ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਡੌਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਪਹਿਲੀ ਵਾਰ 'ਸਟੇਟ ਆਫ ਦਿ ਯੂਨੀਅਨ' ਨੂੰ ਸੰਬੋਧਨ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਰੁਜ਼ਗਾਰ, ਅਰਥਚਾਰੇ, ਇਮੀਗ੍ਰੇਸ਼ਨ, ਅੱਤਵਾਦ ਅਤੇ ਕੌਮੀ ਸੁਰੱਖਿਆ ਸਣੇ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ।

'ਸਟੇਟ ਆਫ ਦਿ ਯੂਨੀਅਨ ਸਪੀਚ' ਕਿਹਾ ਜਾਣਾ ਵਾਲਾ ਇਹ ਭਾਸ਼ਣ ਹਾਊਸ ਆਫ ਰਿਪ੍ਰੈਜ਼ੈਂਟੇਟਿਵ 'ਚ ਹੁੰਦਾ ਹੈ। ਉਸ ਦੌਰਾਨ ਕਾਂਗਰਸ ਦੇ ਦੋਵਾਂ ਸਦਨਾਂ ਦੇ ਮੈਂਬਰ ਮੌਜੂਦ ਸਨ।

ਅਮਰੀਕੀ ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ 'ਤੇ ਦੇਸ ਨੂੰ ਸੰਬੋਧਨ ਕੀਤਾ।

9 ਗੱਲਾਂ ਜੋ ਟਰੰਪ ਨੇ ਕਹੀਆਂ...

  • ਪਿਛਲੇ 12 ਮਹੀਨਿਆਂ ਦੌਰਾਨ ਅਸੀਂ ਬੇਹੱਦ ਵਿਕਾਸ ਕੀਤਾ ਅਤੇ ਅਸਾਧਾਰਣ ਸਫਲਤਾ ਹਾਸਿਲ ਕੀਤੀ ਹੈ। ਚੋਣਾਂ ਤੋਂ ਬਾਅਦ ਹੁਣ ਤੱਕ 24 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ। ਇਨ੍ਹਾਂ ਵਿੱਚ 2 ਲੱਖ ਨਵੀਆਂ ਨੌਕਰੀਆਂ ਨਿਰਮਾਣ ਖੇਤਰ 'ਚ ਦਿੱਤੀਆਂ ਗਈਆਂ ਹਨ। ਕਈ ਸਾਲਾਂ ਤੋਂ ਤਨਖਾਹ ਨਾ ਵਧਣ ਤੋਂ ਬਾਅਦ ਅਸੀਂ ਹੁਣ ਇਸ ਵਿੱਚ ਵਾਧਾ ਦੇਖ ਰਹੇ ਹਾਂ।
  • ਛੋਟੇ ਉਦਯੋਗਾਂ ਵਿੱਚ ਆਤਮਵਿਸ਼ਵਾ ਆਪਣੇ ਉਪਰਲੇ ਪੱਧਰ 'ਤੇ ਹੈ। ਸਟਾਕ ਮਾਰਕੀਟ ਲਗਾਤਰ ਰਿਕਾਰਡਤੋੜ ਰਹੀ ਹੈ। ਅਸੀਂ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਟੈਕਸ ਕਟੌਤੀ ਕੀਤੀ ਹੈ ਅਤੇ ਟੈਕਸ 'ਚ ਸੁਧਾਰ ਕੀਤੇ ਹਨ। ਜਦੋਂ ਤੋਂ ਅਸੀਂ ਟੈਕਸ ਵਿੱਚ ਕਟੌਤੀ ਕੀਤੀ ਹੈ, ਉਦੋਂ ਤੋਂ ਕਰੀਬ 30 ਲੱਖ ਲੋਕਾਂ ਨੂੰ ਟੈਕਸ ਕੱਟ ਕੇ ਬੋਨਸ ਮਿਲ ਚੁੱਕਿਆ ਹੈ।
  • ਅਫਰੀਕੀ-ਅਮਰੀਕੀ ਬੇਰੁਜ਼ਗਾਰੀ ਆਪਣੇ ਹੇਠਲੇ ਪੱਧਰ 'ਤੇ ਹੈ ਜਦਕਿ ਹਿਸਪੈਨਿਕ ਅਮਰੀਕੀ ਲੋਕਾਂ ਲਈ ਬੇਰੁਜ਼ਗਾਰੀ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ।
  • ਪਿਛਲੇ ਸਾਲ ਕਾਂਗਰਸ ਨੇ ਵੀਏ ਜਵਾਬਦੇਹੀ ਕਾਨੂੰਨ ਪਾਸ ਕੀਤਾ ਸੀ। ਮੇਰੇ ਕਾਰਜਕਾਲ ਦੌਰਾਨ ਹੁਣ ਤੱਕ 1500 ਕਰਮੀਆਂ ਨੂੰ ਆਪਣੇ ਕੰਮ ਵਿੱਚ ਬੇਨੇਮੀਆਂ ਵਰਤਣ ਕਾਰਨ ਹਟਾ ਦਿੱਤਾ ਗਿਆ ਹੈ। ਅਸੀਂ ਇਸ ਕੰਮ ਲਈ ਚੰਗੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਰੱਖਾਂਗੇ।
  • ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਸ਼ਾਸਨ ਦੀ ਤੁਲਨਾ 'ਚ ਅਸੀਂ ਸਾਡੇ ਪਹਿਲੇ ਸਾਲ ਵਿੱਚ ਕਿਤੇ ਵੱਧ ਨਿਯਮਾਂ ਨੂੰ ਸਥਾਪਿਤ ਕੀਤਾ ਹੈ।
  • ਅਸੀਂ ਊਰਜਾ ਲਈ ਸੰਘਰਸ਼ ਖ਼ਤਮ ਕੀਤਾ ਹੈ ਅਤੇ ਹੁਣ ਅਸੀਂ ਦੁਨੀਆਂ ਨੂੰ ਊਰਜਾ ਵੇਚ ਰਹੇ ਹਾਂ। ਕਈ ਕਾਰ ਕੰਪਨੀਆਂ ਹੁਣ ਅਮਰੀਕਾ 'ਚ ਆਪਣੇ ਪਲਾਂਟ ਸਥਾਪਿਤ ਅਤੇ ਉਨ੍ਹਾਂ ਦਾ ਵਿਸਥਾਰ ਕਰ ਰਹੀਆਂ ਹਨ। ਜੋ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਨਹੀਂ ਦੇਖਿਆ ਸੀ।
  • ਅੱਤਵਾਦੀ ਕੇਵਲ ਮੁਲਜ਼ਮ ਨਹੀਂ ਬਲਕਿ ਗ਼ੈਰ-ਕਾਨੂੰਨੀ ਦੁਸ਼ਮਣ ਜੰਗਜੂ ਹਨ ਅਤੇ ਜਦੋਂ ਉਹ ਵਿਦੇਸ਼ਾਂ ਵਿੱਚ ਫੜੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਅੱਤਵਾਦੀਆਂ ਵਾਂਗ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਅਸੀਂ ਪਹਿਲਾਂ ਕਈ ਅੱਤਵਾਦੀ ਮੂਰਖਤਾਈ ਕਰਦਿਆਂ ਰਿਹਾਅ ਕਰ ਦਿੱਤੇ।
  • ਮੈਂ ਹੁਣੇ ਸਕੱਤਰ ਮੈਟਿਸ ਨੂੰ ਫੌਜ ਦੇ ਗਵਾਂਤਨਾਮੋ ਖਾੜੀ ਵਾਲੇ ਡਿਟੈਂਸ਼ਨ ਸੈਂਟਰ ਨੂੰ ਦੁਬਾਰਾ ਖੋਲ੍ਹਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਓਬਾਮਾ ਨੇ ਇਸ ਡਿਟੈਂਸ਼ਨ ਸੈਂਟਰ ਨੂੰ ਬੰਦ ਕਰ ਦਿੱਤਾ ਸੀ।
  • ਕੁਸ਼ਲਤਾ, ਕਾਬਲੀਅਤ ਜਾਂ ਲੋਕਾਂ ਦੀ ਸੁਰੱਖਿਆ ਦੀ ਪਰਖ ਤੋਂ ਬਿਨਾਂ ਗ੍ਰੀਨ ਕਾਰਡ ਦਿੱਤੇ ਜਾਣ ਵਾਲੀ ਵੀਜ਼ਾ ਲਾਟਰੀ ਸਿਸਟਮ ਨੂੰ ਖ਼ਤਮ ਕਰਨ ਦੀ ਪਰਵਾਸੀ ਯੋਜਨਾ ਹੈ। ਇਹ ਮੈਰਿਟ ਦੇ ਆਧਾਰ 'ਤੇ ਇਮੀਗ੍ਰੇਸ਼ਨ ਪ੍ਰਣਾਲੀ ਵੱਲ ਵਧਣ ਦਾ ਵੇਲਾ ਹੈ, ਜੋ ਉਨ੍ਹਾਂ ਲੋਕਾਂ ਨੂੰ ਸਵੀਕਾਰਦਾ ਹੈ ਜੋ ਕੁਸ਼ਲ ਹਨ, ਕੰਮ ਕਰਨਾ ਚਾਹੁੰਦੇ ਹਨ, ਜੋ ਸਾਡੇ ਸਮਾਜ ਵਿੱਚ ਯੋਗਦਾਨ ਪਾਉਣਗੇ ਅਤੇ ਸਾਡੇ ਦੇਸ ਦਾ ਸਨਮਾਨ ਤੇ ਇਸ ਨਾਲ ਪਿਆਰ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)