ਦਿਨ ਉਨ੍ਹਾਂ ਦੀ ਇਸ ਲੜਾਈ ਵਿੱਚ ਉਨ੍ਹਾਂ ਨੂੰ ਇੱਕ ਨਵੀਂ ਦੋਸਤ ਮਿਲੀ - ਅਮਨਪ੍ਰੀਤ।

ਅਮਨਪ੍ਰੀਤ ਦੀ ਕਹਾਣੀ ਉਹਨਾਂ ਦੋਵਾਂ ਦੀ ਹੀ ਤਰ੍ਹਾਂ ਸੀ। ਫਰਵਰੀ 2017 ਵਿੱਚ ਵਿਆਹ ਹੋਇਆ। ਦਾਜ ਦੀ ਮੰਗ ਤਾਂ ਵਿਆਹ ਵਾਲੇ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ।

ਅਮਨਪ੍ਰੀਤ ਮੁਤਾਬਕ ਇੱਕ ਮਹੀਨੇ ਬਾਅਦ ਉਨ੍ਹਾਂ ਦਾ ਪਤੀ ਇਟਲੀ ਚਲਾ ਗਿਆ ਜਿੱਥੇ ਉਹ ਕੰਮ ਕਰਦਾ ਸੀ। ਵਿਆਹ ਵਿੱਚ ਉਨ੍ਹਾਂ ਨੂੰ ਹੋਰ ਗਹਿਣੇ ਚਾਹੀਦੇ ਸਨ।

ਅਮਨਪ੍ਰੀਤ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਪਤੀ ਪਹਿਲਾਂ ਤੋਂ ਵਿਆਹੇ ਹੋਏ ਹਨ ਪਰ ਫੇਸਬੁੱਕ 'ਤੇ ਉਨ੍ਹਾਂ ਨੇ ਆਪਣੇ ਪਤੀ ਅਤੇ ਇੱਕ ਬੱਚੇ ਦੀ ਫੋਟੋ ਕਈ ਵਾਰੀ ਦੇਖੀ ਹੈ। ਅਮਨਪ੍ਰੀਤ ਦੇ ਪਤੀ ਦਾ ਵੀ ਪਾਸਪੋਰਟ ਜ਼ਬਤ ਹੋ ਚੁੱਕਿਆ ਹੈ ਪਰ ਸੱਸ-ਸਹੁਰੇ ਦਾ ਪਾਸਪੋਰਟ ਜ਼ਬਤ ਹੋਣਾ ਬਾਕੀ ਹੈ। ਅਮਨਪ੍ਰੀਤ ਪੰਜਾਬ ਦੇ ਗੋਬਿੰਦਗੜ੍ਹ ਦੀ ਰਹਿਣ ਵਾਲੀ ਹੈ।

ਸ਼ਿਕਾਇਤ ਕਿੱਥੇ ਅਤੇ ਕਿਵੇਂ ਕੀਤੀ ਜਾਵੇ?

ਕਾਨੂੰਨ ਅਨੁਸਾਰ ਕੋਈ ਵੀ ਕੁੜੀ ਐੱਨਆਰਆਈ ਵਿਆਹਾਂ ਨਾਲ ਸੰਬੰਧਤ ਮਾਮਲਿਆਂ ਦੀ ਸ਼ਿਕਾਇਤ ਕੌਮੀ ਮਹਿਲਾ ਕਮਿਸ਼ਨ ਨੂੰ ਕਰ ਸਕਦੀ ਹੈ।

ਕਮਿਸ਼ਨ ਸ਼ਿਕਾਇਤ ਦੀ ਇੱਕ ਕਾਪੀ ਵਿਦੇਸ਼ ਮੰਤਰਾਲੇ ਨੂੰ ਅਤੇ ਪੁਲਿਸ ਨੂੰ ਇਕ ਕਾਪੀ ਭੇਜਦਾ ਹੈ। ਕਮਿਸ਼ਨ ਸਥਾਨਕ ਪੁਲਿਸ ਦੀ ਮਦਦ ਨਾਲ ਦੋਹਾਂ ਧਿਰਾਂ ਨਾਲ ਗੱਲਬਾਤ ਕਰਦਾ ਹੈ।

ਜੇ ਮੁੰਡੇ ਖਿਲਾਫ਼ ਰੈੱਲ ਅਲਰਟ ਨੋਟਿਸ ਜਾਰੀ ਕਰਨਾ ਹੈ ਤਾਂ ਪੁਲਿਸ ਦੀ ਇਸ ਵਿੱਚ ਅਹਿਮ ਭੂਮਿਕਾ ਹੁੰਦੀ ਹੈ।

