ਫੀਫਾ ਵਿਸ਼ਵ ਕੱਪ: ਸਟੇਡੀਅਮ ਬਣਾਉਣ ਵਾਲੇ ਕਾਮੇ, 'ਗੁਲਾਮਾਂ ਦੀ ਤਰ੍ਹਾਂ ਰਹਿੰਦੇ ਹਾਂ, ਬੋਲ ਕੇ ਮੁਸੀਬਤ ਨਹੀਂ ਸਹੇੜਨੀ ਪਰ ਔਖੇ ਹਾਂ'

    • ਲੇਖਕ, ਜੋਸ ਕਾਰਲੋਸ ਕੁਏਟੋ
    • ਰੋਲ, ਬੀਬੀਸੀ ਮੁੰਡੋ

ਕਤਰ ਦੇ ਅਲ ਜਨੌਬ ਸਟੇਡੀਅਮ ਤੋਂ 20 ਕਿਲੋਮੀਟਰ ਦੂਰ, ਹਜ਼ਾਰਾਂ ਪਰਵਾਸੀ ਮਜ਼ਦੂਰ ਵੱਡੀ ਸਕਰੀਨ ‘ਤੇ ਫ਼ੁੱਟਬਾਲ ਮੈਚ ਦੇਖਦੇ ਹਨ।

ਇਹ ਉਸ ਥਾਂ ਦੇ ਨੇੜੇ ਨਹੀਂ ਜਾ ਸਕਦੇ, ਜਿਸ ਨੂੰ ਇਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਹੱਥਾਂ ਨਾਲ ਬਣਾਇਆ।

ਟੀਵੀ ’ਤੇ ਦਿਖਾਏ ਜਾਂਦੇ ਕੌਸਮੋਪੋਲੀਟਨ, ਆਲੀਸ਼ਾਨ ਅਤੇ ਅਤਿ-ਅਧੁਨਿਕ ਦੋਹਾ ਦੀ ਚਮਕ ਤੋਂ ਦੂਰ, ਦੇਸ਼ ਵਿਚਲੇ ਸਭ ਤੋਂ ਹੇਠਲੇ ਤਬਕੇ ਦੇ ਲੋਕ ‘ਗਰੀਬਾਂ ਦੇ ਫੈਨ ਜ਼ੋਨ’ ਵਿੱਚ ਇਕੱਠੇ ਹੁੰਦੇ ਹਨ।

ਇਹ ਉਹ ਖ਼ੁਦ ਕਹਿੰਦੇ ਹਨ।

ਮਜ਼ਦੂਰਾਂ ਲਈ ਰੁਜ਼ਗਾਰ ਤੇ ਕੰਮ ਦੀਆਂ ਹਾਲਤਾਂ

ਨੌਜਵਾਨ ਮੋਸੇਜ਼ ਨੇ ਕਿਹਾ,“ਅਸੀਂ ਗੁਲਾਮਾਂ ਦੀ ਤਰ੍ਹਾਂ ਰਹਿੰਦੇ ਅਤੇ ਕੰਮ ਕਰਦੇ ਹਾਂ। ਮੈਂ ਯੂਗਾਂਡਾ ਰਹਿੰਦੇ ਆਪਣੇ ਛੋਟੇ ਭਰਾਵਾਂ ਲਈ ਖੜ੍ਹਾ ਹਾਂ ਤਾਂ ਕਿ ਉਹ ਢਿੱਡ ਭਰ ਸਕਣ ਅਤੇ ਪੜ੍ਹ ਸਕਣ।

ਅਸੀਂ ਅਜਿਹੇ ਹਾਲਾਤ ਵਿੱਚ ਕੰਮ ਕੀਤਾ ਹੈ ਜਿਸ ਵਿੱਚ ਕਿਸੇ ਇਨਸਾਨ ਨੂੰ ਨਹੀਂ ਕਰਨਾ ਚਾਹੀਦਾ। ਤਾਪਮਾਨ ਬਹੁਤ ਜ਼ਿਆਦਾ ਹੈ ਅਤੇ ਦਿਨ ਵਿੱਚ 14-15 ਘੰਟੇ ਕੰਮ ਕਰਦੇ ਹਾਂ।”

ਹਾਲਾਂਕਿ, ਇੱਥੇ ਹਰ ਕੋਈ ਉਸ ਦੀ ਤਰ੍ਹਾਂ ਨਹੀਂ ਸੋਚਦਾ।

ਕਈ ਕਾਮੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਖਾਤਰ ਕਤਰ ਦਾ ਧੰਨਵਾਦ ਕਰਦੇ ਹਨ।

ਉਹ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੂੰ ਆਪਣੇ ਦੇਸ਼ਾਂ ਜਿਵੇਂ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਹੋਰ ਪੂਰਬੀ ਅਫ਼ਰੀਕੀ ਦੇਸ਼ਾਂ ਦੇ ਹੋਰ ਭਿਆਨਕ ਹਾਲਾਤ ਤੋਂ ਅਜ਼ਾਦੀ ਮਿਲੀ।

ਦੋ ਕਾਮਿਆਂ ਨੇ ਕਿਹਾ, “ਨੇਪਾਲ ਅਤੇ ਪਾਕਿਸਤਾਨ ਵਿੱਚ ਲੋਕ ਬਹੁਤ ਜ਼ਿਆਦਾ ਹਨ, ਕੰਮ ਘੱਟ ਅਤੇ ਪੈਸਾ ਘੱਟ। ਕਤਰ ਸਾਡੇ ਲਈ ਚੰਗਾ ਰਿਹਾ।”

ਮਨੁੱਖੀ ਅਧਿਕਾਰ ਸੰਸਥਾਵਾਂ ਨੇ ਕਤਰ 2022 ਪ੍ਰੋਜੈਕਟ ਦੌਰਾਨ ਕਾਮਿਆਂ ਦੇ ਅਧਿਕਾਰਾਂ ਦੀ ਉਲ਼ੰਘਣਾ ਅਤੇ ਸੋਸ਼ਣ ਦੀ ਨਿੰਦਾ ਕੀਤੀ।

ਜਨਰਲ ਲੇਬਰ ਆਰਗੇਨਾਈਜ਼ੇਸ਼ਨ ਨੇ ਦਰਜਨਾਂ ਮੌਤਾਂ ਹੋਣ ਵੱਲ ਵੀ ਇਸ਼ਾਰਾ ਕੀਤਾ।

ਯੂਗਾਡਾਂ ਦੇ ਮੋਸੇਜ਼ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਉਸ ਦੇ ਨਾਲ ਕੰਮ ਕਰਨ ਵਾਲੇ ਦੋ ਜਣਿਆਂ ਦੀ ਕੰਮ ਦੌਰਾਨ ਮੌਤ ਹੋਈ। ਇਹ ਅਜਿਹਾ ਬਿਆਨ ਹੈ, ਜਿਸ ਦੀ ਸੁਤੰਤਰ ਜਾਂਚ ਨਹੀਂ ਹੋ ਸਕੀ।

ਉਸ ਨੇ ਕਿਹਾ, “ਇੱਕ ਜਾਣਾ ਗਰਮੀ ਨਾਲ ਡਿੱਗ ਗਿਆ।”

  • ਦੋਹਾ ਦੇ ‘ਏਸ਼ੀਅਨ ਟਾਊਨ’ ਅੰਦਰ ਸਟੇਡੀਅਮ ਦਾ ਨਿਰਮਾਣ ਕਰਨ ਵਾਲੇ ਕਾਮੇ ਰਹਿੰਦੇ ਹਨ।
  • ਮਜ਼ਦੂਰ ਬਹੁਤ ਜ਼ਿਆਦਾ ਤਾਪਮਾਨ ਅੰਦਰ ਦਿਨ ਵਿੱਚ 14-15 ਘੰਟੇ ਕੰਮ ਕਰਦੇ ਰਹੇ ਹਨ।
  • ਕਈ ਕਾਮੇ ਰੁਜ਼ਗਾਰ ਦੇਣ ਖਾਤਰ ਕਤਰ ਦਾ ਧੰਨਵਾਦ ਵੀ ਕਰਦੇ ਹਨ।
  • ਇਥੇ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਪੂਰਬੀ ਅਫ਼ਰੀਕਾ ਦੇ ਕਾਮੇ ਆਏ ਸਨ।
  • ਮਨੁੱਖੀ ਅਧਿਕਾਰ ਸੰਸਥਾਵਾਂ ਨੇ ਕਾਮਿਆਂ ਦੇ ਸ਼ੋਸ਼ਣ ਦੀ ਨਿੰਦਾ ਕੀਤੀ ਸੀ।

ਕਤਰ ਸਰਕਾਰ ਦਾ ਦਾਅਵਾ ਹੈ ਕਿ ਸਾਲ 2014 ਤੋਂ 2020 ਵਿਚਕਾਰ 37 ਕਾਮਿਆਂ ਦੀ ਮੌਤ ਹੋਈ ਹੈ।

ਇਨ੍ਹਾਂ ਵਿੱਚੋਂ ਤਿੰਨ ਦੀ ਮੌਤ ‘ਕੰਮ-ਸਬੰਧੀ ਕਾਰਨਾਂ’ ਕਰਕੇ ਹੋਈ।

ਸਰਕਾਰ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਸੁਧਾਰ ਲਾਗੂ ਕੀਤੇ ਗਏ ਹਨ, ਜਿਸ ਨੇ ਕਤਰ ਨੂੰ ਖਾੜੀ ਦੇਸ਼ਾਂ ਵਿੱਚ ਸਭ ਤੋਂ ਆਧੁਨਿਕ ਕਿਰਤੀ ਕਾਨੂੰਨਾਂ ਵਾਲਾ ਬਣਾਇਆ ਹੈ ਅਤੇ ਪਰਵਾਸ ਮਜ਼ਦੂਰਾਂ ਲਈ ਕੰਮ ਦੇ ਹਾਲਾਤ ਸੁਧਾਰੇ ਜਾ ਰਹੇ ਹਨ।

ਜਿਵੇਂ ਜਿਵੇਂ ਸੁਧਾਰ ਲਾਗੂ ਹੋ ਰਹੇ ਹਨ, ਹੋਰ ਕੰਪਨੀਆਂ ਨਵੇਂ ਨਿਯਮਾਂ ਦਾ ਪਾਲਣ ਕਰਨ ਲੱਗਣਗੀਆਂ।

ਇਹ ਵੀ ਪੜ੍ਹੋ:

“ਉਦਯੋਗਿਕ ਫੈਨ ਜ਼ੋਨ ਵਿੱਚ ਸੁਆਗਤ ਹੈ” 

ਸ਼ੁੱਕਰਵਾਰ ਦੀ ਰਾਤ ਹੈ ਅਤੇ ਬਹੁਤਿਆਂ ਲਈ ਇਹੀ ਉਨ੍ਹਾਂ ਦੀ ਇੱਕ ਛੁੱਟੀ ਦਾ ਦਿਨ ਹੈ।

ਜਿਵੇਂ ਪਰਵਾਸੀ ਮਜ਼ਦੂਰ ਕ੍ਰਿਕਟ ਸਟੇਡੀਅਮ ਵਿੱਚ ਦਾਖਲ ਹੁੰਦੇ ਹਨ, ਇੱਕ ਗਰੁੱਪ ਦਰਵਾਜ਼ੇ ਦੇ ਨੇੜੇ ਨੱਚਦਾ ਹੈ।

ਅੰਦਰ ਜਾਣ ਵਾਲੇ ਰਸਤੇ ’ਤੇ ਪੋਸਟਰ ਲਿਖਿਆ ਹੈ ਜਿੱਥੇ ਅਰਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਉਨ੍ਹਾਂ ਦੀ ਹੌਸਲਾ ਅਫਜ਼ਾਈ ਵਾਲੇ ਸ਼ਬਦ ਲਿਖੇ ਹਨ, “ਫੀਫਾ ਵਿਸ਼ਵ ਕੱਪ ਕਰਵਾਉਣ ਵਿੱਚ ਪਾਏ ਯੋਗਦਾਨ ਲਈ ਤੁਹਾਡਾ ਧੰਨਵਾਦ।”

ਸਟੇਡੀਅਮ ਦੇ ਅੰਦਰ ਅਤੇ ਬਾਹਰ ਵੱਡੀਆਂ ਸਕਰੀਨਾਂ ਹਨ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਹਨ।

ਹਜ਼ਾਰਾਂ ਲੋਕ ਸਟੈਂਡਾਂ ਅਤੇ ਘਾਹ ਉੱਤੇ ਖੜ੍ਹੇ ਹੋ ਕੇ ਅਨੰਦਮਈ ਮਾਹੌਲ ਵਿੱਚ ਮੈਚ ਦੇਖਦੇ ਹਨ, ਪਰ ਇਹ ਮਾਹੌਲ ਦੋਹਾ ਦੇ ਬਾਕੀ ਫੈਨ ਜ਼ੋਨਾਂ ਤੋਂ ਕਾਫੀ ਵੱਖ ਹੈ, ਖਾਸ ਕਰਕੇ ਇੱਥੇ ਔਰਤਾਂ ਦੀ ਗੈਰਹਾਜ਼ਰੀ ਕਰਕੇ।

ਇਸ ਦੇਸ਼ ਵਿੱਚ ਤਿੰਨ ਬਿਲੀਅਨ ਲੋਕਾਂ ਵਿੱਚ 25 ਫੀਸਦੀ ਮਹਿਲਾਵਾਂ ਹਨ ਪਰ ਉਦਯੋਗਿਕ ਖੇਤਰ ਵਿੱਚ ਜਿੱਥੇ ਸਭ ਤੋਂ ਘੱਟ ਪੜ੍ਹੇ ਲਿਖੇ ਪਰਵਾਸੀ ਰਹਿੰਦੇ ਹਨ, ਉੱਥੇ 31 ਹਜ਼ਾਰ ਲੋਕਾਂ ਵਿੱਚ ਸਿਰਫ਼ 0.5 ਫੀਸਦ ਮਹਿਲਾਵਾਂ ਹਨ।

ਜ਼ਿਆਦਾਤਰ ਆਦਮੀ ਨਿਰਮਾਣ ਅਤੇ ਹੋਰ ਭਾਰੀ ਉਦਯੋਗਿਕ ਕੰਮਾਂ ਵਿੱਚ ਲੱਗੇ ਹਨ।

ਭੀੜ-ਭਾੜ ਵਾਲੇ ਉਦਯੋਗਿਕ ਜ਼ੋਨ ਤੋਂ ਗੱਲਬਾਤ ਕਰਨ ਵਾਲਿਆਂ ਵਿੱਚ ਸਾਂਝੀ ਗੱਲ ਹਫ਼ਤੇ ਦੇ ਛੇ ਦਿਨ 12 ਘੰਟਿਆਂ ਤੋਂ ਵੱਧ ਕੰਮ ਕਰਨਾ ਅਤੇ ਘੱਟੋ ਘੱਟ ਮਿਹਨਤਾਨਾ (ਇੱਕ ਹਜ਼ਾਰ ਕਤਰ ਰਿਆਲ) ਮਿਲਣਾ ਹੈ।

ਤਨਖਾਹਾਂ ਦੀ ਅਦਾਇਗੀ ਤੇ ਕੰਮ ਦੇ ਹਾਲਾਤ ਬਾਰੇ ਪੁੱਛਣਾ ਮੁਸ਼ਕਿਲ ਹੈ।

ਉਹ ਆਮ ਤੌਰ ’ਤੇ ਪਹਿਲਾਂ ਵਿਅੰਗਾਤਮਕ ਹਾਸੇ ਨਾਲ ਪ੍ਰਤੀਕਿਰਿਆ ਦਿੰਦੇ ਹਨ।

ਫਿਰ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਕੰਪਨੀਆਂ ਨੇ ਪੱਤਰਕਾਰਾਂ ਨਾਲ ਗੱਲ ਨਾ ਕਰਨ ਨੂੰ ਕਿਹਾ ਹੈ।

ਅਫ਼ਰੀਕੀ ਪਰਵਾਸੀਆਂ ਦੇ ਇੱਕ ਗਰੁੱਪ ਨੇ ਕਿਹਾ, “ਅਸੀਂ ਗੱਲ ਨਹੀਂ ਕਰ ਸਕਦੇ। ਅਸੀਂ ਮੁਸੀਬਤਾਂ ਨਹੀਂ ਸਹੇੜਣੀਆਂ। ਪਰ ਅਸੀਂ ਬਹੁਤੇ ਸੌਖੇ ਨਹੀਂ ਹਾਂ।”

ਬੀਬੀਸੀ ਮੁੰਡੋ ਨੂੰ ਪਤਾ ਲੱਗੇ ਦਸਤਾਵੇਜ਼ਾਂ ਮੁਤਾਬਕ, ਸਭ ਤੋਂ ਵੱਧ ਤਨਖਾਹ ਕਰੀਬ 686 ਡਾਲਰ ਪ੍ਰਤੀ ਮਹੀਨਾ ਹੈ।

ਬਾਕੀਆਂ ਨੂੰ 2021 ਵਿੱਚ ਮਨਜ਼ੂਰ ਹੋਏ ਕਤਰ ਦੇ ਘੱਟੋ-ਘੱਟ ਮਿਹਨਤਾਨੇ ਦੇ ਬਰਾਬਰ ਜਾਂ ਉਸ ਤੋਂ ਥੋੜ੍ਹੀ ਵੱਧ ਮਿਲੀ।

ਬਹੁਤੇ ਕਾਮਿਆਂ ਨੇ ਦੱਸਿਆ ਕਿ ਉਹ ਪੈਸੇ ਦੀ ਬਚਤ ਨਹੀਂ ਕਰ ਪਾ ਰਹੇ ਅਤੇ ਆਪਣੇ ਪਰਿਵਾਰਾਂ ਨੂੰ ਨਹੀਂ ਭੇਜ ਪਾ ਰਹੇ।

ਇਨ੍ਹਾਂ ਕਾਮਿਆਂ ਲਈ ਦੂਜੇ ਫੈਨ ਖੇਤਰਾਂ ਵਿੱਚ ਜਾਣਾ ਵੀ ਔਖਾ ਹੈ, ਕਿਉਂਕਿ ਇਨ੍ਹਾਂ ਕੋਲ ਉਹ ਕਾਰਡ ਨਹੀਂ ਜੋ ਟਿਕਟ ਖ਼ਰੀਦਣ ਵਾਲਿਆਂ ਨੂੰ ਕਿਤੇ ਵੀ ਜਾਣ ਦੀ ਇਜਾਜ਼ਤ ਲਈ ਦਿੱਤਾ ਜਾਂਦਾ ਹੈ।

ਟਿਕਟ ਕਰੀਬ 60 ਡਾਲਰ ਦੀ ਹੈ, ਜੋ ਇਹ ਨਹੀਂ ਖ਼ਰੀਦ ਸਕਦੇ।

ਇਸ ਸਭ ਅਤੇ ਅਰਾਮ ਲਈ ਬਹੁਤ ਥੋੜ੍ਹੇ ਸਮੇਂ ਵਿਚਕਾਰ ਇਨ੍ਹਾਂ ਵਿੱਚੋਂ ਕਈ ਕਹਿੰਦੇ ਹਨ ਕਿ ਉਹ ਕਦੇ ਵੀ ਆਪਣਾ ਗੁਆਂਢ ਨਹੀਂ ਛੱਡਦੇ।

ਘਾਨਾ ਦੇ ਪਰਵਾਸੀ ਜੌਹਨ ਨੇ ਕਿਹਾ, “ਮੈਂ ਗੇਮ ਵਿੱਚ ਜਾਣ ਬਾਰੇ ਨਹੀਂ ਸੋਚਿਆ ਕਿਉਂਕਿ ਮੇਰੀ ਕੰਪਨੀ ਮੈਨੂੰ ਲਿਆਈ ਹੈ ਅਤੇ ਹੁਣ ਮੈਨੂੰ ਇੰਝ ਲਗਦਾ ਹੈ ਜਿਵੇਂ ਪਿੰਜਰੇ ਵਿੱਚ ਹੋਵਾਂ। ਸ਼ਾਇਦ ਕਿਸੇ ਵੇਲੇ ਇਹ ਅਜ਼ਾਦ ਹੋਏਗਾ। ਇਹ ਫੈਨ ਜ਼ੋਨ ਸਾਡੇ ਗਰੀਬਾਂ ਲਈ ਹੈ ਅਤੇ ਮੈਂ ਕਤਰ ਦਾ ਧੰਨਵਾਦ ਕਰਦਾ ਹਾਂ। ਮੈਨੂੰ ਇਹ ਪਸੰਦ ਹੈ।”

ਏਸ਼ੀਆ ਟਾਊਨ

ਉਦਯੋਗਿਕ ਜ਼ੋਨ ਦੋਹਾ ਦੇ ਸਾਉਕ ਵਾਕੀਫ ਤੋਂ ਕਰੀਬ 15 ਕਿੱਲੋਮੀਟਰ ਦੱਖਣ ਪੱਛਣ ਵੱਲ ਹੈ।

ਦੋਹਾ ਵਿੱਚ ਬਾਕੀ ਥਾਵਾਂ ’ਤੇ ਪਹੁੰਚਣ ਲਈ ਜਿਵੇਂ 30-40 ਮਿੰਟ ਲਗਦੇ ਹਨ, ਪਰ ਇੱਥੇ ਪਹੁੰਚਣ ’ਤੇ ਕਰੀਬ ਇੱਕ ਘੰਟਾ ਲਗਦਾ ਹੈ।

ਵਿਸ਼ਵ ਕੱਪ ਲਈ ਬਣਾਇਆ ਗਿਆ ਵੱਡਾ ਸਬਵੇਅ ਹਾਲੇ ਤੱਕ ਇੱਥੇ ਨਹੀਂ ਪਹੁੰਚਿਆ ਹੈ।

ਇੱਥੇ ਖਿੱਚ ਦਾ ਕੇਂਦਰ ਏਸ਼ੀਅਨ ਟਾਊਨ ਵਜੋਂ ਜਾਣਿਆ ਜਾਂਦਾ, ਕੰਪਲੈਕਸ ਹੈ ਜਿਸ ਵਿੱਚ ਕਾਮਿਆਂ ਦੀ ਖ਼ਰੀਦ ਸ਼ਕਤੀ ਮੁਤਾਬਕ ਸਸਤੇ ਰੈਸਟੋਰੈਂਟ, ਦੁਕਾਨਾਂ, ਸਿਨੇਮਾ, ਥੀਏਟਰ, ਕ੍ਰਿਕਟ ਫੀਲਡ ਅਤੇ ਲੇਬਰ ਸਿਟੀ ਹੈ, ਜਿੱਥੇ ਕਰੀਬ 70 ਹਜ਼ਾਰ ਪਰਵਾਸੀ ਰਾਤ ਕੱਟਦੇ ਹਨ।

ਲੇਬਰ ਸਿਟੀ ਦੇ ਦਾਖਲੇ ’ਤੇ ਇੱਕ ਬੋਰਡ ਹੈ ਜਿਸ ਉੱਤੇ ਲਿਖਿਆ ਹੈ, “ਏਸ਼ੀਅਨ ਸਿਟੀ ਸਾਰੀਆਂ ਸਹੂਲਤਾਂ ਨਾਲ ਲੈਸ ਬਹਿਤਰੀਨ ਰਿਹਾਇਸ਼।”

ਕਤਰ ਨੇ ਨਿਰਮਾਣ ਕਾਮਿਆਂ ਦੇ ਨਾਜ਼ੁਕ ਹਾਲਾਤ ਦੀਆਂ ਸ਼ਿਕਾਇਤਾਂ ਸਬੰਧੀ ਭਾਰੀ ਕੌਮਾਂਤਰੀ ਦਬਾਅ ਤਹਿਤ ਇਸ ਰਿਹਾਇਸ਼ ਦਾ ਉਦਘਾਟਨ 2015 ਵਿੱਚ ਕੀਤਾ ਸੀ।

ਕੰਪਲੈਕਸ ਵੱਡੇ ਹਾਈਵੇਅਜ਼ ਨਾਲ ਘਿਰਿਆ ਹੋਇਆ ਹੈ ਜਿਸ ਕਾਰਨ ਉੱਥੇ ਸੈਰ ਕਰਨਾ ਮੁਸ਼ਕਿਲ ਹੁੰਦਾ ਹੈ ਅਤੇ ਖੁੱਲ੍ਹੀਆਂ ਥਾਂਵਾਂ ਹਨ ਜਿੱਥੇ ਮਿੱਟੀ ਵਿਚ ਬੋਤਲਾਂ ਅਤੇ ਲਿਫ਼ਾਫ਼ੇ ਵਗੈਰਾ ਪਏ ਹਨ।

ਬਾਹਰੋਂ ਦੇਖ ਕੇ ਲੇਬਰ ਸਿਟੀ ਨੂੰ ਅਣਗੌਲੀ ਜਾਂ ਬੁਰੀ ਥਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਥਾਂ ਰਾਜਧਾਨੀ ਦੀਆਂ ਬਾਕੀ ਰਿਹਾਇਸ਼ੀ ਥਾਂਵਾਂ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਹੈ।

ਇਸ ਦੇ ਅੰਦਰ, ਮਸਜਿਦਾਂ, ਧੋਬੀ-ਘਾਟ, ਜਿੰਮ ਅਤੇ ਕੈਫੇ ਵਗੈਰਾ ਹਨ।

ਕਈ ਚਾਰ-ਬੈਡਰੂਮਜ਼ ਅੰਦਰ ਸੌਦੇ ਹਨ। ਹਾਲਾਂਕਿ ਮੋਸੇਜ਼ ਮੁਤਾਬਕ ਕਈ 16 ਜਣੇ ਤੱਕ ਇਕੱਠੇ ਰਹਿੰਦੇ ਹਨ।

ਛੁੱਟੀ ਵਾਲੇ ਦਿਨ ਕ੍ਰਿਕਟ ਖੇਡਣਾ

ਇੱਕ ਖੁੱਲ੍ਹੀ ਥਾਂ ’ਤੇ ਇੱਥੇ ਰਹਿਣ ਵਾਲੇ ਕੁਝ ਕ੍ਰਿਕਟ ਖੇਡਦੇ ਹਨ।

ਇਹ ਖੁਦ ਨੂੰ ਅਰਾਮ ਦੇਣ ਦਾ ਵਧੀਆ ਅਤੇ ਸਸਤਾ ਤਰੀਕਾ ਹੈ।

ਜਿੰਨਾ ਚਿਰ ਧੁੱਪ ਹੈ ਅਤੇ ਵਿਸ਼ਵ ਕੱਪ ਦੇ ਮੈਚ ਵੀ ਨਜ਼ਦੀਕ ਹਨ।

ਇੱਕ ਪਾਕਿਸਤਾਨੀ ਵਰਕਰ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਕਈ ਵਾਰ ਅਸੀਂ 10 ਘੰਟਿਆਂ ਤੱਕ ਕ੍ਰਿਕਟ ਖੇਡਦੇ ਹਾਂ। ਸਾਨੂੰ ਕ੍ਰਿਕਟ ਬਹੁਤ ਪਿਆਰੀ ਹੈ।”

ਇੱਥੇ ਹੀ ਕੁਝ ਕਾਮੇ ਕਹਿੰਦੇ ਹਨ ਕਿ ਉਹ ਸੰਤੁਸ਼ਟ ਹਨ ਕਿਉਂਕਿ ਇੱਥੇ ਇਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੇ ਆਪਣੇ ਦੇਸ਼ਾਂ ਦੇ ਮੁਕਾਬਲੇ ਬਹੁਤ ਬਿਹਤਰ ਹੈ।

ਇੱਕ ਨੇਪਾਲੀ ਕਾਮੇ ਨੇ ਕਿਹਾ, “ਜਿਨ੍ਹਾਂ ਕੰਪਨੀਆਂ ਲਈ ਅਸੀਂ ਕੰਮ ਕਰਦੇ ਹਾਂ, ਸਾਨੂੰ ਰਿਹਾਇਸ਼ ਅਤੇ ਖਾਣ-ਪੀਣ ਦਾ ਖ਼ਰਚਾ ਦਿੰਦੀਆਂ ਹਨ। ਲੇਬਰ ਸਿਟੀ ਦੇ ਅੰਦਰ ਸੁਪਰਮਾਰਕਿਟਾਂ ਅਤੇ ਹਸਪਤਾਲ ਹਨ। ਅਸੀਂ ਕਾਫ਼ੀ ਸ਼ੁਕਰਗੁਜ਼ਾਰ ਹਾਂ।”

ਪਰ ਉਹ ਮੰਨਦੇ ਹਨ ਕਿ ਉਨ੍ਹਾਂ ਦੀ ਕਮਾਈ ਨਾਲ ਜ਼ਿਆਦਾ ਕੁਝ ਨਹੀਂ ਹੁੰਦਾ।

ਆਪਣੀਆਂ ਕੰਪਨੀਆਂ ਦੇ ਡਰੋਂ ਨਾਮ ਨਾ ਦੱਸਣ ਦੀ ਸ਼ਰਤ ’ਤੇ ਉਨ੍ਹਾਂ ਕਿਹਾ, “ਛੁੱਟੀ ਵਾਲੇ ਦਿਨ, ਅਸੀਂ ਇੱਥੋਂ ਨਹੀਂ ਜਾਂਦੇ। ਕਤਰ ਬਹੁਤ ਮਹਿੰਗਾ ਹੈ ਅਤੇ ਅਸੀਂ ਫਾਲਤੂ ਨਹੀਂ ਖ਼ਰਚਣਾ ਚਾਹੁੰਦੇ ਕਿਉਂਕਿ ਪਰਿਵਾਰਾਂ ਨੂੰ ਵੀ ਭੇਜਣਾ ਹੁੰਦਾ ਹੈ।”

ਉਨ੍ਹਾਂ ਕਿਹਾ, “ਹਾਲ ਹੀ ਵਿੱਚ ਇੱਕ ਨੇ ਵਿਸ਼ਵ ਕੱਪ ਬਾਰੇ ਬੁਰਾ ਬੋਲ ਦਿੱਤਾ ਸੀ ਅਤੇ ਉਸ ਨਾਲ ਚੰਗਾ ਨਹੀਂ ਹੋਇਆ ਸੀ।”

ਕਤਰ ਪੈਸੇ ਕਮਾਉਣ ਅਤੇ ਘਰ ਜਾਣ ਲਈ ਹੈ

ਘਾਨਾ ਤੋਂ ਪਰਵਾਸੀ ਜੌਹਨ ਜੋ ਕ੍ਰਿਕਟ ਸਟੇਡੀਅਮ ਨੂੰ ਗਰੀਬਾਂ ਦਾ ਫੈਨ ਜ਼ੋਨ ਕਹਿੰਦਾ ਹੈ, ਉਦਯੋਗਿਕ ਜ਼ੋਨ ਦੇ ਦੂਜੇ ਹਿੱਸੇ ਵਿੱਚ ਰਹਿੰਦਾ ਹੈ।

ਏਸ਼ੀਅਨ ਟਾਊਨ ਤੋਂ ਇੱਥੇ ਜਾਣ ਲਈ ਜ਼ਮੀਨ ਅੰਦਰ ਬਣਾਈ ਗਈ ਸੁਰੰਗ ਤੋਂ ਲੰਘਣਾ ਪੈਂਦਾ ਹੈ ਜੋ ਕਿ ਹਾਈਵੇਅ ਕਰੌਸ ਕਰਾਉਂਦੀ ਹੈ।

ਇਸ ਸੁਰੰਗ ਵਿੱਚ ਕਾਫ਼ੀ ਸਕਿਉਰਟੀ ਕੈਮਰੇ ਲੱਗੇ ਹਨ।

ਆਲੇ-ਦੁਆਲੇ ਕਾਫ਼ੀ ਵੇਅਰਹਾਊਸ ਹਨ। ਨਿਰਮਾਣ ਅਧੀਨ ਇਮਾਰਤਾਂ, ਕ੍ਰੇਨਾਂ, ਛੋਟੀਆਂ ਇਮਾਰਤਾਂ, ਦੁਕਾਨਾਂ, ਰੈਸਟੋਰੈਂਟ ਅਤੇ ਕੈਫੇ ਹਨ।

ਕਈ ਖੇਤਰ ਕੱਚੇ ਹਨ ਅਤੇ ਅਕਸਰ ਹਵਾ ਨਾਲ ਮਿੱਟੀ ਉੱਡਦੀ ਹੈ।

ਇੱਥੇ ਝੁੱਗੀਆਂ ਝੌਪੜੀਆਂ ਨਹੀਂ ਹਨ, ਪਰ ਸ਼ਹਿਰ ਦੇ ਆਧੁਨਿਕ ਅਤੇ ਚਮਕਦਾਰ ਪਾਸੇ ਨਾਲ਼ੋਂ ਵਖਰੇਵਾਂ ਸਾਫ਼ ਦਿਸਦਾ ਹੈ।

ਉਸ ਨੇ ਕਿਹਾ, “ਮੈਂ ਛੇ ਹੋਰ ਜਣਿਆਂ ਨਾਲ ਰਹਿੰਦਾ ਹਾਂ।”

“ਕਤਰ ਇਸ ਲਈ ਹੈ ਕਿ ਇੱਥੇ ਰਹਿ ਕੇ ਪੈਸੇ ਕਮਾਈਏ ਅਤੇ ਘਰ ਜਾਈਏ। ਭਾਵੇਂ ਮੇਰਾ ਇਕਰਾਰਨਾਮਾ ਦੋ ਸਾਲ ਦਾ ਹੈ ਪਰ ਮੈਂ ਦਸ ਸਾਲ ਰਹਿਣਾ ਚਾਹੁੰਦਾ ਹਾਂ, ਬੱਚਤ ਕਰਨਾ ਅਤੇ ਪਰਿਵਾਰ ਨੂੰ ਭੇਜਣਾ ਚਾਹੁੰਦਾ ਹਾਂ। ਮੈਨੂੰ ਕਤਰ ਪਸੰਦ ਹੈ।''

''ਪਰ ਕਈ ਵਾਰ ਜਦੋਂ ਅਸੀਂ ਪੁਲਿਸ ਨੂੰ ਦੇਖਦੇ ਹਾਂ ਤਾਂ ਸਮਝ ਨਹੀਂ ਆਉਂਦਾ ਕਿ ਪਹੁੰਚ ਕਰੀਏ ਜਾਂ ਭੱਜੀਏ। ਉਨ੍ਹਾਂ ਤੋਂ ਡਰ ਲਗਦਾ ਹੈ।”, ਜੌਹਨ ਨੇ ਹੱਸਦਿਆਂ ਕਿਹਾ।

ਕਤਰ ਤੋਂ ਪਰ੍ਹੇ ਦੀ ਸੱਚਾਈ

ਕਈ ਕਾਮਿਆਂ ਨੂੰ ਉਸ ਖੇਤਰ ਦੇ ਹੋਰ ਦੇਸ਼ਾਂ ਦੇ ਤਜਰਬੇ ਪਤਾ ਹਨ ਜਿੱਥੇ ਹਾਲਾਤ ਬਦਤਰ ਹਨ।

ਮੋਸੇਜ਼ ਨੇ ਕਿਹਾ, “ਮੇਰਾ ਇੱਕ ਜਾਣਕਾਰ ਸਾਊਦੀ ਅਰਬ ਵਿੱਚ ਹੈ ਜਿੱਥੇ ਉਸ ਦਾ ਮਾਲਕ ਉਸ ਨੂੰ ਘਰੋਂ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਦਿੰਦਾ।”

ਕਤਰ ਪਹਿਲਾ ਅਰਬ ਦੇਸ਼ ਹੈ ਜਿਸ ਨੇ ਕਾਫਾਲਾ ਸਿਸਟਮ ਰੱਦ ਕੀਤਾ ਅਤੇ ਕੁਵੈਤ ਤੋਂ ਬਾਅਦ ਦੂਜਾ ਦੇਸ਼ ਹੈ ਜਿੱਥੇ ਘੱਟੋ-ਘੱਟ ਮਿਹਨਤਾਨਾ ਯਕੀਨੀ ਬਣਾਇਆ ਗਿਆ ਹੈ।

ਕਾਫਾਲਾ ਤਹਿਤ, ਜੇ ਮੁਲਾਜ਼ਮ ਨੌਕਰੀ ਬਦਲਦਾ ਹੈ ਤਾਂ ਉਸ ’ਤੇ ਮੁਕੱਦਮਾ ਚੱਲ ਸਕਦਾ ਸੀ, ਗ੍ਰਿਫ਼ਤਾਰੀ ਹੋ ਸਕਦੀ ਸੀ ਅਤੇ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਸੀ।

ਉਹ ਅਕਸਰ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲੈਂਦੇ ਸੀ, ਜਿਸ ਨਾਲ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੇ ਸੀ।

ਹਿਉਮਨ ਰਾਈਟਸ ਵਾਚ(HRW) ਕਤਰ ਵਿੱਚ ਸੁਧਾਰਾਂ ਨੂੰ ਮੰਨਦਾ ਹੈ ਪਰ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਪਰਵਾਸੀ ਕਾਮੇ ਹਾਲੇ ਵੀ ਉਨ੍ਹਾਂ ਦੇ ਦਾਖਲੇ, ਰਿਹਾਇਸ਼ ਅਤੇ ਰੁਜ਼ਗਾਰ ਲਈ ਰੁਜ਼ਗਾਰਦਾਤਿਆਂ ’ਤੇ ਨਿਰਭਰ ਹਨ।

ਹਿਉਮਨ ਰਾਈਟਸ ਵਾਚ ਦੀ 2020 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਰਕਰਾਂ ਕੋਲ ਕਈ ਵਾਰ ਦਸਤਾਵੇਜ਼ ਨਹੀਂ ਹੁੰਦੇ ਜਦੋਂ ਰੁਜ਼ਗਾਰਦਾਤਾ ਅਜਿਹੀ ਪ੍ਰਕਿਰਿਆ ਦਾ ਪਾਲਣਾ ਨਹੀਂ ਕਰਦਾ ਅਤੇ ਅਜਿਹੇ ਕੇਸਾਂ ਵਿੱਚ ਰੁਜ਼ਗਾਰ ਦੇਣ ਵਾਲੇ ਦੀ ਬਜਾਏ ਕਾਮਿਆਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।

ਪਿਛਲੇ ਸਾਲ, ਸੰਸਥਾ ਨੇ ਧਿਆਨ ਦਵਾਇਆ ਸੀ ਕਿ ਪਰਵਾਸੀ ਕਾਮੇ ਹਾਲੇ ਵੀ ਤਨਖਾਹਾਂ ਵਿੱਚ ਦੰਡਕਾਰੀ ਅਤੇ ਗੈਰ ਕਾਨੂੰਨੀ ਕਟੌਤੀ ਝੱਲਦੇ ਹਨ ਅਤੇ ਮਹੀਨਿਆਂ ਤੱਕ ਬਿਨ੍ਹਾਂ ਤਨਖਾਹ ਘੰਟਿਆਂ ਬੱਧੀ ਲਗਾਤਾਰ ਕੰਮ ਕਰਨਾ ਪੈਂਦਾ ਹੈ।

ਕਤਰ ਮੰਨਦਾ ਹੈ ਕਿ ਕੌਮਾਂਤਰੀ ਪ੍ਰੈਸ ਅਨੁਚਿਤ ਹੈ ਕਿਉਂਕਿ ਉਹ ਅਜਿਹੇ ਮਸਲਿਆਂ ’ਤੇ ਬਹੁਤ ਧਿਆਨ ਦਿੰਦੀ ਹੈ ਅਤੇ ਪਿਛਲੇ ਸਾਲ ਦੌਰਾਨ ਉਨ੍ਹਾਂ ਨੇ ਜੋ ਕੀਤਾ ਉਸ ਨੂੰ ਤਵੱਜੋ ਨਹੀਂ ਦਿੰਦੀ।

ਇੱਕ ਭਾਰਤੀ ਪਰਵਾਸੀ ਨੇ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਇਹ ਵਿਸ਼ਵ ਕੱਪ ਸਾਡੇ ਲਈ ਬਿਹਤਰ ਹਾਲਾਤ ਲਿਆਵੇ।”

ਮੋਸੇਜ਼ ਨੂੰ ਛੱਡ ਕੇ ਤਕਰੀਬਨ ਸਭ ਦੀ ਇਹੀ ਰਾਏ ਸੀ। ਮੋਸੇਜ਼ ਨੂੰ ਲਗਦਾ ਹੈ ਕਿ ਵਿਸ਼ਵ ਕੱਪ ਉਨ੍ਹਾਂ ਲਈ ਨਹੀਂ ਹੈ।

ਉਸ ਨੇ ਮੰਨਿਆ, “ਅਸੀਂ ਆਪਣੀਆਂ ਕੰਪਨੀਆਂ ਨੂੰ ਬਹੁਤ ਕੁਝ ਦਿੰਦੇ ਹਾਂ, ਪਰ ਕੰਪਨੀਆਂ ਸਾਡੇ ਲਈ ਬਹੁਤ ਘੱਟ ਕਰਦੀਆਂ ਹਨ। ਮੈਂ ਨੌਕਰੀ ਬਦਲਣ ਲਈ ਅਰਦਾਸ ਕਰ ਰਿਹਾ ਹਾਂ।”

ਉਸ ਨੇ ਕਿਹਾ, “ਵਿਸ਼ਵ ਕੱਪ ਤੋਂ ਬਾਅਦ ਕੁਝ ਨਹੀਂ ਬਦਲੇਗਾ। ਮੈਨੂੰ ਲਗਦਾ ਹੈ ਕਿ ਹਾਲਾਤ ਇਸ ਤੋਂ ਵੀ ਸਖ਼ਤ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)