ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਬਣ ਗਏ ਸੀ ਸ਼ਾਕਾਹਾਰੀ

    • ਲੇਖਕ, ਸਲਮਾ ਹੁਸੈਨ
    • ਰੋਲ, ਬੀਬੀਸੀ ਲਈ

ਇਹ ਆਮ ਧਾਰਣਾ ਹੈ ਕਿ ਮੁਗਲ ਬਾਦਸ਼ਾਹ ਗੋਸ਼ਤ ਦੇ ਬੜੇ ਸ਼ੌਕੀਨ ਹੁੰਦੇ ਸਨ।

ਜਦੋਂ ਵੀ ਮੁਗਲ ਕਾਲ ਦੇ ਖਾਣੇ ਦੀ ਗੱਲ ਹੁੰਦੀ ਹੈ ਗੋਸ਼ਤ, ਮੀਟ ਅਤੇ ਮੱਛੀ ਨਾਲ ਬਣੇ ਖਾਣਿਆਂ ਦਾ ਜ਼ਿਕਰ ਹੁੰਦਾ ਹੈ।

ਇਤਿਹਾਸ ਦੇ 'ਤੇ ਨਜ਼ਰ ਮਾਰੀਏ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਮੁਗਲ ਬਾਦਸ਼ਾਹ ਅਕਬਰ, ਜਹਾਂਗੀਰ ਅਤੇ ਔਰੰਗਜ਼ੇਬ ਹਰੀਆਂ ਸਬਜ਼ੀਆਂ ਦੇ ਸ਼ੌਕੀਨ ਸਨ।

ਅਕਬਰ ਚੰਗੇ ਸ਼ਿਕਾਰੀ ਸਨ ਪਰ ਉਨ੍ਹਾਂ ਨੂੰ ਗੋਸ਼ਤ ਨਾਲ ਕੋਈ ਖ਼ਾਸ ਲਗਾਅ ਨਹੀਂ ਸੀ।

ਹਾਂ ਪਰ ਇੱਕ ਵੱਡੇ ਸਾਮਰਾਜ ਦੀ ਵਾਗਡੋਰ ਸੰਭਾਲਣ ਅਤੇ ਆਪਣੀ ਸਰੀਰਕ ਸ਼ਕਤੀ ਬਣਾ ਕੇ ਰੱਖਣ ਲਈ ਉਹ ਸਮੇਂ-ਸਮੇਂ 'ਤੇ ਗੋਸ਼ਤ ਖਾਂਦੇ ਸਨ।

ਇਹ ਵੀ ਜ਼ਰੂਰ ਪੜ੍ਹੋ:

ਆਪਣੀ ਹਕੂਮਤ ਦੇ ਸ਼ੁਰੂਆਤੀ ਦੌਰ ਵਿੱਚ ਉਹ ਹਰ ਸ਼ੁੱਕਰਵਾਰ ਨੂੰ ਮੀਟ ਖਾਣ ਤੋਂ ਪਰਹੇਜ਼ ਕਰਦੇ ਸਨ। ਹੌਲੀ-ਹੌਲੀ ਐਤਵਾਰ ਦਾ ਦਿਨ ਵੀ ਇਸ 'ਚ ਸ਼ਾਮਿਲ ਹੋ ਗਿਆ।

ਫ਼ਿਰ ਹਰ ਮਹੀਨੇ ਦੀ ਪਹਿਲੀ ਤਾਰੀਕ, ਮਾਰਚ ਦਾ ਪੂਰਾ ਮਹੀਨਾ ਅਤੇ ਫ਼ਿਰ ਅਕਤੂਬਰ ਦਾ ਮਹੀਨਾ ਜੋ ਕਿ ਉਨ੍ਹਾਂ ਦੇ ਜਨਮ ਲੈਣ ਦਾ ਮਹੀਨਾ ਸੀ, ਉਨ੍ਹਾਂ ਵਿੱਚ ਵੀ ਉਹ ਮੀਟ ਖਾਣ ਤੋਂ ਪਰਹੇਜ਼ ਕਰਨ ਲੱਗ ਗਏ ਸਨ।

