ਡੇਰਾ ਮੁਖੀ ਵੱਲੋਂ ਲਿਖੀ ਮਾਫ਼ੀ ਦੀ ਚਿੱਠੀ ਅਕਾਲ ਤਖ਼ਤ 'ਤੇ ਹੋਈ ਐਡਿਟ : ਜਥੇਦਾਰ ਇਕਬਾਲ ਸਿੰਘ - 5 ਅਹਿਮ ਖ਼ਬਰਾਂ

ਦਿ ਟ੍ਰਿਬਿਊਨ ਮੁਤਾਬਕ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਯੂ-ਟਰਨ ਲੈ ਲਿਆ। ਉਨ੍ਹਾਂ ਉੱਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਦੇ ਇਲਜ਼ਾਮ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਜਨਰਲ ਸਕੱਤਰ ਨੂੰ ਸੌਂਪ ਦਿੱਤਾ ਸੀ ਪਰ ਸੰਗਤ ਨੇ ਜ਼ੋਰ ਪਾਇਆ ਜਿਸ ਤੋਂ ਬਾਅਦ ਪੰਜ ਪਿਆਰਿਆਂ ਦੀ ਬੈਠਕ ਹੋਈ ਤੇ ਉਨ੍ਹਾਂ ਨੂੰ ਜਥੇਦਾਰ ਵਜੋਂ ਸੇਵਾ ਜਾਰੀ ਰੱਖਣ ਲਈ ਕਿਹਾ ਗਿਆ।

ਹਾਲਾਂਕਿ ਅਸਤੀਫ਼ਾ ਦੇਣ ਤੋਂ ਬਾਅਦ ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਦੌਰਾਨ ਇਕਬਾਲ ਸਿੰਘ ਨੇ ਦਾਅਵਾ ਕੀਤਾ ਸੀ ਕਿ ਅਕਾਲ ਤਖ਼ਤ ਵਿਖੇ ਸਿੱਖ ਜਥੇਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ ਲਿਖੀ ਮਾਫ਼ੀ ਦੀ ਚਿੱਠੀ ਦੀ ਐਡਿਟਿੰਗ ਕੀਤੀ ਗਈ ਸੀ।

ਅਖ਼ਬਾਰ ਲਿਖਦਾ ਹੈ, ਉਨ੍ਹਾਂ ਕਿਹਾ, "ਗਿਆਨੀ ਗੁਰਮੁਖ ਸਿੰਘ ਨੇ ਆਪਣੇ ਇੱਕ ਕਰੀਬੀ ਨੂੰ ਦਿੱਲੀ ਤੋਂ ਸੱਦਿਆ ਅਤੇ ਚਿੱਠੀ ਐਡਿਟ ਕਰਵਾਈ। ਉਨ੍ਹਾਂ ਨੇ ਚਿੱਠੀ ਵਿੱਚ 'ਖਿਮਾ ਦਾ ਜਾਚਕ' ਸ਼ਬਦ ਜੋੜਿਆ ਜੋ ਕਿ ਪਹਿਲਾਂ ਚਿੱਠੀ ਵਿੱਚ ਨਹੀਂ ਸੀ।"

ਭਾਰਤੀ ਵੈੱਬਸਾਈਟਜ਼ ਹੈਕ ਕਰਨ ਦੀ ਕੋਸ਼ਿਸ਼

ਹਿੰਦੁਸਤਾਨ ਟਾਈਮਜ਼ ਮੁਤਾਬਕ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫ਼ਲੇ ਉੱਤੇ ਹਮਲੇ ਤੋਂ ਕੁਝ ਹੀ ਘੰਟਿਆਂ ਬਾਅਦ ਹੈਕਰਾਂ ਨੇ 90 ਸਰਕਾਰੀ ਵੈੱਬਸਾਈਟਜ਼ ਉੱਤੇ ਹਮਲਾ ਕੀਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹੈਕਰ ਪਾਕਿਸਤਾਨੀ ਸਨ।

ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ, "ਸਿਸਟਮ ਨੂੰ ਭੰਗ ਕਰਨ ਲਈ ਅਚਾਨਕ ਕਈ ਕੋਸ਼ਿਸ਼ਾਂ ਹੋਈਆਂ।"

ਇਹ ਵੀ ਪੜ੍ਹੋ:

ICC ਵੱਲੋਂ ਬੀਸੀਸੀਆਈ ਦੀ ਅਰਜ਼ੀ ਖਾਰਿਜ

ਟਾਈਮਜ਼ ਆਫ਼ ਇੰਡੀਆ ਮੁਤਾਬਕ ਮੁਤਾਬਕ ਆਈਸੀਸੀ ਨੇ ਬੀਸੀਸੀਆਈ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਬੀਸੀਸੀਆਈ ਨੇ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਜਿਹੜੇ ਦੇਸਾਂ ਤੋਂ ਅੱਤਵਾਦ ਪੈਦਾ ਹੁੰਦਾ ਹੈ ਉਨ੍ਹਾਂ ਉੱਤੇ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ।

ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, "ਕਿਸੇ ਵੀ ਦੇਸ ਨੂੰ ਬਾਹਰ ਕਰਨ ਜਾਂ ਬਾਈਕਾਟ ਕਰਨ ਦਾ ਅਧਿਕਾਰ ਸਰਕਾਰੀ ਪੱਧਰ ਉੱਤੇ ਹੁੰਦਾ ਹੈ। ਆਈਸੀਸੀ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ। ਬੀਸੀਸੀਆਈ ਨੂੰ ਇਹ ਜਾਣਕਾਰੀ ਪਹਿਲਾਂ ਹੀ ਸੀ ਫਿਰ ਵੀ ਉਨ੍ਹਾਂ ਨੇ ਇਹ ਪੱਤਰ ਲਿਖਿਆ।"

ਕੁੱਤਿਆਂ ਦੇ ਵੱਢਣ ਦੇ ਇੱਕ ਲੱਖ ਤੋਂ ਵੱਧ ਮਾਮਲੇ

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਵਿੱਚ ਪਿਛਲੇ ਸਾਲ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਇੱਕ ਲੱਖ ਤੋਂ ਉੱਪਰ ਮਾਮਲੇ ਸਾਹਮਣੇ ਆਏ ਹਨ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਕੁੱਤਿਆਂ ਦੇ ਵੱਢੇ ਜਾਣ ਦੇ 1.13 ਲੱਖ ਮਾਮਲੇ ਸਾਹਮਣੇ ਆਏ ਹਨ।

ਇਹ ਅੰਕੜਾ ਸਾਲ 2017 ਦੇ ਮੁਕਾਬਲੇ ਵੱਧ ਹੈ। 2017 ਵਿੱਚ 1.12 ਲੱਖ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਮਾਮਲਿਆਂ ਵਿੱਚ 50 ਫੀਸਦੀ ਬੱਚੇ ਹਨ।

ਸਭ ਤੋਂ ਵੱਧ ਲੁਧਿਆਣਾ ਜ਼ਿਲ੍ਹਾ ਪ੍ਰਭਾਵਿਤ ਹੈ ਜਿੱਥੇ 15, 324 ਮਾਮਲੇ ਸਾਹਮਣੇ ਆਏ ਹਨ।

ਬਹੁ-ਵਿਆਹ ਔਰਤਾਂ ਖਿਲਾਫ਼ ਅਨਿਆ: ਇਮਾਮ

ਮਿਸਰ ਦੀ ਸਭ ਤੋਂ ਉੱਚੀ ਇਸਲਾਮੀ ਸੰਸਥਾ ਅਲ-ਅਜ਼ਹਰ ਦੇ ਮੁਖੀ ਇਮਾਮ ਦਾ ਕਹਿਣਾ ਹੈ ਕਿ ਬਹੁ-ਵਿਆਹ ਦੀ ਰਵਾਇਤ ਨੂੰ "ਔਰਤਾਂ ਤੇ ਬੱਚਿਆਂ ਖਿਲਾਫ਼ ਅਨਿਆ ਕਿਹਾ ਜਾ ਸਕਦਾ ਹੈ।"

ਮਿਸਰ ਵਿੱਚ ਸੁੰਨੀ ਇਸਲਾਮ ਦੇ ਸਭ ਤੋਂ ਵੱਡੇ ਇਮਾਮ ਸ਼ੇਖ ਅਹਿਮਦ ਅਲ ਤੈਇਬ ਨੇ ਕਿਹਾ ਕਿ ਬਹੁ-ਵਿਆਹ ਲਈ ਅਕਸਰ ਕੁਰਾਨ ਦਾ ਹਵਾਲਾ ਦਿੱਤਾ ਜਾਂਦਾ ਹੈ ਪਰ ਅਜਿਹਾ ਕੁਰਾਨ ਨੂੰ ਸਹੀ ਤਰੀਕੇ ਨਾਲ ਨਾ ਸਮਝਣ ਕਾਰਨ ਹੁੰਦਾ ਹੈ।

ਪਰ ਇਸ ਟਿੱਪਣੀ ਉੱਤੇ ਵਿਵਾਦ ਹੋਇਆ ਤਾਂ ਉਨ੍ਹਾਂ ਨੇ ਸਫ਼ਾਈ ਦਿੱਤੀ ਕਿ ਉਹ ਬਹੁ-ਵਿਆਹ ਉੱਤੇ ਪਾਬੰਦੀ ਲਾਉਣ ਦੀ ਗੱਲ ਨਹੀਂ ਕਹਿ ਰਹੇ।

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)