10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗ

ਜਵਾਨੀ ਹੀ ਸਾਰਾ ਕੁਝ ਨਹੀਂ ਹੁੰਦੀ- ਘੱਟੋ-ਘੱਟ 69 ਸਾਲਾ ਫੈਸ਼ਨ ਮਾਡਲ ਮੈਅ ਮਸਕ ਨੂੰ ਦੇਖ ਕੇ ਤਾਂ ਇਹੋ ਲਗਦਾ ਹੈ।

ਇਸ ਸਾਲ ਨਿਊ ਯਾਰਕ, ਪੈਰਿਸ, ਮਿਲਾਨ ਤੇ ਲੰਡਨ ਦੇ ਬਸੰਤ ਰੁੱਤ ਫੈਸ਼ਨ ਮੇਲਿਆਂ ਵਿੱਚ ਬਹੁਤ ਸਾਰੀਆਂ ਅਧੇੜ ਉਮਰ ਦੀਆਂ ਮਾਡਲਾਂ ਨਜ਼ਰ ਆਈਆਂ ਜੋ ਪੰਜਾਹਵਿਆਂ ਜਾਂ ਸੱਠਵਿਆਂ ਦੀਆਂ ਸਨ।

ਐਲੀਆਨਾ ਇਜ਼ਾਕੇਨਕਾ ਦੀ ਰਿਪੋਰਟ ਦੀ ਰਿਪੋਰਟ ਸਵਾਲ ਕਰਦੀ ਹੈ ਕਿ ਕੀ ਇਸ ਦਾ ਇੱਕ ਅਰਥ ਇਹ ਲਿਆ ਜਾ ਸਕਦਾ ਹੈ ਕਿ ਫ਼ੈਸ਼ਨ ਦੀ ਦੁਨੀਆਂ ਖ਼ੂਬਸੂਰਤੀ ਤੇ ਉਮਰ ਬਾਰੇ ਆਪਣੇ ਰੂੜੀਵਾਦੀ ਵਿਚਾਰਾਂ ਤੋਂ ਬਾਹਰ ਆ ਰਹੀ ਹੈ ਤੇ ਉਮਰ ਬਾਰੇ ਖੁੱਲ੍ਹਾਪਣ ਲਿਆ ਰਹੀ ਹੈ?

49 ਸਾਲਾ ਮਾਡਲ ਮੈਅ ਮਸਕ ਨੇ ਦੱਸਿਆ, "ਐਨਾ ਕੰਮ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਵਿੱਚ ਨਹੀਂ ਕੀਤਾ ਜਿੰਨਾ ਮੈਂ 2017 'ਚ ਕਰ ਦਿੱਤਾ ਹੈ।"

ਮਸਕ ਇੱਕ ਖਰਬਪਤੀ ਤੇ ਟੈਲਸਾ ਦੇ ਫ਼ਾਊਂਡਰ ਐਲਨ ਮਸਕ ਦੀ ਮਾਂ ਹੈ।

ਕੈਨੇਡਾ ਵਿੱਚ ਜਨਮੀ ਮਸਕ ਨੇ ਮਾਡਲਿੰਗ ਜੀਵਨ ਦੀ ਸ਼ੁਰੂਆਤ ਦੱਖਣੀ ਅਫ਼ਰੀਕਾ ਵਿੱਚ ਪੰਦਰਾ ਸਾਲਾਂ ਦੀ ਉਮਰ ਵਿੱਚ ਕੀਤੀ ਪਰ ਕੰਮ ਉਹਨਾਂ ਨੂੰ ਪਿਛਲੇ ਸਾਲਾਂ ਵਿੱਚ ਹੀ ਮਿਲਣ ਲੱਗਿਆ ਹੈ।