ਉਨ੍ਹਾਂ ਦੇ ਖਾਣੇ ਦੀ ਸ਼ੁਰੂਆਤ ਦਹੀਂ ਅਤੇ ਚੌਲ ਨਾਲ ਹੁੰਦੀ ਸੀ।

ਅਬੁਲ ਫ਼ਜ਼ਲ ਜਿਨ੍ਹਾਂ ਦੀ ਗਿਣਤੀ ਅਕਬਰ ਦੇ ਨੌਂ ਰਤਨਾਂ ਵਿੱਚੋਂ ਹੁੰਦੀ ਹੈ, ਆਪਣੀ ਕਿਤਾਬ ਆਈਨ-ਏ-ਅਕਬਰੀ 'ਚ ਲਿਖਦੇ ਹਨ ਕਿ ਅਕਬਰ ਦੀ ਰਸੋਈ ਦਾ ਖਾਣਾ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ।

ਪਹਿਲਾ - ਉਹ ਖਾਣਾ ਜਿਸ ਵਿੱਚ ਮੀਟ ਸ਼ਾਮਿਲ ਨਹੀਂ ਸੀ, ਉਸ ਨੂੰ ਸੁਫ਼ੀਆਨਾ ਖਾਣਾ ਕਿਹਾ ਜਾਂਦਾ ਸੀ।

ਦੂਜਾ - ਉਹ ਖਾਣੇ ਜਿਨ੍ਹਾਂ ਵਿੱਚ ਮੀਟ ਅਤੇ ਅੰਨ ਇੱਕਠੇ ਪਕਾਇਆ ਜਾਂਦਾ ਸੀ।

ਤੀਜਾ- ਉਹ ਖਾਣੇ ਜਿਨ੍ਹਾਂ ਨੂੰ ਮੀਟ, ਘਿਓ ਅਤੇ ਮਸਾਲੇ ਦੇ ਨਾਲ ਪਕਾਇਆ ਜਾਂਦਾ ਸੀ।

ਇਸ ਨਾਲ ਇਸ ਗੱਲ ਦਾ ਪਤਾ ਲਗਦਾ ਹੈ ਕਿ ਰਾਜਾ ਦੀ ਪਹਿਲੀ ਪਸੰਦ ਉਹ ਖਾਣੇ ਸਨ ਜਿਨ੍ਹਾਂ 'ਚ ਦਾਲ, ਮੌਸਮੀ ਸਬਜ਼ੀਆਂ ਅਤੇ ਪੁਲਾਵ ਹੁੰਦੇ ਸਨ।

ਅਕਬਰ ਵਾਂਗ ਜਹਾਂਗੀਰ ਦਾ ਵੀ ਗੋਸ਼ਤ ਨਾਲ ਕੁਝ ਖ਼ਾਸ ਲਗਾਅ ਨਹੀਂ ਸੀ।

ਉਹ ਹਰ ਐਤਵਾਰ ਅਤੇ ਵੀਰਵਾਰ ਨੂੰ ਮੀਟ ਖਾਣ ਤੋਂ ਪਰਹੇਜ਼ ਕਰਦੇ ਸਨ।

ਉਹ ਨਾ ਸਿਰਫ਼ ਮੀਟ ਖਾਣ ਤੋਂ ਪਰਹੇਜ਼ ਕਰਦੇ ਸਨ ਸਗੋਂ ਇਨ੍ਹਾਂ ਦਿਨਾਂ 'ਚ ਉਨ੍ਹਾਂ ਨੇ ਜਾਨਵਰਾਂ ਨੂੰ ਮਾਰਨ 'ਤੇ ਵੀ ਪਾਬੰਦੀ ਲਗਾਈ ਹੋਈ ਸੀ।

ਰਸੋਈਏ ਰਾਜਾ ਦੇ ਸੁਭਾਅ ਨੂੰ ਦੇਖਦੇ ਹੋਏ ਸਬਜ਼ੀਆਂ ਅਤੇ ਵਧੀਆ ਪਕਵਾਨ ਤਿਆਰ ਕਰਦੇ ਸਨ ਅਤੇ ਕਈ ਤਰ੍ਹਾਂ ਦੇ ਪੁਲਾਵ ਵੀ ਬਣਾਉਂਦੇ ਸਨ ਜਿਨ੍ਹਾਂ ਵਿੱਚ ਮੀਟ ਸ਼ਾਮਿਲ ਨਹੀਂ ਹੁੰਦਾ ਸੀ।

