ਪੱਤਰਕਾਰ ਰਚਨਾ ਖਹਿਰਾ 'ਤੇ ਕੇਸ ਦਰਜ ਕਰਨ ਦਾ ਸੁਖਬੀਰ ਬਾਦਲ ਨੇ ਵੀ ਕੀਤਾ ਵਿਰੋਧ

ਕੇਂਦਰ ਸੱਤਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਆਧਾਰ ਜਾਣਕਾਰੀ ਲੀਕੇਜ਼ ਖੁਲਾਸੇ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ।

ਪੰਜਾਬ ਦੇ ਸਾਬਕਾ ਉੱਪ-ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਧਾਰ ਖੁਲਾਸਾ ਕਰਨ ਵਾਲੀ ਪੱਤਰਕਾਰ ਰਚਨਾ ਖਹਿਰਾ ਉੱਤੇ ਕੇਸ ਦਰਜ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ,ਜਿਸ ਨਾਲ ਇਹ ਪ੍ਰਭਾਵ ਖਤਮ ਹੋਵੇ ਕਿ ਪ੍ਰੈਸ ਦੀ ਅਜ਼ਾਦੀ ਨਾਲ ਕੋਈ ਸਮਝੌਤਾ ਕੀਤਾ ਗਿਆ ਹੈ।

ਸੁਖਬੀਰ ਬਾਦਲ ਲਿਖਦੇ ਹਨ, " ਆਧਾਰ ਸੁਰੱਖਿਆਂ ਵਿੱਚ ਸੰਨ੍ਹ ਲੱਗਣ ਦੇ ਮਾਮਲਿਆਂ ਨੂੰ ਸਾਹਮਣੇ ਲਿਆਉਣ ਵਾਲੇ ਕਿਸੇ ਵੀ ਪੱਤਰਕਾਰ ਖ਼ਿਲਾਫ਼ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਹੈ"।

ਇਸ ਤੋਂ ਪਹਿਲਾਂ ਅਮਰੀਕਾ ਵਿੱਚ ਕਈ ਘਟਨਾਵਾਂ ਨੂੰ ਉਜਾਗਰ ਕਰਨ ਵਾਲੇ ਐਡਵਰਡ ਜੋਸਫ ਸਨੋਡਨ ਵੀ ਆਧਾਰ ਕਾਰਡ ਦੀ ਜਾਣਕਾਰੀ ਲੀਕ ਹੋਣ ਦਾ ਖੁਲਾਸਾ ਕਰਨ ਵਾਲੀ ਪੱਤਰਕਾਰ ਰਚਨਾ ਖਹਿਰਾ ਦੇ ਹੱਕ ਵਿੱਚ ਆਏ ਹਨ।

ਵਿਸਲਬਲੋਅਰ ਐਡਵਰਡ ਸਨੋਡਨ ਨੇ ਟਵੀਟ ਕਰਕੇ ਰਚਨਾ ਖਹਿਰਾ ਦੀ ਤਾਰੀਫ਼ ਕੀਤੀ।

ਉਨ੍ਹਾਂ ਲਿਖਿਆ ਕਿ ਆਧਾਰ ਕਾਰਡ ਬਾਰੇ ਖੁਲਾਸਾ ਕਰਨ ਵਾਲੀ ਪੱਤਰਕਾਰ ਸਨਮਾਨ ਦੀ ਹੱਕਦਾਰ ਹੈ ਨਾਕਿ ਜਾਂਚ ਦੀ।

ਬੀਤੇ ਦਿਨੀਂ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਵੀ ਇਸ ਮੁੱਦੇ 'ਤੇ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਐੱਫਆਈਆਰ ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੀ ਗਈ ਹੈ।

ਉਹਾਂ ਅੱਗੇ ਲਿਖਿਆ, ''ਮੈਂ ਅਥਾਰਟੀ ਨੂੰ ਸਲਾਹ ਦਿੱਤੀ ਹੈ ਕਿ ਪੁਲਿਸ ਜਾਂਚ ਵਿੱਚ ਟ੍ਰਿਬਿਊਨ ਤੇ ਉਸਦੇ ਪੱਤਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਅਪੀਲ ਕੀਤੀ ਜਾਵੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)