ਮਸਕ ਨੇ ਹਾਲ ਹੀ ਵਿੱਚ ਆਈਐਮਜੀ ਮਾਡਲਜ਼ ਨਾਲ ਕਰਾਰ ਕੀਤਾ ਹੈ ਜਿਸ ਨਾਲ ਕਈ ਉਘੇ ਮਾਡਲ ਜੁੜੇ ਹੋਏ ਹਨ।

ਉਹ ਨਿਊ ਯਾਰਕ, ਐਲੇ ਕੈਨੇਡਾ ਤੇ ਵੋਏਜ ਕੋਰੀਆ ਮੈਗਜ਼ੀਨਾਂ ਦੇ ਕਵਰ ਪੇਜ 'ਤੇ ਵੀ ਨਜ਼ਰ ਆਈ ਹੈ।

ਉਸ ਨੇ ਇੱਕ ਅਮਰੀਕੀ ਕੌਸਮੈਟਿਕ ਕੰਪਨੀ 'ਕਵਰ ਗਰਲ' ਦੀ ਸਭ ਤੋਂ ਉਮਰ ਦਰਾਜ਼ ਬ੍ਰਾਂਡ ਅੰਬੈਸਡਰ ਵਜੋਂ ਵੀ ਕੰਮ ਕੀਤਾ ਹੈ।

ਦਸ ਬੱਚਿਆਂ ਦੀ ਦਾਦੀ ਦਾ ਕਹਿਣਾ ਹੈ ਕਿ ਕੁਦਰਤੀ ਰੂਪ ਵਿੱਚ ਸਫ਼ੈਦ ਹੁੰਦੇ ਉਸਦੇ ਵਾਲਾਂ ਨੇ ਉਸ ਦੇ ਕੰਮ ਵਿੱਚ ਮਦਦ ਕੀਤੀ ਹੈ। ਇੱਕ ਸਫ਼ਲ ਮਾਡਲ ਹੋਣਾ ਚੁਣੌਤੀਪੂਰਨ ਕੰਮ ਹੈ।

"ਮੈਨੂੰ ਆਪਣੇ ਖਾਣ-ਪੀਣ ਦੀ ਰੋਜ਼ਾਨਾ ਯੋਜਨਾ ਬਣਾਉਣੀ ਪੈਂਦੀ ਹੈ ਨਹੀਂ ਤਾਂ ਭਾਰ ਵਧ ਜਾਵੇਗਾ।"

ਉਸ ਕੋਲ ਨਿਊਟਰੀਸ਼ਨ ਵਿੱਚ ਦੋ ਮਾਸਟਰ ਡਿਗਰੀਆਂ ਹਨ। ਉਹਨਾਂ ਅੱਗੇ ਦੱਸਿਆ, "ਫੇਰ ਦੋ ਹਫ਼ਤੇ ਉਸਨੂੰ ਘਟਾਉਣ ਵਿੱਚ ਲੱਗਣਗੇ। ਮੈਂ ਬਹੁਤੀ ਪਤਲੀ ਨਹੀਂ ਹਾਂ।"

ਡੈਬਰਾ ਬਿਊਰੇਨ ਜੋ "ਆਲ ਵਾਕ ਬਿਓਂਡ ਦ ਕੈਟਵਾਕ" ਦੇ ਨਿਰਦੇਸ਼ਕ ਮੁਤਾਬਕ ਉਮਰ ਦਰਾਜ਼ ਮਾਡਲਾਂ ਦੀ ਕਾਮਯਾਬੀ ਦਾ ਇੱਕ ਕਾਰਨ ਸੋਸ਼ਲ ਮੀਡੀਆ ਹੈ।

ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਇੰਸਟਾਗ੍ਰਾਮ ਦੇ ਵਿਕਾਸ ਕਾਰਨ ਸਾਡੇ ਕੋਲ ਅਜਿਹੀਆਂ ਕਈ ਮਿਸਾਲਾਂ ਹਨ ਕਿ ਮਾਡਲਾਂ ਨੇ ਆਪਣੇ ਪ੍ਰੰਸਸਕ ਆਪ ਹੀ ਤਿਆਰ ਕਰ ਲਏ।

ਮਸਕ ਨਾਲ ਵੀ ਅਜਿਹਾ ਹੀ ਹੋਇਆ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਤਸਵੀਰਾਂ ਪਾਉਂਦੀ ਰਹਿੰਦੀ ਹੈ ਤੇ ਉਸਦੇ 90,000 ਫਾਲੋਅਰ ਹਨ।

ਅਧੇੜ ਉਮਰ ਹੋਣ ਕਰਕੇ ਮੁਕਾਬਲਾ ਘਟ ਜਾਂਦਾ ਹੈ ਤੇ ਨੌਕਰੀਆਂ ਵੀ। ਇਸ ਲਈ ਜੇ ਤੁਸੀਂ ਕੰਮ ਕਰਦੇ ਰਹੋ ਅਤੇ ਪੋਸਟ ਕਰਦੇ ਰਹੋ ਤਾਂ ਹੀ ਤੁਹਾਡੇ ਕਦਰਦਾਨ ਬਣਦੇ ਹਨ।

"ਇਸ ਤੋਂ ਇਲਾਵਾ ਤੁਹਾਨੂੰ ਇੰਸਟਾਗ੍ਰਾਮ 'ਤੇ ਪਾਈਆਂ ਫੋਟੋਆਂ ਕਰਕੇ ਸਿੱਧਾ ਹੀ ਕੰਮ ਮਿਲ ਜਾਂਦਾ ਹੈ ਤੇ ਕਾਸਟਿੰਗ 'ਚ ਸ਼ਾਮਲ ਨਹੀਂ ਹੋਣਾ ਪੈਂਦਾ।"

ਪਸੀਨਾ ਤੇ ਅੱਥਰੂ

ਰਿਬੈਕਾ ਵੈਲੇਨਟਾਈਨ ਗ੍ਰੇਅ ਮਾਡਲ ਏਜੰਸੀ ਦੇ ਮੋਢੀ ਹਨ ਜੋ 35 ਸਾਲ ਤੋਂ ਵੱਡੀ ਉਮਰ ਦੇ ਮਾਡਲਾਂ ਨੂੰ ਕੰਮ ਦਿੰਦੀ ਹੈ।

ਉਹ ਦੱਸਦੇ ਹਨ, ਮੈਨੂੰ ਲਗਦਾ ਹੈ ਕਿ ਕਈ ਡਿਜ਼ਾਈਨਰਾਂ ਦਾ ਮੰਨਣਾ ਹੈ ਕਿ ਚਿੱਟਿਆਂ ਵਾਲਾਂ ਵਾਲੇ ਮਾਡਲਾਂ ਪ੍ਰਤੀ ਮੌਜੂਦਾ ਹਾਲਾਤ ਸਿਰਫ ਰੁਝਾਨ ਹੈ ਜੋ ਅਗਲੇ ਸਾਲ ਤੱਕ ਖਤਮ ਹੋ ਜਾਵੇਗਾ। ਫੇਰ ਉਹੀ ਪੁਰਾਣੀਆਂ ਲੰਮੀਆਂ ਪਤਲੀਆਂ ਨੌਜਵਾਨ ਮਾਡਲਾਂ ਵਾਪਸ ਆ ਜਾਣਗੀਆਂ।

ਵੈਲੇਨਟਾਈਨ ਮੁਤਾਬਕ ਇਹ ਸਭ ਬਾਜ਼ਾਰ ਦੇ ਦਬਾਅ ਕਾਰਨ ਵੀ ਹੋ ਰਿਹਾ ਹੈ ਕਿਉਂਕਿ ਉਮਰ ਦਰਾਜ਼ ਲੋਕ ਘਰ ਨਹੀਂ ਬੈਠਣਾ ਚਾਹੁੰਦੇ।