ਫ਼ਲਾਂ ਦੀ ਖ਼ੇਤੀ ਨੂੰ ਹੁੰਗਾਰਾ ਦੇਣ ਲਈ ਕਿਸਾਨਾਂ 'ਤੇ ਲਗਾਏ ਜਾਣ ਵਾਲੇ ਆਮਦਨ ਟੈਕਸ ਵੀ ਮਾਫ਼ ਸਨ।

ਇਹ ਗੱਲ ਦਿਲਚਸਪ ਹੈ ਕਿ ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ 'ਤੇ ਚਲਦਿਆਂ ਔਰੰਗਜੇਬ ਤਾਂ ਕੁਝ ਹੋਰ ਹੀ ਅੱਗੇ ਨਿਕਲ ਗਏ।

ਉਮਰ ਦੇ ਸ਼ੁਰੂਆਤੀ ਦੌਰ 'ਚ ਉਹ ਮੁਰਗ-ਮੁਸੱਲਮ ਅਤੇ ਸੁਆਦੀ ਖਾਣਿਆਂ ਦੇ ਸ਼ੌਕੀਨ ਸਨ।

ਇਹ ਵੀ ਜ਼ਰੂਰ ਪੜ੍ਹੋ:

ਉਨ੍ਹਾਂ ਨਾਲ ਜੁੜੇ ਦਸਤਾਵੇਜ਼ ਮੁਤਾਬਕ ਔਰੰਗਜ਼ੇਬ ਨੂੰ ਖਾਣੇ ਦਾ ਬਹੁਤ ਸ਼ੌਂਕ ਸੀ। ਇੱਕ ਵਾਰ ਆਪਣੇ ਪੁੱਤਰ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਨੇ ਲਿਖਿਆ ਕਿ ਤੁਹਾਡੇ ਇੱਥੋਂ ਦੀ ਖਿਚੜੀ ਅਤੇ ਬਿਰੀਆਨੀ ਦਾ ਮਜ਼ਾ ਅਜੇ ਵੀ ਮੈਨੂੰ ਯਾਦ ਹੈ। ਮੈਂ ਤੁਹਾਨੂੰ ਲਿਖਿਆ ਸੀ ਕਿ ਸੁਲੇਮਾਨ ਰਸੋਈਆ ਜਿਸ ਨੇ ਬਿਰੀਆਨੀ ਤਿਆਰ ਕੀਤੀ ਸੀ ਉਸਨੂੰ ਮੇਰੇ ਕੋਲ ਭੇਜ ਦਿਓ ਪਰ ਉਸਨੂੰ ਸ਼ਾਹੀ ਰਸੋਈ 'ਚ ਆ ਕੇ ਪਕਾਉਣ ਦੀ ਇਜਾਜ਼ਤ ਨਹੀਂ ਮਿਲੀ ਜੇ ਕੋਈ ਸ਼ਾਗੀਰਦ ਹੋਵੇ ਜਿਹੜਾ ਅਜਿਹਾ ਹੀ ਖਾਣਾ ਪਕਾਉਂਦਾ ਹੋਵੇ ਤਾਂ ਉਸਨੂੰ ਭੇਜ ਦਿਓ। ਅਜੇ ਵੀ ਚੰਗੇ ਖਾਣੇ ਦਾ ਸ਼ੌਂਕ ਮੇਰੇ ਸੁਭਾਅ ਵਿੱਚ ਹੈ।

ਪਰ ਬਾਦਸ਼ਾਹ ਨੇ ਤਾਜ ਕੀ ਪਹਿਨਿਆ ਅਤੇ ਜੰਗ ਵਿੱਚ ਅਜਿਹੇ ਉਲਝੇ ਕਿ ਚੰਗੇ ਖਾਣੇ ਦੀ ਗੱਲ ਪੁਰਾਣੇ ਜ਼ਮਾਨੇ ਦੀ ਗੱਲ ਬਣ ਕੇ ਰਹਿ ਗਈ।

