ਪੰਜਾਬੀ ਗਾਇਕੀ ਦੇ ਗੈਂਗਸਟਰਾਂ ਨਾਲ 'ਕੂਨੈਕਸ਼ਨ' ਨੂੰ ਤੋੜਨ ਲਈ ਮੋਰਚਾ

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਬੀਬੀਸੀ ਪੰਜਾਬੀ ਲਈ

ਵਿੱਕੀ ਗੌਂਡਰ ਦੇ ਪੁਲਿਸ 'ਮੁਕਾਬਲੇ' ਵਿੱਚ ਮਾਰੇ ਜਾਣ ਤੋਂ ਬਾਅਦ ਗੈਂਗਸਟਰਾਂ ਸਬੰਧੀ ਬਹਿਸ ਭਖ ਗਈ ਹੈ। ਕੁਝ ਸਵਾਲ ਹਨ ਜੋ ਸਿਆਸੀ ਗਲਿਆਰਾਂ ਵਿੱਚ ਉੱਠਣ ਲੱਗੇ ਹਨ।

ਕੀ ਪੰਜਾਬੀ ਗਾਇਕੀ ਦਾ ਗੈਂਗਸਟਰ ਕੁਨੈਕਸ਼ਨ ਵੀ ਹੋ ਸਕਦਾ ਹੈ? ਪੰਜਾਬੀ ਗਾਇਕ ਤੇ ਗੀਤਕਾਰ ਗੈਂਗਸਟਰ ਪੈਦਾ ਕਰਦੇ ਹਨ? ਇਹ ਸਵਾਲ ਲੋਕ ਇਨਸਾਫ਼ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਮੀਡੀਆ ਰਾਹੀ ਚੁੱਕੇ ਹਨ।

ਲੋਕ ਇਨਸਾਫ਼ ਪਾਰਟੀ ਇਹ ਦੋਸ਼ ਲਾਉਣ ਤੱਕ ਹੀ ਨਹੀਂ ਰੁਕੀ ਸਗੋਂ ਉਸ ਨੇ 'ਗੁੰਡਾ ਗਾਇਕੀ' ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।

ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਗੈਂਗਸਟਰ ਉਭਾਰਨ ਵਾਲੇ ਪੰਜਾਬੀ ਗਾਇਕਾਂ ਖ਼ਿਲਾਫ਼ ਉਸੇ ਤਰਜ਼ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਕਾਨੂੰਨ ਵਿੱਚ ਫਿਰਕੂ ਫਾਸੀਵਾਦ ਦੰਗੇ ਭੜਕਾਉਣ 'ਤੇ ਹੁੰਦੀ ਹੈ।

ਇਸ ਮੰਗ ਨੂੰ ਲੈ ਕੇ ਉਹ ਪੁਲਿਸ ਕਮਿਸ਼ਨਰ ਤੋਂ ਡੀਜੀਪੀ ਤੱਕ ਨੂੰ ਮੰਗ ਪੱਤਰ ਸੌਂਪਣਗੇ। ਭੜਕਾਊ ਗਾਇਕੀ ਨੂੰ ਨੱਥ ਨਾ ਪੈਣ 'ਤੇ ਉਹ ਵਿਧਾਨ ਸਭਾ ਵਿੱਚ ਮੁੱਦਾ ਚੁੱਕਣ ਤੋਂ ਇਲਾਵਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਵੀ ਪਾਉਣਗੇ।