ਉਹਨਾਂ ਦਾ ਮੰਨਣਾ ਹੈ, "ਫੈਸ਼ਨ ਉਦਯੋਗ ਰੁਝਾਨ ਨਾਲ ਤੁਰ ਰਿਹਾ ਹੈ ਪਰ ਇਹ ਸਾਰੀ ਪ੍ਰਕਿਰਿਆ ਬਹੁਤ ਚੁਣੌਤੀਪੂਰਨ ਹੈ।"

ਉਮਰ ਦਰਾਜ਼ ਮਾਡਲ ਦੇਖ ਸਕਦੇ ਹਨ ਕਿ ਇਹ ਇੱਕ ਮੁਸ਼ਕਿਲ ਸਫ਼ਰ ਹੈ ਜਿਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ, ਪੱਖਪਾਤ ਹਨ ਜਿਨ੍ਹਾਂ ਖਿਲਾਫ਼ ਲੜਾਈ ਲੜੀ ਜਾਣੀ ਹੈ।

ਕੀ ਖ਼ੂਬਸੂਰਤੀ ਅਤੇ ਜਵਾਨੀ ਬਰਾਬਰ ਹਨ?

ਉਦਯੋਗ ਦੇ ਮਾਹਿਰ ਇਹ ਮੰਨਦੇ ਹਨ ਕਿ ਫੈਸ਼ਨ ਵਿੱਚ ਉਮਰ ਦਰਾਜ਼ ਮਾਡਲ ਵਧ ਰਹੇ ਹਨ।

ਵਿਨਸੈਂਟ ਪੀਟਰ ਜੋ ਪੈਰਿਸ ਦੀ ਸਾਈਲੈਂਟ ਮਾਡਲਿੰਗ ਏਜੰਸੀ ਦੇ ਸਹਿਸੰਸਥਾਪਕ ਹਨ ਦਾ ਕਹਿਣਾ ਹੈ, "ਉਮਰ ਦਰਾਜ਼ ਔਰਤਾਂ ਵਧਦੀ ਉਮਰ ਰੋਕਣ ਵਾਲੀਆਂ ਕ੍ਰੀਮਾਂ ਦੀਆਂ ਮਸ਼ਹੂਰੀਆਂ ਵਿੱਚ ਤਾਂ ਦਿਖ ਸਕਦੀਆਂ ਹਨ ਪਰ ਫੈਸ਼ਨ ਦੇ ਵੱਡੇ ਕੰਮ ਉਨ੍ਹਾਂ ਨੂੰ ਨਹੀਂ ਮਿਲਣ ਵਾਲੇ।"

"ਕਦੇ ਕਦਾਈਂ ਉਹ ਕੈਟਵਾਕ ਕਰਦੀਆਂ ਦਿਸ ਜਾਂਦੀਆਂ ਹਨ ਪਰ ਇਹ ਕੋਈ ਟਰੈਂਡ ਨਹੀਂ ਹੈ।"

ਇਸ ਸਭ ਦੇ ਦਰਮਿਆਨ ਮੈਅ ਮਸਕ ਨੂੰ ਉਮੀਦ ਹੈ ਕਿ ਉਹ ਆਪਣੇ ਸੱਤਰਵਿਆਂ ਵਿੱਚ ਵੀ ਕੰਮ ਕਰਨਗੇ ਤੇ ਉਸ ਤੋਂ ਮਗਰੋਂ ਵੀ ਕਰਦੇ ਰਹਿਣਗੇ।

"ਨੌਜਵਾਨ ਮਾਡਲਾਂ ਨੂੰ ਮੈਨੂੰ ਦੇਖ ਕੇ ਪ੍ਰੇਰਨਾ ਮਿਲਦੀ ਹੈ ਤੇ ਉਹਨਾਂ ਨੂੰ ਭਵਿੱਖ ਬਾਰੇ ਉਮੀਦ ਜਾਗਦੀ ਹੈ। ਮੇਰਾ ਹੈਸ਼ਟੈਗ ਹੈ, #justgettingstarted."

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)