ਪਟਿਆਲਾ ਹਿੰਸਾ: ਮੁੱਖ ਮੁਲਜ਼ਮ ਦੱਸੇ ਜਾ ਰਹੇ ਸਿੰਗਲਾ, ਪਰਵਾਨਾ ਤੇ ਗੱਗੀ ਪੰਡਿਤ ਕੌਣ ਹਨ

ਪਟਿਆਲਾ ਵਿਖੇ 29 ਅਪ੍ਰੈਲ ਨੂੰ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦੱਸੇ ਜਾ ਰਹੇ ਹਰੀਸ਼ ਸਿੰਗਲਾ ਤੇ ਬਰਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਰਾਜਪੁਰਾ ਨਾਲ ਸਬੰਧਿਤ ਹੈ ਜਦੋਂਕਿ ਹਰੀਸ਼ ਸਿੰਗਲਾ ਦਾ ਸਬੰਧ ਸ਼ਿਵ ਸੈਨਾ ਨਾਲ ਸੀ। ਹਰੀਸ਼ ਸਿੰਗਲਾ ਨੂੰ ਪੰਜਾਬ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ।

ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਮਾਮਲੇ ਵਿੱਚ 6 ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ।

ਉਨ੍ਹਾਂ ਦੱਸਿਆ, "ਪੁਲਿਸ ਨੇ ਹਰੀਸ਼ ਸਿੰਗਲਾ ਦੇ ਸਾਥੀ ਸ਼ੰਕਰ ਭਾਰਦਵਾਜ ਤੇ ਤਿੰਨ ਸਿੱਖ ਜਥੇਬੰਦੀਆਂ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਦੇਣ ਲਈ ਗੱਗੀ ਪੰਡਿਤ ਉਰਫ਼ ਅਸ਼ਵਨੀ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।"

ਕੌਣ ਹੈ ਬਰਜਿੰਦਰ ਪਰਵਾਨਾ

ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬਰਜਿੰਦਰ ਸਿੰਘ ਪਰਵਾਨਾ ਰਾਜਪੁਰਾ ਦੇ ਵਸਨੀਕ ਹਨ।

ਪੰਜਾਬ ਪੁਲਿਸ ਨੇ ਅੱਗੇ ਦੱਸਿਆ ਕਿ 2007-2008 ਦੌਰਾਨ ਉਹ ਸਿੰਗਾਪੁਰ ਗਏ ਸਨ। ਤਕਰੀਬਨ ਡੇਢ ਸਾਲ ਉਥੇ ਰਹਿਣ ਤੋਂ ਬਾਅਦ ਉਹ ਭਾਰਤ ਵਾਪਸ ਆਏ। ਇਸ ਮਗਰੋਂ ਧਾਰਮਿਕ ਦੀਵਾਨ ਲਗਾ ਕੇ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ।

ਇਸੇ ਦੌਰਾਨ ਬਰਜਿੰਦਰ ਸਿੰਘ ਪਰਵਾਨਾ ਨੇ ਦਮਦਮੀ ਟਕਸਾਲ ਰਾਜਪੁਰਾ ਨਾਂ ਦਾ ਜਥਾ ਬਣਾਇਆ ਅਤੇ ਖੁਦ ਹੀ ਇਸ ਦਾ ਮੁਖੀ ਬਣ ਗਿਆ।

ਬਰਜਿੰਦਰ ਸਿੰਘ ਪਰਵਾਨਾ ਦੀ ਉਮਰ ਤਕਰੀਬਨ 37-38 ਸਾਲ ਦੀ ਹੈ ਤੇ ਉਨ੍ਹਾਂ ਨੇ ਬੀਏ ਕੀਤੀ ਹੋਈ ਹੈ। 2017 ਵਿੱਚ ਉਨ੍ਹਾਂ ਨੇ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਚੈਰੀਟੇਬਲ ਸੁਸਾਇਟੀ ਦੀ ਸਥਾਪਨਾ ਵੀ ਕੀਤੀ ਹੈ। ਇਸੇ ਸੰਸਥਾ ਰਾਹੀਂ ਕੁਝ ਸਮਾਜਿਕ ਕੰਮ ਅਤੇ ਸਿੱਖ ਧਰਮ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਕਿਸਾਨ ਅੰਦੋਲਨ ਵਿੱਚ ਵੀ ਬਰਜਿੰਦਰ ਸਿੰਘ ਵੱਲੋਂ ਵੀ ਹਿੱਸਾ ਲਿਆ ਗਿਆ ਸੀ।

ਪੁਲਿਸ ਅਨੁਸਾਰ ਸਤਿਕਾਰ ਕਮੇਟੀਆਂ ਨਾਲ ਮਿਲ ਕੇ ਬਰਜਿੰਦਰ ਸਿੰਘ ਪਰਵਾਨਾ ਗੁਰਦੁਆਰਿਆਂ ਦੇ ਗ੍ਰੰਥੀਆਂ ਨਾਲ ਹੁੰਦੀ ਧੱਕੇਸ਼ਾਹੀ ਖਿਲਾਫ਼ ਵੀ ਅਵਾਜ਼ ਚੁੱਕਦਾ ਰਿਹਾ ਹੈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ ’ਤੇ ਭੜਕਾਊ ਬਿਆਨਾਜ਼ੀ ਕਰਨ ਦਾ ਇਲਜ਼ਾਮ

ਸ਼ਨੀਵਾਰ ਨੂੰ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਸੀ ਕਿ ਬਰਜਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਭੜਕਾਊ ਬਿਆਨਬਾਜ਼ੀ ਕੀਤੀ ਜਾਂਦੀ ਹੈ।

ਬਰਜਿੰਦਰ ਸਿੰਘ ਦੇ ਸੋਸ਼ਲ ਮੀਡੀਆ ਉੱਪਰ ਹਜ਼ਾਰਾਂ ਫਾਲੋਅਰਜ਼ ਹਨ। ਬਰਜਿੰਦਰ ਸਿੰਘ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪ੍ਰੋਫਾਇਲ ਤੋਂ 29 ਅਪ੍ਰੈਲ ਨੂੰ ਸ਼ਿਵ ਸੈਨਾ ਦੇ ਮਾਰਚ ਦੇ ਵਿਰੋਧ ਵਿੱਚ ਵੀ ਕਈ ਵੀਡੀਓ ਪੋਸਟ ਕੀਤੀਆਂ ਗਈਆਂ ਸਨ।

ਇੱਕ ਵੀਡੀਓ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਹੈ ਅਤੇ ਅਜਿਹਾ ਵਿਰੋਧ ਮਾਰਚ ਪੁਲਿਸ ਵੱਲੋਂ ਨਹੀਂ ਕੱਢਣ ਦਿੱਤਾ ਜਾਵੇਗਾ।

ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਪਹਿਲਾਂ ਵੀ ਪਰਵਾਨਾ ਉੱਪਰ ਚਾਰ ਐੱਫਆਈਆਰ ਦਰਜ ਹਨ।

ਇਨ੍ਹਾਂ ਵਿਚੋਂ ਤਿੰਨ ਐੱਫਆਈਆਰ ਪਟਿਆਲਾ ਜ਼ਿਲ੍ਹੇ ਵਿੱਚ ਹਨ ਜਦੋਂਕਿ ਇੱਕ ਮੁਹਾਲੀ ਵਿੱਚ ਹੈ।

ਹਰੀਸ਼ ਸਿੰਗਲਾ ਦਾ ਪਿਛੋਕੜ ਕੀ ਹੈ

29 ਅਪ੍ਰੈਲ ਨੂੰ ਖਾਲਿਸਤਾਨ ਵਿਰੋਧੀ ਮਾਰਚ ਦਾ ਸੱਦਾ ਦੇਣ ਵਾਲੇ ਸ਼ਿਵ ਸੈਨਾ ਦੇ ਹਰੀਸ਼ ਸਿੰਗਲਾ ਨੂੰ ਸ਼ੁੱਕਰਵਾਰ ਨੂੰ ਹੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਕਰੀਬਨ 55 ਸਾਲ ਦੇ ਸਿੰਗਲਾ ਪੇਸ਼ੇ ਵਜੋਂ ਪ੍ਰਾਪਰਟੀ ਡੀਲਰ ਹਨ ਅਤੇ ਸ਼ਹਿਰ ਵਿੱਚ ਕਈ ਵਾਰ ਦੁਸਹਿਰੇ ਮੇਲੇ ਦਾ ਆਯੋਜਨ ਕਰਦੇ ਰਹੇ ਹਨ।

ਪਟਿਆਲਾ ਦੀ ਅਦਾਲਤ ਬਾਜ਼ਾਰ ਵਿਖੇ ਪਹਿਲਾਂ ਉਨ੍ਹਾਂ ਦੀ ਦੁਕਾਨ ਸੀ ਪਰ 90 ਦੇ ਦਹਾਕੇ ਵਿਚ ਉਨ੍ਹਾਂ ਇਸ ਨੂੰ ਨੇ ਬੰਦ ਕਰ ਦਿੱਤਾ। ਇਸ ਤੋਂ ਬਾਅਦ ਹੀ ਉਹ ਪ੍ਰਾਪਰਟੀ ਦੇ ਵਪਾਰ ਵਿੱਚ ਆਏ ਸਨ।

ਸਿੰਗਲਾ ਦੀਆਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਉਹ ਗਊ ਰੱਖਿਆ ਦੇ ਕੰਮਾਂ ਅਤੇ ਸਮਾਗਮ 'ਚ ਹਿੱਸਾ ਲੈਂਦੇ ਵੀ ਨਜ਼ਰ ਆ ਰਹੇ ਹਨ।

ਕਈ ਸੁਰੱਖਿਆ ਕਰਮੀਆਂ ਵਿਚਾਲੇ ਘਿਰੇ ਰਹਿਣ ਵਾਲੇ ਸਿੰਗਲਾ ਖੁਦ ਨੂੰ ਸ਼ਿਵ ਸੈਨਾ (ਬਾਲ ਠਾਕਰੇ ) ਦੇ ਸੂਬਾ ਕਾਰਜਕਾਰੀ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦੱਸਦੇ ਰਹੇ ਹਨ।

ਸ਼ਿਵ ਸੈਨਾ ਬਾਲੇ ਠਾਕਰੇ ਦੇ ਪੰਜਾਬ ਪ੍ਰਧਾਨ ਯੋਗ ਰਾਜ ਸ਼ਰਮਾ ਮੁਤਾਬਕ ਸਿੰਗਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਹਿਲਾਂ ਹੀ ਪਾਰਟੀ ਵਿਚੋਂ ਕੱਢਿਆ ਜਾ ਚੁੱਕਾ ਹੈ।

ਸੁਰੱਖਿਆ ਘੇਰੇ ਵਿਚ ਰਹਿਣ ਵਾਲਾ

ਉਹ ਖਦੁ ਨੂੰ ਖਾਲਿਸਤਾਨੀ ਸੰਗਠਨਾਂ ਤੋਂ ਖਤਰਾ ਦੱਸਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ , ਕਈ ਤਸਵੀਰਾਂ ਤੇ ਵੀਡੀਓ ਵਿੱਚ ਉਨ੍ਹਾਂ ਨਾਲ ਸੁਰੱਖਿਆ ਲਈ ਪੁਲਿਸ ਕਰਮੀ ਦਿਖਾਈ ਦਿੰਦੇ ਹਨ।

ਉਨ੍ਹਾਂ ਦੀਆਂ ਗਰਮ ਸੁਰ ਵਾਲੀ ਬਿਆਨਬਾਜੀ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ।

ਸਿੱਖ ਜਥੇਬੰਦੀਆਂ ਨਾਲ ਟਕਰਾਅ ਵਾਲੇ ਸਿੰਗਲਾ ਦੇ ਬਿਆਨਾਂ ਕਾਰਨ ਉਸ ਖਿਲਾਫ਼ ਪਹਿਲਾਂ ਕਈ ਕੇਸ ਵੀ ਦਰਜ ਹੋਏ ਹਨ।

29 ਅਪ੍ਰੈਲ ਦੀ ਖਾਲਿਸਤਾਨ ਵਿਰੋਧੀ ਰੈਲੀ ਤੋਂ ਪਹਿਲਾਂ ਵੀ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਪੋਸਟ ਹਨ।

ਜਿਸ ਵਿੱਚ ਉਹ ਖਾਲਿਸਤਾਨ ਦੇ ਵਿਰੋਧ ਵਿੱਚ ਆਪਣਾ ਪੱਖ ਰੱਖਦੇ ਨਜ਼ਰ ਆਏ ਹਨ।

2022 ਵਿਧਾਨ ਸਭਾ ਚੋਣਾਂ ਵਿਚ ਉਹ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਏ ਸਨ।

ਅਸ਼ਵਨੀ ਕੁਮਾਰ ਉਰਫ਼ ਗੱਗੀ ਪੰਡਿਤ ਕੌਣ ਹੈ

ਪਟਿਆਲਾ ਵਿਖੇ ਵਾਪਰੀਆਂ ਘਟਨਾਵਾਂ ਵਿੱਚ ਗ੍ਰਿਫ਼ਤਾਰ ਹੋਏ ਗੱਗੀ ਪੰਡਿਤ ਦਾ ਸਬੰਧ ਪੰਜਾਬ ਦੇ ਬਹਾਦੁਰਗੜ੍ਹ ਨਾਲ ਹੈ। ਗੱਗੀ ਪੰਡਿਤ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਪੁਲਿਸ ਵੱਲੋਂ ਐਤਵਾਰ ਨੂੰ ਕੀਤੀ ਗਈ ਹੈ।

ਪੰਜਾਬ ਪੁਲਿਸ ਮੁਤਾਬਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

ਗੱਗੀ ਪੰਡਿਤ ਪਟਿਆਲਾ ਵਿਖੇ ਕਾਲੀ ਮਾਤਾ ਮੰਦਿਰ ਦੀ ਲੰਗਰ ਕਮੇਟੀ ਦੇ ਮੁਖੀ ਸੰਜੀਵ ਭਾਰਦਵਾਜ ਦੇ ਸਾਥੀ ਹਨ।

ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਤਕਰੀਬਨ 38 ਸਾਲ ਦੇ ਗੱਗੀ ਪੰਡਿਤ ਪਹਿਲਾਂ ਬਹਾਦੁਰਗੜ ਦੀ ਫੈਕਟਰੀ ਵਿੱਚ ਨੌਕਰੀ ਕਰਦੇ ਸਨ।

ਗੱਗੀ ਪੰਡਿਤ ਦੇ ਪਿਤਾ ਪੰਡਿਤ ਦਰਸ਼ਨ ਕਾਂਗਰਸ ਦੇ ਸਮਰਥਕ ਰਹੇ ਹਨ ਅਤੇ 2004 ਤੋਂ ਪੰਚਾਇਤ ਦੀਆਂ ਚੋਣਾਂ ਲੜਦੇ ਰਹੇ ਹਨ। ਉਹ ਲਗਾਤਾਰ 15 ਸਾਲ ਸਰਪੰਚ ਵੀ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)