You’re viewing a text-only version of this website that uses less data. View the main version of the website including all images and videos.
ਜ਼ਿੰਦਗੀ 'ਚ ਲਿਸਟ ਬਣਾ ਕੇ ਕੰਮ ਕਰਨ ਦੇ 7 ਫਾਇਦੇ
ਭਾਵੇਂ ਬਾਜ਼ਾਰੋਂ ਖ਼ਰੀਦਦਾਰੀ ਕਰਨੀ ਹੋਵੇ, ਜ਼ਰੂਰੀ ਕੰਮ ਯਾਦ ਰੱਖਣੇ ਹੋਣ ਤੇ ਭਾਵੇਂ ਆਪਣੀ ਜ਼ਿੰਦਗੀ ਦੇ ਮਕਸਦਾਂ ’ਤੇ ਟਿਕੇ ਰਹਿਣਾ ਹੋਵੇ ਜਾਂ ਕਿਤੇ ਜਾਣ ਸਮੇਂ ਨਾਲ ਲਿਜਾਣ ਵਾਲਾ ਸਮਾਨ ਇਕੱਠਾ ਕਰਨਾ ਹੋਵੇ ਤਾਂ ਲਿਸਟ ਬਣਾਉਣਾ ਹਰ ਕੰਮ ਵਿੱਚ ਮਦਦਗਾਰ ਹੁੰਦਾ ਹੈ।
ਭਾਵੇਂ ਤੁਸੀਂ ਲੰਬੇ ਸਮੇਂ ਤੋਂ ਲਿਸਟਾਂ ਬਣਾ ਰਹੇ ਹੋ ਜਾਂ ਹਾਲ ਹੀ ਵਿੱਚ ਹੀ ਸ਼ੁਰੂ ਕੀਤਾ ਹੋਵੇ, ਤੁਸੀਂ ਇਹ ਤਾਂ ਦੇਖਿਆ ਹੀ ਹੋਵੇਗਾ ਕਿ ਇਸ ਨਾਲ ਕੁਝ ਵੱਖਰੀ ਹੀ ਸੰਤੁਸ਼ਟੀ ਮਿਲਦੀ ਹੈ।
ਆਪਣੇ ਵਿਚਾਰਾਂ, ਯੋਜਨਾਵਾਂ ਅਤੇ ਜ਼ਰੂਰੀ ਗੱਲਾਂ ਦੀ ਸੂਚੀ ਬਣਾਉਣ ਨਾਲ ਦਿਮਾਗ ਤੋਂ ਫਾਲਤੂ ਵਿਚਾਰਾਂ ਦਾ ਭਾਰ ਲੱਥ ਜਾਂਦਾ ਹੈ।
ਇਹ ਵੀ ਪੜ੍ਹੋ:
ਜਿਵੇਂ ਜਿਵੇਂ ਤੁਸੀਂ ਇਹ ਲੇਖ ਪੜ੍ਹੋਂਗੇ ਤਾਂ ਤੁਹਾਨੂੰ ਲਿਸਟਾਂ ਬਣਾਉਣ ਦੇ ਕੁਝ ਹੈਰਾਨੀਜਨਕ ਲਾਭ ਪਤਾ ਲੱਗਣਗੇ।
ਤੁਸੀਂ ਸਹੀ ਸੋਚਿਆ, ਇਹ ਵੀ ਇੱਕ ਸੂਚੀ ਹੈ:
1. ਆਪਣੇ ਵਿਚਾਰਾਂ ਨੂੰ ਖੁੱਲ੍ਹਾ ਛੱਡ ਦਿਓ
ਲਿਸਟ ਬਣਾ ਕੇ ਤੁਸੀਂ ਹੋਰ ਸੰਗਠਿਤ ਹੀ ਨਹੀਂ ਹੁੰਦੇ ਸਗੋਂ ਇਨ੍ਹਾਂ ਦੇ ਹੋਰ ਵੀ ਕਈ ਫਾਇਦੇ ਹਨ, ਜੋ ਸ਼ਾਇਦ ਤੁਹਾਡੀ ਸੋਚ ਤੋਂ ਵੀ ਪਰੇ ਹੋਣ।
ਉਹ ਸਾਰੇ ਕੰਮ ਜੋ ਤੁਸੀਂ ਅਜੇ ਕਰਨੇ ਹਨ, ਉਹ ਲਿਖਣ ਨਾਲ ਤੁਹਾਨੂੰ ਇਹ ਜਾਨਣ ਵਿੱਚ ਸਹਾਇਤਾ ਮਿਲਦੀ ਹੈ ਕਿ ਤੁਸੀਂ ਕਿਹੜੇ ਕੰਮ ਨੂੰ ਤਰਜੀਹ ਦੇਣੀ ਹੈ, ਕਿਸ ਤਰ੍ਹਾਂ ਯੋਜਨਾ ਬਣਾਉਣੀ ਹੈ, ਵਿਚਾਰ ਕਿਵੇਂ ਬਣਾਉਣੇ ਹਨ, ਆਪਣੇ ਸਮੇਂ ਦੀ ਯੋਜਨਾ ਕਿਵੇਂ ਬਣਾਉਣੀ ਹੈ ਅਤੇ ਵੱਡੇ ਪ੍ਰੋਜੈਕਟਾਂ ਨੂੰ ਢੁਕਵੇਂ ਅਤੇ ਛੋਟੇ ਚਰਨਾਂ ਵਿੱਚ ਤੋੜਨ ਵਿੱਚ ਵੀ ਮਦਦ ਮਿਲ ਸਕਦੀ ਹੈ।
ਇਸ ਤੋਂ ਇਲਾਵਾ ਆਪਣੇ ਖਿਆਲਾਂ ਨੂੰ ਕਾਗਜ਼ 'ਤੇ ਲਿਖਣ ਨਾਲ ਤੁਹਾਡੇ ਦਿਮਾਗ ਅੰਦਰ ਚਲ ਰਿਹਾ ਵਿਚਾਰਾਂ ਦਾ ਤੂਫ਼ਾਨ ਵੀ ਸ਼ਾਂਤ ਹੋ ਜਾਂਦਾ ਹੈ।
ਸਭ ਤੋਂ ਵੱਡਾ ਫਾਇਦਾ: ਪੂਰੇ ਕੀਤੇ ਕੰਮਾਂ ਨੂੰ ਲਿਸਟ ਵਿੱਚੋਂ ਕੱਟਣ ਬਾਅਦ ਇੱਕ ਵੱਖਰੀ ਹੀ ਤਰ੍ਹਾਂ ਦੀ ਸੰਤੁਸ਼ਟੀ ਮਿਲਦੀ ਹੈ।
ਅਜੇ ਵੀ ਯਕੀਨ ਨਹੀਂ ਹੋਇਆ? ਨਿਊਰੋਸਾਇੰਟਸਟ ਡੇਨੀਅਲ ਲੇਵੀਟਿਨ ਦਾ ਕਹਿਣਾ ਹੈ ਕਿ ਇੱਕ ਸਮੇਂ 'ਤੇ ਅਸੀਂ ਆਪਣੇ ਦਿਮਾਗ ਵਿਚ ਸਿਰਫ਼ ਚਾਰ ਹੀ ਚੀਜ਼ਾਂ ਹੀ ਰੋਕ ਕੇ ਰੱਖ ਸਕਦੇ ਹਾਂ। ਇਸ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਖਾਲੀ ਕਰਨ ਦੀ ਜ਼ਰੂਰਤ ਹੁੰਦੀ ਹੈ, ਸੂਚੀਆਂ ਇਸ ਵਿੱਚ ਮਦਦਗਾਰ ਹੁੰਦੀਆਂ ਹਨ। ਤੁਹਾਨੂੰ ਕੋਈ ਗੱਲ ਭੁੱਲਣ ਦਾ ਵੀ ਡਰ ਨਹੀਂ ਰਹਿੰਦਾ।
2. ਆਪਣੀ ਸਫ਼ਲਤਾ ਵਿੱਚ ਵਾਧਾ ਕਰੋ
ਸੂਚੀਆਂ ਤੁਹਾਨੂੰ ਵਾਕਈ ਵਧੇਰੇ ਸਫ਼ਲ ਅਤੇ ਉਤਪਾਦਕ ਬਣਾ ਸਕਦੀਆਂ ਹਨ।
ਮਨੋਵਿਗਿਆਨੀ ਜੌਰਡਨ ਪੀਟਰਸਨ ਦੁਆਰਾ ਟੀਚੇ ਬਣਾਉਣ 'ਤੇ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ ਜੇ ਵਿਦਿਆਰਥੀ ਪਿਛਲੀਆਂ ਆਦਤਾਂ ਵੱਲ ਝਾਤ ਮਾਰਨ ਅਤੇ ਭਵਿੱਖ ਲਈ ਠੋਸ ਟੀਚਿਆਂ ਦੀ ਸੂਚੀ ਤਿਆਰ ਕਰਨਾ ਤਾਂ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੁੰਦਾ ਹੈ।
ਇਸੇ ਤਰ੍ਹਾਂ ਐੱਫ਼ ਐਲ. ਸ਼ਮਿਡਟ ਦੁਆਰਾ ਸਾਲ 2013 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਰਮਚਾਰੀਆਂ ਨੂੰ ਵਿਸ਼ੇਸ਼, ਚੁਣੌਤੀਪੂਰਨ ਅਤੇ ਯਥਾਰਥਿਕ ਟੀਚੇ ਨਿਰਧਾਰਤ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਦੀ ਉਤਪਾਦਕਤਾ 10% ਵਧਦੀ ਹੈ।
ਇਸ ਨਾਲ ਸਿਰਫ਼ ਤੁਹਾਡੇ ਬੌਸ ਨੂੰ ਹੀ ਮਦਦ ਨਹੀਂ ਮਿਲਦੀ ਸਗੋਂ ਲੰਬੇ ਸਮੇਂ ਵਿੱਚ ਹਾਸਲ ਕੀਤੇ ਜਾਣ ਵਾਲੇ ਟੀਚੇ ਮਿੱਥਣ ਨਾਲ ਤੁਹਾਨੂੰ ਆਪਣੀਆਂ ਨਿੱਜੀ ਇੱਛਾਵਾਂ ਪੂਰੀਆਂ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਇਸ ਲਈ ਕਾਗਜ਼-ਪੈਨ ਲਓ ਅਤੇ ਆਪਣੀਆਂ ਵੱਡੀਆਂ-ਵੱਡੀਆਂ ਇੱਛਾਵਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿਓ।
3. ਲਿਸਟ ਬਣਾਓ ਪੈਸੇ ਬਚਾਓ
ਸ਼ੌਪਿੰਗ ਲਿਸਟਾਂ ਬਣਾਉਣ ਨਾਲ ਤੁਸੀਂ ਸੁਪਰ ਮਾਰਕਿਟ ਜਾਣ ਵੇਲੇ ਕੁਝ ਜ਼ਰੂਰੀ ਸਮਾਨ ਖਰੀਦਣਾ ਭੁੱਲੋਂਗੇ ਨਹੀਂ। ਇਹ ਆਦਤ ਸਮੇਂ ਦੇ ਨਾਲ ਤੁਹਾਡੇ ਬਹੁਤ ਸਾਰੇ ਪੈਸੇ ਬਚਾ ਸਕਦੀ ਹੈ।
ਆਪਣੀ ਜ਼ਰੂਰਤ ਦੇ ਸਮਾਨ ਦੀ ਸੂਚੀ ਬਣਾ ਕੇ ਜਦੋਂ ਤੁਸੀਂ ਖਰੀਦਾਰੀ ਕਰਨ ਲਈ ਕਿਸੇ ਦੁਕਾਨ 'ਤੇ ਜਾਂਦੇ ਹੋ ਤਾਂ ਇਸ ਨਾਲ ਤੁਸੀਂ ਬੇਲੋੜੀ ਅਤੇ ਫਜ਼ੂਲ ਦੀ ਖਰੀਦਾਰੀ ਨਹੀਂ ਕਰਦੇ।
ਇਸ ਵਿੱਚ ਕੁਝ ਹੱਦ ਤੱਕ ਸਵੈ-ਸੰਜਮ ਦੀ ਜ਼ਰੂਰ ਲੋੜ ਹੁੰਦੀ ਹੈ। ਜੇ ਇਹ ਤੁਹਾਨੂੰ ਸ਼ੁਰੂ ਵਿੱਚ ਔਖਾ ਲੱਗੇ ਤਾਂ ਤੁਸੀਂ ਆਪਣੀ ਹਰ ਟ੍ਰਿਪ ਦੌਰਾਨ ਇੱਕ ਚੀਜ਼ ਸੂਚੀ ਤੋਂ ਬਾਹਰੋਂ ਖ਼ਰੀਦ ਸਕਦੇ ਹੋ।
ਜੇ ਤੁਸੀਂ ਆਸਾਨੀ ਨਾਲ ਲਲਚਾ ਜਾਂਦੇ ਹੋ ਤਾਂ ਸੂਚੀ ਤੋਂ ਬਾਹਰ ਖਰੀਦੇ ਜਾਣ ਵਾਲੀ ਚੀਜ਼ 'ਤੇ ਪਹਿਲਾਂ ਤੋਂ ਹੀ ਕੀਮਤ ਦੀ ਹੱਦ ਮਿੱਥ ਲਵੋ।
ਅਜਿਹੀ ਫਜ਼ੂਲ ਦੀ ਖ਼ਰੀਦਦਾਰੀ ਤੋਂ ਆਪਣੇ ਆਪ ਨੂੰ ਰੋਕ ਕੇ ਤੁਸੀਂ ਕੁਝ ਅਜਿਹੀਆਂ ਚੀਜਾਂ ਲੈ ਸਕਦੇ ਹੋ ਜਿਨ੍ਹਾਂ ਦੀ ਤੁਹਾਨੂੰ ਵਾਕਈ ਲੋੜ ਹੋਵੇ।
4. ਸਵੈ-ਸ਼ੱਕ ਨੂੰ ਖ਼ਤਮ ਕਰਕੇ ਸਵੈ-ਮਾਣ ਨੂੰ ਦੇਵੋ ਹੱਲਾਸ਼ੇਰੀ
ਜੇਕਰ ਤੁਸੀਂ ਆਪਣੇ-ਆਪ ਬਾਰੇ ਵਧੀਆ ਮਹਿਸੂਸ ਨਹੀਂ ਕਰਦੇ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਜਿੰਦਗੀ ਬਸ ਬੇਕਾਰ ਲੰਘਦੀ ਜਾ ਰਹੀ ਹੈ ਤਾਂ ਸੂਚੀ ਬਣਾਉਣ ਨਾਲ ਤੁਹਾਡਾ ਬਚਾਅ ਹੋ ਸਕਦਾ ਹੈ।
ਆਪਣੀਆਂ ਸਾਰੀਆਂ ਪ੍ਰਾਪਤੀਆਂ ਲਿਖੋ- ਸਭ ਵੱਡੀਆਂ ਅਤੇ ਛੋਟੀਆਂ- ਇਹ ਆਪਣੇ ਆਪ ਨੂੰ ਯਾਦ ਕਰਵਾਉਣ ਦਾ ਬਹੁਤ ਹੀ ਹੈਰਾਨੀਜਨਕ ਅਤੇ ਸੌਖਾ ਤਰੀਕਾ ਹੈ ਕਿ ਤੁਸੀਂ ਕਿੰਨ੍ਹੇ ਵਧੀਆ ਹੋ।
ਤੁਹਾਡੀ ਪੜ੍ਹਾਈ ਵਿੱਚ ਜਾਂ ਫਿਰ ਆਪਣੇ ਪੇਸ਼ੇ ਵਿੱਚ ਕਈ ਤਰ੍ਹਾਂ ਦੀਆਂ ਉਪਲੱਬਧੀਆਂ ਹੋ ਸਕਦੀਆਂ ਹਨ, ਕੁਝ ਨਿੱਜੀ ਪ੍ਰਾਪਤੀਆਂ ਵੀ ਹੋ ਸਕਦੀਆਂ ਹਨ।
ਇਸ ਵਿੱਚ ਸਭ ਕੁਝ ਸ਼ਾਮਲ ਹੈ: ਪਹਾੜ ਚੜ੍ਹਨਾ, ਕਿਸੇ ਪ੍ਰੀਖਿਆ ਵਿੱਚ ਬਹੁਚ ਚੰਗੇ ਨੰਬਰ ਲੈਣਾ, ਕੋਈ ਔਖੀ ਕਿਤਾਬ ਪੂਰੀ ਪੜ੍ਹ ਲੈਣਾ ਜਾਂ ਫਿਰ ਕਿਸੇ ਦੋਸਤ ਨੂੰ ਉਸ ਦੇ ਜਨਮ ਦਿਨ 'ਤੇ ਮੁਬਾਰਕਬਾਦ ਦੇਣਾ ਯਾਦ ਰੱਖਣਾ।
ਜਿਨ੍ਹਾਂ ਲੋਕਾਂ ਦੀ ਸੈਲਫ-ਇਸ ਟੀਮ ਬਹੁਤ ਘੱਟ ਹੈ ਉਨ੍ਹਾਂ ਨੂੰ ਮੈਂਟਲ ਹੈਲਥ ਚੈਰਿਟੀ ਮਾਈਂਡ ਵੱਲੋਂ ਅਜਿਹੀਆਂ 50 ਚੀਜ਼ਾਂ ਦੀ ਸੂਚੀ ਬਣਾਉਣ ਨੂੰ ਕਿਹਾ ਜਾਂਦਾ ਹੈ ਜੋ ਉਨ੍ਹਾਂ ਨੂੰ ਆਪਣੇ-ਆਪ ਵਿੱਚ ਵਧੀਆ ਲਗਦੀਆਂ ਹੋਣ।
ਭਾਵੇਂ ਇਹ ਸਭ ਸੋਚਣ ਲਈ ਤੁਹਾਨੂੰ ਕੁ ਹਫ਼ਤੇ ਲੱਗ ਜਾਣ ਜਾਂ ਫਿਰ ਤੁਹਾਨੂੰ ਆਪਣੇ ਕਿਸੇ ਦੋਸਤ ਨਾਲ ਇਸ ਬਾਰੇ ਵਿਚਾਰ-ਵਟਾਂਦਰੀ ਕਰਨਾ ਪਵੇ।
ਫਿਰ ਨਿੱਤ ਦਿਨ ਤੁਸੀਂ ਇਸ ਸੂਚੀ ਵਿੱਚ ਆਪਣੇ ਵੱਖਰੇ-ਵੱਖਰੇ ਗੁਣ ਲੱਭੋ ਅਤੇ ਆਪਣੇ ਸਭ ਤੋਂ ਵੱਡੇ ਅਤੇ ਮੁੱਖ ਗੁਣਾਂ ਨੂੰ ਸਮਝੋ।
5. ਗਲਤੀਆਂ ਨਾ ਕਰਨਾ ਯਕੀਨੀ ਬਣਾਓ
ਇੱਕ ਵਿਸ਼ੇਸ਼ ਤਰ੍ਹਾਂ ਦੀ ਲਿਸਟ ਤੁਹਾਨੂੰ ਬਹੁਤ ਵੱਡੀ ਮੁਸੀਬਤ ਤੋਂ ਬਚਾ ਸਕਦੀ ਹੈ: ਉਹ ਹੈ ਚੈੱਕਲਿਸਟ।
ਭਾਵੇਂ ਤੁਸੀਂ ਕਿਸੇ ਵਿਆਹ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਘਰ ਬਦਲਣ ਦੀਆਂ ਤਿਆਰੀਆਂ ਕਰ ਰਹੇ ਹੋ ਜਾਂ ਫਿਰ ਛੁੱਟੀਆਂ ਦੀ ਤਿਆਰੀ ਕਰ ਰਹੇ ਹੋ- ਜ਼ਰੂਰੀ ਹੈ ਕਿ ਤੁਸੀਂ ਮੁਕੰਮਲ ਕਰਨ ਵਾਲੇ ਕੰਮਾਂ ਦੀ ਲਿਖ਼ਤੀ ਸੂਚੀ ਤਿਆਰ ਕਰ ਲਵੋ- ਤਾਂ ਜੋ ਤੁਸੀਂ ਜ਼ਰੂਰੀ ਚੀਜ਼ਾਂ ਅਤੇ ਕੰਮ ਭੁੱਲ ਨਾ ਜਾਓ।
ਹਸਪਤਾਲਾਂ ਵਿੱਚ ਵੀ ਇਹ ਤਕਨੀਕ ਬਾਖੂਬੀ ਕੰਮ ਕਰਦੀ ਹੈ। ਚੈੱਕ ਲਿਸਟ ਬਣਾਉਣ ਨਾਲ ਬਹੁਤ ਸਾਰੀਆਂ ਘਾਤਕ ਸਾਬਤ ਹੋਣ ਵਾਲੀਆਂ ਗਲਤੀਆਂ ਨਹੀਂ ਹੁੰਦੀਆਂ ਅਤੇ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ।
ਅਮਰੀਕਾ ਵਿੱਚ ਪਹਿਲੀ ਰਸਮੀ ਡਾਕਟਰੀ ਚੈੱਕਲਿਸਟ ਨੂੰ ਇਹ ਯਕੀਨੀ ਬਣਾਉਣ ਲਈ ਪੇਸ਼ ਕੀਤਾ ਗਿਆ ਸੀ ਕਿ ਮਰੀਜ਼ਾਂ ਦੀ ਛਾਤੀ ਵਿੱਚ ਪੰਜ ਸਧਾਰਨ ਕਦਮਾਂ ਹੇਠ ਲਿਖੇ ਹੋਏ ਢੰਗ ਨਾਲ ਹੀ ਸਹੀ ਤਰੀਕੇ ਨਲਕੀ ਪਾਈ ਜਾ ਸਕੇ।
ਇਸ ਦਾ ਨਤੀਜਾ ਇਹ ਹੋਇਆ ਕਿ ਸਿਰਫ਼ 15 ਮਹੀਨਿਆਂ ਵਿੱਚ ਇਨਫੈਕਸ਼ਨ ਦੀ ਦਰ 4% ਤੋਂ ਸਿਫ਼ਰ ਹੋ ਗਈ। ਜਿਸ ਨਾਲ 1500 ਜਾਨਾਂ ਬੱਚ ਸਕੀਆਂ ਅਤੇ $200 ਮਿਲੀਅਨ ਦੀ ਬਚਤ ਹੋਈ।
6. ਧਿਆਨ ਇਕਾਗਰ ਰੱਖਣ 'ਚ ਮਦਦਗਾਰ
ਕੀ ਤੁਸੀਂ ਕਦੇ ਜ਼ੇਗਾਰਨਿਕ ਈਫੈਕਟ (Zeigarnik Effect) ਬਾਰੇ ਸੁਣਿਆ ਹੈ? ਹੋ ਸਕਦਾ ਹੈ ਕਿ ਤੁਹਾਨੂੰ ਅਹਿਸਾਸ ਵੀ ਨਾ ਹੋਵੇ ਅਤੇ ਇਹ ਤੁਹਾਡੀ ਜ਼ਿੰਦਗੀ 'ਤੇ ਅਸਰ ਪਾ ਰਿਹਾ ਹੋਵੇ।
ਇਹ ਮਨੋਵਿਗਿਆਨਕ ਸਿਧਾਂਤ ਦੱਸਦਾ ਹੈ ਕਿ ਸਾਡਾ ਦਿਮਾਗ ਉਹ ਕੰਮ ਜ਼ਿਆਦਾ ਬਿਹਤਰ ਤਰੀਕੇ ਯਾਦ ਰੱਖਦਾ ਹੈ, ਜੋ ਅਧੂਰੇ ਛੱਡ ਦਿੱਤੇ ਗਏ ਹੋਣ, ਉਨ੍ਹਾਂ ਚੀਜਾਂ ਅਤੇ ਕੰਮਾਂ ਦੇ ਮੁਕਾਬਲੇ ਜੋ ਤੁਸੀਂ ਮੁਕੰਮਲ ਕਰ ਲਏ ਹੋਣ।
ਇਹ ਵੀ ਪੜ੍ਹੋ:
ਇਸ ਦੇ ਸਿੱਟੇ ਵਜੋਂ, ਜਦੋਂ ਤੁਸੀਂ ਕਿਸੇ ਅਹਿਮ ਚੀਜ਼ ਵੱਲ ਆਪਣਾ ਧਿਆਨ ਲਗਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਬਹੁਤ ਵਾਰ ਅਧੂਰੇ ਕੰਮ ਤੁਹਾਡਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ।
ਇਸ ਦਾ ਜਵਾਬ ਕੀ ਹੈ? ਮਨੋਵਿਗਿਆਨੀ ਕਹਿੰਦੇ ਹਨ ਕਿ ਤੁਹਾਨੂੰ ਸਾਰੇ ਅਧੂਰੇ ਕੰਮਾਂ ਦੀ ਸੂਚੀ ਬਣਾ ਲੈਣੀ ਚਾਹੀਦੀ ਹੈ - ਇਹ ਕੁਝ ਵੀ ਹੋ ਸਕਦਾ ਹੈ ਜਿਵੇਂ ਤੁਸੀਂ ਕਿਸੇ ਈਮੇਲ ਦਾ ਜਵਾਬ ਨਾ ਦਿੱਤਾ ਹੋਵੇ, ਆਪਣਾ ਕੋਈ ਕੱਪੜਾ ਹੱਥੀਂ ਧੋਣਾ ਹੋਵੇ ਜਾਂ ਫਿਰ ਕਿਸੇ ਨਵੇਂ ਸ਼ਬਦ ਦਾ ਅਸਲ ਮਤਲਬ ਪਤਾ ਕਰਨਾ ਹੋਵੇ।
ਜਦੋਂ ਤੁਹਾਡੇ ਦਿਮਾਗ ਨੂੰ ਇਹ ਇਸ਼ਾਰਾ ਮਿਲ ਜਾਂਦਾ ਹੈ ਕਿ ਅਧੂਰੇ ਪਏ ਕੰਮਾਂ ਨਾਲ ਨਿਪਟਿਆ ਜਾ ਰਿਹਾ ਹੈ, ਤਾਂ ਤੁਸੀਂ ਹੱਥ ਵਿੱਚ ਲਏ ਕੰਮ ਵੱਲ ਵਧੀਆ ਤਰੀਕੇ ਨਾਲ ਧਿਆਨ ਦੇ ਸਕਦੇ ਹੋ।
7. ਟਾਲੇ ਜਾ ਰਹੇ ਕੰਮਾਂ ਦਾ ਕਰੋ ਸਾਹਮਣਾ
ਸਾਨੂੰ ਸਾਰਿਆਂ ਨੂੰ ਹੀ ਕੁਝ ਇਸ ਤਰ੍ਹਾਂ ਦੇ ਕੰਮ ਹੁੰਦੇ ਹਨ, ਜੋ ਸਾਨੂੰ ਕਰਨੇ ਪਸੰਦ ਨਹੀਂ ਹੰਦੇ ਪਰ ਇਹ ਅਧੂਰੇ ਕੰਮ ਕਿਤੇ ਨਾ ਕਿਤੇ ਸਾਡੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ।
ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਨੂੰ ਲਿਖਿਆ ਜਾਵੇ ਅਤੇ ਇੱਕ-ਇੱਕ ਕਰਕੇ ਪੂਰੇ ਕਰ ਲਏ ਜਾਣ ਤੇ ਅਧੂਰੇ ਕੰਮਾਂ ਦੀ ਸੂਚੀ ਨੂੰ ਕੁਝ ਘਟਾਇਆ ਜਾਵੇ।
ਇਨ੍ਹਾਂ ਨਾ-ਪਸੰਦ ਕੰਮਾਂ ਦੀ ਸੂਚੀ ਦੇ ਕੰਮਾਂ ਨੂੰ ਨਿਪਟਾ ਕੇ ਖ਼ਤਮ ਕਰਨਾ ਬਹੁਤ ਜ਼ਿਆਦਾ ਸੰਤੁਸ਼ਟੀ ਦੇ ਸਕਦਾ ਹੈ, ਇਹ ਤੁਹਾਡੇ ਦਿਮਾਗ ਤੋਂ ਵੀ ਬਹੁਤ ਵੱਡਾ ਭਾਰ ਉਤਾਰ ਦਿੰਦਾ ਹੈ। ਜੇਕਰ ਤੁਸੀਂ ਇਹ ਸਾਰੇ ਕੰਮ ਇੱਕ ਵਾਰ 'ਚ ਹੀ ਪੂਰੇ ਕਰ ਦਿੰਦੇ ਹੋ ਤਾਂ ਇਕੱਲਾ-ਇਕੱਲਾ ਕੰਮ ਇੰਨਾ ਮਾੜਾ ਨਹੀਂ ਲੱਗਦਾ।
ਇਸ ਲਈ ਹੁਣ ਅੱਗੇ ਵਧੋ ਅਤੇ ਉਹ ਸਾਰੇ ਕੰਮ ਖ਼ਤਮ ਕਰ ਦਓ ਜੋ ਬਹੁਤ ਦੇਰ ਤੋਂ ਰੁਕੇ ਹੋਏ ਨੇ ਅਤੇ ਤੁਹਾਡੇ ਦਿਮਾਗ ਅੰਦਰ ਜਗ੍ਹਾ ਘੇਰ ਕੇ ਤੁਹਾਨੂੰ ਤੰਗ- ਪਰੇਸ਼ਾਨ ਕਰ ਰਹੇ ਹਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: