You’re viewing a text-only version of this website that uses less data. View the main version of the website including all images and videos.
ਵਰ, ਵਿਚੋਲੇ ਤੇ ਆਈਲੈੱਟਸ-4: ਪੰਜਾਬ 'ਚ 'ਜੁਗਾੜ' ਵਿਆਹਾਂ ਦਾ 'ਗੋਰਖਧੰਦਾ'!
- ਲੇਖਕ, ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਨਵੀਂ ਜ਼ਿੰਦਗੀ ਦੇ ਆਗਾਜ਼ ਦੀ ਰਸਮ ਅਤੇ ਵੱਡੀ ਤਬਦੀਲੀ ਦਾ ਸਬੱਬ ਮੰਨਿਆ ਜਾਂਦਾ ਵਿਆਹ ਹੁਣ 'ਵਪਾਰ' ਬਣ ਗਿਆ ਹੈ।
ਵਿਦੇਸ਼ੀ ਧਰਤੀ ਦੀ ਖਿੱਚ, ਡਾਲਰਾਂ ਦੀ ਚਮਕ ਅਤੇ ਖਿਆਲੀ ਦੁਨੀਆਂ ਦੇ ਸੁਪਨੇ ਕਰਕੇ ਇਸ 'ਵਪਾਰ' ਨੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕੀਤੀ ਹੈ।
ਪਹਿਲਾਂ ਵਿਦੇਸ਼ ਤੋਂ ਆਏ ਪੱਕੇ ਮੁੰਡੇ ਜਾਂ ਕੁੜੀ ਨੂੰ ਲੱਖਾਂ ਰੁਪਏ ਦੇਣ ਅਤੇ ਵਿਆਹ ਉੱਤੇ ਪੱਲਿਓਂ ਖਰਚ ਕਰਕੇ ਬਾਕੀ ਟੱਬਰ ਜਹਾਜ਼ ਚੜ੍ਹਨ ਦਾ 'ਜੁਗਾੜ' ਕਰਦਾ ਸੀ ਪਰ ਵਿਦੇਸ਼ਾਂ ਵਿੱਚ ਇਮੀਗਰੇਸ਼ਨ ਨੇਮਾਂ ਦੇ ਬਦਲਣ ਨਾਲ ਪੰਜਾਬੀਆਂ ਨੇ ਵੀ 'ਨੇਮ' ਬਦਲ ਲਏ ਹਨ।
ਹੁਣ ਆਈਲੈੱਟਸ ਵਿੱਚ ਲਏ ਚੰਗੇ ਬੈਂਡ ਵਿਦੇਸ਼ੀ ਧਰਤੀ ਉੱਤੇ ਉਤਰਨ ਦਾ ਸਾਧਨ ਬਣ ਗਏ ਹਨ।
ਅੱਜ ਵੀ ਵਿਦੇਸ਼ੀ ਲਾੜਿਆਂ ਨਾਲ ਵਿਆਹੀਆਂ ਹੋਈਆਂ ਹਜ਼ਾਰਾਂ ਪੰਜਾਬਣਾਂ ਇਧਰ ਉਡੀਕ ਵਿੱਚ ਬੈਠੀਆਂ ਹਨ।
ਕਈਆਂ ਦੇ ਬੱਚੇ ਵੀ ਹਨ ਜਿਸ ਕਰਕੇ ਉਹ 'ਨਾ ਏਧਰ ਦੀਆਂ ਰਹੀਆਂ ਨਾ ਓਧਰ ਦੀਆਂ।' ਇਸ ਦੇ ਬਾਵਜੂਦ ਪੰਜਾਬੀ 'ਅੱਕ ਚੱਬਣ' ਤੋਂ ਗੁਰੇਜ਼ ਨਹੀਂ ਕਰਦੇ।
ਕੀ ਹੈ IELTS?
- ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ (IELTS) ਉਹ ਪਰੀਖਿਆ ਹੈ ਜਿਸਦੇ ਜ਼ਰੀਏ ਅੰਗਰੇਜ਼ੀ ਭਾਸ਼ਾ ਵਿੱਚ ਕਿਸੇ ਦੀ ਮੁਹਾਰਤ ਪਰਖੀ ਜਾਂਦੀ ਹੈ।
- ਉਹ ਮੁਲਕ ਜਿੱਥੇ ਅੰਗਰੇਜ਼ੀ ਸੰਚਾਰ ਦਾ ਮੁੱਖ ਸਾਧਨ ਹੈ ਉਨ੍ਹਾਂ ਦੇਸ਼ਾਂ ਨੇ ਆਵਾਸੀਆਂ ਦੀ ਭਾਸ਼ਾ 'ਚ ਪ੍ਰਵੀਣਤਾ ਲਈ ਆਈਲੈੱਟਸ ਨੂੰ ਪੈਮਾਨਾ ਬਣਾਇਆ ਹੈ।
- ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ, ਕੈਨੇਡਾ ਤੇ ਹੋਰ ਮੁਲਕਾਂ ਵਿੱਚ ਪੜ੍ਹਾਈ ਕਰਨ ਜਾਂ ਕੰਮ ਕਰਨ ਨੂੰ ਲੈ ਕੇ ਆਈਲੈੱਟਸ ਵਿੱਚ ਬੈਂਡ ਸਿਸਟਮ ਅਪਣਾਇਆ ਜਾਂਦਾ ਹੈ।
ਉਮਰਾਂ ਤੋਂ ਲੰਮੀ ਹੋਈ ਉਡੀਕ
ਜਗਰਾਉਂ ਦੀ 30 ਸਾਲਾ ਸੀਮਾ ਦਾ ਵਿਆਹ 2012 ਵਿੱਚ ਕੁਵੈਤ ਰਹਿੰਦੇ ਨੌਜਵਾਨ ਨਾਲ ਹੋਇਆ।
ਸਾਲ ਬਾਅਦ ਉਸ ਦੇ ਲੜਕੀ ਪੈਦਾ ਹੋਈ। ਉਸ ਦਾ ਪਤੀ 2015 ਤੋਂ ਬਾਅਦ ਨਹੀਂ ਆਇਆ। ਸੀਮਾ ਅੱਜ ਵੀ ਪੇਕੇ ਘਰ ਬੈਠੀ ਹੈ।
ਇਸੇ ਤਰ੍ਹਾਂ 28 ਸਾਲਾ ਮਨਪ੍ਰੀਤ ਕੌਰ ਦਾ ਮਾਪਿਆਂ ਨੇ ਬੜੇ ਚਾਵਾਂ ਨਾਲ ਅਮਰੀਕਾ ਨਿਵਾਸੀ ਨਾਲ ਵਿਆਹ ਕੀਤਾ।
ਜਨਵਰੀ 2016 ਵਿੱਚ ਵਿਆਹ ਹੋਇਆ ਅਤੇ ਦੋਵੇਂ ਮਾਲਦੀਵ ਘੁੰਮ ਕੇ ਆਏ।
ਪਤੀ ਨੇ ਉਸ ਨੂੰ ਅਮਰੀਕਾ ਕੀ ਲਿਜਾਣਾ ਸੀ ਪਿਛਲੇ ਸਾਲ ਤਲਾਕ ਦੇ ਪੇਪਰ ਘੱਲ ਦਿੱਤੇ।
ਸਾਬਕਾ ਫੌਜੀ ਦੀ ਧੀ ਅਤੇ ਨੌਜਵਾਨ ਫੌਜੀ ਦੀ ਭੈਣ ਹੁਣ ਇਨਸਾਫ਼ ਮੰਗ ਰਹੀ ਹੈ।
ਮੋਗਾ ਦੀ 29 ਸਾਲਾ ਪ੍ਰਿਤਪਾਲ ਕੌਰ ਦਾ ਵਿਆਹ 2014 ਵਿੱਚ ਹਾਂਗਕਾਂਗ ਗਏ ਨੌਜਵਾਨ ਨਾਲ ਹੋਇਆ, ਜੋ ਵਿਆਹ ਤੋਂ ਬਾਅਦ ਕਦੇ ਮੁੜਿਆ ਹੀ ਨਹੀਂ।
ਇੰਝ ਹੀ ਲੈਕਚਰਾਰ ਲੱਗੀ ਸਤਵਿੰਦਰ ਕੌਰ ਦਾ ਪਤੀ ਵੀ ਉਸ ਨੂੰ ਛੱਡ ਗਿਆ ਹੈ।
ਜਿਵੇਂ ਹੀ ਇਨ੍ਹਾਂ ਮੁਟਿਆਰਾਂ ਦੇ ਪਤੀ ਮੂੰਹ ਮੋੜ ਗਏ ਉਨ੍ਹਾਂ ਦੇ ਸਹੁਰੇ ਪਰਿਵਾਰਾਂ ਨੇ ਵੀ ਇਨ੍ਹਾਂ ਲਈ ਘਰਾਂ ਦੇ ਦਰਵਾਜ਼ੇ ਢੋਹ ਲਏ।
ਇਨ੍ਹਾਂ ਦੁਹਾਗਣਾਂ ਦੀ ਹੋਣੀ ਬਹੁਤ ਸਾਰੇ ਸੁਆਲ ਕਰਦੀ ਹੈ ਜਿਨ੍ਹਾਂ ਦਾ ਪੰਜਾਬੀ ਸਮਾਜ ਕੋਲ ਕੋਈ ਜੁਆਬ ਨਹੀਂ।
ਜੁਗਾੜ ਤੋਂ ਨਿਵੇਸ਼ ਤੱਕ
ਇੱਕ ਦਹਾਕਾ ਪਹਿਲਾਂ ਤੱਕ ਕੈਨੇਡਾ, ਅਮਰੀਕਾ ਆਦਿ ਮੁਲਕਾਂ ਵਿੱਚ ਪਹੁੰਚਣ ਲਈ ਵਿਆਹ ਸਭ ਤੋਂ ਸੌਖਾ ਅਤੇ ਪੱਕਾ ਢੰਗ ਮੰਨਿਆ ਜਾਂਦਾ ਸੀ।
ਹੋਰਨਾਂ ਮੁਲਕਾਂ ਦੇ ਮੁਕਾਬਲੇ ਕੈਨੇਡਾ ਵਧੇਰੇ ਪਸੰਦੀਦਾ ਸੀ ਕਿਉਂਕਿ ਟੱਬਰ ਦੇ ਵਿਦੇਸ਼ ਪਹੁੰਚਣ ਦਾ ਰਾਹ ਖੁੱਲ੍ਹਦਾ ਸੀ।
ਇਸ ਲਈ ਵਿਦੇਸ਼ ਤੋਂ ਪਹਿਲਾਂ ਹੀ ਦੋ ਜਾਂ ਵੱਧ ਵਿਆਹ ਕਰਵਾ ਚੁੱਕੇ ਵੱਡੀ ਉਮਰ ਦੇ 'ਬੰਦੇ' ਦੇ ਲੜ ਛੋਟੀ ਉਮਰ ਦੀ ਪੜ੍ਹੀ-ਲਿਖੀ ਸੋਹਣੀ ਪੰਜਾਬਣ ਲਾਉਣ ਵਿੱਚ ਦੇਰੀ ਨਹੀਂ ਸੀ ਕੀਤੀ ਜਾਂਦੀ।
ਅਜਿਹੇ ਵਿਆਹ ਉੱਤੇ 20 ਲੱਖ ਤੋਂ ਸ਼ੁਰੂ ਹੋਇਆ ਖ਼ਰਚ 40 ਲੱਖ ਨੂੰ ਟੱਪ ਗਿਆ। ਪੰਜਾਬੀ ਪਰਿਵਾਰ ਇਸ ਰਕਮ ਨੂੰ 'ਨਿਵੇਸ਼' ਮੰਨ ਕੇ ਚੱਲਣ ਲੱਗੇ ਕਿਉਂਕਿ ਵਿਦੇਸ਼ ਜਾਣ ਵਾਲੇ ਮੁੰਡੇ ਜਾਂ ਕੁੜੀ ਮਗਰ ਉਸ ਦੇ ਬਾਕੀ ਭੈਣ-ਭਰਾ ਅਤੇ ਮਾਂ-ਪਿਉ ਵੀ ਜਾ ਸਕਦੇ ਹਨ।
ਅਖੀਰ ਨੇਮ ਬਦਲ ਗਏ ਅਤੇ ਹੁਣ ਪਹਿਲੇ ਵਿਆਹ ਵਾਲਾ ਕੇਸ ਵੀ ਇਮੀਗਰੇਸ਼ਨ ਅਧਿਕਾਰੀ ਚੰਗੀ ਤਰ੍ਹਾਂ ਘੋਖਣ ਲੱਗੇ ਹਨ।
ਇਸ ਤੋਂ ਬਾਅਦ ਜੁਗਾੜੂ ਵਿਆਹਾਂ ਦਾ ਰੁਝਾਨ ਪੂਰੀ ਤਰ੍ਹਾਂ ਬਦਲ ਗਿਆ ਅਤੇ ਨਿਵੇਸ਼ ਦੇ ਢੰਗ-ਤਰੀਕੇ ਵੀ ਬਦਲ ਗਏ।
ਵਿਆਹਾਂ ਨੂੰ 'ਧੰਦਾ' ਬਣਾਉਣ ਵਾਲੀ ਇਸ਼ਤਿਹਾਰਬਾਜ਼ੀ
ਅਖ਼ਬਾਰਾਂ ਵਿੱਚ ਆਉਂਦੇ ਇਸ਼ਤਿਹਾਰ ਗਹੁ ਨਾਲ ਦੇਖਣ ਉੱਤੇ ਹੀ ਵਿਆਹਾਂ ਦੇ 'ਗੋਰਖਧੰਦੇ' ਵੱਲ ਵਧਣ ਦੀ ਗੱਲ ਸਪੱਸ਼ਟ ਹੋ ਜਾਂਦੀ ਹੈ।
ਕਿਸੇ ਇਸ਼ਤਿਹਾਰ ਵਿੱਚ ਲੋੜੀਂਦੇ ਬੈਂਡ ਦੀ ਸ਼ਰਤ ਨਾਲ ਸਾਰਾ ਖ਼ਰਚ ਚੁੱਕਣ, ਵਿਆਹ ਕੱਚਾ, ਕੋਰਟ ਮੈਰਿਜ ਦੀ ਗੱਲ ਲਿਖੀ ਹੋਵੇਗੀ। ਪੀ.ਆਰ. ਤੱਕ ਖ਼ਰਚ ਚੁੱਕਣ ਦੀ ਹਾਮੀ ਭਰੀ ਜਾਂਦੀ ਹੈ।
ਵਿਦੇਸ਼ੀ ਲੜਕੇ ਬਦਲੇ ਉਸ ਦੀ ਇਧਰਲੀ ਭੈਣ ਜਾਂ ਵਿਦੇਸ਼ੀ ਸਿਟੀਜ਼ਨ ਲੜਕੀ ਲਈ ਉਸ ਦੇ ਪੰਜਾਬ ਰਹਿੰਦੇ ਭਰਾ ਨੂੰ ਵਿਦੇਸ਼ੀ ਰਿਸ਼ਤਾ ਕਰਵਾ ਸਕਣ ਵਾਲੇ ਹੀ ਸੰਪਰਕ ਕਰਨ ਲਈ ਇਸ਼ਤਿਹਾਰ ਦੇਣ ਦਾ ਰੁਝਾਨ ਪੁਰਾਣਾ ਚੱਲਿਆ ਆ ਰਿਹਾ ਹੈ।
ਅਜਿਹੇ ਵਿਆਹਾਂ ਦੇ ਟੁੱਟਣ, ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਝਗੜੇ ਦੀ ਸੰਭਾਵਨਾ ਪਹਿਲੇ ਦਿਨ 'ਰਿਸ਼ਤਾ ਬੱਝਣ' ਮੌਕੇ ਹੀ ਬਣ ਜਾਂਦੀ ਹੈ।
ਬਾਅਦ ਵਿੱਚ ਦੋਵੇਂ ਧਿਰਾਂ ਦੂਸ਼ਣਬਾਜ਼ੀ ਕਰਦੀਆਂ ਹਨ ਅਤੇ ਜਿਸ ਦਾ ਜ਼ੋਰ ਚੱਲ ਜਾਂਦਾ ਹੈ ਉਹ ਪਰਚਾ ਵੀ ਦਰਜ ਕਰਵਾ ਜਾਂਦਾ ਹੈ।
ਆਈਲੈੱਟਸ ਦਾ ਕਾਰੋਬਾਰ
ਆਈਲੈੱਟਸ ਕਰਕੇ ਵਿਦੇਸ਼ ਜਾਣ ਦਾ ਰਾਹ ਸੌਖਾ ਹੋਣ ਨਾਲ ਪੰਜਾਬ ਅੰਦਰ ਆਈਲੈੱਟਸ ਦਾ ਕਾਰੋਬਾਰ ਖੜ੍ਹਾ ਹੋਇਆ ਹੈ।
ਹਰ ਸ਼ਹਿਰ ਅਤੇ ਕਸਬੇ ਦੇ ਚੌਂਕ ਚੁਰਾਹੇ ਅਤੇ ਨੁੱਕਰ ਉੱਤੇ ਆਈਲੈੱਟਸ ਸੈਂਟਰਾਂ ਦੀ ਭਰਮਾਰ ਹੈ।
ਬਹੁਤੇ ਆਈਲੈੱਟਸ ਸੈਂਟਰ ਅਤੇ ਟਰੈਵਲ ਏਜੰਟ ਅਣਅਧਿਕਾਰਤ ਹਨ।
ਜ਼ਿਲ੍ਹਾ ਲੁਧਿਆਣਾ ਵਿੱਚ ਕੇਵਲ 170 ਟਰੈਵਲ ਏਜੰਟ ਅਧਿਕਾਰਤ ਹਨ, ਜਿਨ੍ਹਾਂ ਵਿੱਚ ਜਗਰਾਉਂ ਦੇ ਸਿਰਫ਼ 12 ਟਰੈਵਲ ਏਜੰਟਾਂ ਦੇ ਨਾਂ ਦਰਜ ਹਨ।
ਬਾਕੀ ਅਣਅਧਿਕਾਰਤ ਟਰੈਵਲ ਏਜੰਟ ਹੀ 'ਗੋਰਖਧੰਦਾ' ਚਲਾ ਰਹੇ ਹਨ।
ਪਿਛਲੇ ਦਹਾਕੇ ਵਿੱਚ ਆਈ ਤੇਜ਼ੀ
ਪਿਛਲੇ ਇੱਕ ਦਹਾਕੇ ਵਿੱਚ ਪੜ੍ਹਾਈ ਲਈ ਵਿਦੇਸ਼ ਜਾਣ ਦੇ ਰੁਝਾਨ ਨੇ ਬਹੁਤ ਤੇਜ਼ੀ ਫੜੀ ਹੈ।
ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦਾ ਰੁਝਾਨ ਦਹਾਕਿਆਂ ਬਾਅਦ ਵੀ ਲਗਾਤਾਰ ਜਾਰੀ ਹੈ।
ਵਿਦੇਸ਼ ਯਾਤਰਾ ਅਤੇ ਇਮੀਗਰੇਸ਼ਨ ਦਾ ਧੰਦਾ ਪ੍ਰਫੁੱਲਤ ਅਤੇ ਵਧੇਰੇ ਕਮਾਈ ਵਾਲਾ ਹੋਣ ਕਰਕੇ ਇਸ ਕਾਰੋਬਾਰ ਵਿੱਚ ਕਈ ਠੱਗ ਕਿਸਮ ਦੇ ਲੋਕ ਵੀ ਆ ਗਏ ਹਨ।
ਸਰਕਾਰ ਨੇ ਮਨੁੱਖੀ ਤਸਕਰੀ ਰੋਕੂ ਐਕਟ ਤਹਿਤ ਟਰੈਵਲ ਏਜੰਟਾਂ ਦੀ ਰਜਿਸਟਰੇਸ਼ਨ ਜ਼ਰੂਰੀ ਕਰ ਦਿੱਤੀ ਹੈ।
ਇਸ ਲਈ ਤਿੰਨ ਸਾਲ ਦੇ ਆਮਦਨ ਟੈਕਸ ਵਾਲੇ ਕਾਗ਼ਜ਼, ਪਛਾਣ ਸਬੰਧੀ ਸਬੂਤ ਅਤੇ ਹਲਫ਼ੀਆ ਬਿਆਨ ਤੋਂ ਇਲਾਵਾ ਤੈਅ ਫੀਸ ਜਮ੍ਹਾਂ ਕਰਵਾਉਣ ਉੱਤੇ ਸਰਕਾਰ ਪਾਸੋਂ ਸਰਟੀਫਿਕੇਟ ਹਾਸਲ ਕਰਨਾ ਹੁੰਦਾ ਹੈ।
ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦਾ ਕਹਿਣਾ ਸੀ ਕਿ ਠੱਗੀ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਧਿਕਾਰਤ ਟਰੈਵਲ ਏਜੰਟਾਂ ਦੀ ਸੂਚੀ ਜਨਤਕ ਕੀਤੀ ਗਈ ਹੈ।
ਆਈਲੈੱਟਸ ਸੈਂਟਰ ਖੋਲ੍ਹਣ ਲਈ ਕੇਂਦਰੀ ਸਿੱਖਿਆ ਮੰਤਰਾਲੇ ਤੋਂ ਸ਼ਰਤਾਂ ਪੂਰੀਆਂ ਕਰਕੇ ਲਾਇਸੰਸ ਅਤੇ ਦਵਾਰਕਾ (ਦਿੱਲੀ) ਸਥਿਤ ਦਫ਼ਤਰ ਵਿੱਚ 35 ਹਜ਼ਾਰ ਦੀ ਫੀਸ ਭਰਨੀ ਹੁੰਦੀ ਹੈ।
ਸੂਬਾ ਸਰਕਾਰ ਦੀਆਂ ਕੁਝ ਸ਼ਰਤਾਂ ਵੀ ਪੂਰੀਆਂ ਕਰਨੀ ਹੁੰਦੀਆਂ ਹਨ। ਜ਼ਿਆਦਾਤਰ ਸੈਂਟਰ ਕੋਈ ਵੀ ਸ਼ਰਤ ਪੂਰੀ ਨਹੀਂ ਕਰ ਰਹੇ।
ਆਈਲੈੱਟਸ 'ਵਪਾਰ' ਨੂੰ 'ਨੇਮਾਂ' ਅਧੀਨ ਲਿਆਏਗੀ ਸਰਕਾਰ
ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਆਈਲੈੱਟਸ ਦੇ ਨਾਂ ਉੱਤੇ ਵਿਦਿਆਰਥੀਆਂ ਦੀ ਵੱਡੇ ਪੱਧਰ ਉੱਤੇ ਲੁੱਟ ਹੋ ਰਹੀ ਹੈ। ਇਸ ਲਈ ਜਲਦੀ ਹੀ ਚਰਚਾ ਕਰਕੇ ਕੋਈ ਕਾਇਦਾ-ਕਾਨੂੰਨ ਬਣਾਇਆ ਜਾਵੇਗਾ।
ਸਰਕਾਰ ਨੇ ਮਨੁੱਖੀ ਤਸਕਰੀ ਰੋਕੂ ਐਕਟ ਤਹਿਤ ਟਰੈਵਲ ਏਜੰਟਾਂ ਦੀ ਰਜਿਸਟਰੇਸ਼ਨ, ਤਿੰਨ ਸਾਲ ਦੇ ਆਮਦਨ ਟੈਕਸ ਵਾਲੇ ਕਾਗ਼ਜ਼, ਪਛਾਣ ਸਬੰਧੀ ਸਬੂਤ ਅਤੇ ਹਲਫ਼ੀਆ ਬਿਆਨ ਜ਼ਰੂਰੀ ਕੀਤਾ ਹੈ।
ਇਸ ਤੋਂ ਇਲਾਵਾ ਤੈਅ ਫ਼ੀਸ ਜਮ੍ਹਾਂ ਕਰਵਾਉਣ ਉੱਤੇ ਸਰਕਾਰ ਪਾਸੋਂ ਸਰਟੀਫਿਕੇਟ ਹਾਸਲ ਕਰਨਾ ਜ਼ਰੂਰੀ ਕਰ ਦਿੱਤਾ ਹੈ।
ਇਸੇ ਤਰਜ਼ ਉੱਤੇ ਸਰਕਾਰ ਆਈਲਟਸ ਸੈਂਟਰਾਂ ਲਈ ਵੀ ਅਜਿਹੀਆਂ ਸ਼ਰਤਾਂ ਲਾਗੂ ਕਰ ਸਕਦੀ ਹੈ।
ਆਈਲਟਸ ਕਰਵਾਉਣ ਵਾਲੇ ਮੋਢੀਆਂ ਵਿੱਚੋਂ ਇੱਕ ਅਤੇ 'ਇੰਗਲਿਸ਼ ਹੈਲਪਲਾਈਨ' ਦੇ ਮਾਲਕ ਜਗਦੀਪ ਗਿੱਲ ਮੁਤਾਬਕ ਜ਼ਿਆਦਾਤਰ ਆਈਲਟਸ ਸੈਂਟਰ ਅਣਅਧਿਕਾਰਤ ਚੱਲ ਰਹੇ ਹਨ।
ਇਨ੍ਹਾਂ ਹਾਲਾਤ ਵਿੱਚ ਵਿਆਹ ਦੇ ਇਸ ਗੋਰਖਧੰਦੇ ਦੇ ਪੇਚ ਖੋਲ੍ਹਣਾ ਪੰਜਾਬ ਦੇ ਵੱਸੋਂ-ਬਾਹਰੀਂ ਗੱਲ ਜਾਪਦੀ ਹੈ।