ਪਟਿਆਲਾ: ਭਗਵੰਤ ਮਾਨ ਨੇ ਕਿਹਾ, 'ਦੋ ਰਾਜਨੀਤਕ ਦਲਾਂ ਦੇ ਵਰਕਰ ਭਿੜੇ ਸਨ', 10 ਨੁਕਤਿਆਂ ’ਚ ਸਮਝੋ ਹੁਣ ਤੱਕ ਕੀ-ਕੀ ਹੋਇਆ

ਸ਼ੁੱਕਰਵਾਰ ਨੂੰ ਪਟਿਆਲਾ ਵਿਖੇ ਸ਼ਿਵ ਸੈਨਾ ਅਤੇ ਸਿੱਖ ਜਥੇਬੰਦੀਆਂ ਦਰਮਿਆਨ ਹੋਏ ਟਕਰਾਅ ਤੋਂ ਬਾਅਦ ਸ਼ਨੀਵਾਰ ਸਵੇਰੇ ਜ਼ਿਲ੍ਹੇ ਵਿੱਚ ਇੰਟਰਨੈੱਟ ਨੂੰ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਹੈ।

ਪ੍ਰਸ਼ਾਸਨ ਵੱਲੋਂ ਆਖਿਆ ਗਿਆ ਕਿ ਸ਼ਨੀਵਾਰ ਸਵੇਰੇ 9.30 ਵਜੇ ਤੋਂ ਸ਼ਾਮ ਛੇ ਵਜੇ ਤੱਕ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਦੇ ਨਾਲ ਹੀ ਐੱਸਐੱਮਐੱਸ ਸੇਵਾ ਵੀ ਬੰਦ ਰਹੇਗੀ ਅਤੇ ਵੁਆਇਸ ਕਾਲ ਸੇਵਾ ਜਾਰੀ ਰਹੇਗੀ।

ਬਾਅਦ ਵਿੱਚ ਇਸ ਆਦੇਸ਼ ਵਿੱਚ ਬਦਲਾਅ ਕੀਤਾ ਗਿਆ ਅਤੇ ਇੰਟਰਨੈਟ ਸੇਵਾਵਾਂ ਚਾਰ ਵਜੇ ਤੱਕ ਹੀ ਬੰਦ ਰੱਖਣ ਦੀ ਗੱਲ ਆਖੀ ਗਈ।

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੋਂ ਬਾਅਦ ਪਟਿਆਲਾ ਰੇਂਜ ਦੇ ਆਈਜੀ, ਐੱਸਐੱਸਪੀ ਅਤੇ ਐੱਸਪੀ ਨੂੰ ਵੀ ਬਦਲ ਦਿੱਤਾ ਗਿਆ ਹੈ। ਮੁਖਵਿੰਦਰ ਸਿੰਘ ਛੀਨਾ ਨੂੰ ਪਟਿਆਲਾ ਦਾ ਨਵਾਂ ਆਈਜੀ, ਦੀਪਕ ਪਾਰਿਕ ਨੂੰ ਐਸਐਸਪੀ ਅਤੇ ਵਜ਼ੀਰ ਸਿੰਘ ਨੂੰ ਐੱਸਪੀ ਨਿਯੁਕਤ ਕੀਤਾ ਗਿਆ ਹੈ।

ਸ਼ਨੀਵਾਰ ਬਾਅਦ ਦੁਪਹਿਰ ਪਟਿਆਲਾ ਦੇ ਡੀਸੀ ਦਫ਼ਤਰ ਵਿਖੇ ਇੱਕ 'ਸ਼ਾਤੀ' ਬੈਠਕ ਵੀ ਬੁਲਾਈ ਗਈ।

ਮਸਲਾ ਦੋ ਸਮੁਦਾਇ ਦਾ ਨਹੀਂ, ਦੋ ਰਾਜਨੀਤਕ ਦਲਾਂ ਦੇ ਵਰਕਰ ਸਨ ਭਿੜੇ-ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਟਿਆਲਾ ਵਿਖੇ ਵਾਪਰੀਆਂ ਘਟਨਾਵਾਂ ਬਾਰੇ ਬੋਲਦਿਆਂ ਇਸ ਨੂੰ ਸਿਆਸੀ ਕਰਾਰ ਦਿੱਤਾ।

ਖ਼ਬਰ ਏਜੰਸੀ ਏਐਨਆਈ ਨੂੰ ਦਿੱਤੇ ਗਏ ਬਿਆਨ ਨੇ ਭਗਵੰਤ ਮਾਨ ਨੇ ਆਖਿਆ,"ਇਹ ਸ਼ਿਵਸੇਨਾ,ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਸਨ। ਇਹ ਮਸਲਾ ਦੋ ਸਮੁਦਾਇ ਦਾ ਨਹੀਂ ਸੀ ਬਲਕਿ ਦੋ ਰਾਜਨੀਤਿਕ ਪਾਰਟੀਆਂ ਦੇ ਕਾਰਕੁਨ ਆਪਸ ਵਿਚ ਭਿੜੇ ਸਨ। ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਠੀਕ ਹੈ। ਪੁਲਿਸ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ ਅਤੇ ਇਸ ਕਮੇਟੀ ਦੀ ਬੈਠਕ ਜਾਰੀ ਹੈ। ਪੰਜਾਬ ਦੀ ਭਾਈਚਾਰਕ ਸਾਂਝ ਮਜ਼ਬੂਤ ਹੈ।"

ਭਗਵੰਤ ਮਾਨ ਦਿੱਲੀ ਵਿਖੇ ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਮੁੱਖ ਮੰਤਰੀਆਂ ਅਤੇ ਹਾਈ ਕੋਰਟ ਦੇ ਚੀਫ ਜਸਟਿਸ ਦੀ ਬੈਠਕ 'ਚ ਹਿੱਸਾ ਲੈਣ ਆਏ ਸਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇੱਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਆਖਿਆ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਭਗਵੰਤ ਮਾਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਆਖਿਆ ਕਿ ਘਟਨਾਵਾਂ ਦੀ ਜਾਂਚ ਕਰਵਾਉਣ ਦੀ ਬਜਾਏ ਮੁੱਖ ਮੰਤਰੀ ਵਿਰੋਧੀ ਪਾਰਟੀਆਂ ਉੱਪਰ ਇਲਜ਼ਾਮ ਲਗਾ ਰਹੇ ਹਨ।

ਉਨ੍ਹਾਂ ਆਖਿਆ, "ਕੱਲ੍ਹ ਰਾਘਵ ਚੱਢਾ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਗਿਆ ਸੀ ਅਤੇ ਅੱਜ ਮੁੱਖ ਮੰਤਰੀ ਵੀ ਉਹੀ ਬਿਆਨ ਦੇ ਰਹੇ ਹਨ। ਪੰਜਾਬ ਲਈ ਇਹ ਘਟਨਾ ਬਹੁਤ ਗੰਭੀਰ ਹੈ। ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਅਮਨ ਕਾਨੂੰਨ ਨੂੰ ਤਬਾਹ ਕਰਨ ਵਾਲੀਆਂ ਤਾਕਤਾਂ ਦੀ ਪਛਾਣ ਕਰਨੀ ਚਾਹੀਦੀ ਹੈ।"

ਭਾਰਤ 'ਚ ਪਾਬੰਦੀਸ਼ੁਦਾ ਸੰਸਥਾ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਡੀਸੀ ਦਫ਼ਤਰ ’ਤੇ ਖਾਲਿਸਤਾਨੀ ਝੰਡਾ ਫਹਿਰਾਉਣ ਦੀ ਗੱਲ ਆਖੀ ਗਈ ਸੀ।

ਹਿੰਦੂ ਸੰਗਠਨ ਵੱਲੋਂ ਇਸ ਦੇ ਵਿਰੋਧ ਵਿੱਚ ਮਾਰਚ ਕੱਢੇ ਜਾਣ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਪੱਥਰਬਾਜ਼ੀ ਹੋਈ ਸੀ ਅਤੇ ਹਾਲਾਤ ਕਾਬੂ ਕਰਨ ਲਈ ਪੁਲਿਸ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਸੀ।

ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਮੁੱਖ ਪੰਡਿਤ ਪੰਚਾਨੰਦ ਗਿਰੀ ਨੇ ਆਖਿਆ ਕਿ ਸ਼ਨੀਵਾਰ ਸਵੇਰੇ ਤਿੰਨ ਘੰਟਿਆਂ ਲਈ ਉਨ੍ਹਾਂ ਵੱਲੋਂ ਧਰਨਾ ਲਗਾਇਆ ਗਿਆ।

ਇਹ ਵੀ ਪੜ੍ਹੋ:

ਖ਼ਬਰ ਏਜੰਸੀ ਏਐਨਆਈ ਨੂੰ ਉਨ੍ਹਾਂ ਨੇ ਦੱਸਿਆ," ਸਾਡਾ ਪ੍ਰਸ਼ਾਸਨ ਨੂੰ ਸਵਾਲ ਹੈ ਕਿ ਕਾਲੀ ਮਾਤਾ ਮੰਦਿਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਪ੍ਰਸ਼ਾਸਨ ਵੱਲੋਂ ਆਖਿਆ ਕਿ ਸ਼ੁੱਕਰਵਾਰ ਦੀਆਂ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਦੋ ਦਿਨਾਂ ਦੀ ਮੰਗ ਕੀਤੀ ਗਈ ਸੀ।ਇਸ ਤੋਂ ਬਾਅਦ ਸਾਡੀ ਅਗਲੀ ਰਣਨੀਤੀ ਤੈਅ ਹੋਵੇਗੀ।"

ਬੀਬੀਸੀ ਪੰਜਾਬੀ ਦੀ ਪੱਤਰਕਾਰ ਮਨਪ੍ਰੀਤ ਕੌਰ ਦੀ ਸ਼ੁੱਕਰਵਾਰ ਦੀ ਗਰਾਊਂਡ ਰਿਪੋਰਟ

'ਪੀਸ' ਮੀਟਿੰਗ ਵਿੱਚ ਅਮਨ- ਸ਼ਾਂਤੀ ਬਣਾਈ ਰੱਖਣ 'ਤੇ ਜ਼ੋਰ

ਸ਼ਨੀਵਾਰ ਦੁਪਹਿਰ ਨੂੰ ਪ੍ਰਸ਼ਾਸਨ ਅਤੇ ਹਿੰਦੂ ਸਿੱਖ ਧਰਮ ਦੇ ਨੁਮਾਇੰਦਆਂ ਦਰਮਿਆਨ ਇਕ ਮੀਟਿੰਗ ਵੀ ਹੋਈ ਹੈ। ਅਮਨ ਸ਼ਾਂਤੀ ਕਾਇਮ ਰੱਖਣ ਲਈ ਕੀਤੀ ਗਈ ਬੈਠਕ ਤੋਂ ਬਾਅਦ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਖਿਆ ਕਿ ਬੈਠਕ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਹਿਰ ਵਿੱਚ ਸ਼ਾਂਤੀ ਕਾਇਮ ਰੱਖਣ ਦੀ ਗੱਲ ਆਖੀ।

ਕਾਲੀ ਮਾਤਾ ਮੰਦਿਰ ਦੇ ਮੁੱਖ ਪੰਡਿਤ ਪੰਚਾਨੰਦ ਗਿਰੀ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਗੱਲ ਵੀ ਆਖੀ ਹੈ।

ਉਨ੍ਹਾਂ ਆਖਿਆ ਕਿ ਬੈਠਕ ਵਿੱਚ ਸਭ ਨੇ ਅਮਨ- ਸ਼ਾਂਤੀ ਬਣਾਉਣ ਦਾ ਸਮਰਥਨ ਕੀਤਾ।

ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗੁਰਨਾਮ ਸਿੰਘ ਨੇ ਆਖਿਆ ਕਿ ਸ਼ਹਿਰ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਅਤੇ ਭਾਈਚਾਰਕ ਸਾਂਝ ਜਾਰੀ ਰਹੇਗੀ।

ਪੀਸ ਮੀਟਿੰਗ ਤੋਂ ਬਾਅਦ ਪੁਲਿਸ ਨੇ ਕੀ ਦੱਸਿਆ

ਆਈਜੀ ਪੁਲਿਸ ਪਟਿਆਲਾ ਮਾਲਵਿੰਦ ਸਿੰਘ ਛੀਨਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਛੇ ਐਫ਼ਆਈਆਰ ਦਰਜ ਕੀਤੀਆਂ ਸਨ।

ਮੁਲਜ਼ਮਾਂ ਵਿੱਚ ਹਰੀਸ਼ ਸਿੰਗਲਾ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 24 ਹੋਰ ਮੁਲਜ਼ਮਾਂ ਨੂੰ ਨਾਮਜਦ ਕੀਤਾ ਜਾ ਚੁੱਕਿਆ ਹੈ।

ਆਈਜੀ ਨੇ ਦੱਸਿਆ ਕਿ ਰਾਜਪੁਰੇ ਨਾਲ ਸੰਬੰਧਿਤ ਬਰਜਿੰਦਰ ਸਿੰਘ ਪਰਵਾਨਾ ਜੋ ਕਿ ਇੱਕ ਮੁਲਜ਼ਮ ਹਨ। ਉਹ ਇਸ ਘਟਨਾ ਦੇ ਮੁੱਖ ਸਾਜਿਸ਼ਕਾਰ ਹਨ, ਜਿਨ੍ਹਾਂ ਨੇ ਸਾਰੀ ਯੋਜਨਾ ਬਣਾਈ।

ਆਈਜੀ ਨੇ ਕਿਹਾ ਕਿ ਪਰਵਾਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਜਿਸ਼ ਦਾ ਜੋ ਵੀ ਐਂਗਲ ਸਾਹਮਣੇ ਆਵੇਗਾ। ਉਸਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਹਰੀਸ਼ ਸਿੰਗਲਾ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਪਰ ਭੇਜਿਆ ਜਾ ਚੁੱਕਿਆ ਹੈ।

ਹਿੰਸਾ ਵਿੱਚ ਜ਼ਖਮੀ ਸ਼ਖਸ ਬਲਵਿੰਦਰ ਸਿੰਘ ਅਜਨਾਲੀ ਬਾਰੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਿਨਹਾ ਨੇ ਦੱਸਿਆ, ''ਗੋਲੀ ਅਜੇ ਕੱਢੀ ਨਹੀਂ ਗਈ ਹੈ। ਡਾਕਟਰਾਂ ਦਾ ਕਹਿਣਆ ਹੈ ਕਿ ਜੇ ਗੋਲੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਜਾਨਲੇਵਾ ਹੋ ਸਕਦੀ ਹੈ। ਗੋਲੀ ਯੂਰਿਨਰੀ ਬਲੈਡਰ ਦੇ ਕੋਲ ਫ਼ਸ ਗਈ ਹੈ ਪਰ ਉਸ ਨੇ ਕਿਸੇ ਅੰਗ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ।''

ਉਨ੍ਹਾਂ ਨੇ ਦੱਸਿਆ ਕਿ ਪੀਜੀਆਈ ਤੋਂ ਡਾਕਰ ਬਲਵਿੰਦਰ ਸਿੰਘ ਅਜਨਾਲੀ ਦੀ ਜਾਂਚ ਕਰਨਗੇ ਉਸ ਤੋਂ ਬਾਅਦ ਹੀ ਅਗਲੇ ਇਲਾਜ ਬਾਰੇ ਫ਼ੈਸਲਾ ਲਿਆ ਜਾਵੇਗਾ।

ਹੁਣ ਤੱਕ ਦੇ ਅਹਿਮ ਘਟਨਾਕ੍ਰਮ ਇਹ ਹਨ:

  • ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਸਥਾ 'ਸਿੱਖ ਫਾਰ ਜਸਟਿਸ' ਵੱਲੋਂ ਕੁਝ ਦਿਨ ਪਹਿਲਾਂ ਡੀਸੀ ਦਫਤਰਾਂ 'ਤੇ ਖਾਲਿਸਤਾਨੀ ਪੱਖੀ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਗਈ ਸੀ।
  • ਪਟਿਆਲਾ ਵਿੱਚ ਸ਼ਿਵ ਸੈਨਾ ਵੱਲੋਂ ਇਸ ਅਪੀਲ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਮਾਰਚ ਦਾ ਸੱਦਾ ਦਿੱਤਾ ਗਿਆ ਸੀ।
  • ਇਸੇ ਮਾਰਚ ਦੇ ਵਿਰੋਧ ਵਿੱਚ ਕਈ ਸਿੱਖ ਸੰਗਠਨ ਵੀ ਵਿਰੋਧ ਪ੍ਰਦਰਸ਼ਨ ਲਈ ਸੜਕਾਂ ਉੱਤੇ ਉਤਰ ਗਏ ਸਨ। ਇਹ ਮਾਰਚ ਪਟਿਆਲਾ ਦੇ ਫੁਹਾਰਾ ਚੌਂਕ ਤੋਂ ਸ਼ੁਰੂ ਹੋਇਆ ਅਤੇ ਕਾਲੀ ਮਾਤਾ ਮੰਦਿਰ ਤੱਕ ਪਹੁੰਚਿਆ ਜਿੱਥੇ ਟਕਰਾਅ ਹੋਇਆ।
  • ਦੋਵਾਂ ਧਿਰਾਂ ਵਿਚਾਲੇ ਕਾਫੀ ਤਣਾਅ ਵਧਿਆ, ਪੱਥਰਬਾਜ਼ੀ ਹੋਈ ਤੇ ਤਲਵਾਰਾਂ ਲਹਿਰਾਈਆਂ ਗਈਆਂ।ਪੁਲਿਸ ਵੱਲੋਂ ਹਾਲਾਤ ਨੂੰ ਕਾਬੂ ਕਰਨ ਲਈ ਕਾਰਵਈ ਕੀਤੀ ਗਈ ਤੇ ਹਵਾਈ ਫਾਇਰਿੰਗ ਵੀ ਕੀਤੀ ਗਈ।
  • ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਧਾਰਾ 144 ਲਗਾਈ ਗਈ ਤੇ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਸਵੇਰ ਤੱਕ ਕਰਫਿਊ ਲਗਾਇਆ ਗਿਆ।
  • ਪਟਿਆਲਾ ਵਿਖੇ ਹੋਈਆਂ ਘਟਨਾਵਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਡੀਜੀਪੀ ਸਮੇਤ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬੈਠਕ ਸੱਦੀ। ਉਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੂੰ ਅਮਨ ਭੰਗ ਨਹੀਂ ਕਰਨ ਦੇਣਗੇ।
  • ਇਨ੍ਹਾਂ ਘਟਨਾਵਾਂ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ ਹੈ। ਪਟਿਆਲਾ ਡਿਪਟੀ ਕਮਿਸ਼ਨਰ ਮੁਤਾਬਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
  • ਪਟਿਆਲਾ ਵਿਖੇ ਹਿੰਸਕ ਟਕਰਾਅ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋਏ ਬਲਵਿੰਦਰ ਸਿੰਘ ਅਜਨਾਲੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਮੁਲਾਕਾਤ ਕੀਤੀ। ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ਦੀ ਗੱਲ ਆਖੀ ਹੈ।
  • ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੂੰ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸ਼ਹਿਰ ਦੀ ਸ਼ਾਂਤੀ ਨੂੰ ਖ਼ਰਾਬ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ।
  • ਸ਼ਨੀਵਾਰ ਨੂੰ ਹਿੰਦੂ ਸੰਗਠਨਾਂ ਵੱਲੋਂ ਪਟਿਆਲਾ ਸ਼ਹਿਰ ਦੇ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)