ਕੈਨੇਡਾ ਚੋਣਾਂ: ਬਹੁਮਤ ਤੋਂ ਖੁੰਝੇ ਟਰੂਡੋ ਇਸ ਵਾਰ ਮੁੜ ਲੈਣਾ ਪਵੇਗਾ ਜਗਮੀਤ ਦੀ ਐੱਨਡੀਪੀ ਦਾ ਸਮਰਥਨ

ਕੈਨੇਡਾ ਵਿੱਚ ਮੱਧਵਰਤੀ ਫੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਪਰ ਉਹ ਬਹੁਮਤ ਤੋਂ ਥੋੜੇ ਜਿਹੇ ਫਰਕ ਨਾਲ ਮੁੜ ਖੁੰਢ ਗਈ।

ਤਾਜ਼ਾ ਜਾਣਕਾਰੀ ਮੁਤਾਬਕ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਐਰਨ ਟੂਲ ਦੀ ਕੰਜ਼ਰਵੇਟਿਵ ਪਾਰਟੀ ਵਿੱਚ ਸਖ਼ਤ ਮੁਕਾਬਲਾ ਸੀ।

ਜਸਟਿਨ ਟਰੂਡੋ ਸੱਤਾ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਦੀ ਪਾਰਟੀ ਬਹੁਮਤ ਤੋਂ ਦੂਰ ਹੈ ਅਤੇ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਪਿਛਲੇ ਕਾਰਜਕਾਲ ਵਾਂਗ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨਡੀਪੀ ਦੇ ਸਮਰਥਨ ਉੱਤੇ ਨਿਰਭਰ ਰਹਿਣਾ ਪਵੇਗਾ।

ਸੰਸਦ ਵਿਚ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਸੀ ਪਰ ਲਿਬਰਲ ਨੂੰ 158 ਸੀਟਾਂ ਮਿਲੀਆਂ । ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਉੱਤੇ ਸਬਰ ਕਰਨਾ ਪਿਆ। ਜਗਮੀਤ ਦੀ ਐੱਨਡੀਪੀ ਹਿੱਸੇ 25 ਅਤੇ ਬਲੋਕ ਕਿਉਬੈਕ ਪਾਰਟੀ ਨੂੰ 34 ਸੀਟਾਂ ਹਾਸਲ ਹੋਈਆਂ।

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਦੀ ਉਮੀਦ ਰੱਖ ਰਹੀ ਹੈ। ਜਸਟਿਨ ਟਰੂਡੋ ਨੇ ਮੱਧ ਅਗਸਤ ਵਿਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ।

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪੈਪੀਨਿਊ ਤੋਂ ਆਪਣੀ ਸੀਟ ਜਿੱਤ ਲਈ ਹੈ। ਟਵੀਟ ਕਰਕੇ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ।

ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਟਵੀਟ ਵਿੱਚ ਲਿਖਿਆ ਹੈ," ਲਿਬਰਲ ਪਾਰਟੀ ਵਿੱਚ ਆਪਣਾ ਭਰੋਸਾ ਜਤਾਉਣ ਲਈ ਧੰਨਵਾਦ। ਅਸੀਂ ਮਿਲ ਕੇ ਕੋਵਿਡ ਦੇ ਖਿਲਾਫ ਲੜਾਈ ਜਿੱਤਾਂਗੇ ਅਤੇ ਕੈਨੇਡਾ ਨੂੰ ਅੱਗੇ ਲੈ ਕੇ ਜਾਵਾਂਗੇ।"

ਇਹ ਵੀ ਪੜ੍ਹੋ:

ਟਰੂਡੋ ਤੀਜੀ ਵਾਰ ਫੈਡਰਲ ਚੋਣਾਂ ਵਿਚ ਜਿੱਤ ਦੇ ਕਰੀਬ ਹਨ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਰੁਝਾਨਾਂ ਮੁਤਾਬਕ ਉਨ੍ਹਾਂ ਦੀ ਪਾਰਟੀ ਇਸ ਵਾਰ ਵੀ ਬਹੁਮਤ ਹਾਸਿਲ ਨਹੀਂ ਕਰ ਸਕੇਗੀ।

ਕੈਨੇਡਾ ਵਿਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਵੀ ਰਹਿੰਦੇ ਹਨ ਜਿਨ੍ਹਾਂ ਵਿੱਚ ਪੰਜਾਬੀ ਵੀ ਸ਼ਾਮਿਲ ਹਨ। ਇਨ੍ਹਾਂ ਚੋਣਾਂ ਵਿਚ 40 ਤੋਂ ਵੱਧ ਉਮੀਦਵਾਰ ਭਾਰਤੀ ਮੂਲ ਦੇ ਹਨ।

ਕੈਨੇਡਾ ਦੀ ਮੌਜੂਦਾ ਸਰਕਾਰ ਵਿੱਚ ਕਈ ਅਜਿਹੇ ਨਾਗਰਿਕ ਜਿਨ੍ਹਾਂ ਵਿੱਚ ਹਰਜੀਤ ਸੱਜਣ, ਬਰਦੀਸ਼ ਚੱਗਰ ਆਦਿ ਕੈਬਿਨੇਟ ਦਾ ਹਿੱਸਾ ਹਨ।

ਨੈਸ਼ਨਲ ਡੈਮੋਕਰੇਟਿਕ ਪਾਰਟੀ ਦੀ ਅਗਵਾਈ ਭਾਰਤੀ ਮੂਲ ਦੇ ਜਗਮੀਤ ਸਿੰਘ ਕਰਦੇ ਹਨ ਅਤੇ ਉਹ ਦੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਸਰਕਾਰ ਬਣਾਉਣ ਲਈ ਇਕ ਅਹਿਮ ਭੂਮਿਕਾ ਵੀ ਨਿਭਾ ਸਕਦੀ ਹੈ।

ਕੰਜ਼ਰਵੇਟਿਵ ਪਾਰਟੀ ਦੇ ਐਰਿਨ ਟੂਲ ਆਪਣੀ ਸੀਟ ਜਿੱਤ ਗਏ ਨੇ ਪਰ ਫਿਲਹਾਲ ਉਨ੍ਹਾਂ ਦੀ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ।

ਕਿਹੜੇ ਪੰਜਾਬੀ ਪਹੁੰਚੇ ਕੈਨੇਡਾ ਦੀ ਸੰਸਦ ਵਿੱਚ

ਸੀਬੀਸੀ ਨਿਊਜ਼ ਮੁਤਾਬਕ ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਜਿੱਤੇ ਹਨ। ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ ਨੇ ਜਿੱਤ ਹਾਸਿਲ ਕੀਤੀ ਹੈ।

ਨੌਰਥ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੀ ਸੋਨੀਆ ਸਿੱਧੂ ਨੇ ਜਿੱਤ ਹਾਸਿਲ ਕੀਤੀ ਹੈ। ਉਹ ਵੀ ਲਿਬਰਲ ਪਾਰਟੀ ਤੋਂ ਹੀ ਹਨ।

ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਨੇ 12000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ।

ਕੰਜ਼ਰਵੇਟਿਵ ਪਾਰਟੀ ਤੋਂ ਜਗਦੀਪ ਸਿੰਘ ਬਰੈਂਪਟਨ ਸੈਂਟਰਲ ਤੋਂ ਹਾਰ ਗਏ ਹਨ।

ਬਰਨਬੀ ਸਾਊਥ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਮੀਤ ਸਿੰਘ ਨੇ ਵੀ 3000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ

ਸਰੀ ਸੈਂਟਰ ਤੋਂ ਲਿਬਰਲ ਪਾਰਟੀ ਦੇ ਰਣਦੀਪ ਸਿੰਘ ਸਰਾਏ ਨੇ ਵੀ ਜਿੱਤ ਹਾਸਿਲ ਕੀਤੀ ਹੈ।

ਓਕਸ ਵਿਲਾ ਤੋਂ ਅਨੀਤਾ ਆਨੰਦ ਨੇ ਲਿਬਰਲ ਪਾਰਟੀ ਲਈ ਸੰਸਦ ਵਿੱਚ ਜਗ੍ਹਾ ਬਣਾਈ ਹੈ।

ਪ੍ਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਪਰਿਵਾਰ ਸਮੇਤ ਮਾਂਟ੍ਰੀਅਲ ਵਿੱਚ ਆਪਣੀ ਵੋਟ ਪਾਈ ਹੈ।

ਜਗਮੀਤ ਸਿੰਘ ਨੇ ਦਿੱਤੀ ਟਰੂਡੋ ਨੂੰ ਵਧਾਈ

ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਉਹ ਵਾਅਦਾ ਕਰਦੇ ਹਨ ਜੋ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ।

ਜਗਮੀਤ ਸਿੰਘ ਨੇ ਸਿਹਤ ਸੇਵਾਵਾਂ ਅਤੇ ਵਾਤਾਵਰਨ ਪਰਿਵਰਤਨ ਦੇ ਮੁੱਦਿਆਂ ਬਾਰੇ ਵੀ ਗੱਲ ਕੀਤੀ। ਜਗਮੀਤ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੰਚ 'ਤੇ ਮੌਜੂਦ ਸੀ।

ਰੁਝਾਨਾਂ ਮੁਤਾਬਕ ਉਨ੍ਹਾਂ ਦੀ ਪਾਰਟੀ 27 ਸੀਟਾਂ ਜਿੱਤ ਸਕਦੀ ਹੈ।2019 ਦੀਆ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੇ 24 ਸੀਟਾਂ ਜਿੱਤੀਆਂ ਸਨ।

2017 ਵਿਚ ਜਗਮੀਤ ਸਿੰਘ ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਅਸ਼ਵੇਤ ਵਿਅਕਤੀ ਸਨ ਜੋ ਪਾਰਟੀ ਦੇ ਨੇਤਾ ਬਣੇ ਸਨ।

2019 ਵਿੱਚ ਜਗਮੀਤ ਸਿੰਘ ਦੀ ਪਾਰਟੀ ਦੀ ਭੂਮਿਕਾ ਰਹੀ ਅਹਿਮ

2019 ਦੀਆਂ ਚੋਣਾਂ ਵਿੱਚ ਕੋਈ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ ਸੀ। ਕੈਨੇਡਾ ਦੀ ਸੰਸਦ ਵਿੱਚ ਕੁੱਲ 338 ਸੀਟਾਂ ਹਨ ਅਤੇ ਬਹੁਮਤ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਪਿਛਲੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ 155 ਸੀਟਾਂ ਜਿੱਤੀਆਂ ਸਨ।

ਕੰਜ਼ਰਵੇਟਿਵ ਪਾਰਟੀ ਨੇ 119 ਸੀਟਾਂ ਤੇ ਜਿੱਤ ਹਾਸਿਲ ਕੀਤੀ ਸੀ।

ਨਿਊ ਡੈਮੋਕ੍ਰੈਟਿਕ ਪਾਰਟੀ ਨੇ ਜਿਸ ਦੇ ਨੇਤਾ ਜਗਮੀਤ ਸਿੰਘ ਹਨ, 24 ਸੀਟਾਂ ਜਿੱਤੀਆਂ ਸਨ ਅਤੇ ਲਿਬਰਲ ਪਾਰਟੀ ਨੂੰ ਸਮਰਥਨ ਦੇ ਕੇ ਸਰਕਾਰ ਬਣਾਉਣ ਵਿੱਚ ਸਹਾਇਤਾ ਕੀਤੀ ਸੀ।

ਬਲਾਕ ਕਿਊਬੈਕੋਇਸ ਨੇ 32 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਸੀ ਜਦੋਂ ਕਿ ਗ੍ਰੀਨ ਪਾਰਟੀ ਕੋਲ ਦੋ ਸਾਂਸਦ ਹਨ। 5 ਆਜ਼ਾਦ ਉਮੀਦਵਾਰਾਂ ਨੇ ਵੀ ਸੰਸਦ ਵਿੱਚ ਆਪਣੀ ਜਗ੍ਹਾ ਬਣਾਈ ਸੀ।

ਕੀ ਹਨ ਮੁੱਖ ਮੁੱਦੇ?

ਕੈਨੇਡਾ ਦੇ ਨਾਗਰਿਕਾਂ ਮੁਤਾਬਕ ਘਰ, ਸਿਹਤ ਸੁਵਿਧਾਵਾਂ, ਵਾਤਾਵਰਣ ਪਰਿਵਰਤਨ, ਟੈਕਸ ਗ਼ਰੀਬੀ ਵਰਗੇ ਮੁੱਦੇ ਮੁੱਖ ਹਨ। ਦੱਸ ਲੱਖ ਤੋਂ ਵੱਧ ਨਾਗਰਿਕਾਂ ਨੇ ਮੇਲ ਰਾਹੀਂ ਵੋਟ ਪਾਈ ਹੈ ਅਤੇ ਇਸ ਦੀ ਗਿਣਤੀ ਲਈ ਸਮਾਂ ਲੱਗ ਸਕਦਾ ਹੈ।

ਕੈਨੇਡਾ ਵਿੱਚ ਭਾਰੀ ਗਰਮੀ ਕਰਕੇ ਲਾਈਟਨ ਸ਼ਹਿਰ ਨੇ ਵਾਤਾਵਰਣ ਪਰਿਵਰਤਨ ਨੂੰ ਕੈਨੇਡਾ ਦੀਆਂ ਚੋਣਾਂ ਦਾ ਇੱਕ ਮੁੱਦਾ ਬਣਾਇਆ ਹੈ।

ਇਸ ਸ਼ਹਿਰ ਦਾ ਤਾਪਮਾਨ 49 ਡਿਗਰੀ ਸੈਲਸੀਅਸ ਤੋਂ ਉੱਪਰ ਟੱਪ ਗਿਆ ਸੀ ਜਿਸ ਕਾਰਨ ਆਸਪਾਸ ਜੰਗਲਾਂ ਵਿਚ ਅੱਗ ਲੱਗ ਗਈ ਸੀ।

ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਚੋਣ ਮੁੱਦਿਆਂ ਉਪਰ ਬਹਿਸ ਦੌਰਾਨ ਆਖਿਆ ਸੀ ਕਿ ਇਕ ਪੂਰਾ ਸ਼ਹਿਰ ਵਾਤਾਵਰਨ ਵਿੱਚ ਬਦਲਾਅ ਕਰ ਕੇ ਨਸ਼ਟ ਹੋ ਗਿਆ ਅਤੇ ਇਸ ਲਈ ਸਮੇਂ ਸਿਰ ਕੰਮ ਨਹੀਂ ਕੀਤਾ ਗਿਆ।

ਮਹਾਂਮਾਰੀ ਵਿੱਚ ਸਰਕਾਰ ਵੱਲੋਂ ਕੀਤੇ ਕੰਮ ਵੀ ਚੋਣਾਂ ਦਾ ਮੁੱਦਾ ਹਨ। ਕੋਰੋਨਾ ਮਹਾਂਮਾਰੀ ਦੌਰਾਨ ਲਗਭਗ ਸਤਾਈ ਹਜ਼ਾਰ ਕੈਨੇਡਿਆਈ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਉਸ ਤੋਂ ਬਾਅਦ ਸਰਕਾਰ ਨੇ ਟੀਕਾਕਰਨ ਤੇ ਜ਼ੋਰ ਦਿੱਤਾ ਹੈ। ਲਗਪਗ 80 ਫ਼ੀਸਦ ਨਾਗਰਿਕ ਘੱਟੋ-ਘੱਟ ਇਕ ਡੋਜ਼ ਲੈ ਚੁੱਕੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)