ਸੋਸ਼ਲ: ਟਾਇਟਲਰ ਉੱਤੇ ਸੁਖਬੀਰ ਤੇ ਕੈਪਟਨ ਦੀਆਂ ਟਿੱਪਣੀਆਂ ਬਾਬਤ ਕੀ ਕਹਿਦੇ ਨੇ ਲੋਕ

ਜਗਦੀਸ਼ ਟਾਈਟਲਰ ਨੇ ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਦਿੱਲੀ ਦੇ ਕਈ ਇਲਾਕਿਆਂ ਵਿੱਚ ਗਏ ਸਨ।

ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਟਿੱਪਣੀ ਕੀਤੀ ਕਿ ਤਤਕਾਲੀ ਪ੍ਰਧਾਨ ਮੰਤਰੀ ਤਾਂ ਖ਼ੁਦ ਸਿੱਖ ਵਿਰੋਧੀ ਕਤਲੇਆਮ ਦੀ ਨਜ਼ਰਸਾਨੀ ਕਰ ਰਹੇ ਸਨ। ਇਸ ਬਿਆਨ ਉੱਤੇ ਉਨ੍ਹਾਂ ਸੀਬੀਆਈ ਨੂੰ ਸਖ਼ਤ ਨੋਟਿਸ ਲੈਣ ਅਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੇ ਰੋਲ ਦੀ ਜਾਂਚ ਕਰਨ ਦੀ ਮੰਗ ਕੀਤੀ।

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦਦੀਸ਼ ਟਾਇਟਲਰ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਸਭ ਸੱਚ ਨਹੀਂ ਹੈ।

ਟਾਈਮਜ਼ ਆਫ਼ ਇੰਡੀਆ ਨੇ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਜੋ ਗੂਗਲ 'ਤੇ ਟਰੈਂਡ ਕਰ ਰਹੀ ਹੈ।

ਇਸ ਖ਼ਬਰ 'ਤੇ ਲੋਕਾਂ ਨੇ ਬਹੁਤ ਸਾਰੀਆਂ ਦਿਲਚਸਪ ਟਿੱਪਣੀਆਂ ਕੀਤੀਆ ਹਨ। ਉਨ੍ਹਾਂ ਟਿੱਪਣੀਆਂ ਵਿੱਚੋਂ ਕੁੱਝ ਅਸੀਂ ਇੱਥੇ ਪੇਸ਼ ਕਰ ਰਹੇ ਹਾਂ:

ਪ੍ਰਕਾਸ਼ ਨਾਮ ਵਰਤਣ ਵਾਲੇ ਨੇ ਲਿਖਿਆ ਕਿ ਅਮਰਿੰਦਰ ਤਾਂ ਇਹ ਸਭ ਨੂੰ ਨਕਾਰਨਗੇ ਹੀ, ਉਹ ਭਲਾ ਕਿਉਂ ਨਹੀਂ ਨਕਾਰਨਗੇ? ਪਰ ਸੁਖਬੀਰ ਬਾਦਲ ਹੁਣ ਕਿਉਂ ਬੋਲ ਰਹੇ ਹਨ? ਦਸ ਸਾਲ ਸਰਕਾਰ ਵਿੱਚ ਰਹਿੰਦਿਆਂ ਉਨ੍ਹਾਂ ਨੇ ਇਸ ਦੀ ਜਾਂਚ ਕਿਉਂ ਨਹੀਂ ਕਰਵਾਈ ਜਾਂ ਉਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਪਰ ਮਨਮੋਹਨ ਸਰਕਾਰ ਨੇ ਨਹੀਂ ਹੋਣ ਦਿੱਤੀ?

ਪਿਅੰਕੀ ਬੈਨਰਜੀ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਿੱਖਾਂ ਨਾਲ ਵਾਪਰੀਆਂ 1984 ਦੀਆਂ ਮੰਦਭਾਗੀਆਂ ਘਟਨਾਵਾਂ ਨਾਲ ਸਮਝੌਤਾ ਕਰ ਕੇ ਅੱਗੇ ਵਧ ਰਹੇ ਹਨ ਪਰ ਮੈਨੂੰ ਇਹ ਗੱਲ ਤਕਲੀਫ਼ ਦਿੰਦੀ ਹੈ ਕਿ ਸੁਖਬੀਰ ਵਰਗੇ ਆਗੂ ਸਿਆਸੀ ਲਾਭ ਲਈ ਧਾਰਮਿਕ ਭਾਵਨਾਵਾਂ ਭੜਕਾਉਂਦੇ ਹਨ ਤੇ ਅਮਰਿੰਦਰ ਵਰਗੇ ਅਜਿਹੇ ਬਿਆਨਾਂ ਨੂੰ ਨਕਾਰ ਦਿੰਦੇ ਹਨ।

ਅਸੀਂ ਇੱਕ ਵਾਰ ਸਹਿਮਤ ਕਿਉਂ ਨਹੀਂ ਹੋ ਜਾਂਦੇ ਕਿ ਇਹ ਦੰਗੇ ਕਾਂਗਰਸ ਨੇ ਕਰਵਾਏ ਇਸ ਦੇ ਆਗੂਆਂ ਨੇ ਇਨ੍ਹਾਂ ਦੀ ਨਿਗਰਾਨੀ ਕੀਤੀ। ਹੁਣ, ਇਸ ਗੱਲ ਨਾਲ ਕੀ ਫ਼ਰਕ ਪੈਂਦਾ ਕਿ ਰਾਜੀਵ ਗਾਂਧੀ ਉੱਤਰੀ ਕਿ ਦੱਖਣੀ ਦਿੱਲੀ ਵਿੱਚ ਘੁੰਮ ਕੇ ਇਹ ਕੰਮ ਕਰਵਾਇਆ ਜਾਂ ਘਰ ਬੈਠ ਕੇ ਅਪਡੇਟ ਲਈ।

