You’re viewing a text-only version of this website that uses less data. View the main version of the website including all images and videos.
ਐੱਮਏ, ਬੀਐੱਡ ਤੇ ਟੈੱਟ ਪਾਸ ਪੰਜਾਬ ਦੀ ਦਲਿਤ ਕੁੜੀ, 'ਕਰਜ਼ਾ ਚੁੱਕ ਕੇ ਪੜ੍ਹਨਾ ਮੇਰੇ ਲਈ 'ਗੁਨਾਹ' ਬਣ ਗਿਆ'
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਮੈ ਜਦੋਂ ਬੀਐੱਡ ਅਤੇ ਅਧਿਆਪਕਾ ਯੋਗਤਾ ਟੈਸਟ (TET) ਪਾਸ ਕੀਤਾ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਮੇਰੇ ਘਰ ਵਿਚ ਖ਼ੁਸ਼ੀ ਦਾ ਮਾਹੌਲ ਸੀ ਕਿ ਹੁਣ ਸਰਕਾਰੀ ਨੌਕਰੀ ਮਿਲ ਜਾਵੇਗੀ, ਪਰ ਅੱਜ ਮੈਨੂੰ ਲੱਗਦਾ ਹੈ ਕਿ ਅਜਿਹਾ ਕਰ ਕੇ ਮੈਂ ਵੱਡਾ ਗੁਨਾਹ ਕੀਤਾ ਹੈ, ਕਿਉਂਕਿ ਕੁਝ ਹੋਇਆ ਹੀ ਨਹੀਂ, ਹੁਣ ਵੀ ਮੈ ਬੇਰੁਜ਼ਗਾਰ ਹਾਂ...''
ਇਹ ਸ਼ਬਦ ਹਨ, ਜ਼ਿਲ੍ਹਾ ਪਟਿਆਲਾ ਦੇ ਕਸਬਾ ਸਮਾਣਾ ਦੇ ਪਿੰਡ ਗਾਜੀਪੁਰ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੇ।
ਗੁਰਪ੍ਰੀਤ ਕੌਰ, ਅਧਿਆਪਨ ਦੀ ਸਿਖਲਾਈ ਪ੍ਰਾਪਤ ਬੇਰੁਜ਼ਗਾਰ ਹਨ ਅਤੇ 2017 ਤੋਂ ਉਹ ਸਰਕਾਰੀ ਨੌਕਰੀ ਲਈ ਆਪਣੇ ਸਾਥੀਆਂ ਨਾਲ ਧਰਨੇ ਪ੍ਰਦਰਸ਼ਨ ਕਰ ਰਹੇ ਹਨ।
ਬੇਰੁਜ਼ਗਾਰ ਬੀਐੱਡ ਅਤੇ ਟੈੱਟ ਪਾਸ ਅਧਿਆਪਕਾਂ ਦਾ ਧਰਨਾ ਸੰਗਰੂਰ ਵਿੱਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਪਿਛਲੇ ਸਾਲ ਦਸੰਬਰ ਮਹੀਨੇ ਤੋਂ ਹੁਣ ਤੱਕ ਲੱਗਾ ਹੋਇਆ ਹੈ।
ਇੱਥੇ ਹੀ ਗੁਰਪ੍ਰੀਤ ਕੌਰ ਵਾਂਗ ਇੱਕ ਹੋਰ ਬੇਰੁਜ਼ਗਾਰ ਪਿਛਲੇ ਕਈ ਦਿਨਾਂ ਤੋਂ ਪਾਣੀ ਵਾਲੀ ਟੈਂਕੀ ਉੱਤੇ ਪੱਕੀ ਨੌਕਰੀ ਦੀ ਮੰਗ ਲਈ ਚੜ੍ਹ ਕੇ ਰੋਸ ਵਜੋਂ ਬੈਠਾ ਹੈ।
ਦਲਿਤ ਪਰਿਵਾਰ ਨਾਲ ਸਬੰਧਿਤ ਗੁਰਪ੍ਰੀਤ ਕੌਰ ਦੇ ਪਿਤਾ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਉਹ ਦੋ ਸਾਲ ਦੇ ਸਨ। ਮਾਤਾ ਨੇ ਭੱਠੇ ਉੱਤੇ ਕੰਮ ਕਰ ਕੇ ਜਾਂ ਫਿਰ ਖੇਤ ਮਜ਼ਦੂਰ ਵਜੋਂ ਕੰਮ ਕਰ ਕੇ ਧੀ ਨੂੰ ਪੜ੍ਹਾਇਆ।
ਇਹ ਵੀ ਪੜ੍ਹੋ:
ਦੋ ਕਮਰਿਆਂ ਦੇ ਘਰ ਵਿੱਚ ਆਪਣੇ ਬੇਰੁਜ਼ਗਾਰ ਭਰਾ ਅਤੇ ਮਾਤਾ ਨਾਲ ਰਹਿ ਰਹੀ ਗੁਰਪ੍ਰੀਤ ਕੌਰ ਦੱਸਦੀ ਹੈ ਕਿ ਉਸ ਦੀ ਮਾਤਾ ਤੜਕੇ ਹੀ ਕੰਮ ਉੱਤੇ ਚਲੀ ਜਾਂਦੀ ਸੀ ਅਤੇ ਉਹ ਵੀ ਸਕੂਲ ਦੀ ਛੁੱਟੀ ਤੋਂ ਬਾਅਦ ਭੱਠੇ ਉੱਤੇ ਜਾ ਕੇ ਮਾਤਾ ਦੀ ਮਦਦ ਕਰਦੀ।
10ਵੀਂ ਪਾਸ ਕਰਨ ਤੋਂ ਬਾਅਦ ਖ਼ੁਦ ਵੀ ਮਜ਼ਦੂਰੀ ਸ਼ੁਰੂ ਕੀਤੀ ਅਤੇ ਨਾਲ ਦੀ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ। 2016 ਵਿਚ ਗੁਰਪ੍ਰੀਤ ਨੇ ਐਮ ਏ ਅਤੇ ਬੀ ਐੱਡ ਦੀ ਡਿਗਰੀ ਹਾਸਲ ਕੀਤੀ ਅਤੇ ਉਸ ਤੋਂ ਬਾਅਦ 2017 ਵਿਚ ਅਧਿਆਪਕ ਯੋਗਤਾ ਟੈਸਟ ਪਾਸ ਕਰ ਲਿਆ।
ਗੁਰਪ੍ਰੀਤ ਦੱਸਦੀ ਹੈ ਕਿ ਉਸ ਸਮੇਂ ਲੱਗਦਾ ਸੀ ਕਿ ਉਹ ਬਹੁਤ ਵੱਡੀ ਉਪਲਬਧੀ ਹੈ ਅਤੇ ਨੌਕਰੀ ਮਿਲਣ ਨਾਲ ਘਰ ਦੀ ਗ਼ਰੀਬੀ ਦੂਰ ਹੋਵੇਗੀ। ਪਰ ਨੌਕਰੀ ਲਈ ਜੋ ਦਿਨ ਉਸ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਦੇਖੇ ਹਨ ਉਸ ਨੇ ਹੁਣ ਉਸ ਦੀ ਸੋਚ ਬਦਲ ਕੇ ਰੱਖ ਦਿੱਤੀ ਹੈ।
ਉਹ ਆਖਦੀ ਹੈ ਕਿ ਬੀ ਐੱਡ ਕਰਨਾ ਉਸ ਦੀ ਜ਼ਿੰਦਗੀ ਦੀ ਵੱਡੀ ਭੁੱਲ ਸੀ, ਜਿਸ ਕਾਰਨ ਉਸ ਨੂੰ ਸੜਕਾਂ ਉੱਤੇ ਧੱਕੇ ਖਾਣੇ ਪੈ ਰਹੇ ਹਨ।
ਗੁਰਪ੍ਰੀਤ ਦੱਸਦੀ ਹੈ ਕਿ ਜਦੋਂ ਉਹ ਨੌਕਰੀ ਲਈ ਧਰਨਾ ਪ੍ਰਦਰਸ਼ਨ ਕਰਨ ਲਈ ਘਰ ਤੋਂ ਨਿਕਲਦੀ ਹੈ ਤਾਂ ਅਕਸਰ ਪਿੰਡ ਦੇ ਲੋਕ ਪੁੱਛਦੇ ਹਨ ਕਿ ਕੁੜੀ ਨੂੰ ਨੌਕਰੀ ਮਿਲ ਗਈ ਤਾਂ ਜਵਾਬ ਨਾਂਹ ਵਿਚ ਦੇਣ ਤੋਂ ਬਾਅਦ ਆਖਦੇ ਹਨ ਕਿ ਪੜ੍ਹਾਈ ਕਰ ਕੇ ਕੀ ਖੱਟਿਆ?
ਨਿੱਜੀ ਸਕੂਲਾਂ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਕੌਰ ਆਖਦੀ ਹੈ ਕਿ ਉਥੇ ਤਨਖ਼ਾਹ 2500 ਤੋਂ 3000 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੰਦੇ ਹਨ, ਜਿਸ ਨਾਲ ਤਾਂ ਸਿਰਫ ਆਉਣ ਜਾਣ ਦਾ ਕਿਰਾਇਆ ਹੀ ਪੂਰਾ ਹੁੰਦਾ ਹੈ, ਇਸ ਕਰ ਕੇ ਨੌਕਰੀ ਪ੍ਰਾਪਤੀ ਲਈ ਉਹ ਸਰਕਾਰ ਦੇ ਖ਼ਿਲਾਫ਼ ਸੜਕਾਂ ਉੱਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ।
ਗੁਰਪ੍ਰੀਤ ਆਖਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਘਰ-ਘਰ ਰੁਜ਼ਗਾਰ ਦਿੱਤਾ ਜਾਵੇਗਾ ਪਰ ਇੱਥੇ ਤਾਂ ਪੜ੍ਹਾਈ ਲਿਖਾਈ ਕਰ ਕੇ ਅਤੇ ਪੂਰੀ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਨਹੀਂ ਮਿਲੀ ਰਹੀ। ਪੰਜਾਬ ਸਰਕਾਰ ਵਾਲੇ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ ਵਿਚ ਨਾ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਹ ਆਖਦੀ ਹੈ ਕਿ ਉਹ ਉੱਥੇ ਗਈ ਸੀ, ਸਾਰੀ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਜਦੋਂ ਗੱਲ ਤਨਖ਼ਾਹ ਦੀ ਆਈ ਤਾਂ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ, ਫਿਰ ਦੱਸੋ ਕਿ ਕਰੀਏ....?
ਗੁਰਪ੍ਰੀਤ ਦਾਅਵੇ ਨਾਲ ਆਖਦੀ ਹੈ ਉਸ ਦੇ ਕਿਸੇ ਵੀ ਰਿਸ਼ਤੇਦਾਰ ਅਤੇ ਪਿੰਡ ਦੇ ਨੌਜਵਾਨ ਨੂੰ ਕਾਂਗਰਸ ਪਾਰਟੀ ਦੇ ਵਾਅਦੇ ਮੁਤਾਬਕ ਨੌਕਰੀ ਨਹੀਂ ਮਿਲੀ। ਗੁਰਪ੍ਰੀਤ ਆਖਦੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਸਰਕਾਰ ਤਰਸ ਦੇ ਆਧਾਰ ਉੱਤੇ ਨੌਕਰੀ ਦੇਵੇ ਸਗੋਂ ਟੈਸਟ ਲਵੇ ਅਤੇ ਯੋਗ ਵਿਅਕਤੀ ਨੂੰ ਨੌਕਰੀ ਦੇਵੇ।
ਗੁਰਪ੍ਰੀਤ ਹੁਣ ਵੀ ਧਰਨੇ ਦੇ ਨਾਲ ਪੜ੍ਹਾਈ ਕਰ ਰਹੀ ਤਾਂ ਜੋ ਨੌਕਰੀ ਲਈ ਸਰਕਾਰ ਟੈਸਟ ਲੈਂਦੀ ਹਾਂ ਤਾਂ ਉਹ ਉਸ ਨੂੰ ਪਾਸ ਕਰ ਸਕੇ। ਘਰ ਦੇ ਖ਼ਰਚੇ ਬਾਰੇ ਬੋਲਦਿਆਂ ਗੁਰਪ੍ਰੀਤ ਨੇ ਦੱਸਿਆ ਕਿ ਉਹ ਝੋਨੇ ਦੇ ਸੀਜ਼ਨ ਵਿਚ ਖੇਤ ਮਜ਼ਦੂਰ ਵਜੋਂ ਕੰਮ ਕਰਦੀ ਹੈ ਅਤੇ ਉਸੇ ਪੈਸੇ ਰਾਹੀਂ ਉਹ ਆਪਣੇ ਆਉਣ ਜਾਣ ਦਾ ਖ਼ਰਚ ਪੂਰਾ ਕਰਦੀ ਹੈ।
ਉਹ ਦੱਸਦੀ ਹੈ, ''ਜਦੋਂ ਮਜ਼ਦੂਰੀ ਕਰ ਰਹੀ ਹੁੰਦੀ ਹਾਂ ਤਾਂ ਲੋਕ ਪੁੱਛਦੇ ਹਨ ਕਿ ਤੂੰ ਇੰਨੀ ਪੜਾਈ ਲਿਖਾਈ ਕਰ ਕੇ ਮਜ਼ਦੂਰੀ ਕਿਉਂ ਕਰ ਰਹੀ ਹੈ?, ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ ਬਸ ਚੁੱਪ ਕਰਕੇ ਕੰਮ ਕਰਦੀ ਜਾਂਦੀ ਹਾਂ।''
ਉਹ ਦੱਸਦੀ ਹੈ ਕਿ ਪਹਿਲਾਂ ਉਸ ਦੇ ਗੁਆਂਢੀ ਉਸ ਦੀ ਪੜ੍ਹਾਈ ਲਿਖਾਈ ਦੀਆਂ ਉਦਾਹਰਨਾਂ ਦੇ ਕੇ ਬੱਚਿਆਂ ਨੂੰ ਸਿੱਖਿਆ ਲਈ ਪ੍ਰੇਰਿਤ ਕਰਦੇ ਸਨ ਪਰ ਹੁਣ ਉਹ ਆਖਦੇ ਹਨ ਕਿ ਨੌਕਰੀ ਤਾਂ ਮਿਲਦੀ ਨਹੀਂ ਫਿਰ ਇੰਨੀ ਪੜ੍ਹਾਈ ਕਿਸ ਕੰਮ ਦੀ।
ਗੁਰਪ੍ਰੀਤ ਆਖਦੀ ਹੈ ਕਿ ਘਰਦਿਆਂ ਨਾਲੋ ਸਮਾਜ ਦੀਆਂ ਗੱਲਾਂ ਉਸ ਨੂੰ ਜ਼ਿਆਦਾ ਸੁਣਨੀਆਂ ਪੈਂਦੀਆਂ ਹਨ।
''ਸਮਾਜ ਆਖਦਾ ਹੈ ਕਿ ਕੁੜੀ ਦੀ ਉਮਰ ਲੰਘੀ ਜਾਂਦੀ ਹੈ ਇਸ ਦਾ ਵਿਆਹ ਕਰ ਦਿਓ, ਤੁਸੀਂ ਆਪ ਅੰਦਾਜ਼ਾ ਲੱਗਾ ਸਕਦੇ ਹੋ ਕਿ ਨੌਕਰੀ ਸਾਡੇ ਲਈ ਕਿੰਨੀ ਜ਼ਰੂਰੀ ਹੈ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਗਗਨਦੀਪ ਦੀ ਕਹਾਣੀ ਵੀ ਸੰਘਰਸ਼ ਭਰੀ
ਕਹਾਣੀ ਭਵਾਨੀਗੜ੍ਹ ਦੀ ਰਹਿਣ ਵਾਲੀ ਗਗਨਦੀਪ ਕੌਰ ਦੀ ਵੀ ਅਜਿਹੀ ਹੀ ਹੈ। ਗਗਨਦੀਪ ਨੌਕਰੀ ਲਈ ਤਾਂ ਸੰਘਰਸ਼ ਕਰ ਰਹੀ ਹੈ ਅਤੇ ਨਾਲ ਦੀ ਨਾਲ ਬੀ ਐੱਡ ਪਾਸ ਕੁੜੀਆਂ ਨੂੰ ਇਕੱਠਾ ਕਰ ਕੇ ਸਰਕਾਰ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਵਿਚ ਵੀ ਭੂਮਿਕਾ ਨਿਭਾਉਂਦੀ ਹੈ।
ਗਗਨਦੀਪ ਕੌਰ ਨੇ ਦੱਸਿਆ ਕਿ ਬੀ ਐੱਡ ਦੀ ਡਿਗਰੀ ਲੈਣ ਤੱਕ ਉਸ ਨੇ ਕਦੇ ਥਾਣਾ ਨਹੀਂ ਸੀ ਦੇਖਿਆ ਪਰ ਨੌਕਰੀ ਲਈ ਕੀਤੇ ਜਾ ਰਹੇ ਸੰਘਰਸ਼ ਨੇ ਉਸ ਨੂੰ ਥਾਣਿਆਂ ਅਤੇ ਪੁਲਿਸ ਦੇ ਵਿਵਹਾਰ ਬਾਰੇ ਚੰਗੀ ਤਰਾਂ ਜਾਣੂ ਕਰਵਾ ਦਿੱਤਾ ਹੈ।
ਗਗਨਦੀਪ ਕੌਰ ਦੱਸਦੀ ਹੈ ਕਿ 2015 ਵਿਚ ਉਸ ਨੇ ਬੀ ਐੱਡ ਦੀ ਡਿਗਰੀ ਲਈ ਸੀ ਤੇ ਉਦੋਂ ਤੋਂ ਉਹ ਨੌਕਰੀ ਲਈ ਸੰਘਰਸ਼ ਕਰ ਰਹੀ ਹੈ।
ਗਗਨਦੀਪ ਕੌਰ ਦੱਸਦੀ ਹੈ ਕਿ ਉਸ ਨੂੰ ਹੁਣ ਪਟਿਆਲਾ, ਭਵਾਨੀਗੁੜ ਅਤੇ ਸੰਗਰੂਰ ਦੇ ਸਾਰੇ ਥਾਣਿਆਂ ਦਾ ਪਤਾ ਹੈ ਕਿਉਂਕਿ ਅਕਸਰ ਉਨ੍ਹਾਂ ਨੂੰ ਧਰਨੇ ਤੋਂ ਬਾਅਦ ਇੱਥੇ ਹੀ ਹਿਰਾਸਤ ਵਿਚ ਰੱਖਿਆ ਜਾਂਦਾ ਹੈ।
ਗਗਨਦੀਪ ਨੇ ਦੱਸਿਆ ਕਿ ਉਸ ਦਾ ਪਤੀ ਹਾਲਾਂਕਿ ਸਰਕਾਰੀ ਨੌਕਰੀ ਕਰਦਾ ਹੈ, ਇਸ ਕਰ ਕੇ ਘਰ ਦੇ ਹਾਲਤ ਥੋੜ੍ਹੇ ਠੀਕ ਹਨ ਪਰ ਫਿਰ ਵੀ ਨੌਕਰੀ ਉਸ ਲਈ ਜ਼ਰੂਰੀ ਹੈ ਕਿਉਂਕਿ ਉਸ ਨੇ ਟੀਚਰ ਲਈ ਸਾਰੀਆਂ ਯੋਗਤਾਵਾਂ ਪੂਰੀਆਂ ਕੀਤੀਆਂ ਹੋਈਆਂ ਹਨ।
ਗਗਨਦੀਪ ਕੌਰ ਦੱਸਦੀ ਹੈ ਕਿ ਉਨ੍ਹਾਂ ਦੀ ਯੂਨੀਅਨ ਵਿੱਚ ਬਹੁਤ ਸਾਰੇ ਮੁੰਡੇ ਕੁੜੀਆਂ ਕੁਆਰੇ ਹਨ, ਉਨ੍ਹਾਂ ਦੀ ਵਿਆਹ ਅਤੇ ਨੌਕਰੀ ਦੀ ਉਮਰ ਲੰਘਦੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਸਰਕਾਰ ਪੋਸਟਾਂ ਹੀ ਨਹੀਂ ਕੱਢ ਰਹੀ।
ਉਸ ਨੇ ਦੱਸਿਆ ਕਿ ਸਰਕਾਰ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੀ ਅਕਸਰ ਮੀਟਿੰਗਾਂ ਹੁੰਦੀਆਂ ਹਨ ਪਰ ਅਸਾਮੀਆਂ ਬਾਰੇ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਹੁੰਗਰਾ ਨਹੀਂ ਭਰਿਆ ਜਾ ਰਿਹਾ। ਗਗਨਦੀਪ ਕੌਰ ਆਖਦੀ ਹੈ ਜੇਕਰ ਕੋਈ ਅਧਿਆਪਕ ਬਣਨ ਬਾਰੇ ਉਸ ਨੂੰ ਪੁੱਛਦਾ ਹੈ ਤਾਂ ਉਹ ਆਖਦੀ ਹੈ ਕਿ ਕੁਝ ਵੀ ਕਰ ਲਓ ਪਰ ਬੀ ਐੱਡ ਨਾ ਕਰੋ ਕਿਉਂਕਿ ਨੌਕਰੀ ਤਾਂ ਮਿਲਣੀ ਨਹੀਂ।
ਉਹ ਆਖਦੀ ਹੈ ਜੇਕਰ 12ਵੀਂ ਤੋਂ ਬਾਅਦ ਆਈਲੈਟਸ ਕੀਤਾ ਹੁੰਦਾ ਤਾਂ ਜ਼ਿੰਦਗੀ ਸ਼ਾਇਦ ਠੀਕ ਹੋਣੀ ਸੀ ਕਿਉਂਕਿ ਉਮਰ ਦੇ ਇਸ ਪੜਾਅ ਵਿਚ ਹੁਣ ਕੁਝ ਹੋਰ ਕਰਨ ਜੋਗੇ ਵੀ ਨਹੀਂ ਰਹੇ।
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਮਾਸਟਰ ਕੇਡਰ ਵਿਚ ਹਿੰਦੀ, ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀਆਂ ਬਹੁਤ ਘੱਟ ਅਸਾਮੀਆਂ ਕੱਢ ਰਹੀ ਹੈ।
ਉਨ੍ਹਾਂ ਦੱਸਿਆ ਕਿ ਮਾਸਟਰ ਕੇਡਰ 3282 ਅਸਾਮੀਆਂ ਵਿਚੋਂ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਜਦੋਂਕਿ ਇੰਨਾਂ ਵਿਸ਼ਿਆਂ ਦੇ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਕਰ ਕੇ ਬੇਰੁਜ਼ਗਾਰ ਘੁੰਮ ਰਹੇ ਹਨ।
ਉਨ੍ਹਾਂ ਆਖਿਆ ਕਿ ਇੰਨਾਂ ਵਿਸ਼ਿਆਂ ਦੀਆਂ ਅਸਾਮੀਆਂ ਵਿੱਚ ਵਾਧਾ ਕਰਨਾ, ਰਹਿੰਦੇ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨਾ ਅਤੇ ਉਮਰ ਦੀ ਹੱਦ 37 ਤੋਂ 42 ਸਾਲ ਕਰਨ ਦੀ ਉਹ ਮੰਗ ਸਰਕਾਰ ਤੋਂ ਕਰ ਰਹੇ ਹਨ।
ਯੂਨੀਅਨ ਦੇ ਆਗੂਆਂ ਮੁਤਾਬਕ ਉਨ੍ਹਾਂ ਨੇ ਸੂਚਨਾ ਦੇ ਅਧਿਕਾਰ ਤਹਿਤ (ਆਰ ਟੀ ਆਈ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ) ਸੂਬੇ ਵਿਚ ਮਾਸਟਰ ਕੇਡਰ ਦੀਆਂ ਖ਼ਾਲ੍ਹੀ ਪਈਆਂ ਅਸਾਮੀਆਂ ਬਾਰੇ 2020 ਜ਼ਿਲ੍ਹੇ ਵਾਰ ਸਿੱਖਿਆ ਅਫਸਰਾਂ ਤੋਂ ਜਾਣਕਾਰੀ ਮੰਗੀ ਸੀ ਜਿਸ ਵਿਚ ਸੂਬੇ ਦੇ ਚਾਰ ਜ਼ਿਲ੍ਹਿਆਂ ਦੀ ਸੂਚਨਾ ਮੁਹੱਈਆ ਕਰਵਾਈ ਗਈ।
ਇਸ ਤਹਿਤ ਗੁਰਦਾਸਪੁਰ 539, ਕਪੂਰਥਲਾ 402, ਅੰਮ੍ਰਿਤਸਰ 419 ਅਤੇ ਫਜ਼ਿਲਕਾ ਵਿਚ 280 ਮਾਸਟਰ ਕੇਡਰ ਦੀਆਂ ਪੋਸਟਾਂ ਖ਼ਾਲੀ ਹਨ। ਬੀ ਐੱਡ ਪਾਸ ਬੇਰੁਜ਼ਗਾਰਾਂ ਬਾਰੇ ਸਰਕਾਰ ਦੇ ਅੰਕੜੇ ਕੁਝ ਹੋਰ ਬੋਲਦੇ ਹਨ। ਪੰਜਾਬ ਦੇ ਡਾਇਰੈਕਟਰ ਰੋਜ਼ਗਾਰ, ਜਨਰੇਸ਼ਨ ਅਤੇ ਟ੍ਰੇਨਿੰਗ ਦੇ 2020 ਅੰਕੜਿਆਂ ਮੁਤਾਬਕ ਬੀ ਐੱਡ ਪਾਸ 525 ਅਤੇ ਐਮ ਐੱਡ ਪਾਸ 896 ਬੇਰੁਜ਼ਗਾਰ ਸੂਬੇ ਵਿਚ ਹਨ।
ਅਧਿਆਪਕਾਂ ਦੀ ਭਰਤੀ ਸਬੰਧੀ ਪੰਜਾਬ ਸਰਕਾਰ ਦੇ ਅੰਕੜੇ
ਪੰਜਾਬ ਸਰਕਾਰ ਦੇ 2021-22 ਦੇ ਬਜਟ ਮੁਤਾਬਕ ਉਸ ਨੇ ਪਿਛਲੇ ਚਾਰ ਸਾਲਾਂ ਵਿੱਚ 22,734 ਸਕੂਲ ਅਧਿਆਪਕਾਂ ਦੀ ਭਰਤੀ ਕੀਤੀ ਹੈ। ਇਸ ਤੋਂ ਇਲਾਵਾ 14,064 ਕੱਚੇ ਅਧਿਆਪਕ ਪੱਕੇ ਕੀਤੇ ਹਨ।
ਪਰ ਜੇ ਗੱਲ ਬੇਰੁਜ਼ਗਾਰੀ ਦੀ ਕੀਤੀ ਜਾਵੇ ਤਾਂ ਸੂਬੇ ਦੇ ਆਰਥਿਕ ਸਰਵੇਖਣ ਵਿਚ ਸਰਕਾਰ ਖ਼ੁਦ ਮੰਨਦੀ ਹੈ ਕਿ ਨੌਜਵਾਨਾਂ ਵਿੱਚ ਬੇਰੁਜ਼ਗਾਰੀ (15 ਤੋਂ 29 ਸਾਲ ਉਮਰ ਵਰਗ) ਦੀ ਦਰ 21 ਫ਼ੀਸਦੀ ਹੈ ਜੋ ਕਿ ਚਿੰਤਾਜਨਕ ਹੈ।
ਸਿਖਿਆ ਵਿਭਾਗ ਦਾ ਪੱਖ
ਬੇਰੁਜ਼ਗਾਰ ਬੀ ਐੱਡ ਅਧਿਆਪਕਾਂ ਦੇ ਮੁੱਦੇ ਉਤੇ ਬੀਬੀਸੀ ਪੰਜਾਬੀ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਫੋਨ ਉਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਦੋਹਾਂ ਪਾਸੇ ਤੋਂ ਫੋਨ ਚੁੱਕਿਆ ਨਹੀਂ ਗਿਆ।
ਪਰ ਇਸ ਦੇ ਨਾਲ ਹੀ 17 ਸਤੰਬਰ ਨੂੰ ਪ੍ਰੈੱਸ ਨੋਟ ਜਾਰੀ ਕਰਕੇ ਸੂਬਾ ਸਰਕਾਰ ਨੇ ਨੇਤਰਹੀਣ ਸ਼੍ਰੇਣੀ ਦੇ ਉਮੀਦਵਾਰਾਂ ਦੀ ਸਹੂਲਤ ਲਈ ਮਾਸਟਰ ਕੇਡਰ ਦੀਆਂ ਖਾਲ੍ਹੀ ਰਹੀਆਂ ਅਸਾਮੀਆਂ ਦੇ ਵਿਸ਼ਿਆਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਨੇਤਰਹੀਣ ਉਮੀਦਵਾਰਾਂ ਦੀ ਸਹੂਲਤ ਲਈ ਸਿੱਖਿਆ ਵਿਭਾਗ ਨੇ ਸਾਇੰਸ ਅਤੇ ਕਾਮਰਸ ਸਟਰੀਮ ਵਿਸ਼ਿਆਂ ਅਤੇ ਸਰੀਰਕ ਸਿੱਖਿਆ ਵਿਸ਼ਿਆਂ ਲਈ ਯੋਗ ਉਮੀਦਵਾਰ ਨਾ ਮਿਲਣ ਕਾਰਨ ਖਾਲ੍ਹੀ ਪਈਆਂ ਅਸਾਮੀਆਂ ਦੇ ਬਦਲੇ ਆਰਟਸ ਸਟਰੀਮ ਦੇ ਵਿਸ਼ਿਆਂ ਦੀਆਂ ਅਸਾਮੀਆਂ ਵਿੱਚ ਉਹੀ ਕੋਟਾ ਦੇਣ ਦਾ ਫੈਸਲਾ ਕੀਤਾ ਹੈ।
ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਕੁਝ ਵਿਸ਼ੇ ਅਜਿਹੇ ਸਨ ਜਿਨ੍ਹਾਂ ਵਿੱਚ ਮਾਸਟਰ ਕੇਡਰ ਦੀਆਂ ਅਸਾਮੀਆਂ ਜ਼ਿਆਦਾਤਰ ਮੌਕੇ ਖਾਲ੍ਹੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ਿਆਂ ਵਿੱਚ ਸਾਇੰਸ, ਗਣਿਤ, ਰਸਾਇਣ ਵਿਗਿਆਨ, ਜੀਵ ਵਿਗਿਆਨ, ਕਾਮਰਸ, ਸਰੀਰਕ ਸਿੱਖਿਆ ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਰਕਾਰ ਵੱਲੋਂ ਇਨ੍ਹਾਂ ਵਿਸ਼ਿਆਂ ਦੀਆਂ ਨੇਤਰਹੀਣ ਸ਼੍ਰੇਣੀਆਂ ਦੀਆਂ ਖਾਲ੍ਹੀ ਅਸਾਮੀਆਂ ਨੂੰ ਪੰਜਾਬੀ, ਹਿੰਦੀ, ਸੰਗੀਤ, ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੇ ਵਿਸ਼ਿਆਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪਰ ਬੇਰੋਜ਼ਗਾਰ ਅਧਿਆਪਕ ਯੂਨੀਅਨ ਦਾ ਕਹਿਣਾ ਹੈ ਕਿ ਇਸ ਸਰਕਾਰ ਦਾ ਸਿਰਫ ਐਲਾਨ ਹੈ ਪੂਰਾ ਕਦੋਂ ਹੋਵੇਗਾ ਇਸ ਬਾਰੇ ਕੋਈ ਵੇਰਵਾ ਨਹੀਂ ਹੈ ਇਸ ਕਰਕੇ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਪੰਜਾਬ ਵਿਚ ਰੁਜ਼ਗਾਰ ਦੀ ਸਥਿਤੀ
2017 ਦੇ ਚੋਣ ਮੈਨੀਫੈਸਟੋ ਵਿਚ ਕਾਂਗਰਸ ਪਾਰਟੀ ਨੇ ਘਰ-ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਸਰਕਾਰ ਹੁਣ ਦਾਅਵਾ ਕਰਦੀ ਹੈ ਕਿ ਵੱਖ-ਵੱਖ ਖੇਤਰਾਂ ਵਿਚ ਕਰੀਬ 17.61 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਾ ਵੀ ਸਰਕਾਰ ਨੇ ਐਲਾਨ ਕੀਤਾ ਹੋਇਆ ਹੈ ਜਿਸ ਤਹਿਤ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ 62,743 ਨੌਕਰੀਆਂ ਦੀ ਵਿਵਸਥਾ ਕੀਤੀ ਗਈ ਹੈ।
ਪਰ ਦੂਜੇ ਪਾਸੇ ਸੂਬੇ ਦੀਆਂ ਵਿਰੋਧੀ ਧਿਰਾਂ ਬੇਰੁਜ਼ਗਾਰੀ ਦੇ ਮੁੱਦੇ ਉੱਤੇ ਕਾਂਗਰਸ ਪਾਰਟੀ ਨੂੰ ਘੇਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸੀਐੱਮਆਈਏ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਸੂਬੇ ਵਿਚ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ।
ਅਕਾਲੀ ਦਲ ਦਾ ਦਾਅਵਾ ਹੈ ਕਿ ਪੰਜਾਬ ਦੇਸ਼ ਦੇ ਉਨ੍ਹਾਂ ਪੰਜ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਬੇਰੁਜ਼ਗਾਰੀ ਦੀ ਦਰ ਜ਼ਿਆਦਾ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦਾ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਖੋਖਲਾ ਹੈ ਕਿਸੇ ਨੂੰ ਵੀ ਕੋਈ ਰੁਜ਼ਗਾਰ ਨਹੀਂ ਹਾਸਲ ਨਹੀਂ ਹੋਇਆ।
ਅਧਿਆਪਨ ਦੀ ਸਿਖਲਾਈ ਪ੍ਰਾਪਤ ਬੇਰੁਜ਼ਗਾਰਾਂ ਦੇ ਪੰਜਾਬ ਵਿੱਚ ਲੱਗੇ ਧਰਨੇ
ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਨਾਲ ਜੁੜੇ ਹਰਦੀਪ ਸਿੰਘ ਟੋਡਰਪੁਰ ਮੁਤਾਬਕ ਇਸ ਸਮੇਂ ਪੰਜਾਬ ਵਿਚ ਅਧਿਆਪਕਾਂ ਦੇ ਕਈ ਧਰਨੇ ਚਲ ਰਹੇ ਹਨ ਜਿਨਾਂ ਦਾ ਵੇਰਵਾ ਇਸ ਤਰਾਂ ਹੈ -
ਲਗਭਗ 15 ਸਾਲ ਦੇ ਸਮੇਂ ਤੋਂ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ ਕੈਟੇਗਰੀਆਂ ਦੇ ਲਗਭਗ 13000 ਅਧਿਆਪਕ 'ਕੱਚੇ ਅਧਿਆਪਕ ਯੂਨੀਅਨ' ਦੇ ਬੈਨਰ ਹੇਠ ਲੰਮੇ ਸਮੇਂ ਤੋਂ ਪੱਕੇ ਹੋਣ ਦੀ ਮੰਗ ਕਰ ਰਹੇ ਹਨ।
ਪਿਛਲੇ ਕੁਝ ਮਹੀਨਿਆਂ ਤੋਂ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਮੋਹਾਲੀ ਵਿੱਚ ਪੱਕਾ ਮੋਰਚਾ ਲਗਾਈ ਬੈਠੇ ਹਨ ਕਿਉਂਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਸੇ ਸਥਾਨ 'ਤੇ ਇੰਨਾਂ ਦੀ ਨੌਕਰੀ ਪੱਕੀ ਕਰਨ ਦਾ ਵਾਅਦਾ ਕਰ ਕੇ ਗਏ ਸੀ।
ਸਰਕਾਰ ਨੇ ਇੰਨ੍ਹਾਂ ਨੂੰ ਸਿੱਧੇ ਪੱਕਾ ਕਰਨ ਦੀ ਬਜਾਏ ਪ੍ਰੀ-ਪ੍ਰਇਮਰੀ ਤਹਿਤ 8393 ਪੋਸਟਾਂ ਕੱਢ ਕੇ ਉਨ੍ਹਾਂ ਪੋਸਟਾਂ ਉੱਤੇ ਟੈਸਟ ਆਧਾਰ ਉੱਤੇ ਰੈਗੂਲਰ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਰਹਿੰਦੇ ਉਮੀਦਵਾਰਾਂ ਲਈ ਹੋਰ ਨਵੀਂ ਭਰਤੀ ਕਰਨ ਅਤੇ ਤਨਖ਼ਾਹ ਵਾਧੇ ਦਾ ਭਰੋਸਾ ਦਿੱਤਾ ਹੈ। ਇਹ ਅਧਿਆਪਕ ਮੌਜੂਦਾ ਸਮੇਂ 3500 ਤੋਂ 11000 ਰੁਪਏ ਤੱਕ ਤਨਖ਼ਾਹ ਲੈ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਲਗਭਗ 6500 ਕੰਪਿਊਟਰ ਅਧਿਆਪਕ ਪਿਕਟਸ ਸੁਸਾਇਟੀ ਅਧੀਨ ਭਰਤੀ ਕੀਤੇ ਗਏ ਸਨ। ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਵੀ ਕਰ ਦਿੱਤਾ ਗਿਆ ਸੀ। ਇਨ੍ਹਾਂ ਦੀ ਸਾਰੀ ਤਨਖ਼ਾਹ ਪੰਜਾਬ ਸਰਕਾਰ ਦੇ ਰਹੀ ਹੈ, ਪਰ ਸੁਸਾਇਟੀ ਅਧੀਨ ਭਰਤੀ ਮੰਨਦੇ ਹੋਏ ਪੰਜਾਬ ਸਰਕਾਰ ਇੰਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਮੁਲਾਜ਼ਮ ਵਾਲਾ ਕੋਈ ਲਾਭ ਨਹੀਂ ਦੇ ਰਹੀ।
ਇਨ੍ਹਾਂ ਅਧਿਆਪਕਾਂ ਵੱਲੋਂ ਸੁਸਾਇਟੀ ਤੋਂ ਸਿੱਖਿਆ ਵਿੱਚ ਸ਼ਿਫ਼ਟ ਹੋਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰਾਂ ਲਈ ਵਿਭਾਗ ਵੱਲੋਂ ਕੱਢੀਆਂ 2364 ਪੋਸਟਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਵਾਉਣ ਅਤੇ 6635 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।
ਬੇਰੁਜ਼ਗਾਰ ਸਾਂਝਾ ਅਧਿਆਪਕ ਮੋਰਚੇ ਵੱਲੋਂ ਨਵੀਂ ਭਰਤੀ ਦੀ ਮੰਗ ਲਈ ਜਿੱਥੇ ਸੰਗਰੂਰ ਵਿਖੇ ਪੱਕਾ ਮੋਰਚਾ ਚਲਾਇਆ ਜਾ ਰਿਹਾ ਹੈ ਉੱਥੇ ਲਗਾਤਾਰ ਸੰਘਰਸ਼ ਦੇ ਵੱਖ ਵੱਖ ਢੰਗ ਅਪਣਾਏ ਜਾ ਰਹੇ ਹਨ।
ਐਨ.ਐਸ.ਕਿਊ.ਐਫ (NSQF ਨੈਸ਼ਨਲ ਸਕਿਲ ਕੁਆਲੀਫੈਕਸ਼ਨ ਫਰੇਮ ਵਰਕ) ਸਕੀਮ ਤਹਿਤ ਕਿੱਤਾਮੁਖੀ ਸਿੱਖਿਆ ਦੇਣ ਲਈ ਸਰਕਾਰੀ ਸਕੂਲਾਂ ਵਿੱਚ ਆਊਟ ਸੋਰਸ ਰਾਹੀਂ ਭਰਤੀ ਕੀਤੇ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਉਣ ਅਤੇ ਆਪਣੀ ਨੌਕਰੀ ਪੱਕੀ ਕਰਵਾਉਣ ਲਈ ਪਟਿਆਲਾ ਵਿਖੇ ਮੋਰਚਾ ਲਗਾਈ ਬੈਠੇ ਹਨ।
ਪੰਜਾਬ ਦੇ ਅਧਿਆਪਕਾਂ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਆਧਾਰਿਤ ਸਾਂਝਾ ਅਧਿਆਪਕ ਮੋਰਚਾ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਵਿਰੋਧ ਵਿੱਚ, ਬਦਲ਼ੀ ਨੀਤੀ ਵਿੱਚ ਸੋਧਾਂ ਕਰਵਾਉਣ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: