ਪਾਕਿਸਤਾਨੀ ਪੱਤਰਕਾਰ ਹਨੀਫ਼ ਦੀਆਂ ਪਾਕਿਸਤਾਨੀਆਂ ਨੂੰ ਖ਼ਰੀਆਂ-ਖ਼ਰੀਆਂ - ਬਲਾਗ

    • ਲੇਖਕ, ਮੁਹਮੰਦ ਹਨੀਫ਼
    • ਰੋਲ, ਪਾਕਿਸਤਾਨੀ ਲੇਖਕ ਅਤੇ ਪੱਤਰਕਾਰ

ਪਾਕਿਸਤਾਨ ਵਿੱਚ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਹੈ ਤਾਂ ਲੋਕਾਂ ਨੂੰ ਉਹ ਦਸ ਕੰਮ ਯਾਦ ਆ ਜਾਂਦੇ ਹਨ ਜਿਹੜੇ ਅਜੇ ਨਹੀਂ ਹੋਏ ਹਨ।

ਭਾਰਤੀ ਪਾਇਲਟ ਨੂੰ ਚਾਹ ਪਿਆ ਕੇ, ਵੀਡੀਓ ਬਣਾ ਕੇ ਛੱਡ ਦਿੱਤਾ, ਸਾਰਿਆਂ ਨੇ ਕਿਹਾ ਬਹੁਤ ਚੰਗਾ ਕੀਤਾ। ਇੰਟਰਨੈੱਟ 'ਤੇ ਬੈਠੇ ਕੁਝ ਸੂਰਮਿਆ ਤੋਂ ਇਲਾਵਾ ਸਭ ਨੇ ਕਿਹਾ ਕਿ ਬਹੁਤ ਚੰਗਾ ਕੀਤਾ।

ਇਸ ਦੇ ਨਾਲ ਹੀ ਦੁਨੀਆਂ ਵਿੱਚ ਸਾਡੀ ਬਹੁਤ ਨੇਕੀ ਹੋਈ, ਬਹੁਤ ਨਾਮ ਹੋਇਆ। ਸਾਨੂੰ ਵੀ ਇੱਕ ਦੇਸ ਦੇ ਤੌਰ 'ਤੇ ਆਪਣੇ ਉੱਤੇ ਪਿਆਰ ਜਿਹਾ ਆ ਗਿਆ ਕਿ ਦੇਖੋ ਅਸੀਂ ਭਲੇ ਲੋਕ ਹਾਂ, ਦੁਨੀਆਂ ਸਾਨੂੰ ਜੋ ਵੀ ਕਹੇ ਅਸੀਂ ਭਲੇ ਲੋਕ ਹਾਂ।

ਪਰ ਨਾਲ ਹੀ ਕੁਝ ਦੱਬੀਆਂ ਸੁਰਾਂ ਉੱਠਣੀਆ ਸ਼ੁਰੂ ਹੋਈਆਂ ਕਿ ਭਾਰਤੀ ਪਾਇਲਟ ਨੂੰ ਛੱਡ ਦਿੱਤਾ, ਚੰਗਾ ਕੀਤਾ ਪਰ ਜਿਹੜੇ ਆਪਣੇ ਫੜੇ ਹੋਏ ਹਨ ਉਨ੍ਹਾਂ ਨੂੰ ਕਿਉਂ ਨਹੀਂ ਛੱਡਦੇ।

ਇਹ ਵੀ ਪੜ੍ਹੋ:

ਸਾਡੇ ਇੱਥੇ ਝੂਠੀ ਬਹਿਸ ਦਾ ਇੱਕ ਆਮ ਅੰਦਾਜ਼ ਇਹ ਹੈ ਕਿ ਤੁਸੀਂ ਕਹੋਗੇ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ, ਮੈਂ ਕਹਾਂਗਾ ਪਰ ਦੁਨੀਆਂ ਵਿੱਚ ਜਿਹੜੇ ਮੁਸਲਮਾਨਾ 'ਤੇ ਜ਼ੁਲਮ ਕੀਤੇ ਜਾ ਰਹੇ ਹਨ ਉਸ 'ਤੇ ਤੁਸੀਂ ਗੱਲ ਕਿਉਂ ਨਹੀਂ ਕਰਦੇ।

ਮੈਂ ਕਹਾਂਗਾ ਕਿ ਬਰਮਾ ਵਿੱਚ ਭਿਕਸ਼ੂ ਰੋਹਿੰਗਿਆ ਮੁਸਲਮਾਨਾਂ ਦਾ ਕਤਲੇਆਮ ਕਰ ਰਹੇ ਹਨ। ਤੁਸੀਂ ਕਹੋਗੇ ਕਿ ਉਹ ਜਿਹੜੇ ਚੀਨ ਦੇ ਇੱਕ ਸੂਬੇ ਵਿੱਚ ਮੁਸਲਮਾਨ ਹਨ ਉਹ ਤੁਹਾਨੂੰ ਮੁਸਲਮਾਨ ਨਹੀਂ ਲਗਦੇ। (ਚੀਨ ਦੇ ਬਾਰੇ ਗੱਲ ਕਰਦੇ ਹੋਏ ਮੈਂ ਅਤੇ ਤੁਸੀਂ ਆਪਣਾ ਲਹਿਜ਼ਾ ਹੌਲੀ ਕਰ ਲਵਾਂਗੇ)

ਮੈਂ ਕਹਾਂਗਾ ਕਿ ਕੁਝ ਰਿਟਾਇਰਡ ਜਿਹਾਦੀ ਬਜ਼ੁਰਗਾਂ ਕਾਰਨ ਪੂਰੀ ਦੁਨੀਆਂ ਸਾਨੂੰ ਦਹਿਸ਼ਤਗਰਦ ਕਹਿੰਦੀ ਹੈ। ਤੁਸੀਂ ਮੈਨੂੰ ਕੋਈ ਸਰਵੇ ਕੱਢ ਕੇ ਦਿਓਗੇ ਅਤੇ ਸਾਬਿਤ ਕਰੋਗੇ ਕਿ ਪੂਰੀ ਦੁਨੀਆਂ ਤਾਂ ਅਮਰੀਕਾ ਨੂੰ ਸਭ ਤੋਂ ਵੱਡਾ ਦਹਿਸ਼ਤਗਰਦ ਮੰਨਦੀ ਹੈ।

ਭਾਰਤੀ ਪਾਇਲਟ ਦੀ ਵੀ ਘਰ ਵਾਪਸੀ 'ਤੇ ਆਵਾਜ਼ਾਂ ਉੱਠਣ ਲੱਗੀਆਂ ਕਿ ਇਹ ਤਾਂ ਚੰਗਾ ਕੀਤਾ ਪਰ ਉਹ ਜਿਹੜੇ ਬਲੋਚ ਨੌਜਵਾਨਾਂ ਨੂੰ ਕਿਤੇ ਬੰਦ ਕਰਕੇ ਭੁੱਲ ਗਏ ਹਨ ਉਹ ਉਨ੍ਹਾਂ ਨੂੰ ਰਿਹਾਅ ਕਿਉਂ ਨਹੀਂ ਕਰਦੇ। ਉਹ ਤਾਂ ਜੰਗੀ ਜਹਾਜ਼ਾਂ ਵਿੱਚ ਬੈਠ ਕੇ ਸਾਡੇ 'ਤੇ ਹਮਲਾਵਰ ਨਹੀਂ ਹੋਏ ਸਨ।

ਲੋਕਾਂ ਦੀਆਂ ਚੀਕਾਂ ਨਾਲ ਰਿਆਸਤ ਨੂੰ ਹੋਂਦ ਦਾ ਅਹਿਸਾਸ ਹੁੰਦਾ

ਉਹ ਜਿਹੜੇ ਪਸ਼ਤੂਨ ਆਪਣੇ ਪਿਆਰਿਆਂ ਦੀ ਤਸਵੀਰ ਚੁੱਕੀ ਕਦੋਂ ਤੋਂ ਮਾਰੇ-ਮਾਰੇ ਫਿਰ ਰਹੇ ਹਨ ਉਨ੍ਹਾਂ ਦੀ ਫਰਿਆਦ ਕਿਉਂ ਨਹੀਂ ਸੁਣਦੇ?

ਉਹ ਜਿਹੜੇ ਮੁਹਾਜ਼ਿਰ ( ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਮੁਸਲਮਾਨ) ਅਤੇ ਸਿੰਧੀ ਸਿਆਸੀ ਕਾਰਕੁਨ ਲਾਪਤਾ ਕਰ ਦਿੱਤੇ ਗਏ ਉਨ੍ਹਾਂ ਦਾ ਪਤਾ ਕੌਣ ਦੇਵੇਗਾ?

ਇਨ੍ਹਾਂ ਜਾਇਜ਼ ਪਰ ਮਾਸੂਮ ਮੰਗਾਂ ਦਾ ਇੱਕ ਸਾਦਾ ਜਿਹਾ ਜਵਾਬ ਇਹ ਹੈ ਕਿ ਰਿਆਸਤ ਜੇਕਰ ਸਭ ਨੂੰ ਰਿਹਾਅ ਕਰ ਦੇਵੇ ਤਾਂ ਉਸਦੇ ਕੋਲ ਕਰਨ ਲਈ ਕੀ ਬਚੇਗਾ?

ਉਨ੍ਹਾਂ ਜ਼ਿੰਦਾ ਜਾਨਾਂ ਤੋਂ ਉੱਠਦੇ ਹੋਏ ਨਾਅਰੇ ਅਤੇ ਚੀਕਾਂ ਰਿਆਸਤ ਨੂੰ ਆਪਣੇ ਹੋਣ ਦਾ ਅਹਿਸਾਸ ਦਵਾਉਂਦੀਆਂ ਹਨ।

ਕਦੇ ਵੱਡੀ ਅਤੇ ਉਭਰਦੀ ਹੋਈ ਤਾਕਤ ਨੂੰ ਵੇਖਿਆ ਹੈ, ਅਮਰੀਕਾ, ਚੀਨ, ਰੂਸ ਅਤੇ ਤੁਰਕੀ ਵਿੱਚ ਕੈਦੀਆਂ ਦੀ ਆਬਾਦੀ ਦਾ ਅੰਦਾਜ਼ਾ ਹੈ ਕੁਝ?

ਇਹ ਵੀ ਪੜ੍ਹੋ:

ਹੁਣ ਪਾਕਿਸਤਾਨ ਸਾਊਦੀ ਅਰਬ ਤਾਂ ਹੈ ਨਹੀਂ ਜਿੱਥੇ ਸ਼ਹਿਜ਼ਾਦੇ ਦਾ ਮੂਡ ਚੰਗਾ ਹੋਵੇ ਤਾਂ ਉਹ ਇੱਕ ਦੁਪਹਿਰ ਲਈ ਕੈਦ ਖਾਨਿਆਂ ਦੇ ਦਰਵਾਜ਼ੇ ਖੋਲ੍ਹ ਦੇਵੇ।

ਪਰ ਪਾਕਿਸਤਾਨੀ ਰਿਆਸਤ ਦੀਆਂ ਮਜਬੂਰੀਆਂ ਨੂੰ ਸਾਹਮਣੇ ਰੱਖਦੇ ਹੋਏ ਵੀ ਇੱਕ ਕੈਦੀ ਅਜਿਹਾ ਹੈ ਜਿਸ ਨੂੰ ਛੱਡਣ 'ਤੇ ਗੌਰ ਕਰਨਾ ਚਾਹੀਦਾ ਹੈ।

ਇਸ ਲਈ ਵੀ ਕਿ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਇੱਕ ਕੈਦੀ ਨੂੰ ਮਾਸੂਮ ਕਰਾਰ ਦੇ ਚੁੱਕੀ ਹੈ। ਕੈਦੀ ਦੀ ਰਿਹਾਈ ਦਾ ਹੁਕਮ ਕਦੋਂ ਦਾ ਜਾਰੀ ਹੋ ਚੁੱਕਿਆ। ਕੈਦੀ ਦੇ ਬਰੀ ਹੋਣ ਦੇ ਖ਼ਿਲਾਫ਼ ਸੂਬੇ ਵੱਲੋਂ ਬਗਾਵਤ ਕਰਨ ਵਾਲਿਆਂ ਦਾ ਮੂੰਹ ਵੀ ਰਾਤੋ-ਰਾਤ ਬੰਦ ਕਰ ਦਿੱਤਾ ਗਿਆ।

ਤਾਂ ਹੁਣ ਤੱਕ ਆਸੀਆ ਬੀਬੀ ਆਜ਼ਾਦ ਕਿਉਂ ਨਹੀਂ ਹੈ? ਉਸਦੇ ਬੱਚੇ ਬਾਹਰ ਹਨ ਅਤੇ ਉਹ ਯਕੀਨਨ ਉਨ੍ਹਾਂ ਕੋਲ ਜਾਣਾ ਚਾਹੁੰਦੀ ਹੋਵੇਗੀ। ਅਸੀਂ ਕਿਉਂ ਉਸ ਨੂੰ ਕਾਲ ਕੋਠੜੀ ਤੋਂ ਕੱਢ ਕੇ ਕਿਤੇ ਹੋਰ ਬੰਦ ਕਰ ਦਿੱਤਾ ਹੈ?

ਰਿਆਸਤ ਨੂੰ ਸ਼ਾਇਦ ਡਰ ਹੈ ਕਿ ਉਹ ਮੁਲਕ ਤੋਂ ਬਾਹਰ ਜਾਵੇਗੀ ਤਾਂ ਬੋਲੇਗੀ, ਸਾਡੇ ਖ਼ਿਲਾਫ਼ ਜ਼ਹਿਰ ਉਗਲੇਗੀ, ਸਾਡੀ ਬਦਨਾਮੀ ਦਾ ਕਾਰਨ ਬਣੇਗੀ।

ਪਰ ਠੰਡੇ ਦਿਮਾਗ ਨਾਲ ਸੋਚੋ ਕਿ ਆਸੀਆ ਬੀਬੀ ਬਾਹਰ ਜਾ ਕੇ ਕੀ ਕਹੇਗੀ- ਕੀ ਉਸਦੇ ਨਾਲ ਜ਼ੁਲਮ ਹੋਇਆ, ਕੀ ਉਸ ਨੂੰ ਇੱਕ ਝੂਠੇ ਇਲਜ਼ਾਮ 'ਤੇ ਸਜ਼ਾ-ਏ-ਮੌਤ ਸੁਣਾਈ ਗਈ ਅਤੇ ਫਿਰ 10 ਸਾਲ ਕਾਲ-ਕੋਠੜੀ ਵਿੱਚ ਰੱਖਿਆ ਗਿਆ।

ਕੀ ਜਦੋਂ ਉਹ ਕਾਲ-ਕੋਠੜੀ ਵਿੱਚ ਸੀ ਤਾਂ ਪਾਕਿਸਤਾਨ ਦੇ ਸਿਆਸੀ ਅਤੇ ਸਮਾਜੀ ਹਲਕਿਆਂ ਨੇ ਉਸ ਜ਼ੁਲਮ 'ਤੇ ਕੋਈ ਆਵਾਜ਼ ਨਹੀਂ ਚੁੱਕੀ, ਜਿਸ ਨੇ ਚੁੱਕੀ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ?

ਇਹ ਵੀ ਪੜ੍ਹੋ:

ਉਹ ਜੋ ਵੀ ਕਹੇਗੀ ਆਖ਼ਰ ਵਿੱਚ ਉਸ ਨੂੰ ਕਹਿਣਾ ਪਵੇਗਾ ਕਿ ਉਸਦੇ ਨਾਲ ਬਹੁਤ ਜ਼ੁਲਮ ਹੋਇਆ ਪਰ ਉਸ ਨੂੰ ਇਨਸਾਫ਼ ਵੀ ਆਖ਼ਰ ਉਸੇ ਦੇਸ ਦੀ ਸਰਵ-ਉੱਚ ਅਦਾਲਤ ਤੋਂ ਮਿਲਿਆ।

ਜੇਕਰ ਰਿਆਸਤ ਨੂੰ ਫਿਰ ਵੀ ਬਦਨਾਮੀ ਦਾ ਡਰ ਹੈ ਕਿ ਤਾਂ ਆਸੀਆ ਬੀਬੀ ਦੇ ਨਾਲ ਫਿਰ ਉਹੀ ਕਰੇ ਜੋ ਭਾਰਤੀ ਪਾਇਲਟ ਦੇ ਨਾਲ ਕੀਤਾ।

ਯਾਨਿ ਉਸ ਨੂੰ ਚਾਹ ਪਿਆਓ ਅਤੇ ਇੱਕ ਵੀਡੀਓ ਰਿਕਾਰਡ ਕਰਾਓ ਜਿਸ ਵਿੱਚ ਆਸੀਆ ਬੀਬੀ ਕਹੇ ਕਿ ਪਾਕਿਸਤਾਨ ਇੱਕ ਅਜ਼ੀਮ ਕੌਮ ਹੈ ਅਤੇ ਉਸ ਤੋਂ ਬਾਅਦ ਜੇਕਰ ਉਹ ਮੁਲਕ ਤੋਂ ਬਾਹਰ ਜਾ ਕੇ ਸਾਡੀ ਸ਼ਾਨ ਵਿੱਚ ਕੋਈ ਗੁਸਤਾਖ਼ੀ ਕਰੇ ਤਾਂ ਅਸੀਂ ਸਾਰੇ ਇੱਕਜੁੱਟ ਹੋ ਕੇ ਕਹਿ ਸਕਦੇ ਹਾਂ, ਪਰ ਪੂਰੀ ਦੁਨੀਆਂ ਵਿੱਚ ਮੁਸਲਮਾਨਾ 'ਤੇ ਜ਼ੁਲਮ ਕੀਤੇ ਜਾ ਰਹੇ ਹਨ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)