ਕੇ ਨਾਮ ਦੇ ਵਾਲੇ ਇੱਕ ਸ਼ਖਸ਼ ਨੇ ਲਿਖਿਆ ਕਿ ਇਸ ਗੱਲ ਦੀ ਸੀਬੀਆਈ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਬਾਦਲਾਂ ਦੀ ਪੰਜਾਬ ਨੂੰ ਨਸ਼ੇੜੀ ਸੂਬਾ ਬਣਾਉਣ ਵਿੱਚ ਕੀ ਭੂਮਿਕਾ ਹੈ ... ਕੋਲ ਐਨਾ ਪੈਸਾ, ਵਪਾਰ ਕਿੱਥੋਂ ਆਇਆ ਤੇ ਪੰਜਾਬ ਵਿੱਚ ਜੁਰਮ ਨੂੰ ਉਤਸ਼ਾਹਿਤ ਕਿਵੇਂ ਕੀਤਾ।

ਬਰਿਜ ਵਾਈ ਨੇ ਲਿਖਿਆ ਕਿ ਇੱਕ ਦਹਾਕੇ ਤੱਕ ਗੁਜਰਾਤ ਦੰਗੇ ਵਰਤੇ। ਉਸੇ ਤਰ੍ਹਾਂ ਐਨਡੀਏ 1984 ਨੂੰ ਮਰਨ ਦੇਵੇਗਾ ਤੇ ਐਮਰਜੈਂਸੀ ਦਾ ਸਮਾਂ ਯਾਦ ਕਰਵਾਉਂਦਾ ਰਹੇਗਾ। ਇਹ ਤਾਂ ਪ੍ਰਤੱਖ ਹੈ ਕਿ 1984 ਕਿਤੇ ਵੱਡਾ ਸੀ ਤੇ ਦੇਸ ਵਿਆਪੀ ਕਤਲੇਆਮ ਸੀ।

ਅਭਿਸ਼ੇਕ ਨੇ ਲਿਖਿਆ ਕਿ ਕੀ ਸੁਖਬੀਰ ਨੂੰ ਸ਼ਰਮ ਨਹੀਂ ਆਉਂਦੀ? ਇੱਕ ਸਿੱਖ ਨੇ ਉਸੇ ਦੀ ਜਾਨ ਲਈ ਜਿਸ ਦੀ ਰਾਖੀ ਲਈ ਉਹ ਜ਼ਿੰਮੇਵਾਰ ਸੀ। ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਆਪਣੇ ਦਸਤੇ ਵਿੱਚੋਂ ਸਿੱਖ ਹਟਾ ਦੇਵੇ ਪਰ ਉਨ੍ਹਾਂ ਨੂੰ ਭਰੋਸਾ ਸੀ ਕਿ ਕੋਈ ਸਿੱਖ ਉਸ ਵਿਅਕਤੀ ਦੀ ਜਾਨ ਬਚਾਉਣ ਲਈ ਆਪਣੀ ਜਾਨ ਵੀ ਵਾਰ ਦੇਵੇਗਾ।

ਅਸ਼ੋਕ ਮਹਿਤਾ ਨੇ ਕਿਹਾ ਕਿ ਕੋਈ ਖ਼ਾਲਿਸਤਾਨ ਲਹਿਰ ਦੌਰਾਨ ਮਾਰੇ ਗਏ ਬੇਕਸੂਰ ਹਿੰਦੂਆਂ ਦੀ ਗੱਲ ਕਿਉਂ ਨਹੀਂ ਕਰਦਾ।

ਸਤੀਸ਼ ਸ਼ਰਮਾ ਨੇ ਲਿਖਿਆ ਕਿ 1984 ਦੇ ਹਿੰਦੂ-ਸਿੱਖ ਦੰਗੇ ਪਾਕਿਸਤਾਨ ਦੇ ਸਹਿਯੋਗ ਨਾਲ ਪੰਜਾਬ ਵਿੱਚ ਖਾਲਿਸਤਾਨੀ ਅੱਤਵਾਦ ਜੋ ਇੰਦਰਾ ਗਾਂਧੀ ਨੂੰ ਮਾਰ ਕੇ ਭਾਰਤ ਨੂੰ ਵੰਡਣ ਤੇ 1971 ਦੀ ਬੰਗਲਾਦੇਸ਼ ਲੜਾਈ ਦੀ ਹਾਰ ਦਾ ਬਦਲਾ ਲੈਣ ਦੀ ਨੀਤੀ ਦਾ ਨਤੀਜਾ ਸਨ। ਇਹ ਪਾਕਿਸਤਾਨ ਦੀ ਭਾਰਤ ਨੂੰ ਅਸਥਿਰ ਕਰਨ ਦੀ ਯੋਜਨਾ ਸੀ।

ਸ਼ਿਵ ਮਿਸ਼ਰਾ ਨੇ ਲਿਖਿਆ ਕਿ ਜਦੋਂ ਦੰਗੇ ਹੋ ਰਹੇ ਸਨ ਉਸ ਸਮੇਂ ਬਾਦਲ ਕਿੱਥੇ ਸੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)