ਪਟਿਆਲਾ ਹਿੰਸਾ: ਮੁੱਖ ਮੁਲਜ਼ਮ ਦੱਸੇ ਜਾ ਰਹੇ ਪਰਵਾਨਾ ਬਾਰੇ ਪਰਿਵਾਰ ਤੇ ਆਲੇ-ਦੁਆਲੇ ਦੇ ਲੋਕਾਂ ਨੇ ਕੀ ਦੱਸਿਆ

ਪਟਿਆਲਾ ਵਿਖੇ 29 ਅਪ੍ਰੈਲ ਨੂੰ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਜਿੰਦਰ ਸਿੰਘ ਪਰਵਾਨਾ ਚਰਚਾ ਵਿੱਚ ਹਨ।

ਐਤਵਾਰ ਤੱਕ ਬਰਜਿੰਦਰ ਸਿੰਘ ਪਰਵਾਨਾ ਸਮੇਤ ਪੰਜਾਬ ਪੁਲਿਸ ਵੱਲੋਂ 9 ਲੋਕਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ।

ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਸਥਾ 'ਸਿੱਖ ਫਾਰ ਜਸਟਿਸ' ਵੱਲੋਂ ਕੁਝ ਦਿਨ ਪਹਿਲਾਂ ਡੀਸੀ ਦਫਤਰਾਂ 'ਤੇ ਖਾਲਿਸਤਾਨੀ ਪੱਖੀ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਗਈ ਸੀ।

ਪਟਿਆਲਾ ਵਿੱਚ ਸ਼ਿਵ ਸੈਨਾ ਵੱਲੋਂ ਇਸ ਅਪੀਲ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਮਾਰਚ ਦਾ ਸੱਦਾ ਦਿੱਤਾ ਗਿਆ ਸੀ।

ਇਸੇ ਮਾਰਚ ਦੇ ਵਿਰੋਧ ਵਿੱਚ ਕਈ ਸਿੱਖ ਸੰਗਠਨ ਵੀ ਵਿਰੋਧ ਪ੍ਰਦਰਸ਼ਨ ਲਈ ਸੜਕਾਂ ਉੱਤੇ ਉਤਰ ਗਏ ਸਨ। ਇਹ ਮਾਰਚ ਪਟਿਆਲਾ ਦੇ ਫੁਹਾਰਾ ਚੌਂਕ ਤੋਂ ਸ਼ੁਰੂ ਹੋਇਆ ਅਤੇ ਕਾਲੀ ਮਾਤਾ ਮੰਦਿਰ ਤੱਕ ਪਹੁੰਚਿਆ ਜਿੱਥੇ ਟਕਰਾਅ ਹੋਇਆ।

'ਮੁਲਾਕਾਤ ਤੋਂ ਬਾਅਦ ਹੀ ਦਿੱਤਾ ਜਾਵੇਗਾ ਬਿਆਨ'

ਪਰਵਾਨਾ ਦਾ ਸਬੰਧ ਪਟਿਆਲਾ ਦੇ ਰਾਜਪੁਰਾ ਨਾਲ ਹੈ ਅਤੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਜਾਣ ਪਛਾਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਹੈ।

ਜ਼ਿਕਰਯੋਗ ਹੈ ਕਿ ਉਹ ਰਾਜਪੁਰਾ ਵਿਖੇ ਗੁਰਦੁਆਰਾ ਬਾਬਾ ਬਲਵੰਤ ਸਿੰਘ ਦੁਧਾਧਾਰੀ ਦੇ ਮੁਖੀ ਹਨ ਅਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵੀ ਕੰਮ ਕਰਦੇ ਹਨ।

ਸ਼ੁੱਕਰਵਾਰ ਨੂੰ ਪਟਿਆਲਾ ਵਿਖੇ ਸ਼ਿਵ ਸੈਨਾ ਵੱਲੋਂ ਖਾਲਿਸਤਾਨ ਵਿਰੋਧੀ ਮਾਰਚ ਤੋਂ ਬਾਅਦ ਹੋਏ ਟਕਰਾਅ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀ ਮੁਹਾਲੀ ਤੋਂ ਹੋਈ ਹੈ।

ਉਨ੍ਹਾਂ ਦੀ ਪਤਨੀ ਨੇ ਬੀਬੀਸੀ ਨੂੰ ਆਖਿਆ ਕਿ ਉਹ ਜੇਲ੍ਹ ਵਿੱਚ ਪਰਵਾਨਾ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਉਸ ਤੋਂ ਬਾਅਦ ਹੀ ਮੀਡੀਆ ਵਿੱਚ ਕੋਈ ਬਿਆਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਬੇਟੀ ਵੀ ਹੈ, ਜੋ ਕਿ 6ਵੀਂ ਕਲਾਸ ਵਿੱਚ ਪੜ੍ਹਦੀ ਹੈ।

ਪਰਵਾਨਾ ਦੇ ਮਾਤਾ ਜੀ ਨਾਲ ਵੀ ਬੀਬੀਸੀ ਨੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਆਖਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਪਰਵਾਨਾ ਦੇ ਨਾਲ ਨਹੀਂ ਰਹਿ ਰਹੇ।

ਗ੍ਰਿਫ਼ਤਾਰੀ ਤੋਂ ਬਾਅਦ ਗੁਰਦੁਆਰਾ ਬਾਬਾ ਬਲਵੰਤ ਸਿੰਘ ਦੁਧਾਧਾਰੀ ਵਿਖੇ ਹਾਲਾਤ ਆਮ ਵਰਗੇ ਹਨ। ਇਸੇ ਗੁਰਦੁਆਰੇ ਦੇ ਬਾਹਰ ਉਨ੍ਹਾਂ ਦੀ ਇੱਕ ਵੈਨ ਵੀ ਖੜ੍ਹੀ ਹੈ। ਜਿਸਦੇ ਉੱਪਰ ਦਮਦਮੀ ਟਕਸਾਲ ਜੱਥਾ ਰਾਜਪੁਰ ਅਤੇ ਆਸਰਾ ਫਾਊਂਡੇਸ਼ਨ ਲਿਖਿਆ ਹੋਇਆ ਹੈ।

ਗੁਰਦੁਆਰੇ ਦੇ ਦੁਕਾਨਦਾਰ ਬਸੰਤ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਿਆ ਹੈ । ਉਹ ਦੱਸਦੇ ਹਨ ਕਿ ਪਰਵਾਨਾ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਲੱਗੇ ਰਹਿੰਦੇ ਹਨ।

ਉਨ੍ਹਾਂ ਨੇ ਅੱਗੇ ਦੱਸਿਆ," ਪਰਵਾਨਾ ਸਥਾਨਕ ਗੁਰਦੁਆਰੇ ਦੇ ਮੁਖੀ ਹਨ ਅਤੇ ਸਾਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਖ਼ਬਰਾਂ ਤੋਂ ਹੀ ਪਤਾ ਲੱਗਿਆ ਸੀ। ਸਾਡੀ ਦੁਕਾਨ ਬਹੁਤ ਪੁਰਾਣੀ ਹੈ। ਪਹਿਲਾਂ ਅਸੀਂ ਉਨ੍ਹਾਂ ਨੂੰ ਨਹੀਂ ਜਾਣਦੇ ਸਾਂ ਪਰ ਗੁਰਦੁਆਰੇ ਦੇ ਪ੍ਰਧਾਨ ਬਣਨ ਤੋਂ ਬਾਅਦ ਹੀ ਉਨ੍ਹਾਂ ਬਾਰੇ ਪਤਾ ਲੱਗਿਆ ਹੈ।"

ਇਹ ਵੀ ਪੜ੍ਹੋ:

ਪਟਿਆਲਾ ਹਿੰਸਾ: ਬਰਜਿੰਦਰ ਪਰਵਾਨਾ, ਹਰੀਸ਼ ਸਿੰਗਲਾ ਅਤੇ ਗੱਗੀ ਪੰਡਿਤ ਕੌਣ ਹਨ

ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨਬਾਜ਼ੀ ਕਰਨ ਦਾ ਇਲਜ਼ਾਮ

ਸ਼ਨੀਵਾਰ ਨੂੰ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਵੀ ਇਲਜ਼ਾਮ ਸਨ ਕਿ ਬਰਜਿੰਦਰ ਸਿੰਘ ਪਰਵਾਨਾ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਭੜਕਾਊ ਬਿਆਨਬਾਜ਼ੀ ਕਰਦੇ ਹਨ।

ਬਰਜਿੰਦਰ ਸਿੰਘ ਪਰਵਾਨਾ ਦੇ ਸੋਸ਼ਲ ਮੀਡੀਆ ਉੱਪਰ ਹਜ਼ਾਰਾਂ ਫਾਲੋਅਰਜ਼ ਹਨ। ਫੇਸਬੁੱਕ ਅਤੇ ਇੰਸਟਾਗ੍ਰਾਮ ਪ੍ਰੋਫਾਇਲ ਤੋਂ 29 ਅਪ੍ਰੈਲ ਨੂੰ ਸ਼ਿਵ ਸੈਨਾ ਦੇ ਮਾਰਚ ਦੇ ਵਿਰੋਧ ਵਿੱਚ ਵੀ ਕਈ ਵੀਡੀਓ ਪੋਸਟ ਕੀਤੀਆਂ ਗਈਆਂ ਸਨ।

ਇੱਕ ਵੀਡੀਓ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਹੈ ਅਤੇ ਅਜਿਹਾ ਵਿਰੋਧ ਮਾਰਚ ਪੁਲਿਸ ਵੱਲੋਂ ਨਹੀਂ ਕੱਢਣ ਦਿੱਤਾ ਜਾਵੇਗਾ।

ਆਪਣੇ ਕੁਝ ਪੁਰਾਣੇ ਵੀਡੀਓ ਵਿੱਚ ਉਹ ਇਹ ਆਖਦੇ ਸੁਣੇ ਗਏ ਹਨ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਭਾਈਚਾਰਕ ਸਾਂਝ ਦੇ ਪੱਖ ਵਿੱਚ ਹਨ।

ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਪਹਿਲਾਂ ਵੀ ਪਰਵਾਨਾ ਉੱਪਰ ਚਾਰ ਐੱਫਆਈਆਰ ਦਰਜ ਹਨ।

ਇਨ੍ਹਾਂ ਵਿਚੋਂ ਤਿੰਨ ਐੱਫਆਈਆਰ ਪਟਿਆਲਾ ਜ਼ਿਲ੍ਹੇ ਵਿੱਚ ਹਨ ਜਦੋਂਕਿ ਇੱਕ ਮੁਹਾਲੀ ਵਿੱਚ ਹੈ।

ਪੰਜਾਬ ਪੁਲਿਸ ਨੇ ਅੱਗੇ ਦੱਸਿਆ ਕਿ 2007-2008 ਦੌਰਾਨ ਉਹ ਸਿੰਗਾਪੁਰ ਗਏ ਸਨ। ਤਕਰੀਬਨ ਡੇਢ ਸਾਲ ਉਥੇ ਰਹਿਣ ਤੋਂ ਬਾਅਦ ਉਹ ਭਾਰਤ ਵਾਪਸ ਆਏ। ਇਸ ਮਗਰੋਂ ਧਾਰਮਿਕ ਦੀਵਾਨ ਲਗਾ ਕੇ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ।

ਇਸੇ ਦੌਰਾਨ ਬਰਜਿੰਦਰ ਸਿੰਘ ਪਰਵਾਨਾ ਨੇ ਦਮਦਮੀ ਟਕਸਾਲ ਰਾਜਪੁਰਾ ਨਾਂ ਦਾ ਜਥਾ ਬਣਾਇਆ ਅਤੇ ਖੁਦ ਹੀ ਇਸ ਦੇ ਮੁਖੀ ਬਣ ਗਏ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਕਿਸਾਨ ਅੰਦੋਲਨ ਵਿੱਚ ਵੀ ਬਰਜਿੰਦਰ ਸਿੰਘ ਵੱਲੋਂ ਵੀ ਹਿੱਸਾ ਲਿਆ ਗਿਆ ਸੀ।

ਭਾਈਚਾਰਕ ਸਾਂਝ ਅਤੇ ਸ਼ਾਂਤੀ ਦੀ ਅਪੀਲ

29 ਅਪ੍ਰੈਲ ਨੂੰ ਸ਼ਿਵ ਸੈਨਾ ਦੇ ਹਰੀਸ਼ ਸਿੰਗਲਾ ਵੱਲੋਂ ਵਿਰੋਧ ਮਾਰਚ ਦੀ ਅਪੀਲ ਤੋਂ ਬਾਅਦ ਕਾਫੀ ਤਣਾਅ ਵਧਿਆ ਅਤੇ ਪੱਥਰਬਾਜ਼ੀ ਵੀ ਹੋਈ।

।ਪੁਲਿਸ ਵੱਲੋਂ ਹਾਲਾਤ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਗਈ ਤੇ ਹਵਾਈ ਫਾਇਰਿੰਗ ਵੀ ਕੀਤੀ ਗਈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੋਂ ਬਾਅਦ ਪਟਿਆਲਾ ਰੇਂਜ ਦੇ ਆਈਜੀ, ਐੱਸਐੱਸਪੀ ਅਤੇ ਐੱਸਪੀ ਨੂੰ ਵੀ ਬਦਲ ਦਿੱਤਾ ਗਿਆ ਸੀ।

29 ਅਪ੍ਰੈਲ ਸ਼ਾਮ ਤੋਂ 30 ਅਪ੍ਰੈਲ ਸਵੇਰ ਤੱਕ ਸ਼ਹਿਰ ਵਿੱਚ ਕਰਫਿਊ ਲਗਾਇਆ ਗਿਆ ਸੀ। 30 ਅਪ੍ਰੈਲ ਨੂੰ ਹੀ ਪਟਿਆਲਾ ਜ਼ਿਲ੍ਹੇ ਵਿੱਚ ਸ਼ਾਮ ਤੱਕ ਇੰਟਰਨੈੱਟ ਸੇਵਾਵਾਂ ਨੂੰ ਸਸਪੈਂਡ ਕੀਤਾ ਗਿਆ ਸੀ।

ਹਿੰਦੂ ਅਤੇ ਸਿੱਖ ਧਰਮ ਦੇ ਨੁਮਾਇੰਦਿਆਂ ਵੱਲੋਂ ਪਟਿਆਲਾ ਪ੍ਰਸ਼ਾਸਨ ਨਾਲ ਇੱਕ 'ਪੀਸ' ਮੀਟਿੰਗ ਵੀ ਕੀਤੀ ਗਈ ਸੀ। ਇਸ ਬੈਠਕ ਵਿੱਚ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰੇ ਦੀ ਅਪੀਲ ਕੀਤੀ ਗਈ ਸੀ।

ਇਨ੍ਹਾਂ ਘਟਨਾਵਾਂ ਤੋਂ ਬਾਅਦ ਸ਼ਿਵ ਸੈਨਾ ਦੇ ਹਰੀਸ਼ ਸਿੰਗਲਾ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ।

ਇਸ ਤੋਂ ਬਾਅਦ ਦੋ ਵਿਅਕਤੀ ਦਲਜੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

ਐਤਵਾਰ ਸਵੇਰੇ ਪੰਜਾਬ ਪੁਲਿਸ ਵੱਲੋਂ ਬਰਜਿੰਦਰ ਸਿੰਘ ਪਰਵਾਨਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਗਈ ਸੀ। ਪਰਵਾਨਾ ਸਮੇਤ ਹੁਣ ਤੱਕ ਕੁੱਲ 9 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)