You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦਾ ਟੀਕਾ ਲਗਵਾਉਣ ਤੋਂ ਬਾਅਦ ਕੀ ਤੁਹਾਨੂੰ ਲਾਗ ਦੀ ਚਿੰਤਾ ਕਰਨ ਦੀ ਲੋੜ ਹੈ
- ਲੇਖਕ, ਵੈਸੀਲੀਓਸ ਵੈਸੀਲੀਓ ਸਿਆਰਨ ਗਰੈਫਟਨ ਕਲਾਰਕ
- ਰੋਲ, ਅਤੇ ਰਾਨੂ ਬਾਰਲ
ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਦੇ ਦੋ ਹਫਤਿਆਂ ਬਾਅਦ, ਟੀਕੇ ਦੇ ਸੁਰੱਖਿਆ ਪ੍ਰਭਾਵ ਸਭ ਤੋਂ ਉੱਚੇ ਪੱਧਰ 'ਤੇ ਹੁੰਦੇ ਹਨ।
ਇਹੀ ਸਮਾਂ ਹੈ ਜਦੋਂ ਕੋਈ ਵਿਅਕਤੀ ਕਹਿ ਸਕਦਾ ਹੈ ਕਿ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਟੀਕਾਕਰਨ ਹੋ ਗਿਆ ਹੈ।
ਜੇ ਉਸ ਤੋਂ ਬਾਅਦ ਵੀ ਤੁਸੀਂ ਕੋਵਿਡ-19 ਦੀ ਚਪੇਟ ਵਿੱਚ ਆਉਂਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਕਥਿਤ 'ਲਾਗ' ਜਾਂ ਟੀਕਾਕਰਨ ਵਾਲੇ ਲੋਕਾਂ ਵਿੱਚ ਹੋਣ ਵਾਲੇ ਲਾਗ ਦਾ ਸਾਹਮਣਾ ਕਰਨਾ ਪਿਆ ਹੈ।
ਆਮ ਸ਼ਬਦਾਂ ਵਿੱਚ ਕਹੀਏ, ਤਾਂ ਇਹ ਉਸੇ ਸੰਕਰਮਣ ਵਰਗਾ ਹੈ ਜੋ ਬਿਨਾਂ ਟੀਕਾ ਲਗਵਾਏ ਲੋਕਾਂ ਵਿੱਚ ਹੁੰਦਾ ਹੈ ਪਰ ਇਸ ਵਿੱਚ ਕੁਝ ਅੰਤਰ ਹਨ।
ਇਹ ਵੀ ਪੜ੍ਹੋ-
ਜੇ ਕਿਸੇ ਵਿਅਕਤੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ (ਇੱਕ ਜਾਂ ਦੋ ਖੁਰਾਕਾਂ, ਲਗਵਾਏ ਗਏ ਟੀਕੇ ਦੇ ਫਾਰਮੂਲੇ ਦੇ ਅਧਾਰ 'ਤੇ), ਤਾਂ ਅਜਿਹੇ ਵਿਅਕਤੀ ਨੂੰ ਇਹ ਗੱਲਾਂ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ:
ਵੱਖਰੇ ਲੱਛਣ
ਕੋਵਿਡ-19 ਲੱਛਣਾਂ ਦੇ ਅਧਿਐਨ ਅਨੁਸਾਰ, ਟੀਕੇ ਲਗਾਏ ਗਏ ਲੋਕਾਂ ਵਿੱਚ ਲਾਗ ਲੱਗਣ 'ਤੇ ਪੰਜ ਸਭ ਤੋਂ ਆਮ ਪਰੇਸ਼ਾਨੀਆਂ ਹਨ ਸਿਰ ਦਰਦ, ਨੱਕ ਵਗਣਾ, ਛਿੱਕਾਂ ਆਉਣਾ, ਗਲੇ ਵਿੱਚ ਖਰਾਸ਼ ਅਤੇ ਮਹਿਕ ਨਾ ਆਉਣਾ।
ਇਹਨਾਂ ਵਿੱਚੋਂ ਕੁਝ ਲੱਛਣ ਉਹੀ ਹਨ ਜੋ ਕਿ ਬਿਨਾਂ ਟੀਕਾ ਲਗਵਾਏ ਹੋਏ ਸੰਕਰਮਿਤ ਲੋਕਾਂ ਦੁਆਰਾ ਅਨੁਭਵ ਕੀਤੇ ਜਾਂਦੇ ਹਨ।
ਖਾਸ ਕਰਕੇ ਇਹ ਤਿੰਨ ਲੱਛਣ: ਸਿਰਦਰਦ, ਗਲੇ ਵਿੱਚ ਖਰਾਸ਼ ਅਤੇ ਨੱਕ ਵਗਣਾ।
ਹਾਲਾਂਕਿ, ਬਿਨਾਂ ਟੀਕਾਕਰਨ ਵਾਲੇ ਲੋਕਾਂ ਵਿੱਚ ਦੋ ਹੋਰ ਸਭ ਤੋਂ ਆਮ ਲੱਛਣ ਹਨ, ਬੁਖਾਰ ਅਤੇ ਲਗਾਤਾਰ ਖੰਘ ਆਉਣਾ।
ਇਹ ਦੋ ਲੱਛਣ ਕੋਵਿਡ-19 ਲਈ ''ਆਮ'' ਹਨ, ਪਰ ਇੱਕ ਵਾਰ ਟੀਕਾ ਲੱਗਣ ਤੋਂ ਬਾਅਦ ਇਹ ਬਹੁਤ ਘੱਟ ਹੋ ਜਾਂਦੇ ਹਨ।
ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਟੀਕਾਕਰਨ ਵਾਲੇ ਲੋਕਾਂ ਵਿੱਚ ਸੰਕਰਮਣ ਹੋਣ 'ਤੇ ਬੁਖਾਰ ਹੋਣ ਦੀ ਸੰਭਾਵਨਾ, ਬਿਨਾਂ ਟੀਕਾਕਰਨ ਵਾਲੇ ਲੋਕਾਂ ਦੇ ਮੁਕਾਬਲੇ 58% ਘੱਟ ਹੁੰਦੀ ਹੈ।
ਇਹ ਵੀ ਪੜ੍ਹੋ-
ਬਹੁਤ ਸਾਰੇ ਲੋਕਾਂ ਲਈ, ਟੀਕਾਕਰਨ ਤੋਂ ਬਾਅਦ ਕੋਵਿਡ-19 ਜ਼ੁਕਾਮ ਵਰਗਾ ਮਹਿਸੂਸ ਹੁੰਦਾ ਹੈ।
ਜੇਕਰ ਅਜਿਹੇ ਲੋਕਾਂ ਨੂੰ ਲਾਗ ਹੋ ਵੀ ਜਾਂਦਾ ਹੈ ਤਾਂ ਇਸ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਲੋੜ ਪਵੇ।
ਉਨ੍ਹਾਂ ਵਿੱਚ ਲਾਗ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਘੱਟ ਲੱਛਣ ਦਿਖਾਈ ਦੇਣ ਅਤੇ ਲੰਮੇ ਸਮੇਂ ਲਈ ਬਿਮਾਰੀ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
ਟੀਕੇ ਲਗਾਏ ਗਏ ਲੋਕਾਂ ਵਿੱਚ ਬਿਮਾਰੀ ਦੇ ਹਲਕੇ ਹੋਣ ਦੇ ਕਾਰਨ ਇਹ ਹੋ ਸਕਦੇ ਹਨ ਕਿ ਭਾਵੇਂ ਇਹ ਟੀਕੇ ਲਾਗ ਨੂੰ ਪੂਰੀ ਤਰ੍ਹਾਂ ਨਾ ਰੋਕਦੇ ਹੋਣ, ਪਰ ਇਹ ਸੰਕਰਮਿਤ ਵਿਅਕਤੀ ਦੇ ਸਰੀਰ ਵਿੱਚ ਵਾਇਰਸ ਦੇ ਕਣਾਂ ਨੂੰ ਘੱਟ ਰੱਖਣ ਵਿੱਚ ਸਹਾਇਕ ਹੁੰਦੇ ਹਨ। ਹਾਲਾਂਕਿ, ਇਸ ਬਾਰੇ ਅਜੇ ਪੁਸ਼ਟੀ ਹੋਣੀ ਬਾਕੀ ਹੈ।
ਜੋਖਮ ਕਿਉਂ ਵਧਦਾ ਹੈ?
ਯੂਕੇ ਵਿੱਚ, ਇੱਕ ਅਧਿਐਨ ਨੇ ਨਤੀਜਾ ਦਿੱਤਾ ਹੈ ਕਿ ਆਬਾਦੀ ਦੇ 0.2%, ਜਾਂ 500 ਵਿੱਚੋਂ ਇੱਕ ਵਿਅਕਤੀ ਨੂੰ, ਪੂਰੀ ਤਰ੍ਹਾਂ ਟੀਕਾ ਲੱਗਣ ਤੋਂ ਬਾਅਦ ਇੱਕ ਵਾਰ ਲਾਗ ਹੁੰਦਾ ਹੈ।
ਪਰ ਹਰ ਕੋਈ ਇੱਕੋ ਜਿਹੇ ਜੋਖ਼ਮ 'ਤੇ ਨਹੀਂ ਹੁੰਦਾ।
ਟੀਕਾ ਲਗਵਾਉਣ ਤੋਂ ਬਾਅਦ ਕਿਸੇ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਲਈ ਚਾਰ ਕਾਰਕ ਸਾਹਮਣੇ ਆਉਂਦੇ ਹਨ :
1. ਟੀਕੇ ਦੀ ਕਿਸਮ
ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵਿਅਕਤੀ ਨੇ ਕਿਹੜਾ ਟੀਕਾ ਲਿਆ ਹੈ ਅਤੇ ਉਹ ਟੀਕਾ ਬਿਮਾਰੀ ਦੇ ਜੋਖਮ ਵਿੱਚ ਕਿੰਨੀ ਕਮੀ ਲਿਆਉਂਦਾ ਹੈ।
ਬਿਮਾਰੀ ਦੇ ਜੋਖਮ ਵਿੱਚ ਕਮੀ, ਇਸ ਗੱਲ ਦਾ ਮਾਪ ਹੈ ਕਿ ਟੀਕਾ ਨਾ ਲਗਾਏ ਗਏ ਕਿਸੇ ਵਿਅਕਤੀ ਦੇ ਮੁਕਾਬਲੇ, ਟੀਕਾ ਲਗਾਏ ਗਏ ਕਿਸੇ ਵਿਅਕਤੀ ਵਿੱਚ ਕੋਵਿਡ-19 ਦੇ ਲਾਗ ਦਾ ਜੋਖਮ ਕਿੰਨਾ ਘੱਟ ਜਾਂਦਾ ਹੈ।
ਹੁਣ ਤੱਕ ਕੀਤੇ ਗਏ ਕਲੀਨਿਕਲ ਟ੍ਰਾਇਲਾਂ ਵਿੱਚ ਦੇਖਿਆ ਗਿਆ ਹੈ ਕਿ ਮਾਡਰਨਾ ਟੀਕਾ, ਲੱਛਣਾਂ ਵਾਲੇ ਲਾਗ ਦੇ ਜੋਖਮ ਨੂੰ 94% ਘਟਾਉਂਦਾ ਹੈ, ਜਦਕਿ ਫਾਈਜ਼ਰ ਟੀਕਾ 95% ਘਟਾਉਂਦਾ ਹੈ।
ਜਾਨਸਨ ਐਂਡ ਜਾਨਸਨ ਅਤੇ ਐਸਟਰਾਜ਼ੈਨੇਕਾ ਟੀਕਿਆਂ ਦੀ ਇਹ ਪ੍ਰਤੀਸ਼ਤਤਾ ਘੱਟ ਹੈ, ਜੋ ਕਿ ਇਸ ਜੋਖ਼ਮ ਨੂੰ ਕ੍ਰਮਵਾਰ ਲਗਭਗ 66% ਅਤੇ 70% ਘਟਾਉਂਦੇ ਹਨ, (ਐਸਟਰਾਜ਼ੇਨੇਕਾ ਦੁਆਰਾ ਪੇਸ਼ ਕੀਤੀ ਗਈ ਸੁਰੱਖਿਆ, ਖੁਰਾਕਾਂ ਦੇ ਵਿੱਚ ਲੰਬੇ ਅੰਤਰਾਲ ਨਾਲ ਵੱਧ ਕੇ 81% ਹੋ ਗਈ ਹੈ)।
2. ਟੀਕਾਕਰਨ ਤੋਂ ਬਾਅਦ ਕਿੰਨਾ ਸਮਾਂ ਬੀਤਿਆ
ਬਿਮਾਰੀ ਦੇ ਜੋਖਮ ਦੇ ਅੰਕੜੇ ਹੀ ਸਿਰਫ਼ ਇੱਕ ਕਾਰਕ ਨਹੀਂ ਹਨ।
ਇਹ ਤੇਜ਼ੀ ਨਾਲ ਸਪੱਸ਼ਟ ਹੋ ਰਿਹਾ ਹੈ ਕਿ ਟੀਕਾਕਰਨ ਤੋਂ ਬਾਅਦ ਦਾ ਸਮਾਂ ਵੀ ਮਹੱਤਵਪੂਰਨ ਹੈ ਅਤੇ ਇਹੀ ਕਾਰਨ ਹੈ ਕਿ ਵਿਸ਼ਵ ਭਰ ਵਿੱਚ ਬੂਸਟਰ ਖੁਰਾਕ ਲਗਾਉਣ 'ਤੇ ਵੀ ਬਹਿਸ ਵਧ ਰਹੀ ਹੈ।
ਮੁਢਲੀ ਖੋਜ, ਸੁਝਾਅ ਦਿੰਦੀ ਹੈ ਕਿ ਟੀਕਾਕਰਨ ਦੇ ਛੇ ਮਹੀਨਿਆਂ ਦੌਰਾਨ ਫਾਈਜ਼ਰ ਟੀਕੇ ਦੀ ਸੁਰੱਖਿਆ ਘਟ ਜਾਂਦੀ ਹੈ। ਹਾਲਾਂਕਿ ਇਸ ਖੋਜ ਬਾਰੇ ਅਜੇ ਹੋਰ ਵਿਗਿਆਨੀਆਂ ਦੁਆਰਾ ਮੁੜ-ਸਮੀਖਿਆ ਕੀਤੀ ਜਾਣੀ ਬਾਕੀ ਹੈ।
ਇਹ ਜਾਣਨ ਵਿੱਚ ਹਾਲੇ ਸਮਾਂ ਹੈ ਕਿ ਛੇ ਮਹੀਨਿਆਂ ਤੋਂ ਬਾਅਦ ਟੀਕੇ ਦਾ ਪ੍ਰਭਾਵ ਕੀ ਰਹਿ ਜਾਂਦਾ ਹੈ, ਪਰ ਸੰਭਾਵਨਾ ਹੈ ਕਿ ਇਹ ਘਟ ਜਾਂਦਾ ਹੈ।
3. ਸੰਕਰਮਣ ਦੇ ਰੂਪ
ਇੱਕ ਹੋਰ ਮਹੱਤਵਪੂਰਨ ਤੱਥ, ਵਾਇਰਸ ਦਾ ਉਹ ਰੂਪ ਹੈ ਜਿਸ ਨਾਲ ਤੁਸੀਂ ਸੰਕਰਮਿਤ ਹੁੰਦੇ ਹੋ।
ਸੰਕਰਮਣ ਦਾ ਜੋਖ਼ਮ ਘਟਾਉਣ ਲਈ ਉਪਰੋਕਤ ਦੱਸੇ ਗਏ ਸਾਰੇ ਤੱਥ, ਮੁੱਖ ਰੂਪ ਨਾਲ ਵਾਇਰਸ ਦੇ ਪਹਿਲੇ ਰੂਪ SARS-CoV-2 ਦੇ ਵਿਰੁੱਧ ਟੀਕਿਆਂ ਦੀ ਜਾਂਚ ਦੁਆਰਾ ਪਾਏ ਗਏ ਸਨ।
ਪਰ ਜਦੋਂ ਅਲਫ਼ਾ ਵੇਰੀਐਂਟ ਸਾਹਮਣੇ ਆਇਆ ਤਾਂ ਇੰਗਲੈਂਡ ਦੇ ਇੰਸਟੀਚਿਊਟ ਆਫ ਪਬਲਿਕ ਹੈਲਥ ਦੇ ਅੰਕੜੇ ਸੁਝਾਉਂਦੇ ਹਨ ਕਿ ਫਾਈਜ਼ਰ ਟੀਕੇ ਦੀਆਂ ਦੋ ਖੁਰਾਕਾਂ ਦੀ ਪ੍ਰਭਾਵਸ਼ੀਲਤਾ 93% ਤੱਕ ਰਹਿ ਜਾਂਦੀ ਹੈ ਅਤੇ ਡੈਲਟਾ ਦੇ ਵਿਰੁੱਧ ਇਹ 88% ਪ੍ਰਭਾਵੀ ਰਹਿੰਦੀ ਹੈ। ਐਸਟ੍ਰਾਜ਼ੈਨੇਕਾ ਟੀਕੇ ਦੇ ਵੀ ਅਜਿਹੇ ਹੀ ਪ੍ਰਭਾਵ ਹੁੰਦੇ ਹਨ।
ਕੋਵਿਡ-19 ਲੱਛਣਾਂ ਸੰਬੰਧੀ ਅਧਿਐਨ ਉਪਰੋਕਤ ਸਾਰੇ ਤੱਥਾਂ ਦਾ ਸਮਰਥਨ ਕਰਦਾ ਹੈ।
ਉਨ੍ਹਾਂ ਦੇ ਅੰਕੜੇ ਸੁਝਾਅ ਦਿੰਦੇ ਹਨ ਕਿ ਕਿਸੇ ਦੁਆਰਾ ਫਾਈਜ਼ਰ ਦੀ ਦੂਜੀ ਖੁਰਾਕ ਪ੍ਰਾਪਤ ਕਰਨ ਦੇ ਦੋ ਤੋਂ ਚਾਰ ਹਫਤਿਆਂ ਬਾਅਦ, ਡੈਲਟਾ ਰੂਪ ਦੇ ਸੰਪਰਕ ਵਿੱਚ ਆਉਣ 'ਤੇ ਉਨ੍ਹਾਂ ਵਿੱਚ ਕੋਵਿਡ-19 ਦੇ ਲੱਛਣ ਹੋਣ ਦੀ ਸੰਭਾਵਨਾ ਲਗਭਗ 87% ਘੱਟ ਹੁੰਦੀ ਹੈ।
ਚਾਰ ਤੋਂ ਪੰਜ ਮਹੀਨਿਆਂ ਬਾਅਦ, ਇਹ ਪ੍ਰਤੀਸ਼ਤਤਾ ਘਟ ਕੇ 77% ਹੋ ਜਾਂਦੀ ਹੈ।
4. ਤੁਹਾਡੀ ਪ੍ਰਤੀਰੋਧਕ ਸ਼ਕਤੀ
ਇੱਥੇ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਉਪਰੋਕਤ ਅੰਕੜੇ ਸਾਰੀ ਆਬਾਦੀ ਵਿੱਚ ਲਾਗ ਦੇ ਜੋਖ਼ਮ ਨੂੰ ਘਟਾਉਣ ਦਾ ਔਸਤਨ ਹਵਾਲਾ ਦਿੰਦੇ ਹਨ।
ਕਿਸੇ ਵਿਅਕਤੀ ਦਾ ਵਿਅਕਤੀਗਤ ਜੋਖ਼ਮ ਉਸ ਦੀ ਆਪਣੀ ਪ੍ਰਤੀਰੋਧਕਤਾ ਦੇ ਪੱਧਰਾਂ ਅਤੇ ਹੋਰ ਖਾਸ ਕਾਰਕਾਂ (ਜਿਵੇਂ ਕਿ ਉਹ ਕਿਸ ਹੱਦ ਤੱਕ ਵਾਇਰਸ ਦੇ ਸੰਪਰਕ ਵਿੱਚ ਆਏ, ਜੋ ਕਿ ਉਨ੍ਹਾਂ ਦੇ ਕੰਮ ਕਰਨ ਦੇ ਸਥਾਨ ਆਦਿ ਨਾਲ ਨਿਰਧਾਰਿਤ ਕੀਤਾ ਜਾ ਸਕਦਾ ਹੈ) 'ਤੇ ਨਿਰਭਰ ਕਰਦਾ ਹੈ।
ਆਮ ਤੌਰ 'ਤੇ ਵਧਦੀ ਉਮਰ ਦੇ ਨਾਲ ਚੰਗੀ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ।
ਲੰਮੇ ਸਮੇਂ ਤੋਂ ਕਿਸੇ ਬਿਮਾਰੀ ਜਾਂ ਡਾਕਟਰੀ ਇਲਾਜ ਵਾਲਿਆਂ ਸਥਿਤੀਆਂ ਵੀ ਟੀਕਾਕਰਨ ਪ੍ਰਤੀ ਸਾਡੀ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਇਸ ਲਈ, ਬਜ਼ੁਰਗ ਲੋਕ ਜਾਂ ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀਆਂ ਵਾਲੇ ਲੋਕਾਂ ਵਿੱਚ ਟੀਕੇ ਦੁਆਰਾ ਪੈਦਾ ਹੋਣ ਵਾਲੀ ਸੁਰੱਖਿਆ ਦੇ ਪੱਧਰ ਘੱਟ ਹੋ ਸਕਦੇ ਹਨ, ਜਾਂ ਹੋ ਸਕਦਾ ਹੈ ਕਿ ਉਨ੍ਹਾਂ ਵਿੱਚ ਇਹ ਸੁਰੱਖਿਆ ਪੱਧਰ ਤੇਜ਼ੀ ਨਾਲ ਘੱਟ ਹੋ ਜਾਣ।
ਇਸ ਦੇ ਨਾਲ ਹੀ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਸਿਹਤ ਪੱਖੋਂ ਸਭ ਤੋਂ ਕਮਜ਼ੋਰ ਲੋਕਾਂ ਨੂੰ ਸਭ ਤੋਂ ਪਹਿਲਾਂ ਟੀਕੇ ਲਗਾਏ ਗਏ ਸਨ, ਸੰਭਾਵਿਤ ਤੌਰ 'ਤੇ ਛੇ ਮਹੀਨੇ ਤੋਂ ਵੀ ਪਹਿਲਾਂ।
ਇਸ ਲਈ ਹੋ ਸਕਦਾ ਹੈ ਕਿ ਸਮੇਂ ਦੇ ਨਾਲ ਉਨ੍ਹਾਂ ਵਿੱਚ ਟੀਕੇ ਦੁਆਰਾ ਪੈਦਾ ਹੋਈ ਸੁਰੱਖਿਆ ਘੱਟ ਗਈ ਹੋਵੇ ਅਤੇ ਉਨ੍ਹਾਂ ਨੂੰ ਕੋਵਿਡ ਦਾ ਖਰਤਾ ਵੱਧ ਗਿਆ ਹੋਵੇ।
ਕੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਹੈ?
ਉਪਰੋਕਤ ਤੱਥਾਂ 'ਤੇ ਵਿਚਾਰ ਕਰਦਿਆਂ ਵੀ, ਕੋਵਿਡ-19 ਤੋਂ ਸੁਰੱਖਿਆ ਲਈ ਟੀਕੇ ਸੰਕਰਮਣ ਦੀ ਸੰਭਾਵਨਾ ਨੂੰ ਬਹੁਤ ਘੱਟ ਕਰ ਦਿੰਦੇ ਹਨ।
ਇਹ ਟੀਕੇ, ਸੰਕਰਮਿਤ ਵਿਅਕਤੀ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਮੌਤ ਦੇ ਵਿਰੁੱਧ ਵੀ ਵਧੇਰੇ ਹੱਦ ਤੱਕ ਸੁਰੱਖਿਆ ਪ੍ਰਦਾਨ ਕਰਦੇ ਹਨ।
ਹਾਲਾਂਕਿ, ਟੀਕਾਕਰਨ ਹੋਏ ਲੋਕਾਂ ਵਿੱਚ ਲਾਗ ਵੇਖਣਾ ਚਿੰਤਾਜਨਕ ਹੈ, ਅਤੇ ਹੋਰ ਵੀ ਚਿੰਤਾ ਇਸ ਗੱਲ ਦੀ ਹੈ ਕਿ ਜੇ ਸਮੇਂ ਦੇ ਨਾਲ ਟੀਕਿਆਂ ਦੁਆਰਾ ਪ੍ਰਾਪਤ ਹੋਈ ਸੁਰੱਖਿਆ ਵਿੱਚ ਗਿਰਾਵਟ ਆਉਂਦੀ ਹੈ ਤਾਂ ਅਜਿਹੇ ਮਾਮਲੇ ਹੋਰ ਵੀ ਵੱਧ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸੇ ਲਈ, ਸਰਕਾਰਾਂ ਸਭ ਤੋਂ ਕਮਜ਼ੋਰ ਲੋਕਾਂ ਨੂੰ ਬੂਸਟਰ ਖੁਰਾਕ ਦੇਣ 'ਤੇ ਵਿਚਾਰ ਕਰ ਰਹੀਆਂ ਹਨ ਅਤੇ ਇਹ ਵੀ ਵਿਚਾਰ ਕਰ ਰਹੀਆਂ ਹਨ ਕਿ ਕੀ ਬਾਅਦ ਵਿੱਚ ਬਾਕੀ ਲੋਕਾਂ ਨੂੰ ਵੀ ਇਹ ਬੂਸਟਰ ਖੁਰਾਕਾਂ ਦਿੱਤੀਆਂ ਜਾਣ।
ਫਰਾਂਸ ਅਤੇ ਜਰਮਨੀ ਪਹਿਲਾਂ ਹੀ ਅਜਿਹੇ ਸਮੂਹਾਂ ਨੂੰ ਬੂਸਟਰ ਖੁਰਾਕਾਂ ਦੇਣ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਨੂੰ ਵਧੇਰੇ ਜੋਖਮ ਵਿੱਚ ਮੰਨਿਆ ਜਾਂਦਾ ਹੈ।
ਪਰ ਜੇ ਇਹ ਖੁਰਾਕਾਂ ਨਹੀਂ ਦਿੱਤੀਆਂ ਜਾਂਦੀਆਂ, ਤਾਂ ਇਸ ਨੂੰ ਇਸ ਤਰ੍ਹਾਂ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਟੀਕੇ ਕੰਮ ਨਹੀਂ ਕਰਦੇ।
ਇਸ ਦੌਰਾਨ, ਉਨ੍ਹਾਂ ਸਾਰੇ ਲੋਕਾਂ ਦਾ ਟੀਕਾਕਰਨ ਕਰਨਾ ਵੀ ਜ਼ਰੂਰੀ ਹੈ ਜਿਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦੀ ਖੁਰਾਕ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ: