You’re viewing a text-only version of this website that uses less data. View the main version of the website including all images and videos.
ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੀ ਮੌਤ ਦੀਆਂ ਖ਼ਬਰਾਂ ਬਾਰੇ ਪਾਕਿਸਤਾਨ 'ਚ ਕੀ ਕਿਹਾ ਜਾ ਰਿਹਾ
- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਇਸਲਮਾਬਾਦ ਤੋਂ ਬੀਬੀਸੀ ਪੱਤਰਕਾਰ
ਭਾਰਤ- ਪਾਕਿਸਤਾਨ ਵਿੱਚ ਤਣਾਅ ਪਿਛਲੇ ਕੁਝ ਦਿਨਾਂ ਤੋਂ ਵਧਿਆ ਹੋਇਆ ਹੈ ਇਸ ਦੌਰਾਨ ਐਤਵਾਰ ਨੂੰ ਵੀ ਭਾਰਤੀ ਮੀਡੀਆ ਵਿੱਚ ਅਫ਼ਵਾਹਾਂ ਦਾ ਬਜ਼ਾਰ ਗਰਮ ਰਿਹਾ।
ਐਤਵਾਰ ਦੀ ਸ਼ਾਮ ਨੂੰ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨੇ ਟਵਿੱਟਰ 'ਤੇ ਪਾਕਿਸਤਾਨ ਵਿੱਚ ਮਸੂਦ ਅਜ਼ਹਰ ਦੀ ਮੌਤ ਦੀ ਖ਼ਬਰ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ।
ਇਸ "ਖ਼ਬਰ" ਨੂੰ ਛੇਤੀ ਹੀ ਮੁੱਖਧਾਰਾ ਦੇ ਮੀਡੀਆ ਨੇ ਚੁੱਕ ਲਿਆ। ਹਾਲਾਂਕਿ ਉਨ੍ਹਾਂ ਕੋਲ ਇਸ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਸੀ ਪਰ ਫੇਰ ਵੀ ਉਨ੍ਹਾਂ ਨੇ ਇਹ ਖ਼ਬਰ ਗੈਰ-ਅਧਿਕਾਰਿਤ ਰਿਪੋਰਟਾਂ ਦੇ ਹਵਾਲੇ ਨਾਲ ਚਲਾਉਣੀ ਸ਼ੁਰੂ ਕਰ ਦਿੱਤੀ।
"Times Now" @TimesNow ਨੇ ਟਵੀਟ ਕੀਤਾ " #BREAKING ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਮੌਲਾਨਾ ਮਸੂਦ ਅਜ਼ਹਰ ਦੀ ਮੌਤ ਹੋ ਚੁੱਕੀ ਹੈ। ਰਿਪੋਰਟਾਂ ਦੀ ਪੁਸ਼ਟੀ ਹੋਣੀ ਹੈ!"
@CNNnew18 ਨੇ ਲਿਖਿਆ " #BREAKING: "ਰਿਪੋਰਟਾਂ ਹਨ ਕਿ ਮੌਲਾਨਾ ਮਸੂਦ ਅਜ਼ਹਰ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੀ ਮੌਤ 2 ਮਾਰਚ ਨੂੰ ਹੋਈ। ਇਸਲਾਮਾਬਾਦ ਦੇ ਆਰਮੀ ਤੋਂ ਸੂਚਨਾ ਮਿਲਣ ਤੋਂ ਬਾਅਦ ਇਸ ਬਾਰੇ ਰਸਮੀ ਐਲਾਨ ਕੀਤਾ ਜਾਵੇਗਾ: ਖੂਫੀਆ ਵਿਭਾਗ ਦੇ ਉੱਚ ਸੂਤਰ"
ਇਨ੍ਹਾਂ ਕਿਆਸਅਰਾਈਆਂ ਕਿਹੜੇ ਸੂਤਰਾਂ ਤੋਂ ਆਈਆਂ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਸ਼ਾਇਦ, ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਵੱਲੋਂ ਸੀਐੱਨਐੱਨ ਨੂੰ ਦਿੱਤੀ ਹਾਲੀਆ ਇੰਟਰਵਿਊ ਤੋਂ ਹੀ ਇਨ੍ਹਾਂ ਦਾ ਜਨਮ ਹੋਇਆ।
ਚੈਨਲ ਦੇ ਕ੍ਰਿਸਟੀਨ ਅਮਨਪੂਰ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕੂਰੈਸ਼ੀ ਨੇ ਕਿਹਾ ਸੀ ਕਿ ਜੈਸ਼-ਏ-ਮੁਹੰਮਦ ਦੇ ਮੁਖੀ ਪਾਕਿਸਤਾਨ ਵਿੱਚ ਹਨ ਅਤੇ ਗੰਭੀਰ ਬਿਮਾਰ ਹਨ। ਇੰਨੇ ਕਿ ਉਹ ਤੁਰ ਕੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ।
ਇਹ ਵੀ ਪੜ੍ਹੋ:
ਭਾਰਤ ਦੇ ਕੁਝ ਟਵਿੱਟਰ ਵਰਤਣ ਵਾਲਿਆਂ ਨੇ ਤਾਂ ਇਹ ਦਾਅਵਾ ਵੀ ਕਰ ਦਿੱਤਾ ਕਿ ਮਸੂਦ ਭਾਰਤੀ ਫੌਜ ਦੇ ਪਿਛਲੇ ਹਫ਼ਤੇ ਦੇ ਹਮਲੇ ਵਿੱਚ ਹੀ ਮਾਰਿਆ ਗਿਆ ਸੀ ਅਤੇ ਹੁਣ ਪਾਕਿਸਤਾਨ ਉਸ ਨੂੰ ਗੰਭੀਰ ਬਿਮਾਰ ਦੱਸ ਕੇ ਮਿੱਟੀ ਪਾ ਰਿਹਾ ਹੈ। ਫਿਰ ਕਹੇਗਾ ਕਿ ਉਨ੍ਹਾਂ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ।
ਪੂਰੀ ਸ਼ਾਮ #MasoodAzharDEAD ਹੈਸ਼ਟੈਗ ਭਾਰਤ ਵਿੱਚ ਸਭ ਤੋਂ ਵਧ ਵਰਤਿਆ ਗਿਆ।
ਬਿਨਾਂ ਕੋਈ ਸਮਾਂ ਗੁਆਏ ਪਾਕਿਸਤਾਨ ਵੱਲੋਂ ਇਸ ਖ਼ਬਰ ਨੂੰ ਝੂਠੀ ਦੱਸਿਆ ਗਿਆ।
ਪਾਕਿਸਤਾਨੀ ਪੱਤਰਕਾਰ ਸਬੂਖ਼ ਸਈਦ ਪਿਛਲੇ ਦਸਾਂ ਸਾਲਾਂ ਤੋਂ ਧਾਰਮਿਕ/ ਮਿਲੀਟੈਂਟ ਸੰਗਠਨਾਂ ਬਾਰੇ ਰਿਪੋਰਟਿੰਗ ਕਰਦੇ ਰਹੇ ਹਨ।
ਆਪਣੇ ਉਰਦੂ ਬਲੌਗ ਉੱਤੇ ਸਬੂਖ਼ ਨੇ ਦਾਅਵਾ ਕੀਤਾ ਕਿ ਭਾਰਤੀ ਮੀਡੀਆ ਦੀਆਂ ਅਜ਼ਹਰ ਦੀ ਮੌਤ ਬਾਰੇ ਰਿਪੋਰਟਾਂ ਝੂਠੀਆਂ ਅਤੇ ਬੇਬੁਨਿਆਦ ਹਨ।
ਸਬੂਖ਼ ਨੇ ਮਸੂਦ ਨੂੰ ਤਿੰਨ ਵਾਰ ਇੰਟਰਵਿਊ ਕੀਤਾ ਹੈ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ 2016 ਵਿੱਚ ਹੋਏ ਪਠਾਨਕੋਟ ਹਮਲੇ ਤੋਂ ਬਾਅਦ ਉਹ ਮੀਡੀਆ ਦੇ ਸੰਪਰਕ ਵਿੱਚ ਨਹੀਂ ਰਹੇ।
ਬੀਬੀਸੀ ਨੂੰ ਸਬੂਖ਼ ਨੇ ਦੱਸਿਆ ਕਿ ਉਨ੍ਹਾਂ ਨੇ ਜੈਸ਼-ਏ-ਮੁਹੰਮਦ ਵਿੱਚ ਆਪਣੇ ਸੂਤਰਾਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਦੱਸਿਆ ਕਿ ਮਸੂਦ ਠੀਕ-ਠਾਕ ਹੈ।
"ਇਹ ਸਹੀ ਹੈ ਕਿ ਮਸੂਦ ਸਾਲ 2000 ਤੋਂ ਗੁਰਦੇ ਦੇ ਮਰੀਜ਼ ਹਨ ਅਤੇ ਉਨ੍ਹਾਂ ਦਾ ਇਸ ਬਿਮਾਰੀ ਲਈ ਇਲਾਜ ਚਲਦਾ ਰਿਹਾ ਹੈ। ਫਿਰ ਵੀ ਉਹ ਗੰਭੀਰ ਬਿਮਾਰ ਤਾਂ ਬਿਲਕੁਲ ਵੀ ਨਹੀਂ"
ਏਜਾਜ਼ ਸਈਦ ਇੱਕ ਹੋਰ ਪੱਤਰਕਾਰ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਜੈਸ਼ ਦੀ ਲੀਡਰਸ਼ਿੱਪ ਦੇ ਸੰਪਰਕ ਵਿੱਚ ਰਹੇ ਹਨ। ਉਨ੍ਹਾਂ ਨੇ ਵੀ ਟਵੀਟ ਕਰਕੇ ਮਸੂਦ ਦੀ ਮੌਤ ਦੀ ਖ਼ਬਰ ਨੂੰ ਝੂਠੀ ਦੱਸਿਆ।
#MasoodAzhar ਬਿਲਕੁਲ ਠੀਕ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਝੂਠੀ ਹੈ। #Media ਇੱਕ ਵਾਰ ਫਿਰ #FakeNews ਝੂਠੀਆਂ ਖ਼ਬਰਾਂ ਦਾ ਸ਼ਿਕਾਰ ਹੋ ਗਿਆ। #Pakistan #India
ਏਜਾਜ਼ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਮਸੂਦ ਨਾਲ ਅਤੇ ਜੈਸ਼ ਨਾਲ ਜੁੜੇ ਕਿਸੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਹੈ, ਦੋਵਾਂ ਨੇ ਹੀ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ।
ਏਜਾਜ਼ ਦਾ ਇਹ ਵੀ ਦਾਅਵਾ ਹੈ ਕਿ ਮਸੂਦ ਦੀ ਬਿਮਾਰੀ ਦੀਆਂ ਰਿਪੋਰਟਾਂ ਵਧਾ ਚੜ੍ਹਾ ਕੇ ਦੱਸੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੈਸ਼ ਮੁਖੀ ਬਿਮਾਰ ਤਾਂ ਜ਼ਰੂਰ ਹਨ ਪਰ ਮਰਨ ਕੰਢੇ ਤਾਂ ਬਿਲਕੁਲ ਨਹੀਂ ਹਨ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਇੱਕ ਸਥਾਨਕ ਚੈਨਲ ਨਾਲ ਗੱਲਬਾਤ ਦੌਰਾਨ ਐਤਵਾਰ ਦੀ ਦੇਰ ਸ਼ਾਮ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ।
ਭਾਰਤੀ ਮੀਡੀਆ ਵੱਲੋਂ ਮਸੂਦ ਦੀ ਮੌਤ ਬਾਰੇ ਚਲਾਈਆਂ ਜਾ ਰਹੀਆਂ ਖ਼ਬਰਾਂ ਬਾਰੇ ਪੁੱਛੇ ਜਾਣ 'ਤੇ ਕੁਰੈਸ਼ੀ ਨੇ ਕਿਹਾ, "ਸਾਡੇ ਕੋਲ ਅਜਿਹੀ ਜਾਣਕਾਰੀ ਨਹੀਂ ਹੈ।"
ਇਸਲਾਮਾਬਾਦ ਦੇ ਪਾਕ ਇੰਸਟੀਚਿਊਟ ਆਫ਼ ਪੀਸ ਸਟੱਡੀਜ਼ ਦੇ ਰੱਖਿਆ ਮਾਹਰ ਅਮੀਰ ਰਾਣਾ ਨੂੰ ਅਜਿਹੇ ਸੰਗਠਨਾਂ ਬਾਰੇ ਡੂੰਘੀ ਜਾਣਕਾਰੀ ਹੈ। ਉਹ ਵੀ ਅਜਿਹੀਆਂ ਖ਼ਬਰਾਂ ਦੀ ਪੁਸ਼ਟੀ ਨਹੀਂ ਕਰਦੇ।
"ਮੈਂ ਅਜਿਹਾ ਕੋਈ ਸਬੂਤ ਨਹੀਂ ਦੇਖਿਆ ਜੋ ਅਜ਼ਹਰ ਮਸੂਦ ਦੀ ਮੌਤ ਦੀਆਂ ਖ਼ਬਰਾਂ ਦੀ ਪੁਸ਼ਟੀ ਕਰ ਸਕੇ।"
ਉਨ੍ਹਾਂ ਅੱਗੇ ਕਿਹਾ,"ਲੋਕਾਂ ਨੂੰ ਗਲਤ ਜਾਣਕਾਰੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਤਣਾਅ ਸਮੇਂ ਵਿੱਚ ਅਫਵਾਹਾਂ ਕਿਸੇ ਦੀ ਸੋਚ ਤੋਂ ਵੀ ਤੇਜ਼ ਗਤੀ ਨਾਲ ਫੈਲਦੀਆਂ ਹਨ।"
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: