ਰਾਸ਼ਟਰ ਮੰਡਲ ਖੇਡਾਂ : ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

2022 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੇ ਮੁੜ ਤੋਂ ਕਪਤਾਨ ਚੁਣੇ ਗਏ ਹਨ।

ਇਸ ਐਲਾਨ ਹਾਕੀ ਇੰਡੀਆ ਵੱਲੋਂ ਸੋਮਵਾਰ ਨੂੰ ਕੀਤਾ ਗਿਆ ਹੈ। ਉਹ ਮੁੰਡਿਆਂ ਦੀ 18 ਮੈਂਬਰੀ ਟੀਮ ਦੀ ਅਗਵਾਈ ਕਰਨਗੇ।

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਇੰਗਲੈਂਡ ਕੈਨੇਡਾ,ਵੇਲਜ਼ ਅਤੇ ਘਾਨਾ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। 31 ਜੁਲਾਈ ਨੂੰ ਭਾਰਤ ਆਪਣਾ ਪਹਿਲਾ ਮੈਚ ਖੇਡੇਗਾ।

ਚਾਰ ਦਹਾਕਿਆਂ ਬਾਅਦ ਮਨਪ੍ਰੀਤ ਦੀ ਅਗਵਾਈ ਹੇਠ ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਮੈਡਲ ਜਿੱਤਿਆ ਸੀ ਅਤੇ ਮਨਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ।

ਹਾਕੀ ਵਿੱਚ ਭਾਰਤ ਦਾ ਇਹ ਓਲੰਪਿਕਸ ਦਾ 12ਵਾਂ ਤਮਗਾ ਸੀ।

ਭਾਰਤ ਦੀ ਟੀਮ ਨੂੰ ਇਸ ਤੋਂ ਪਹਿਲਾਂ ਓਲੰਪਿਕਸ ਵਿੱਚ ਤਮਗਾ ਮਾਸਕੋ 1980 ਵਿੱਚ ਮਿਲਿਆ ਸੀ ਅਤੇ ਆਖ਼ਰੀ ਵਾਰ ਭਾਰਤ ਨੇ ਸੈਮੀਫਾਈਨਲ ਮੈਚ ਮਿਊਨਿਖ ਵਿਖੇ 1972 ਵਿੱਚ ਖੇਡਿਆ ਸੀ।

ਪੰਜਾਬ ਦੇ ਮਿੱਠਾਪੁਰ ਤੋਂ ਮਨਪ੍ਰੀਤ ਸਿੰਘ ਬਚਪਨ ਤੋਂ ਹਾਕੀ ਖੇਡ ਰਹੇ ਹਨ ਅਤੇ ਇਸ ਦਾ ਸ਼ੌਕ ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਤੋਂ ਪਿਆ ਜੋ ਆਪ ਜ਼ਿਲ੍ਹਾ ਪੱਧਰ ਦੇ ਖਿਡਾਰੀ ਰਹੇ ਹਨ।

ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਨੂੰ ਮਨਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਬਚਪਨ ਵਿੱਚ ਉਹ ਘਰ ਦੇ ਕੋਲ ਮਿੱਠਾਪੁਰ ਵਿਖੇ ਅਭਿਆਸ ਕਰਿਆ ਕਰਦੇ ਸਨ ਅਤੇ ਬਚਪਨ ਵਿੱਚ ਉਹ ਪਰਗਟ ਸਿੰਘ ਤੋਂ ਕਾਫ਼ੀ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ।

ਇਹ ਵੀ ਪੜ੍ਹੋ-

ਜਦੋਂ ਪਰਗਟ ਸਿੰਘ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ?

ਇੱਕ ਵਾਰ ਬਚਪਨ ਵਿੱਚ ਤਾਂ ਪਰਗਟ ਸਿੰਘ ਉਨ੍ਹਾਂ ਨੂੰ ਮਿਲੇ ਤਾਂ ਮਨਪ੍ਰੀਤ ਨੇ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਜਿਸ ਦੇ ਜਵਾਬ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਉਹ ਹਾਕੀ ਖੇਡਦੇ ਹਨ ਅਤੇ ਪੰਜਾਬ ਪੁਲਿਸ ਵਿੱਚ ਡੀਐੱਸਪੀ ਹਨ।

ਮਨਪ੍ਰੀਤ ਨੇ ਵੀ ਅੱਗੋਂ ਕਿਹਾ ਕਿ ਉਹ ਵੀ ਹਾਕੀ ਖੇਡਣਗੇ ਅਤੇ ਪੰਜਾਬ ਪੁਲਿਸ ਵਿੱਚ ਐਸਪੀ ਬਣਨਗੇ। ਮਨਪ੍ਰੀਤ ਹੁਣ ਹਾਕੀ ਵੀ ਖੇਡਦੇ ਹਨ ਅਤੇ ਪੰਜਾਬ ਪੁਲਿਸ ਵਿੱਚ ਡੀਐਸਪੀ ਹਨ।

ਖੇਡ ਪੱਤਰਕਾਰ ਸੌਰਭ ਦੁੱਗਲ ਨੇ ਦੱਸਿਆ ਕਿ ਪਰਗਟ ਸਿੰਘ ਤੋਂ ਬਾਅਦ ਮਨਪ੍ਰੀਤ ਮਿੱਠਾਪੁਰ ਦੇ ਦੂਸਰੇ ਅਜਿਹੇ ਖਿਡਾਰੀ ਹਨ ਜੋ ਹਾਕੀ ਟੀਮ ਦੇ ਕਪਤਾਨ ਵੀ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਮਿੱਠਾਪੁਰ ਦੁਆਬੇ ਵਿੱਚ ਹਾਕੀ ਲਈ ਕਾਫੀ ਮਸ਼ਹੂਰ ਸੀ ਪਰ ਫਿਰ ਨੌਜਵਾਨਾਂ ਵਿੱਚ ਭਾਰਤ ਤੋਂ ਬਾਹਰ ਜਾਣ ਦਾ ਚਲਨ ਅਤੇ ਨਸ਼ਿਆਂ ਕਰਕੇ ਹਾਕੀ ਦੀ ਲੋਕਪ੍ਰਿਅਤਾ ਘਟ ਗਈ।

ਪਿੰਡ ਵਿੱਚ ਮੁੜ ਹਾਕੀ ਸੁਰਜੀਤ ਹੋਈ ਹੈ ਅਤੇ ਹੁਣ ਵੀ ਨੌਜਵਾਨ ਪਾਸਪੋਰਟ ਬਣਾਉਂਦੇ ਹਨ ਪਰ ਇਸ ਉਮੀਦ ਵਿੱਚ ਕਿ ਭਾਰਤ ਦੀ ਟੀਮ ਲਈ ਉਨ੍ਹਾਂ ਨੂੰ ਸੱਦਾ ਆਵੇਗਾ।

ਜੂਨੀਅਰ ਅਤੇ ਸੀਨੀਅਰ ਟੀਮ ਵਿੱਚ ਸ਼ਾਨਦਾਰ ਪ੍ਰਦਰਸ਼ਨ

2005 ਵਿੱਚ ਪਰਗਟ ਸਿੰਘ ਵੱਲੋਂ ਮਿੱਠਾਪੁਰ ਵਿੱਚ ਸ਼ੁਰੂ ਕੀਤੇ ਗਏ ਯੂਥ ਸਪੋਰਟਸ ਕਲੱਬ ਦੇ ਪਹਿਲੇ ਖਿਡਾਰੀਆਂ ਵਿੱਚੋਂ 29 ਸਾਲਾ ਮਨਪ੍ਰੀਤ ਨੇ ਛੋਟੀ ਉਮਰ ਵਿੱਚ ਕਈ ਵੱਡੇ ਮੁਕਾਮ ਆਪਣੇ ਨਾਮ ਕੀਤੇ ਹਨ।

ਮਨਪ੍ਰੀਤ ਦੇ ਨੈਣ ਨਕਸ਼ ਕਰਕੇ ਕਈ ਵਾਰ ਨਾਲ ਦੇ ਖਿਡਾਰੀ ਇਨ੍ਹਾਂ ਨੂੰ 'ਕੋਰੀਅਨ' ਦੇ ਨਾਮ ਨਾਲ ਬੁਲਾਉਂਦੇ ਸਨ।

ਉਨ੍ਹਾਂ ਦੀ ਪਤਨੀ ਦਾ ਸਬੰਧ ਵੀ ਹਾਕੀ ਨਾਲ ਹੈ ਅਤੇ ਉਹ ਇੰਡੋਨੇਸ਼ੀਆ ਤੋਂ ਹਨ।

2011 ਵਿੱਚ ਮਨਪ੍ਰੀਤ ਭਾਰਤ ਦੀ ਜੂਨੀਅਰ ਹਾਕੀ ਟੀਮ ਦਾ ਹਿੱਸਾ ਬਣੇ ਅਤੇ ਇਸ ਤੋਂ ਦੋ ਸਾਲ ਬਾਅਦ 2013 ਵਿੱਚ ਉਨ੍ਹਾਂ ਨੇ ਇਸ ਟੀਮ ਦੀ ਕਪਤਾਨੀ ਸੰਭਾਲੀ।

ਉਨ੍ਹਾਂ ਦੀ ਅਗਵਾਈ ਵਿੱਚ ਹੀ ਜੂਨੀਅਰ ਹਾਕੀ ਟੀਮ ਨੇ ਪਹਿਲੀ ਵਾਰ ਸੁਲਤਾਨ ਜੌਹੋਰ ਕੱਪ ਵੀ ਜਿੱਤਿਆ।

2014 ਵਿੱਚ ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮਨਪ੍ਰੀਤ ਨੂੰ ਜੂਨੀਅਰ ਪਲੇਅਰ ਆਫ ਦਿ ਈਅਰ ਐਵਾਰਡ ਨਾਲ ਸਨਮਾਨਿਆ ਅਤੇ ਫਿਰ 2016 ਵਿੱਚ ਹੋਈ ਚੈਂਪੀਅਨਜ਼ ਟਰਾਫੀ ਅਤੇ ਕਾਮਨਵੈਲਥ ਖੇਡਾਂ ਵਿੱਚ ਵੀ ਭਾਰਤ ਨੇ ਕਾਂਸੀ ਦੇ ਤਮਗੇ ਜਿੱਤੇ, ਜਿਨ੍ਹਾਂ ਵਿੱਚ ਮਨਪ੍ਰੀਤ ਨੇ ਅਹਿਮ ਭੂਮਿਕਾ ਨਿਭਾਈ ਸੀ।

ਟੋਕੀਓ ਓਲੰਪਿਕਸ ਮਨਪ੍ਰੀਤ ਦਾ ਤੀਜਾ ਓਲੰਪਿਕਸ ਹੈ ਅਤੇ ਉਹ ਭਾਰਤ ਲਈ ਰੀਓ ਅਤੇ ਲੰਡਨ ਓਲੰਪਿਕਸ ਵੀ ਖੇਡ ਚੁੱਕੇ ਹਨ।

2017 ਵਿੱਚ ਸਰਦਾਰਾ ਸਿੰਘ ਤੋਂ ਬਾਅਦ ਉਹ ਭਾਰਤ ਦੀ ਟੀਮ ਦੇ ਕੈਪਟਨ ਬਣੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਏਸ਼ੀਆ ਕੱਪ, ਏਸ਼ੀਅਨ ਚੈਂਪੀਅਨ ਟਰਾਫੀ ਅਤੇ ਏਸ਼ੀਅਨ ਖੇਡਾਂ ਵਿੱਚ ਤਮਗੇ ਹਾਸਿਲ ਕੀਤੇ ਹਨ।

2018 ਦੇ ਵਿਸ਼ਵ ਕੱਪ ਵਿੱਚ ਵੀ ਉਨ੍ਹਾਂ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਆਪਣੇ ਪਰਿਵਾਰ ਵਿੱਚ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਮਨਪ੍ਰੀਤ ਦੇ ਪਿਤਾ ਦੁਬਈ ਰਹਿੰਦੇ ਸਨ ਅਤੇ ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਹਨ।

ਉਨ੍ਹਾਂ ਦੇ ਪਾਲਣ ਪੋਸ਼ਣ ਵਿੱਚ ਉਨ੍ਹਾਂ ਦੀ ਮਾਤਾ ਨੇ ਅਹਿਮ ਭੂਮਿਕਾ ਨਿਭਾਈ ਹੈ।

ਮਨਪ੍ਰੀਤ ਨੇ ਟੋਕੀਓ ਓਲੰਪਿਕਸ ਤਮਗਾ ਕੋਵਿਡ ਯੋਧਿਆਂ ਦੇ ਨਾਮ ਕੀਤਾ ਹੈ ਜੋ ਦਿਨ ਰਾਤ ਅਣਥੱਕ ਮਿਹਨਤ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਟੋਕੀਓ ਓਲੰਪਿਕਸ ਵਿੱਚ ਤਮਗਾ ਹਾਸਿਲ ਕਰਨ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਨਪ੍ਰੀਤ ਨੂੰ ਫੋਨ ਕੀਤਾ ਅਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)