You’re viewing a text-only version of this website that uses less data. View the main version of the website including all images and videos.
ਪੰਜਾਬ ਦਾ ਉਹ ਪਿੰਡ ਜਿੱਥੇ ਘੁੰਡ ਕੱਢਦੀਆਂ ਔਰਤਾਂ ਵੀ ਸਰਕਾਰੀ ਨੌਕਰੀ ਕਰਦੀਆਂ ਹਨ
- ਲੇਖਕ, ਕੁਲਵੀਰ ਨਮੋਲ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ-ਹਰਿਆਣਾ ਦੀ ਸਰਹੱਦ ਉੱਤੇ ਵੱਸਿਆ ਗੁਲਾੜੀ ਸੰਗਰੂਰ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ ਤੇ ਉਹ ਸਰਕਾਰੀ ਨੌਕਰੀਆਂ ਕਰਕੇ ਜਾਣਿਆ ਜਾਂਦਾ ਹੈ।
ਇਸ ਪਿੰਡ ਦੀ ਖਾਸੀਅਤ ਹੈ ਇੱਥੋਂ ਦੇ ਲੋਕਾਂ ਦਾ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾ ਰਹੀ ਹੈ।
ਇਸ ਪਿੰਡ ਦੇ ਹਰ ਘਰ ਦਾ ਕੋਈ ਨਾ ਕੋਈ ਮੈਂਬਰ ਸਰਕਾਰੀ ਨੌਕਰੀ ਕਰ ਰਿਹਾ ਹੈ।
ਦਿਲਚਸਪ ਗੱਲ ਇਹ ਕਿ ਆਪਣੀਆਂ ਰਿਵਾਇਤਾਂ ਨਾਲ ਜਿਊਣ ਵਾਲੇ ਇਸ ਪਿੰਡ ਵਿੱਚ ਘੁੰਡ ਕੱਢਣ ਵਾਲੀਆਂ ਔਰਤਾਂ ਨੂੰ ਵੀ ਨੌਕਰੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਪਿੰਡ ਵਿੱਚ 250 ਦੇ ਤਕਰੀਬਨ ਸਰਕਾਰੀ ਮੁਲਾਜ਼ਮ
ਪਿੰਡ ਗੁਲਾੜੀ ,ਸੰਗਰੂਰ ਤੋਂ 67 ਕਿਲੋਮੀਟਰ ਦੂਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਅਤੇ ਪਿੰਡ ਦੀ ਕੁੱਲ ਬਾਲਗ ਵਸੋਂ 2507 ਹੈ।
ਇਸ ਪਿੰਡ ਦੇ ਵਾਸੀ ਤਰਸੇਮ ਸਿੰਘ ਜੋ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 250 ਦੇ ਕਰੀਬ ਸਰਕਾਰੀ ਮੁਲਾਜ਼ਮ ਹਨ ਜਿਨ੍ਹਾਂ ਵਿਚੋਂ 115 ਅਧਿਆਪਕ ਹਨ ਤੇ 70 ਫੌਜ ਵਿੱਚ ਭਰਤੀ ਹਨ।
ਇਸ ਤੋਂ ਇਲਾਵਾ 22 ਪੁਲਿਸ, 14 ਸਿਹਤ ਵਿਭਾਗ ਤੇ ਹੋਰ ਸਰਕਾਰੀ ਵਿਭਾਗਾਂ ਵਿਚ ਨੌਕਰੀ ਕਰਦੇ ਹਨ।
ਪਿੰਡ ਦੇ ਲੋਕਾਂ ਦੇ ਵੱਡੀ ਗਿਣਤੀ ਵਿਚ ਸਰਕਾਰੀ ਨੌਕਰੀਆਂ ਉੱਪਰ ਹੋਣ ਦੇ ਪਿੱਛੇ ਦਾ ਕਾਰਨ ਉਹ ਪਿੰਡ ਲੋਕਾਂ ਵੱਲੋਂ ਸਿੱਖਿਆ ਉਪਰ ਜ਼ੋਰ ਦੇਣ ਨੂੰ ਮੰਨਦੇ ਹਨ।
ਪਿੰਡ ਵਿੱਚ ਸਰਕਾਰੀ ਮੁਲਾਜਮਾਂ ਵੱਲੋਂ ਇੱਕ ‘ਗ੍ਰਾਮ ਸੁਧਾਰ ਸੰਮਤੀ’, ਨਾ ਦੀ ਗ਼ੈਰ ਸਿਆਸੀ ਸੰਸਥਾ ਬਣਾਈ ਗਈ ਹੈ, ਜਿਸ ਵਿਚ ਪਿੰਡ ਦੇ ਹਰ ਰਿਟਾਇਰਡ ਤੇ ਦੂਰ ਦੁਰਾਡੇ ਨੌਕਰੀ ਕਰਦੇ ਸਰਕਾਰੀ ਮੁਲਾਜ਼ਮ ਮੈਂਬਰ ਹਨ।
ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ
ਪਿੰਡ ਦੀ ਸੰਮਤੀ ਵੱਲੋਂ ਬੱਚਿਆਂ ਦੇ ਪੜ੍ਹਨ ਲਈ ਇੱਕ ਸਮਾਰਟ ਲਾਇਬ੍ਰੇਰੀ ਬਣਾਈ ਗਈ ਹੈ।
ਇਸ ਸੰਮਤੀ ਦਾ ਅਹਿਮ ਕੰਮ ਹੈ ਨੌਜਵਾਨਾਂ ਲਈ ਸਰਕਾਰੀ ਭਰਤੀ ਲਈ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਕਰਵਾਉਣਾ।
ਜਦੋਂ ਵੀ ਕਿਸੇ ਸਰਕਾਰੀ ਵਿਭਾਗ ਦੀ ਭਰਤੀ ਨਿਕਲਦੀ ਹੈ ਤਾਂ ਪੰਜਾਬ ਦੀਆਂ ਅਕੈਡਮੀਆਂ ਦੇ ਮਾਹਰ ਕੋਚ ਪਿੰਡ ਵਿੱਚ ਬੁਲਾਏ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਪਿੰਡ ਰਹਿ ਕੇ ਹੀ ਤਿਆਰੀ ਕਰਵਾ ਸਕਣ।
ਸੂਰਜ ਭਾਨ ਜੋ ਇਸ ਸੰਮਤੀ ਦੇ ਪ੍ਰਧਾਨ ਹਨ ਖ਼ੁਦ ਵੀ ਈਟੀਟੀ ਅਧਿਆਪਕ ਹਨ ਤੇ ਰੋਜ਼ ਸਕੂਲ ਵਿੱਚ ਹੀ ਬੱਚਿਆਂ ਨੂੰ ਮੁਫ਼ਤ ਯੋਗਾ ਕਰਵਾਉਂਦੇ ਹਨ ਤਾਂ ਜੋ ਉਨ੍ਹਾਂ ਦੀ ਇਕਾਗਰਤਾ ਬਣਾਈ ਜਾ ਸਕੇ।
ਸਿੱਖਿਆ ਤੇ ਸਰਕਾਰੀ ਨੌਕਰੀ ’ਤੇ ਨਿਰਭਰ ਪਿੰਡ
- ਸੰਗਰੂਰ ਦੇ ਪਿੰਡ ਗੁਲਾੜੀ ਵਿੱਚ ਵੱਡੀ ਗਿਣਤੀ ਲੋਕ ਸਰਕਾਰੀ ਨੌਕਰੀ ਕਰਦੇ ਹਨ
- ਪਿੰਡ ਵਿੱਚ 250 ਦੇ ਤਕਰੀਬਨ ਸਰਕਾਰੀ ਮੁਲਾਜ਼ਮ ਹਨ ਜਿਨ੍ਹਾਂ ਵਿਚੋਂ 115 ਅਧਿਆਪਕ ਹਨ ਤੇ 70 ਫੌਜ ਵਿਚ ਭਰਤੀ ਹਨ
- ਪਿੰਡ ਵਿੱਚ 22 ਪੁਲਿਸ ਮੁਲਾਜ਼ਮ ਹਨ ਤੇ 14 ਲੋਕ ਸਿਹਤ ਵਿਭਾਗ ਤੇ ਹੋਰ ਸਰਕਾਰੀ ਵਿਭਾਗਾਂ ਵਿਚ ਨੌਕਰੀ ਕਰਦੇ ਹਨ
- ਪਿੰਡ ਵਿੱਚ ਹੀ ਨੌਜਵਾਨਾਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ
ਪੜ੍ਹਾਈ ਪ੍ਰਤੀ ਸੰਜੀਦਗੀ
ਪਿੰਡ ਵਿਚ ਬਣੀ ਲਾਇਬ੍ਰੇਰੀ ਤੁਹਾਨੂੰ ਪਹਿਲੀ ਵਾਰ ਦੇਖਣ ਤੇ ਇਕ ਸੁਵਿਧਾ ਕੇਂਦਰ ਦਾ ਭੁਲੇਖਾ ਪਾਉਂਦੀ ਹੈ ਪਰ ਜਦੋਂ ਤੁਸੀ ਅੰਦਰ ਦੇਖਦੇ ਹੋ ਕਿ ਦੁਪਹਿਰ ਵੇਲੇ10 ਦੇ ਕਰੀਬ ਕੁੜੀਆਂ ਪੜ੍ਹ ਰਹੀਆਂ ਹਨ ਤਾਂ ਸਮਝ ਆਉਂਦੀ ਹੈ ਕਿ ਬੁਨਿਆਦੀ ਸਹੂਲਤਾਂ ਤੋਂ ਪੱਛੜੇ ਇਸ ਪਿੰਡ ਦੇ ਲੋਕ ਪੜ੍ਹਾਈ ਪ੍ਰਤੀ ਬਹੁਤ ਸੰਜੀਦਾ ਹਨ ।
ਦੁਪਹਿਰ ਦੇ 1 ਵਜੇ ਲਾਇਬ੍ਰੇਰੀ ਵਿੱਚ ਪੜ੍ਹ ਰਹੀ ਸਾਨੀਆ ਹਰਿਆਣਾ ਦੀ ਇੱਕ ਯੂਨੀਵਰਸਿਟੀ ਵਿਚ ਬੀ.ਏ ਫਾਈਨਲ ਦੀ ਵਿਦਿਆਰਥਣ ਹੈ।
ਸਾਨੀਆ ਸਿਵਲ ਸਰਵਿਸ ਦੀ ਤਿਆਰੀ ਕਰ ਰਹੀ ਹੈ ਉਸਦਾ ਸੁਫ਼ਨਾ ਆਈਏਐੱਸ ਅਧਿਕਾਰੀ ਬਣਨਾ ਹੈ।
ਸਾਨੀਆਂ ਇਸ ਲਾਈਬਰ੍ਰੇਰੀ ਨੂੰ ਪਿੰਡ ਦੀਆਂ ਕੁੜੀਆਂ ਲਈ ਇੱਕ ਵੱਡਾ ਸਹਾਰਾ ਮੰਨਦੀ ਹੈ। ਉਹ ਦੱਸਦੀ ਹੈ ਕਿ ਇਥੇ ਹਰ ਤਰ੍ਹਾਂ ਦੀ ਲੋੜੀਂਦੀ ਕਿਤਾਬ ਮਿਲ ਜਾਂਦੀ ਹੈ ਖ਼ਾਸਕਰ ਮਹਿੰਗੀਆਂ ਕਿਤਾਬਾਂ।
ਜੇ ਮਾਪੇ ਕੁੜੀਆਂ ਜਾਂ ਮੁੰਡਿਆਂ ਨੂੰ ਵੀ ਮਹਿੰਗੀਆਂ ਕਿਤਾਬਾਂ ਲੈ ਕੇ ਦੇਣ ਵਿੱਚ ਸਮਰੱਥ ਨਾ ਹੋਣ ਤਾਂ ਇਸ ਲਾਇਬਰ੍ਰੇਰੀ ਦਾ ਸਹਾਰਾ ਲਿਆ ਜਾ ਸਕਦਾ ਹੈ।
ਉਹ ਕਹਿੰਦੇ ਹਨ,“ਪਿੰਡ ਨੇ ਸਾਨੂੰ ਸਿਰਫ਼ ਰਾਹ ਨਹੀਂ ਦਿਖਾਇਆ ਬਲਕਿ ਉਸ ਪੈਂਡੇ ’ਤੇ ਤੁਰਨ ਦਾ ਜ਼ਰੀਆ ਵੀ ਦਿੱਤਾ ਤੇ ਹਰ ਮੋੜ ਉੱਤੇ ਪਿੰਡ ਦੇ ਵੱਡੇ ਉਨ੍ਹਾਂ ਦਾ ਸਾਥ ਦਿੰਦੇ ਹਨ ਤੇ ਮਾਰਗਦਰਸ਼ਨ ਕਰਦੇ ਹਨ।”
ਈਟੀਟੀ ਅਧਿਆਪਕਾ ਪ੍ਰਮੇਸਰੀ ਰਾਣੀ ਨੇ ਦੱਸਿਆ ਕਿ ਉਹ ਪਿੰਡ ਗੁਲਾੜੀ ਵਿਆਹ ਕੇ ਆਈ ਤਾਂ ਉਹ ਪਿੰਡ ਦੀ ਪਹਿਲੀ 12ਵੀਂ ਪਾਸ ਔਰਤ ਸੀ।
ਉਨ੍ਹਾਂ ਦੇ ਪਤੀ ਰਣਬੀਰ ਸਿੰਘ ਸੰਸਕ੍ਰਿਤ ਦੇ ਅਧਿਆਪਕ ਹਨ।
ਆਪਣੇ ਪਤੀ ਦੇ ਸਾਥ ਬਾਰੇ ਦੱਸਦਿਆਂ ਉਹ ਕਹਿੰਦੇ ਹਨ, “ਮੇਰਾ ਈਟੀਟੀ ਵਿੱਚ ਦਾਖਲਾ ਮੇਰੇ ਪਤੀ ਨੇ ਕਰਵਾਇਆ ਉਨ੍ਹਾਂ ਨੇ ਘਰ ਵਿਚ ਹੀ ਮੈਨੂੰ ਟੈਸਟਾਂ ਦੀ ਤਿਆਰੀ ਕਰਵਾਈ।”
ਵਿਆਹ ਤੋਂ 12 ਸਾਲ ਬਾਅਦ ਉਹ ਅਧਿਆਪਕਾ ਬਣੇ ਅਤੇ ਉਸ ਤੋਂ ਬਾਅਦ ਪਿੰਡ ਦੀਆਂ ਹੋਰ ਵਿਆਹੁਤਾ ਔਰਤਾਂ ਨੂੰ ਵੀ ਪ੍ਰੇਰਣਾ ਮਿਲੀ ਹੁਣ ਪਿੰਡ ਵਿੱਚ 25 ਦੇ ਕਰੀਬ ਔਰਤਾਂ ਸਰਕਾਰੀ ਨੌਕਰੀ ਕਰਦੀਆਂ ਹਨ।
ਕੁੜੀਆਂ ਲਈ ਪਿੰਡ 'ਚ ਖੁੱਲ੍ਹਾ ਮਾਹੌਲ
ਪਰਮੇਸ਼੍ਵਰੀ ਰਾਣੀ ਦੱਸਦੇ ਹਨ ਕਿ ਪਿੰਡ ਵਿੱਚ ਹੁਣ ਮਾਂ ਬਾਪ ਮੁੰਡੇ-ਕੁੜੀਆਂ ਨੂੰ ਬਰਾਬਰ ਸਮਝਦੇ ਹਨ। ਪਹਿਲਾਂ ਕੁੜੀਆਂ ਨੂੰ ਪੜ੍ਹਨ ਲਈ ਬਾਹਰ ਭੇਜਣ ਤੋਂ ਡਰਦੇ ਸਨ ਪਰ ਹੁਣ ਇਹ ਰਵੱਈਆ ਬਦਲ ਗਿਆ ਹੈ।
ਈਟੀਟੀ ਅਧਿਆਪਕ ਨਰੇਸ਼ ਕੁਮਾਰ ਕਹਿੰਦੇ ਹਨ, “ਮੈਂ 15 ਸਾਲ ਭੱਠਾ ਮਜ਼ਦੂਰੀ ਕੀਤੀ ਤੇ ਚਾਚੇ ਦੇ ਮੁੰਡੇ ਨੂੰ ਸਰਕਾਰੀ ਨੌਕਰੀ ਕਰਦਾ ਦੇਖ ਪੜ੍ਹਨਾ ਨਾ ਛੱਡਿਆ।”
ਉਹ 2016 ਵਿੱਚ ਈਟੀਟੀ, ਅਧਿਆਪਕ ਵਜੋਂ ਭਰਤੀ ਹੋ ਗਏ।
ਨਰੇਸ਼ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ ਤੇ ਉਹ ਤਿੰਨ ਭਰਾ ਹਨ ਉਨ੍ਹਾਂ ਦਾ ਛੋਟਾ ਭਰਾ ਵੀ ਈਟੀਟੀ, ਟੈਟ ਪਾਸ ਕਰ ਚੁੱਕਾ ਹੈ।
ਸਹੂਲਤਾਂ ਤੋਂ ਸੱਖਣਾ ਪਿੰਡ
ਪਿੰਡ ਵਾਲੇ ਦੱਸਦੇ ਹਨ ਕਿ ਉਥੇ ਹਾਲੇ ਤੱਕ ਦਿਨ ਵਿੱਚ ਇੱਕ ਹੀ ਬੱਸ ਆਉਂਦੀ ਹੈ ਤੇ ਆਵਾਜਾਈ ਲਈ ਸਹੂਲਤਾਂ ਦੀ ਘਾਟ ਹੈ।
ਨਰੇਸ਼ ਦੱਸਦੇ ਹਨ, “ਇਸ ਪਿੰਡ ਦੀ ਇੱਕ ਕੁੜੀ ਆਰਮੀ ਵਿੱਚ ਕਰਨਲ ਹੈ ਤੇ ਹੋਰ ਰੋਜ਼ਾਨਾ ਕਾਲਜ ਪੜ੍ਹਨ ਜਾਂਦੀਆਂ ਹਨ। ਪਰ ਜੋ ਵੀ ਹੈ ਉਹ ਪਿੰਡ ਦੇ ਸਿਰ ’ਤੇ ਹੈ। ਸਰਕਾਰ ਨੇ ਕੋਈ ਬਹੁਤੀਆਂ ਸਹੂਲਤਾਂ ਨਹੀਂ ਦਿੱਤੀਆਂ।”
ਹਰਿਆਣਾ ਦੇ ਸਰਕਾਰੀ ਸਕੂਲ ਵਿਚ ਸੰਸਕ੍ਰਿਤ ਦੇ ਅਧਿਆਪਕ ਬਲਵਾਨ, ਮਾਣ ਨਾਲ ਦੱਸਦੇ ਹਨ, “ਕੈਥਲ ਦੀ ਸਰਕਾਰੀ ਸੰਸਥਾ ਡਾਈਟ (ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ)ਵਿੱਚ ਤਿੰਨ ਸੂਬਿਆਂ ਦੇ ਬੱਚਿਆ ਲਈ 40 ਸੀਟਾਂ ਸਨ। ਸਾਡੇ ਪਿੰਡ ਦੇ ਬੱਚਿਆਂ ਨੇ ਇੰਨਾਂ ਚੰਗਾ ਪ੍ਰਦਰਸ਼ਨ ਕੀਤਾ ਕਿ 40 ਸੀਟਾਂ ਉਨ੍ਹਾਂ ਹਿੱਸੇ ਆ ਗਈਆਂ।”
“ਸਾਡੇ ਪਿੰਡ ਦੇ 500 ਬੱਚਿਆਂ ਨੇ ਜੇਬੀਟੀ ਕੀਤੀ ਹੋਈ ਹੈ ਜਿਨ੍ਹਾਂ ਵਿੱਚੋ 87 ਬੱਚਿਆਂ ਨੇ ਪੰਜਾਬ ਟੈਟ ਪਾਸ ਕੀਤਾ ਹੈ। ਹੁਣ ਇਹ ਪੜੇ ਲਿਖੇ ਮੁੰਡੇ ਕੁੜੀਆਂ ਪਿੰਡ ਦੇ ਹੋਰ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਦੀ ਕੋਚਿੰਗ ਦਿੰਦੇ ਹਨ।”
ਦੀਪਤੀ ਰੈਡੂ ਨੈਨ ਤੇ ਉਨ੍ਹਾਂ ਦੇ ਪਤੀ ਦੋਵੇਂ ਸਰਕਾਰੀ ਅਧਿਆਪਕ ਹਨ। ਦੀਪਤੀ ਪੰਜਾਬ ਸਿੱਖਿਆ ਵਿਭਾਗ ਵਿੱਚ ਹਨ ਤੇ ਉਨ੍ਹਾਂ ਦੇ ਪਤੀ ਹਰਿਆਣਾ ਦੇ ਸਰਕਾਰੀ ਸਕੂਲ ਵਿੱਚ ਪੜਾਉਂਦੇ ਹਨ।
ਦੀਪਤੀ ਕਹਿੰਦੇ ਹਨ, “ਜਦੋਂ ਪਿੰਡ ਦੇ ਪ੍ਰੋਗਰਾਮ ’ਤੇ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਹਨ ਤਾਂ ਬੱਚੇ ਡੀ.ਸੀ ਜਾਂ ਏ.ਡੀ.ਸੀ ਦਾ ਨਾਮ ਸੁਣ ਕੇ ਉਤਸ਼ਾਹਤ ਹੁੰਦੇ ਹਨ ਤੇ ਉਨ੍ਹਾਂ ਨੂੰ ਲਗਦਾ ਹੈ ਮੈਂ ਵੀ ਇਹ ਨੌਕਰੀ ਕਰ ਸਕਦਾ ਹਾਂ।”
“ਜਦੋਂ ਪਿੰਡ ਦੇ ਇੱਕ ਬੱਚੇ ਦੇ ਸੁਫ਼ਨੇ ਪੂਰੇ ਹੁੰਦੇ ਹਨ ਤਾਂ ਦੂਜੇ ਬੱਚੇ ਵੀ ਸੁਫ਼ਨੇ ਦੇਖਣ ਲੱਗਦੇ ਹਨ ਤੇ ਸਾਕਾਰ ਕਰਨ ਲਈ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਹਨ।”