ਪੰਜਾਬ 2022 : 'ਆਪ' ਸਰਕਾਰ ਲਈ ਨਮੋਸ਼ੀ ਦਾ ਸਬੱਬ ਬਣੀਆਂ 7 ਅਪਰਾਧਿਕ ਘਟਨਾਵਾਂ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਪੁਲਿਸ ਵੱਲੋਂ ਸਾਲ 2022 ਵਿੱਚ ਸੂਬੇ ਭਰ ਵਿੱਚ ਅਪਰਾਧਾਂ ’ਚ ਗਿਰਾਵਟ ਦਾ ਦਾਅਵਾ ਕੀਤਾ ਗਿਆ ਹੈ।

ਪੁਲਿਸ ਦੇ ਅੰਕੜੇ ਇਹ ਦਾਅਵਾ ਕਰਦੇ ਹਨ ਕਿ ਸਾਲ 2021 ਦੇ ਮੁਕਾਬਲੇ ਇਸ ਸਾਲ ਅਪਰਾਧ ਘਟੇ ਹਨ।

ਪਲਿਸ ਦੇ ਦਾਅਵਿਆਂ ਵਿਚਾਲੇ ਅਸੀਂ ਗੱਲ ਕਰਾਂਗੇ ਇਸ ਸਾਲ ਪੰਜਾਬ ਵਿੱਚ ਅਜਿਹੀਆਂ ਅਪਰਾਧਕ ਘਟਨਾਵਾਂ ਜਿਨ੍ਹਾਂ ਨੇ ਪੂਰੀ ਦੁਨੀਆਂ ਦਾ ਧਿਆਨ ਪੰਜਾਬ ਵੱਲ ਖਿੱਚਿਆ।

ਸਾਲ 2022 ਵਿੱਚ ਪੰਜਾਬ ਵਿੱਚ ਵਾਪਰੀਆਂ ਅਪਰਾਧ ਦੀਆਂ ਘਟਨਾਵਾਂ ਦੀ ਕਾਫ਼ੀ ਚਰਚਾ ਹੋਈ। ਸੰਸਦ ਤੋਂ ਲੈ ਕੇ ਵਿਧਾਨ ਸਭਾ ਵਿੱਚ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਹੰਗਾਮਾ ਹੋਇਆ।

ਸਰਕਾਰ ਦੇ ਸੱਤਾ ਵਿੱਚ ਆਇਆ ਨੂੰ ਅਜੇ ਇੱਕ ਸਾਲ ਪੂਰਾ ਨਹੀਂ ਹੋਇਆ ਪਰ ਪੁਲਿਸ ਨੂੰ ਫਿਰੌਤੀ ਅਤੇ ਟਾਰਗੈਟ ਕਿਲਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਫ਼ਿਲਹਾਲ ਸੰਘਰਸ਼ ਕਰਨਾ ਪੈ ਰਿਹਾ ਹੈ।

ਪੰਜਾਬ ਪੁਲਿਸ ਦੀ ਸਥਿਤੀ ਕਈ ਮਾਮਲਿਆਂ ਵਿੱਚ ਅਜਿਹੀ ਦੇਖਣੀ ਪਈ ਕਿ ਵਾਰਦਾਤ ਪੰਜਾਬ ਵਿੱਚ ਹੁੰਦੀ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਜਾਂ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ।

ਅਜਿਹੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਪੰਜਾਬ ਪੁਲਿਸ ਦੀ ਕਾਰਜਕਾਰੀ ਉੱਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਕਈ ਵਾਰ ਸਵਾਲ ਚੁੱਕੇ।

ਖ਼ਾਸ ਤੌਰ ਉੱਤੇ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਕੇਸ ਵਿੱਚ ਲੋੜੀਂਦੇ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗ੍ਰਿਫ਼ਤਾਰੀ ਨੂੰ ਲੈ ਕੇ ਅਜੇ ਤੱਕ ਭੰਬਲਭੂਸਾ ਬਣਾਇਆ ਹੋਇਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਦਾਅਵਾ ਕਰ ਚੁੱਕੇ ਹਨ ਕਿ ਅਮਰੀਕਾ ਵਿੱਚ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਹੋ ਗਈ ਹੈ ਪਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਕੇਂਦਰੀ ਏਜੰਸੀਆਂ ਇਸ ਮੁੱਦੇ ਉੱਤੇ ਅਜੇ ਤੱਕ ਚੁੱਪ ਹਨ।

ਜੇਕਰ ਪੂਰੇ ਸਾਲ ਦੇ ਦੌਰਾਨ ਚਰਚਿਤ ਕੇਸਾਂ ਦੀ ਗੱਲ ਕਰੀਏ ਤਾਂ ਭਾਵੇਂ ਉਹ ਸਿੱਧੂ ਮੂਸੇਵਾਲ ਦਾ ਕਤਲ ਹੋਵੇ, ਪੁਲਿਸ ਹੈੱਡਕੁਆਟਰ ਉੱਤੇ ਆਰਪੀਜੀ ਅਟੈਕ ਜਾਂ ਫਿਰ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦੀ ਗੱਲ ਹੋਵੇ ‘ਗੈਂਗਸਟਰ’ ਸ਼ਬਦ ਹੀ ਜ਼ਿਆਦਾ ਚਰਚਿਤ ਰਿਹਾ।

2022 ਦੀਆਂ ਵੱਡੀਆਂ ਘਟਨਾਵਾਂ

  • 10 ਮਾਰਚ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਬੱਡੀ ਦੇ ਨਾਮੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਦਿਨ ਦਿਹਾੜੇ ਹੱਤਿਆ।
  • 29 ਅਪਰੈਲ ਨੂੰ ਪਟਿਆਲਾ ਵਿੱਚ ਸ਼ਿਵ ਸੈਨਾ ਤੇ ਸਿੱਖ ਜਥੇਬੰਦੀਆਂ ਦਰਮਿਆਨ ਟਕਰਾਅ, ਰੋਕਣ ਦੇ ਲਈ ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ।
  • 9 ਮਈ ਨੂੰ ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡ ਕੁਆਰਟਰ 'ਤੇ ਆਰਪੀਜੀ ਹਮਲਾ ਹੋ ਗਿਆ।
  • 29 ਮਈ ਨੂੰ ਦਿਨ ਦਿਹਾੜੇ ਮਾਨਸਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ।
  • ਨਵੰਬਰ ਮਹੀਨੇ ਵਿੱਚ ਡੇਰਾ ਸਿਰਸਾ ਦੇ ਸਮਰਥਕ ਪ੍ਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
  • ਨਵੰਬਰ ਵਿੱਚ ਹੀ ਸ਼ਿਵ ਸੈਨਾ ਟਕਸਾਲੀ ਦੇ ਮੁਖੀ ਸੁਧੀਰ ਸੂਰੀ ਦੀ ਵੀ ਹੱਤਿਆ ਅੰਮ੍ਰਿਤਸਰ ਵਿੱਚ ਹੋਈ ਸੀ।
  • ਦਸੰਬਰ ਵਿੱਚ ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿੱਚ ਇੱਕ ਕੱਪੜਾ ਕਾਰੋਬਾਰੀ ਵੱਲੋਂ ਫਿਰੌਤੀ ਨੇ ਦੇਣ ਕਾਰਨ ਬਦਮਾਸ਼ਾਂ ਵੱਲੋਂ ਉਸ ਹੱਤਿਆ ਕਰ ਦਿੱਤੀ ਗਈ।
  •  9 ਦਸੰਬਰ ਨੂੰ ਤਰਨ ਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਉੱਤੇ ਆਰਪੀਜੀ ਹਮਲਾ ਹੋਇਆ।

ਸੰਦੀਪ ਨੰਗਲ ਅੰਬੀਆਂ ਦਾ ਕਤਲ

10 ਮਾਰਚ ਨੂੰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਹੋ ਰਹੀਆਂ ਸਨ ਤਾਂ ਇਸ ਤੋਂ ਠੀਕ ਦੋ ਦਿਨ ਪਹਿਲਾਂ ਨਵੀਂ ਸਰਕਾਰ ਨੂੰ ਪਹਿਲਾ ਵੱਡਾ ਝਟਕਾ ਲੱਗਿਆ।

ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਬੱਡੀ ਦੇ ਨਾਮੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਦਿਨ ਦਿਹਾੜੇ ਅਤੇ ਦਰਸ਼ਕਾਂ ਦੀ ਮੌਜੂਦਗੀ ਵਿੱਚ ਵਾਪਰੀ।

ਇਹ ਵੀ ਪੜ੍ਹੋ:

ਪਟਿਆਲਾ- ਨਿਹੰਗ ਅਤੇ ਹਿੰਦੂ ਸੰਗਠਨ ਆਹਮੋ-ਸਾਹਮਣੇ

29 ਅਪਰੈਲ ਨੂੰ ਪਟਿਆਲਾ ਵਿੱਚ ਸ਼ਿਵ ਸੈਨਾ ਤੇ ਸਿੱਖ ਜਥੇਬੰਦੀਆਂ ਦਰਮਿਆਨ ਟਕਰਾਅ ਹੋਇਆ। ਟਕਰਾਅ ਨੂੰ ਰੋਕਣ ਦੇ ਲਈ ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ।

ਸਥਿਤੀ ਉੱਤੇ ਕਾਬੂ ਪਾਉਣ ਦੇ ਲਈ ਸ਼ਹਿਰ ਵਿੱਚ ਪ੍ਰਸ਼ਾਸਨ ਨੂੰ ਕਰਫ਼ਿਊ ਲਗਾਉਣਾ ਪਿਆ।

ਪਟਿਆਲਾ ਹਿੰਸਾ ਦੀ ਚਰਚਾ ਨਾ ਸਿਰਫ਼ ਪੰਜਾਬ ਵਿੱਚ ਹੋਈ ਬਲਕਿ ਇਹ ਇਸ ਦਾ ਸੇਕ ਦਿੱਲੀ ਦੀ ਸਿਆਸਤ ਤੱਕ ਪਹੁੰਚਿਆ।

ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਮੁੱਦੇ 'ਤੇ ਘੇਰਿਆ।

ਆਰਪੀਜੀ ਅਟੈਕ

ਪਟਿਆਲਾ ਹਿੰਸਾ ਨੂੰ ਲੈ ਕੇ ਅਜੇ ਮਾਮਲਾ ਥੋੜ੍ਹਾ ਸ਼ਾਂਤ ਹੋਇਆ ਸੀ ਕਿ 9 ਮਈ ਨੂੰ ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡ ਕੁਆਰਟਰ 'ਤੇ ਆਰਪੀਜੀ ਅਟੈਕ ਹੋ ਗਿਆ।

ਹਾਲਾਂਕਿ ਹਮਲੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਆਪਣੇ ਆਪ ਵਿੱਚ ਹੀ ਪੰਜਾਬ ਪੁਲਿਸ ਨੂੰ ਬਦਮਾਸ਼ਾਂ ਦੀ ਸਿੱਧੀ ਚੁਣੌਤੀ ਸੀ।

ਇਸ ਕਰ ਕੇ ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਨਵੀਂ ਸਰਕਾਰ ਨੂੰ ਘੇਰ ਲਿਆ।

ਸਿੱਧੂ ਮੂਸੇਵਾਲ ਦਾ ਕਤਲ

ਇੰਟੈਲੀਜੈਂਸ ਹੈੱਡ ਕੁਆਰਟਰ 'ਤੇ ਆਰਪੀਜੀ ਅਟੈਕ ਦੇ ਸਿਰਫ਼ 20 ਦਿਨ ਬਾਅਦ ਬਦਮਾਸ਼ਾਂ ਨੇ ਦਿਨ ਦਿਹਾੜੇ 29 ਮਈ ਨੂੰ ਮਾਨਸਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ।

ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਪ੍ਰਮੁਖ ਵਿਅਕਤੀਆਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ।

ਇਸ ਬਾਰੇ ਸਰਕਾਰ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਸੂਬੇ ਵਿੱਚ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਇਹ ਕਦਮ ਚੁੱਕਿਆ ਹੈ।

ਸਿੱਧੂ ਮੂਸੇਵਾਲ ਦਾ ਨਾਮ ਵੀ ਉਸ ਲਿਸਟ ਵਿੱਚ ਸ਼ਾਮਲ ਸੀ ਜਿੰਨਾ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਸੀ।

ਸੁਰੱਖਿਆ ਕਟੌਤੀ ਤੋਂ ਅਗਲੇ ਦਿਨ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ।

ਇਸ ਕੇਸ ਨਾਲ ਸਬੰਧਿਤ ਕਈ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਸ ਕਤਲ ਕੇਸ ਦਾ ਪ੍ਰਮੁਖ ਮਾਸਟਰ ਮਾਇੰਡ ਕਿਹਾ ਜਾਣ ਵਾਲਾ ਗੋਲਡੀ ਬਰਾੜ ਅਜੇ ਵੀ ਫ਼ਰਾਰ ਹੈ।

ਡੇਰਾ ਸਿਰਸਾ ਸਮਰਥਕ ਦੀ ਸ਼ਰੇਆਮ ਹੱਤਿਆ

ਨਵੰਬਰ ਮਹੀਨੇ ਵਿੱਚ ਡੇਰਾ ਸਿਰਸਾ ਦੇ ਸਮਰਥਕ ਪ੍ਰਦੀਪ ਸਿੰਘ ਦੀ ਸ਼ਰੇਆਮ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ। ਇਸੇ ਤਰ੍ਹਾਂ ਸ਼ਿਵ ਸੈਨਾ ਟਕਸਾਲੀ ਦੇ ਮੁਖੀ ਸੁਧੀਰ ਸੂਰੀ ਦੀ ਵੀ ਹੱਤਿਆ ਅੰਮ੍ਰਿਤਸਰ ਵਿੱਚ ਹੋਈ ਸੀ।

ਇਹ ਹੱਤਿਆ ਉਸ ਸਮੇਂ ਹੋਈ ਜਦੋਂ ਉੱਥੇ ਪੁਲਿਸ ਬਲ ਮੌਜੂਦ ਸਨ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਕਾਰੋਬਾਰੀਆਂ ਨੂੰ ਫਿਰੌਤੀ ਲਈ ਫ਼ੋਨ ਅਤੇ ਹੱਤਿਆ

ਇਸ ਪੂਰੇ ਸਾਲ ਦੌਰਾਨ ਪੰਜਾਬ ਦੇ ਕਾਰੋਬਾਰੀਆਂ ਨੂੰ ਬਦਮਾਸ਼ਾਂ ਦੀਆਂ ਫਿਰੌਤੀ ਲਈ ਫ਼ੋਨ ਕਾਲ ਆਉਣ ਦੇ ਕੇਸ ਕਾਫ਼ੀ ਚਰਚਿਤ ਰਿਹਾ। ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿੱਚ ਇੱਕ ਕੱਪੜਾ ਕਾਰੋਬਾਰੀ ਵੱਲੋਂ ਫਿਰੌਤੀ ਨੇ ਦੇਣ ਕਾਰਨ ਬਦਮਾਸ਼ਾਂ ਵੱਲੋਂ ਉਸ ਹੱਤਿਆ ਕਰ ਦਿੱਤੀ ਗਈ।

ਇਸ ਕਾਰੋਬਾਰੀ ਨੂੰ ਪੁਲਿਸ ਸੁਰੱਖਿਆ ਵੀ ਮਿਲੀ ਹੋਈ ਸੀ ਬਾਵਜੂਦ ਇਸ ਦੇ ਬਦਮਾਸ਼ਾਂ ਨੇ ਉਸ ਦੀ ਅਤੇ ਗੰਨਮੈਨ ਦੀ ਹੱਤਿਆ ਕਰ ਦਿੱਤੀ।

ਅਜਿਹੀ ਹੀ ਘਟਨਾ ਮੁਕਤਸਰ ਜ਼ਿਲ੍ਹੇ ਵਿੱਚ ਵੀ ਵਾਪਰੀ ਜਿੱਥੇ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਪਹਿਲਾਂ ਅਗਵਾ ਕੀਤਾ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ।

ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਡੀਜੀਪੀ ਗੌਰਵ ਯਾਦਵ ਨੂੰ ਕਾਰੋਬਾਰੀ ਨੂੰ ਅਪੀਲ ਕਰਨੀ ਪਈ ਕਿ ਉਹ ਪੰਜਾਬ ਪੁਲਿਸ ਉੱਤੇ ਭਰੋਸਾ ਰੱਖਣ ਅਤੇ ਜੇਕਰ ਕੋਈ ਫਿਰੌਤੀ ਲਈ ਫ਼ੋਨ ਆਉਂਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨਾਲ ਸਾਂਝਾ ਕੀਤੀ ਜਾਵੇ।

ਤਰਨ ਤਾਰਨ ਵਿੱਚ ਆਰਪੀਜੀ ਹਮਲਾ

9 ਦਸੰਬਰ ਨੂੰ ਤਰਨ ਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਉੱਤੇ ਆਰਪੀਜੀ ਹਮਲਾ ਹੋਇਆ।

ਪੁਲਿਸ ਨੂੰ ਦੂਜੇ ਆਰਪੀਜੀ ਹਮਲੇ ਤੋਂ ਬਾਅਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਦਿੱਲੀ ਪੁਲਿਸ ਦੀ ਪੰਜਾਬ ਵਿੱਚ ਚਰਚਾ

ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ, ਡੇਰਾ ਸੱਚਾ ਸੌਦਾ ਸਮਰਥਕ ਦੀ ਹੱਤਿਆ ਵਰਗੇ ਕੇਸ ਦਿੱਲੀ ਪੁਲਿਸ ਨੇ ਹੱਲ ਕੀਤੇ।

ਇੱਥੋਂ ਤੱਕ ਸਾਲ ਦਾ ਸਭ ਤੋਂ ਚਰਚਿਤ ਕੇਸ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਕੁਝ ਦਿਨ ਬਾਅਦ ਦਿੱਲੀ ਸਪੈਸ਼ਲ ਸੈੱਲ ਨੇ ਸਿੱਧੂ ਦੀ ਹੱਤਿਆ ਵਿੱਚ ਸ਼ਾਮਲ ਕਥਿਤ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦੀ ਸੱਚਾਈ ਲੋਕਾਂ ਸਾਹਮਣੇ ਲਿਆਂਦੀ।

ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਵਿੱਚ ਸ਼ਾਮਲ ਕਥਿਤ ਬਦਮਾਸ਼ਾਂ ਨੂੰ ਵੀ ਗ੍ਰਿਫ਼ਤਾਰ ਕੀਤਾ।

ਮੁਹਾਲੀ ਆਰਪੀਜੀ ਹਮਲੇ ਅਤੇ ਡੇਰਾ ਸਿਰਸਾ ਸਮਰਥਕ ਦੇ ਕਥਿਤ ਕਾਤਲਾਂ ਨੂੰ ਵੀ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਪੰਜਾਬ ਪੁਲਿਸ ਦੇ ਹਵਾਲੇ ਕੀਤੇ।

ਸਿੱਧੂ ਮੂਸੇਵਾਲ ਕੇਸ ਵਿੱਚ ਸ਼ਾਮਲ ਬਦਮਾਸ਼ ਪਵਨ ਟੀਨੂੰ ਜਦੋਂ ਸੀਆਈਏ ਸਟਾਫ਼ ਵਿਚੋਂ ਫ਼ਰਾਰ ਹੋਇਆ ਤਾਂ ਦਿੱਲੀ ਪੁਲਿਸ ਨੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਕੇ ਮੁੜ ਪੰਜਾਬ ਪੁਲਿਸ ਹਵਾਲੇ ਕੀਤਾ।

ਪੰਜਾਬ ਪੁਲਿਸ ਵੱਲੋਂ ਅਪਰਾਧ ਵਿੱਚ ਗਿਰਾਵਟ ਦਾ ਦਾਅਵਾ

ਦੂਜੇ ਪਾਸੇ ਪੰਜਾਬ ਪੁਲਿਸ ਦੇ ਬੁਲਾਰੇ ਆਈਜੀ ਡਾਕਟਰ ਸੁਖਚੈਨ ਸਿੰਘ ਦਾ ਦਾਅਵਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਵਿੱਚ ਅਪਰਾਧ ਦੀ ਦਰ ਵਿੱਚ ਕਮੀ ਆਈ ਹੈ।

ਉਨ੍ਹਾਂ ਨੇ ਅਪਰਾਧ ਦੇ ਅੰਕੜਿਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ 2021 ਵਿੱਚ ਸੂਬੇ ਵਿੱਚ 723 ਕਤਲ ਹੋਏ ਸਨ ਜਦਕਿ 2022 ਦੇ ਵਿੱਚ ਇਹ ਅੰਕੜਾ 656 ਰਿਹਾ।

ਇਸ ਤਰਾਂ ਅਗਵਾ ਕਰਨ ਦੇ ਮਾਮਲੇ ਪਿਛਲੇ ਸਾਲ 1787 ਦਰਜ ਹੋਏ ਸਨ ਜਦੋਂ ਕਿ ਇਸ ਸਾਲ 1645 ਕੇਸ ਦਰਜ ਕੀਤੇ ਗਏ।

ਇਸ ਤਰੀਕੇ ਨਾਲ ਸੂਬਾ ਪੁਲਿਸ ਨੇ 428 ਖ਼ਤਰਨਾਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਅਤੇ ਸਿੱਧੂ ਮੂਸੇਵਾਲ ਕਤਲ ਵਿੱਚ ਸ਼ਾਮਲ ਦੋ ਗੈਂਗਸਟਰ ਮੰਨੂੰ ਅਤੇ ਜਗਰੂਪ ਰੂਪ ਨੂੰ ਪੁਲਿਸ ਮੁਕਾਬਲੇ ਵਿੱਚ ਖ਼ਤਮ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਸਿੱਧੂ ਮੂਸੇਵਾਲ ਕਤਲ ਵਿੱਚ ਦੀਪਕ ਮੁੰਡੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਅੱਤਵਾਦੀਆਂ ਦੇ 18 ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਅਤੇ 119 ਕਥਿਤ ਅੱਤਵਾਦੀਆਂ ਨੂੰ ਫੜਿਆ ਗਿਆ।

ਜੇਕਰ ਡਰੱਗਜ਼ ਦੀ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਨੇ 12,171 ਐੱਫਆਈਆਰ ਦਰਜ ਕੀਤੀਆਂ ਅਤੇ 16,798 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੀ ਕਹਿੰਦੇ ਹਨ ਸਾਬਕਾ ਡੀਜੀਪੀ

ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਦੇ ਮੁੱਦੇ ਉੱਤੇ ਬੀਬੀਸੀ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਐੱਸ ਕੇ ਸ਼ਰਮਾ ਨਾਲ ਗੱਲ ਕੀਤੀ।

ਉਨ੍ਹਾਂ ਆਖਿਆ, ‘‘ਪੰਜਾਬ ਪੁਲਿਸ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਬੇਸ਼ੱਕ ਪਿਛਲੇ ਸਾਲਾਂ ਦੇ ਮੁਕਾਬਲੇ ਅਪਰਾਧ ਦੀਆਂ ਘਟਨਾਵਾਂ ਵਿੱਚ ਕਮੀ ਦੇਖੀ ਗਈ ਪਰ ਫਿਰ ਵੀ ਵੱਡੀਆਂ ਵਾਰਦਾਤਾਂ ਦਾ ਵਾਪਰਨਾ ਚਿੰਤਾ ਦਾ ਵਿਸ਼ਾ ਤਾਂ ਹਨ। ਸਿੱਧੂ ਮੂਸੇਵਾਲਾ ਇੱਕ ਨਾਮੀ ਗਾਇਕ ਸੀ, ਉਸ ਦੀ ਹੱਤਿਆ ਹੋਈ ਜਿਸ ਦੀ ਚਰਚਾ ਹੋਣੀ ਸੁਭਾਵਿਕ ਸੀ।’’

ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਮੂਸੇਵਾਲਾ ਨੂੰ ਸੁਰੱਖਿਆ ਮਿਲੀ ਹੋਈ ਸੀ ਪਰ ਜਿਸ ਵਕਤ ਉਸ ਦੀ ਹੱਤਿਆ ਹੋਈ ਉਹ ਬਿਨਾਂ ਸੁਰੱਖਿਆ ਦੇ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)