ਵਿਦੇਸ਼ ਮੰਤਰਾਲੇ ਉਸ ਦੇਸ ਨਾਲ ਸੰਪਰਕ ਕਰਦਾ ਹੈ ਜਿੱਥੇ ਮੁੰਡਾ ਰਹਿੰਦਾ ਹੈ।

ਕੁੜੀ ਕੋਲ ਜੋ ਵੀ ਸਬੂਤ ਹੋਣ ਉਹ ਪੇਸ਼ ਕਰ ਸਕਦੀ ਹੈ। ਜਿਵੇਂ ਕਿ ਪਤੀ ਦੇ ਪਾਸਪੋਰਟ ਦੀ ਕਾਪੀ, ਕੋਈ ਹੋਰ ਜਾਣਕਾਰੀ।

ਜੇ ਮੁੰਡੇ ਦੀ ਕੰਪਨੀ ਦੀ ਜਾਣਕਾਰੀ ਹੈ ਤਾਂ ਕੌਮੀ ਮਹਿਲਾ ਕਮਿਸ਼ਨ ਵੀ ਕੰਪਨੀ ਨਾਲ ਸੰਪਰਕ ਕਰਦਾ ਹੈ। ਇਸ ਤਰ੍ਹਾਂ ਮੁੰਡੇ 'ਤੇ ਜ਼ਿਆਦਾ ਦਬਾਅ ਬਣ ਸਕਦਾ ਹੈ। ਜਦੋਂ ਮੁੰਡੇ ਦੀ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਉਹ ਮਾਮਲੇ ਨੂੰ ਜਲਦੀ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ।

ਇਹ ਵੀ ਪੜ੍ਹੋ:

ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਦੱਸਦੀ ਹੈ ਕਿ ਕਈ ਮਾਮਲੇ ਕਾਫ਼ੀ ਪੇਚੀਦਾ ਹੁੰਦੇ ਹਨ। ਜੇ ਐੱਨਆਰਆਈ ਪਤੀ ਭਾਰਤ ਦਾ ਨਾਗਰਿਕ ਨਾ ਰਿਹਾ ਹੋਵੇ ਅਤੇ ਉਸ ਦਾ ਪਾਸਪੋਰਟ ਕਿਸੇ ਹੋਰ ਦੇਸ ਦਾ ਹੋਵੇ ਤਾਂ ਕੇਸ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਸ ਵਿੱਚ ਦੋ ਤੋਂ ਤਿੰਨ ਦੇਸ ਸ਼ਾਮਿਲ ਹੋ ਜਾਂਦੇ ਹਨ।

ਇਸ ਤੋਂ ਅਲਾਵਾ ਅਜਿਹੀਆਂ ਵੀ ਕਈ ਸ਼ਿਕਾਇਤਾਂ ਆਉਂਦੀਆਂ ਹਨ ਜਿੱਥੇ ਐੱਨਆਰਆਈ ਮੁੰਡੇ ਪਤਨੀਆਂ ਨੂੰ ਵਿਦੇਸ਼ ਲੈ ਜਾ ਕੇ ਉੱਥੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਕਰਦੇ ਹਨ।

ਵਿਦੇਸ਼ ਮੰਤਰਾਲੇ ਮੁਤਾਬਕ ਇਨ੍ਹਾਂ ਮਾਮਲਿਆਂ ਵਿੱਚ ਔਰਤਾਂ ਉਸ ਦੇਸ ਵਿੱਚ ਭਾਰਤੀ ਦੂਤਾਵਾਸ ਨੂੰ ਸੰਪਰਕ ਕਰ ਸਕਦੀਆਂ ਹਨ। ਜਿਸ ਤੋਂ ਬਾਅਦ ਉੱਥੇ ਭਾਰਤੀ ਦੂਤਾਵਾਸ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਕੇ ਔਰਤ ਦੀ ਮਦਦ ਕਰਦਾ ਹੈ।

ਐੱਨਆਰਆਈ ਪਤੀਆਂ ਨੂੰ ਅਜਿਹੀਆਂ ਪਤਨੀਆਂ ਦੀ ਵਿਦੇਸ਼ ਮੰਤਰਾਲੇ ਕੁਝ ਚੁਣੀਆਂ ਹੋਈਆਂ ਐੱਨਜੀਓ ਜ਼ਰੀਏ ਵਿੱਤੀ ਅਤੇ ਕਾਨੂੰਨੀ ਮਦਦ ਵੀ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)