ਗੈਂਗਸਟਰਾਂ ਨੂੰ ਉਤਸ਼ਾਹਤ ਕਰਨ ਵਾਲੇ ਗਾਇਕਾਂ ਖ਼ਿਲਾਫ਼ ਕਾਰਵਾਈ ਦੀ ਮੰਗ

ਗੈਂਗਸਟਰਾਂ ਦੇ ਮੁੱਦੇ 'ਤੇ ਲੋਕ ਇਨਸਾਫ਼ ਪਾਰਟੀ ਨੇ ਪੰਜਾਬੀ ਗਾਇਕਾਂ ਤੇ ਗੀਤਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਖ਼ਿਲਾਫ਼ ਝੰਡਾ ਚੁੱਕਣ ਦਾ ਐਲਾਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਤਿੰਨ ਹਲਕਿਆਂ ਦੇ 'ਇੰਚਾਰਜ' ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਨੂੰ ਗਾਇਕਾਂ ਤੇ ਗੀਤਕਾਰਾਂ ਨੇ ਆਪਣੀ ਗਾਇਕੀ ਤੇ ਲਿਖਤਾਂ ਰਾਹੀਂ ਪਹਿਲਾਂ ਹਥਿਆਰਾਂ ਦੇ ਸ਼ੌਕੀਨ ਬਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ।

ਬਾਅਦ ਵਿੱਚ ਅਜਿਹੇ ਗਾਣੇ ਹੀ ਇਨ੍ਹਾਂ ਨੌਜਵਾਨਾਂ ਨੂੰ ਗੈਂਗਵਾਰ ਦੀਆਂ ਦੁਨੀਆਂ ਵਿੱਚ ਖਿੱਚ ਕੇ ਲੈ ਗਏ।

ਉਨ੍ਹਾਂ ਕਿਹਾ, ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਮੁਹਿੰਮ ਵਿੱਢੀ ਜਾਵੇਗੀ ਤਾਂ ਜੋ ਗੈਂਗਸਟਰ ਪੈਦਾ ਕਰਨ ਵਿੱਚ ਹਰੇਕ ਧਿਰ ਦੀ 'ਭੂਮਿਕਾ' ਉਜਾਗਰ ਕਰਨ ਲਈ ਜਾਂਚ ਹੋ ਸਕੇ।"

ਜਿਸ ਤਰ੍ਹਾਂ ਫਿਰਕੂ ਤਾਕਤਾਂ ਨੂੰ ਉਤਸ਼ਾਹਤ ਕਰਨ ਵਾਲੇ ਲੋਕਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੇ ਭੜਕਾਊ ਗਾਇਕਾਂ ਤੇ ਗੀਤਕਾਰਾਂ ਵਿਰੁੱਧ ਕੇਸ ਦਰਜ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਸੱਤਾ ਵਿੱਚ ਰਹੀਆਂ ਦੋਵੇਂ ਪ੍ਰਮੁੱਖ ਸਿਆਸੀ ਧਿਰਾਂ ਨੇ ਨੌਜਵਾਨਾਂ ਨੂੰ ਕੁਰਾਹੇ ਪਾ ਕੇ 'ਸੌੜੇ ਸਿਆਸੀ' ਹਿੱਤਾਂ ਲਈ ਵਰਤਿਆ ਹੈ।

ਹਾਕਮਾਂ ਨੇ ਬੇਰੁਜ਼ਗਾਰਾਂ ਨੂੰ ਸਬਜ਼ਬਾਗ ਦਿਖਾ ਕੇ ਚੋਣਾਂ ਵਿੱਚ 'ਹਥਿਆਰ' ਵਜੋਂ ਵਰਤਿਆ। ਬਾਅਦ ਵਿੱਚ ਸਮਾਂ ਅਜਿਹਾ ਆਇਆ ਕਿ ਇਹ ਨੌਜਵਾਨ ਕਈ ਸਿਆਸੀ ਆਗੂਆਂ ਤੇ ਪੁਲਿਸ 'ਤੇ ਵੀ ਭਾਰੂ ਪੈਣ ਲੱਗੇ। ਸਿਆਸੀ ਸਰਪ੍ਰਸਤੀ ਕਰਕੇ ਹੀ ਇਨ੍ਹਾਂ ਵਿੱਚੋਂ ਕਾਨੂੰਨ ਦਾ ਡਰ ਮੁੱਕ ਗਿਆ ਗਿਆ।

ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ

ਉਨ੍ਹਾਂ ਕੁਝ ਗਾਇਕਾਂ ਦਾ ਬਕਾਇਦਾ ਨਾਂ ਲੈ ਕੇ ਉਨ੍ਹਾਂ ਦੇ ਗਾਣਿਆਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਸੱਭਿਅਕ ਸਮਾਜ ਦੇ ਅਮਨ ਪਸੰਦ ਲੋਕ ਉਜੱਡ ਸੋਚ ਵਾਲੀ ਗਾਇਕੀ ਪ੍ਰਵਾਨ ਨਹੀਂ ਕਰ ਸਕਦੇ। ਨੌਜਵਾਨਾਂ ਦੇ ਗੈਂਗਸਟਰ ਬਣਨ ਪਿਛਲੇ ਕਾਰਨਾਂ ਦੀ ਪੜਚੋਲ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ।

ਇਸ ਲਈ ਉਨ੍ਹਾਂ ਜਿੱਥੇ ਰੁਜ਼ਗਾਰ ਦੇ ਘੱਟ ਰਹੇ ਸਾਧਨਾਂ ਨੂੰ ਜ਼ਿੰਮੇਵਾਰ ਦੱਸਿਆ, ਉਥੇ ਹੀ ਗਾਇਕਾਂ ਨੂੰ 'ਰੋਲ ਮਾਡਲ' ਮੰਨ ਰਹੀ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਕੁਰਾਹੇ ਪਾਉਣ ਲਈ ਇਸੇ ਭੜਕਾਊ ਗਾਇਕੀ ਤੇ ਗੀਤਕਾਰੀ ਨੂੰ ਵੱਡਾ ਦੋਸ਼ੀ ਕਰਾਰ ਦਿੱਤਾ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫ਼ਿਲਮਾਂ ਵਾਂਗ ਗਾਣਿਆਂ ਸਬੰਧੀ ਵੀ ਸੈਂਸਰ ਬੋਰਡ ਬਣਾਏ ਜੋ ਦੇਖ-ਪਰਖ ਕੇ ਗਾਣਾ ਜਾਰੀ ਕਰਨ ਸਬੰਧੀ ਸਰਟੀਫਿਕੇਟ ਦੇਵੇ। ਉਨ੍ਹਾਂ ਕਿਹਾ ਕਿ ਮਸਲਾ ਹੱਲ ਨਾ ਹੋਣ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਪਾਈ ਜਾਵੇਗੀ।

'ਸੱਭਿਆਚਾਰਕ ਨੀਤੀ ਬਣਾਉਣਾ ਭੁੱਲੀ ਸਰਕਾਰ'

ਲੋਕ ਇਨਸਾਫ਼ ਪਾਰਟੀ ਦਾ ਕਹਿਣਾ ਹੈ ਕਿ ਸੱਤਾ ਤਬਦੀਲੀ ਮਗਰੋਂ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣੀ ਤਾਂ ਹੋਰਨਾਂ ਐਲਾਨਾਂ ਦੇ ਨਾਲ ਸੱਭਿਆਚਾਰਕ ਨੀਤੀ ਬਣਾਉਣ ਦਾ ਵੀ ਐਲਾਨ ਹੋਇਆ।

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਹ ਐਲਾਨ ਕਰਦਿਆਂ ਭੜਕਾਊ ਤੇ ਲੱਚਰ ਗਾਇਕੀ ਦਾ ਜ਼ਿਕਰ ਵੀ ਕੀਤਾ ਪਰ ਅੱਜ ਇੱਕ ਸਾਲ ਹੋਣ ਨੂੰ ਆਇਆ ਹੈ, ਅਜਿਹੀ ਕੋਈ ਨੀਤੀ ਨਹੀਂ ਬਣੀ।

'ਵਿਧਾਨ ਸਭਾ ਵਿੱਚ ਗੂੰਜੇਗਾ ਮੁੱਦਾ'

ਆਜ਼ਾਦ ਤੌਰ 'ਤੇ ਦੂਜੀ ਵਾਰ ਜਿੱਤ ਕੇ ਲੋਕ ਇਨਸਾਫ਼ ਪਾਰਟੀ ਬਣਾਉਣ ਵਾਲੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ, "ਸਰਕਾਰ ਨੇ ਕਈ ਐਲਾਨ ਵਿਸਾਰ ਦਿੱਤੇ ਹਨ।

ਸੱਭਿਆਚਾਰ ਨੀਤੀ ਬਣਾ ਕੇ ਭੜਕਾਊ ਗਾਇਕੀ ਨੂੰ ਨੱਥ ਪਾਉਣਾ ਵੀ ਇਨ੍ਹਾਂ ਵਿੱਚੋਂ ਇੱਕ ਹੈ। ਜੇ ਸਰਕਾਰ ਇਨ੍ਹਾਂ ਵਾਅਦਿਆਂ ਤੋਂ ਭੱਜ ਰਹੀ ਹੈ ਤਾਂ ਉਹ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਹੋਏ ਸਰਕਾਰ ਨੂੰ ਇਸ ਮੁੱਦੇ 'ਤੇ ਘੇਰਨਗੇ ਤੇ ਗੈਂਸਗਟਰ ਪੈਦਾ ਕਰਨ ਨੂੰ ਉਤਸ਼ਾਹਤ ਕਰਨ ਵਾਲੀ ਗਾਇਕੀ ਦਾ ਮੁੱਦਾ ਵਿਧਾਨ ਸਭਾ ਵਿੱਚ ਗੂੰਜੇਗਾ।"

ਇਸਤਰੀ ਜਾਗ੍ਰਿਤੀ ਮੰਚ ਦੀ ਨਜ਼ਰ 'ਚ ਕੌਣ ਜ਼ਿੰਮੇਵਾਰ?

ਲੱਚਰ ਗਾਇਕੀ ਖ਼ਿਲਾਫ਼ ਮੁਹਿੰਮ ਚਲਾ ਚੁੱਕੇ ਇਸਤਰੀ ਜਾਗ੍ਰਿਤੀ ਮੰਚ ਦਾ ਮੰਨਣਾ ਹੈ ਕਿ ਗੈਂਗਸਟਰ ਪੈਦਾ ਕਰਨ ਵਿੱਚ ਭੜਕਾਊ ਗਾਇਕੀ ਅਤੇ ਸਿਆਸਤਦਾਨ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ।

ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਗੁਰਬਖਸ਼ ਸੰਘਾ ਨੇ ਕਿਹਾ, "ਮਾਂ ਦੀ ਕੁੱਖ ਵਿੱਚੋਂ ਕੋਈ ਗੈਂਗਸਟਰ ਪੈਦਾ ਨਹੀਂ ਹੁੰਦਾ। ਇਸ ਲਈ ਸੱਤਾ ਵਿੱਚ ਬੈਠੇ ਲੋਕ ਜ਼ਿੰਮੇਵਾਰ ਹਨ।

ਇਕ ਡੂੰਘੀ ਸਾਜਿਸ਼ ਤਹਿਤ ਨੌਜਵਾਨਾਂ ਨੂੰ ਨਸ਼ਿਆਂ, ਭੜਕਾਊ ਤੇ ਲੱਚਰ ਗਾਇਕੀ ਵੱਲ ਧੱਕਿਆ ਜਾਂਦਾ ਹੈ।

ਇਸ ਪਿੱਛੇ ਮਨਸ਼ਾ ਸਿਆਸੀ ਹੁੰਦੀ ਹੈ ਕਿਉਂਕਿ ਕੋਈ ਵੀ ਹਾਕਮ ਧਿਰ ਨਹੀਂ ਚਾਹੁੰਦੀ ਕਿ ਰੋਜ਼ਗਾਰ ਮੰਗਦੇ ਨੌਜਵਾਨ ਉਨ੍ਹਾਂ ਲਈ ਸਿਰਦਰਦੀ ਬਣਨ।"

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਭੜਕਾਊ ਤੇ ਲੱਚਰ ਗਾਇਕੀ ਵਿੱਚ ਬੇਹਿਸਾਬ ਵਾਧਾ ਹੋਇਆ ਹੈ ਜੋ ਸਿਹਤਮੰਦ ਸਮਾਜ ਲਈ ਖਤਰਨਾਕ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)