ਔਰੰਗਜ਼ੇਬ ਦਾ ਮੀਟ ਤੋਂ ਪਰਹੇਜ਼ ਉਨ੍ਹਾਂ ਦੀ ਆਦਤ ਬਣ ਗਈ। ਉਨ੍ਹਾਂ ਦੀ ਮੇਜ਼ ਸਾਦੇ ਖਾਣਿਆਂ ਨਾਲ ਭਰੀ ਰਹਿੰਦੀ ਸੀ ਅਤੇ ਸ਼ਾਹੀ ਰਸੋਈਏ ਉੱਚ ਕੋਟੀ ਦੇ ਪਕਵਾਨ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਸਨ।

ਤਾਜ਼ਾ ਫ਼ਲ ਔਰੰਗਜ਼ੇਬ ਦੀ ਕਮਜ਼ੋਰੀ ਸਨ ਅਤੇ ਉਹ ਅੰਬ ਦੇ ਬਹੁਤ ਸ਼ੌਕੀਨ ਸਨ।

ਔਰੰਗਜ਼ੇਬ ਹਿੰਦੋਸਤਾਨ ਦੇ ਤਾਕਤਵਰ ਸ਼ਾਸਕ ਸਨ। ਉਨ੍ਹਾਂ ਦਾ ਸਾਮਰਾਜ ਉੱਤਰ 'ਚ ਕਸ਼ਮੀਰ ਤੋਂ ਲੈ ਕੇ ਦੱਖਣ 'ਚ ਆਖਰੀ ਕਿਨਾਰੇ ਤੱਕ ਅਤੇ ਪੱਛਮ 'ਚ ਕਾਬੁਲ ਤੋਂ ਲੈ ਕੇ ਪੂਰਬ 'ਚ ਚਟਗਾਂਵ ਤੱਕ ਫੈਲਿਆ ਹੋਇਆ ਸੀ। ਉਨ੍ਹਾਂ ਨੇ ਉਹ ਸਭ ਕੁਝ ਹਾਸਿਲ ਕੀਤਾ ਜਿਸ ਲਈ ਉਨ੍ਹਾਂ ਨੇ ਲੜਾਈਆਂ ਲੜੀਆਂ।

ਔਰੰਗਜ਼ੇਬ ਨੂੰ ਜਵਾਨੀ 'ਚ ਸ਼ਿਕਾਰ ਕਰਨ ਦਾ ਸ਼ੌਂਕ ਸੀ ਪਰ ਬੁਢਾਪੇ 'ਚ ਉਨ੍ਹਾਂ ਨੇ ਸ਼ਿਕਾਰ ਨੂੰ 'ਬੇਕਾਰ ਲੋਕਾਂ ਦਾ ਮਨੋਰੰਜਨ' ਦੱਸਿਆ।

ਇੱਕ ਬਾਦਸ਼ਾਹ ਦਾ ਗੋਸ਼ਤ ਖਾਣ ਤੋਂ ਪਰਹੇਜ਼ ਰੱਖਣਾ ਹੈਰਾਨੀ ਵਾਲੀ ਗੱਲ ਹੈ। ਅੰਨ ਨਾਲ ਬਣੇ ਕਬਾਬ ਅਤੇ ਛੋਲਿਆਂ ਦੀ ਦਾਲ ਵੀ ਔਰੰਗਜ਼ੇਬ ਦਾ ਪਸੰਦੀਦਾ ਖਾਣਾ ਸੀ।

ਪਨੀਰ ਦੇ ਬਣੇ ਕੋਫ਼ਤੇ ਅਤੇ ਫ਼ਲਾਂ ਦੇ ਇਸਤੇਮਾਲ ਨਾਲ ਬਣੇ ਖਾਣੇ ਔਰੰਗਜ਼ੇਬ ਦੀ ਦੇਣ ਹਨ।

(ਸਲਮਾ ਹੁਸੈਨ ਭੋਜਣ ਮਾਹਰ ਅਤੇ ਇਤਿਹਾਸਕਾਰ ਹਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ ਅਤੇ ਵੱਡੇ ਹੋਟਲਾਂ 'ਚ ਖਾਣੇ ਦੇ ਸਲਾਹਕਾਰ ਵੱਜੋਂ ਵੀ ਕੰਮ ਕੀਤਾ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)