ਚਰਨਜੀਤ ਚੰਨੀ ਦੀ ਪਹਿਲੀ ਕੈਬਨਿਟ ਬੈਠਕ 'ਚ ਮੁਫ਼ਤ ਰੇਤ ਦੇਣ ਸਣੇ ਲਏ ਗਏ ਇਹ ਵੱਡੇ ਫੈਸਲੇ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦੋਵੇਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਕਾਰਜਕਾਲ ਦੇ ਪਹਿਲੇ ਦੀ ਦਿਨ ਕਾਫ਼ੀ ਸਰਗਰਮ ਨਜ਼ਰ ਆਏ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਤਿੰਨ ਮੈਂਬਰੀ ਕੈਬਨਿਟ ਨੇ ਬੈਠਕ ਵਿਚ ਕਈ ਅਹਿਮ ਫੈਸਲੇ ਲਏ ਜਿੰਨ੍ਹਾਂ ਨੂੰ ਗਰੀਬਪੱਖੀ ਪਹਿਲਕਦਮੀ ਕਰਾਰ ਦਿੱਤਾ।

ਬੈਠਕ ਤੋਂ ਬਾਅਦ ਜਾਰੀ ਸਰਕਾਰੀ ਬਿਆਨ ਮੁਤਾਬਕ 2 ਅਕਤੂਬਰ 2021 ਤੋਂ ਗਾਂਧੀ ਜਯੰਤੀ ਤੋਂ ਤੈਅ ਸਮੇਂ ਵਿਚ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ।

ਚੰਨੀ ਮੰਤਰੀ ਮੰਡਲ ਦੇ ਫ਼ੈਸਲੇ

  • ਗਰੀਬੀ ਰੇਖਾ ਤੋਂ ਹੇਠਲੇ 32000 ਪਰਿਵਾਰਾਂ ਲਈ ਘਰਾਂ ਦੀ ਉਸਾਰੀ ਤੁਰੰਤ ਸ਼ੁਰੂ ਕਰਵਾਉਣ ਲਈ ਹੁਕਮ ਦਿੱਤੇ ਗਏ। ਇਹ ਮਕਾਨ ਸਸਤੀਆਂ ਦਰਾਂ ’ਤੇ ਅਤੇ ਅਸਾਨ ਕਿਸ਼ਤਾਂ ਉੱਤੇ ਦਿੱਤੇ ਜਾਣਗੇ।
  • ਰੇਤ ਮਾਇਨਿੰਗ ਵਿਚ ਠੇਕਾ ਪ੍ਰਣਾਲੀ ਖਤਮ ਕਰਨ ਜ਼ਮੀਨ ਦੇ ਮਾਲਕਾਂ ਨੂੰ ਮੁਫ਼ਤ ਮਾਇਨਿੰਗ ਕਰਨ ਦੀ ਖੁੱਲ ਹੋਵੇਗੀ, ਕੋਈ ਵੀ ਆਪਣੀ ਜ਼ਮੀਨ ਵਿਚੋਂ ਮਾਇਨਿੰਗ ਕਰ ਸਕਦਾ ਹੈ ਅਤੇ ਸਸਤੀਆਂ ਦਰਾਂ ਉੱਤੇ ਰੇਤ ਵੇਚ ਸਕਦਾ ਹੈ।
  • SC/BC/ BPL ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦੇ ਯੂਨਿਟ 200 ਤੋਂ ਵਧਾ ਕੇ 300 ਯੂਨਿਟ ਕੀਤੇ ਗਏ ਹਨ, ਇਸ ਬਾਬਤ ਬਿਜਲੀ ਮਹਿਕਮੇ ਨੂੰ ਅਗਲੀ ਬੈਠਕ ਵਿਚ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਗਿਆ ਹੈ।
  • ਪਿੰਡਾਂ ਦੀ ਵਾਟਰ ਸਪਲਾਈ ਲਈ ਲੱਗੇ ਸਾਂਝੇ ਟਿਊਬਵੈੱਲਾਂ ਦੇ ਪੈਡਿੰਗ ਬਿਜਲੀ ਦੇ ਬਿੱਲ ਮਾਫ਼ ਕਰਨ ਤੇ ਪਿੰਡਾਂ ਵਿਚ ਮੁਫ਼ਤ ਵਾਟਰ ਸਪਲਾਈ ਦੇਣ ਉੱਤੇ ਚਰਚਾ ਕੀਤੀ ਗਈ।
  • ਪੇਂਡੂ ਤੇ ਸ਼ਹਿਰੀ ਪਾਣੀ ਸਪਲਾਈ ਤੇ ਸੀਵਰੇਜ ਦੇ ਕਿਰਾਇਆਂ ਦੇ ਮੁਲਾਂਕਣ ਲਈ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਕਿਹਾ ਗਿਆ ਹੈ।
  • ਗਰੀਬਾਂ ਤੇ ਦਲਿਤਾਂ ਨੂੰ 5 ਮਰਲੇ ਪਲਾਟ ਦੇਣ ਦੀ ਪ੍ਰਕਿਰਿਆ ਸੁਖਾਲੀ ਕਰਨ ਅਤੇ ਇਸ ਦੇ ਫੈਸਲੇ ਦੇ ਅਧਿਕਾਰ ਪੰਚਾਇਤ ਸੰਮਤੀ ਪੱਧਰ ਉੱਤੇ ਕਰਨ ਦਾ ਫੈਸਲਾ ਲਿਆ ਗਿਆ।
  • ਵਿਭਾਗ ਨੂੰ ਛੱਪੜਾਂ, ਸ਼ਮਸ਼ਾਨਘਾਟ ਅਤੇ ਕਬਰਿਸਤਾਨਾਂ ਲਈ ਜ਼ਮੀਨਾਂ ਦੇ ਰੇਟ ਤੈਅ ਕਰਨ ਲਈ ਨੀਤੀ ਬਣਾਉਣ ਲਈ ਕਿਹਾ ਗਿਆ ਹੈ।
  • ਬੈਠਕ ਵਿਚ ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਨ ਅਤੇ ਚੰਗੀਆਂ ਸਿਹਤ ਸਹੂਲਤਾਂ ਲਈ ਪੈਸਾ ਮੁਹੱਈਆ ਕਰਵਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।

ਮੁਲਾਜ਼ਮਾਂ ਲ਼ਈ ਐਲਾਨ

ਮੁੱਖ ਮੰਤਰੀ ਚੰਨੀ ਨੇ ਪਹਿਲੇ ਹੀ ਦਿਨ ਪੰਜਾਬ ਦੇ ਵਿੱਤ ਵਿਭਾਗ ਤੋਂ ਨੋਟੀਫਿਰੇਕਸ਼ਨ ਜਾਰੀ ਕਰਵਾ ਕੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 15% ਵਾਧੇ ਨੂੰ ਲਾਗੂ ਕਰ ਦਿੱਤਾ। ਇਸ ਦਾ ਫੈਸਲਾ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਹੋਇਆ ਸੀ।

ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ 31 ਦਸੰਬਰ 2015 ਤੋਂ ਬੇਸਿਕ ਪੇ + 113% ਡੀ.ਏ. ਉੱਤੇ ਹੋਵੇਗਾ।

ਇਹ ਗੱਲ ਵੱਖਰੀ ਹੈ ਕਿ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੇ ਇਤਰਾਜ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਤਜਵੀਜ਼ ਨੂੰ ਸਾਂਝੇ ਫਰੰਟ ਵੱਲੋਂ 11 ਸਤੰਬਰ ਦੀ ਚੰਡੀਗੜ੍ਹ ਰੈਲੀ ਦੇ ਇਕੱਠ ਨੇ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਸੀ।

ਇਸੇ ਦੌਰਾਨ ਇੱਕ ਸਰਕਾਰੀ ਹੁਕਮ ਵਿਚ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰਾਂ ਵਿਚ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਹਾਜ਼ਰੀ ਯਕੀਨੀ ਬਣਾਉਣ ਅਤੇ ਪਾਰਦਰਸ਼ਤਾ ਲਈ ਲਗਾਤਾਰ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।

ਇੱਕ ਵਿਅੰਗਆਤਮਕ ਤਰੀਕੇ ਨਾਲ ਨਵੇਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕੀਤਾ, ਹੁਣ ਘਰੋਂ ਨਹੀਂ ਦਫ਼ਤਰਾਂ ਤੋਂ ਹੋਣਗੇ ਸਾਰੇ ਕੰਮ।

ਮੁਲਾਜ਼ਮਾਂ ਨੇ ਕੀਤਾ ਇਤਰਾਜ਼

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਜਾਰੀ ਬਿਆਨ ਵਿਚ ਕਿਹਾ ਕਿ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ 01-01-16 ਤੋਂ 125% ਡੀ.ਏ. 'ਤੇ ਘੱਟੋ ਘੱਟ 20% ਵਾਧਾ ਮਿਲਣਾ ਚਾਹੀਦਾ ਹੈ।

ਜਦ ਕਿ ਇਸ ਨੋਟੀਫਿਕੇਸ਼ਨ ਅਨੁਸਾਰ 31-12-15 ਨੂੰ 113% ਡੀ.ਏ. ਉੱਪਰ 15% ਵਾਧਾ ਦਿੱਤਾ ਜਾਵੇਗਾ। 01-01-16 ਤੋਂ ਬਾਅਦ ਭਰਤੀ ਹੋਏ ਨਵੇਂ ਮੁਲਾਜ਼ਮਾਂ ਨੂੰ ਇਸ ਨੋਟੀਫਿਕੇਸ਼ਨ ਰਾਹੀਂ ਬਾਕੀ ਮੁਲਾਜ਼ਮਾਂ ਤੋਂ ਨਿਖੇੜ ਦਿੱਤਾ ਗਿਆ ਹੈ।

ਜਦ ਕਿ ਇਹਨਾਂ ਮੁਲਾਜ਼ਮਾਂ ਦੇ 01-12-11 ਵਾਲੇ ਪੇ ਸਕੇਲਾਂ ਨੂੰ ਬਰਕਰਾਰ ਰੱਖਦੇ ਹੋਏ ਨਵੇਂ ਸਕੇਲ ਫਿੱਟ ਕਰਨੇ ਚਾਹੀਦੇ ਹਨ।ਅਨਰੀਵਾਈਜ਼ਡ ਅਤੇ ਅਧੂਰੀਆਂ ਰੀਵਾਈਜ਼ਡ ਕੈਟਾਗਿਰੀਆਂ ਦੇ ਮੁਲਾਜ਼ਮਾਂ ਬਾਰੇ ਇਸ ਨੋਟੀਫਿਕੇਸ਼ਨ ਵਿੱਚ ਕੋਈ ਜ਼ਿਕਰ ਨਹੀਂ ਹੈ, ਜਦਕਿ ਇਹਨਾ ਵਰਗਾਂ ਦੀ ਤਨਖਾਹ 01-01-16 ਤੋਂ ਉੱਚਤਮ ਗੁਣਾਂਕ ਦੇ ਕੇ ਨੋਸ਼ਨਲ ਅਧਾਰ 'ਤੇ ਫਿਕਸ ਕਰਨੀ ਬਣਦੀ ਹੈ।

ਇਸ ਨੋਟੀਫਿਕੇਸ਼ਨ ਅਨੁਸਾਰ 15% ਵਾਧਾ ਲੈਣ ਵਾਲੇ ਸਮੁੱਚੇ ਮੁਲਾਜ਼ਮਾਂ ਨੂੰ 01-01-16 ਤੋਂ 30-06-21 ਤੱਕ ਦਾ 66 ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ ਜਾਵੇਗਾ ਜੋ ਕਿ ਕਿਸੇ ਕੋਨੇ ਤੋਂ ਵੀ ਤਰਕਸੰਗਤ ਨਹੀਂ ਹੈ।

ਇਹ ਵੀ ਪੜ੍ਹੋ:

ਗੁਰੂ ਦੀ ਬੇਅਦਬੀ ਦੇ ਇਨਸਾਫ਼ ਦਾ ਸਮਾਂ ਆ ਗਿਆ -ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਗੁਰੂ ਦੀ ਬੇਅਦਬੀ ਮਾਮਲੇ ਵਿਚ ਇਨਸਾਫ਼ ਮਿਲਣ ਦਾ ਸਮਾਂ ਆ ਗਿਆ ਹੈ। ਚੰਨੀ ਚੰਡੀਗੜ੍ਹ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਹਲਕੇ ਚਮਕੌਰ ਸਾਹਿਬ ਵਿਚ ਪਹਿਲੇ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

2015 ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀੱਆਂ ਘਟਨਾਵਾਂ ਦਾ ਵਿਰੋਧ ਕਰਨ ਰਹੇ ਲੋਕਾਂ ਉੱਤੇ ਪੁਲਿਸ ਨੇ ਕੋਟਕਪਰਾ ਤੇ ਬਹਿਬਲ ਕਲਾਂ ਵਿਚ ਗੋਲ਼ੀ ਚਲਾਈ ਸੀ, ਜਿਸ ਦੌਰਾਨ 2 ਮੌਤਾਂ ਅਤੇ ਕਈ ਲੋਕ ਜਖ਼ਮੀ ਹੋਏ ਸਨ।

ਚੰਨੀ ਨੇ ਕਿਹਾ ਕਿ ਉਹ ਛੇਤੀ ਹੀ ਬਿਜਲੀ, ਪਾਣੀ ਅਤੇ ਹੋਰ ਅਹਿਮ ਮਸਲਿਆਂ ਉੱਤੇ ਫ਼ੈਸਲੇ ਕਰਨ ਜਾ ਰਹੇ ਹਨ

ਕਿਸਾਨਾਂ ਬਾਰੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਹ ਹੁਣ ਤੀਰਥ ਸਥਾਨ ਬਣ ਗਿਆ ਹੈ ਅਤੇ ਮੈਂ ਉੱਥੇ ਮੱਥਾ ਟੇਕਣ ਜਾਵਾਂਗਾ।

ਚੰਨੀ ਨੇ ਇਲਜ਼ਾਮ ਲਾਇਆ ਕਿ ਭਾਜਪਾ ਨੇ ਬਾਦਲਾਂ ਨਾਲ ਮਿਲਕੇ ਹੀ ਖੇਤੀ ਕਾਨੂੰਨ ਬਣਾਏ ਹਨ, ਭਾਵੇਂ ਹੁਣ ਅਕਾਲੀ ਦਲ ਜਿੰਨਾ ਮਰਜੀ ਪੱਲਾ ਝਾੜਦਾ ਰਹੇ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਪਹੁੰਚੇ, ਜਿੱਥੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।

ਚੰਨੀ ਨੇ ਪਹਿਲੇ ਹੀ ਦੌਰੇ ਦੌਰਾਨ 3 ਕਰੋੜ ਥੀਮ ਪਾਰਕ ਲਈ ਅਤੇ 10 ਲੱਖ ਇਲਾਕੇ ਦੇ ਪਿੰਡਾਂ ਦੀ ਸਫ਼ਾਈ ਲਈ ਜਾਰੀ ਕਰਨ ਦਾ ਐਲਾਨ ਕੀਤਾ।

ਆਮ ਲੋਕਾਂ ਦਾ ਨੁੰਮਾਇਦਾ

ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਉਹ ਇੱਕ ਆਮ ਆਦਮੀ ਹਨ ਤੇ ਗਰੀਬਾਂ ਦੇ ਨੁਮਾਇੰਦੇ ਹਨ।

ਉਨ੍ਹਾਂ ਕਿਹਾ ਸੀ, “ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾਂ ਹਾਂ ਕਿ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲੈਣ। ਅਸੀਂ ਕਿਸਾਨਾਂ ਦੇ ਨਾਲ ਹਾਂ।”

ਪੰਜਾਬ ਦੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਪੰਜਾਬ ਕਾਂਗਰਸ ਦੇ ਵਿਧਾਇਕਾਂ ਵੱਲੋਂ ਹਾਈਕਮਾਨ ਨੂੰ ਚਿੱਠੀ ਲਿਖੇ ਜਾਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਬੈਠਕ ਸੱਦੀ ਗਈ ਸੀ।

ਸ਼ਨੀਵਾਰ ਸ਼ਾਮ ਨੂੰ ਇਸ ਬੈਠਕ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ।

ਇਹ ਵੀ ਪੜ੍ਹੋ:

ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਦਲਿਤ ਆਗੂ ਸੂਬੇ ਦਾ ਮੁੱਖ ਮੰਤਰੀ ਬਣਿਆ ਹੈ। ਚੰਨੀ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਵਿੱਚ ਵੀ ਮੰਤਰੀ ਰਹੇ ਹਨ।

ਚਰਨਜੀਤ ਸਿੰਘ ਚੰਨੀ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਵੀ ਸਹੁੰ ਚੁੱਕੀ ਹੈ।ਪੰਜਾਬ ਦੇ ਇਹ ਦੋਵੇਂ ਮੰਤਰੀ ਮਾਝੇ ਤੋਂ ਆਉਂਦੇ ਹਨ।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਨ੍ਹਾਂ ਤਿੰਨਾਂ ਮੰਤਰੀਆਂ ਨੂੰ ਸਹੁੰ ਚੁਕਾਈ।

ਚਰਨਜੀਤ ਚੰਨੀ ਦੀਆਂ ਮੁੱਖ ਗੱਲਾਂ:

  • ਮੈਂ ਤੇ ਮੇਰੀ ਕੈਬਨਿਟ ਅਸੀਂ ਇਹ ਨਹੀਂ ਸੁਣਨਾ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਰੇਤ ਮਾਫੀਆ ਹੈ।
  • ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨੂੰ 'ਪਾਣੀ ਦੇ ਰਾਖੇ' ਵੀ ਕਿਹਾ ਗਿਆ ਹੈ। ਜੋ ਕੰਮ ਅਧੂਰੇ ਰਹਿ ਗਏ ਅਸੀਂ ਪੂਰੇ ਕਰਾਂਗੇ।
  • ਮੈਨੂੰ ਉਹੀ ਬੰਦੇ ਮਿਲਣ ਜੋ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ। ਮੈਂ ਗ਼ਰੀਬ ਦਾ ਨੁਮਾਇੰਦਾ ਹਾਂ। ਮੈਂ ਆਪਣੇ ਪੰਜਾਬ ਦੇ ਹਰ ਆਮ ਇਨਸਾਨ ਦਾ ਨੁਮਾਇੰਦਾ ਹਾਂ।
  • ਕਿਸੇ ਵਿਅਕਤੀ ਦਾ ਇਸ ਲਈ ਪਾਣੀ ਦਾ ਕਨੈਕਸ਼ਨ ਨਹੀਂ ਬੰਦ ਕੀਤਾ ਜਾਵੇਗਾ ਕਿ ਉਸ ਨੇ ਬਿਲ ਅਦਾ ਨਹੀਂ ਕੀਤਾ।
  • ਹਾਈਕਮਾਨ ਵੱਲੋਂ ਦਿੱਤੇ ਗਏ 18 ਮੁੱਦਿਆਂ ਨੂੰ ਹੁਣੇ ਹੱਲ ਕੀਤਾ ਜਾਵੇਗਾ। ਕੋਈ ਵੀ ਮੁੱਦਾ ਅੱਗੇ ਲਈ ਨਹੀਂ ਪਾਇਆ ਜਾਵੇਗਾ।
  • ਕਿਸੇ ਨਾਲ ਹੋਈ ਬਦਲਾਕੁਨ ਕਾਰਵਾਈ ਨਹੀਂ ਕੀਤੀ ਜਾਵੇਗੀ। ਇੱਕ ਵੀ ਬੰਦਾ ਨਜ਼ਾਇਜ਼ ਥਾਣੇ ਵਿੱਚ ਨਹੀਂ ਜਾਵੇਗਾ ਤੇ ਪਾਰਦਰਸ਼ੀ ਸਰਕਾਰ ਦਿੱਤੀ ਜਾਵੇਗੀ ਤੇ ਸਾਰਿਆਂ ਨੂੰ ਇਨਸਾਫ਼ ਮਿਲੇਗਾ।
  • ਇੱਕ ਮੇਰੀ ਅਪੀਲ ਉੱਤੇ ਸਾਰੇ ਹੜਤਾਲਾਂ ਬੰਦ ਕਰਕੇ ਕੰਮ ਉੱਤੇ ਆ ਜਾਓ, ਮੈਨੂੰ ਥੋੜ੍ਹਾ ਵਕਤ ਦਿਓ, ਮੈਂ ਸਾਰੇ ਮਸਲੇ ਹੱਲ ਕਰਾਂਗੇ।
  • ਮੈਂ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰ ਤੋਂ ਹਾਂ। ਬਿਜਲੀ ਦਾ ਬਿੱਲ ਮੇਰੇ ਘਰ ਆਉਂਦਾ ਹੈ ਤਾਂ ਉਸ ਨੂੰ ਵੇਖ ਕੇ ਮੇਰੀ ਪਤਨੀ ਕਹਿੰਦੀ ਹੈ, ‘ਮੇਰੇ ਖਾਤੇ ਵਿੱਚੋਂ ਜਾਣੇ ਹਨ’।
  • ਮੈਂ ਆਮ ਆਦਮੀ ਦੀ ਅਵਾਜ਼ ਬਣਾਂਗਾ ਤੇ ਕਿਸਾਨੀ ਸੰਘਰਸ਼ ਦੇ ਨਾਲ ਖੜਾਂਗਾ।
  • ਪਾਰਟੀ ਸੁਪਰੀਮ ਹੈ, ਪਾਰਟੀ ਫੈਸਲੇ ਕਰੇਗੀ, ਸਰਕਾਰ ਲਾਗੂ ਕਰੇਗੀ।

ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ,ਹਰੀਸ਼ ਰਾਵਤ ਅਤੇ ਬਾਅਦ ਵਿੱਚ ਰਾਹੁਲ ਗਾਂਧੀ ਵੀ ਪਹੁੰਚੇ।

ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲਿਆ ਅਤੇ ਇਸ ਦੌਰਾਨ ਕਾਂਗਰਸ ਦੇ ਆਗੂ ਮੌਜੂਦ ਰਹੇ।

ਚਰਨਜੀਤ ਚੰਨੀ ਨੇ ਸੰਭਾਲਿਆ ਮੁੱਖ ਮੰਤਰੀ ਦਾ ਅਹੁਦਾ

ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲਿਆ ਅਤੇ ਇਸ ਦੌਰਾਨ ਕਾਂਗਰਸ ਦੇ ਆਗੂ ਮੌਜੂਦ ਰਹੇ।

ਇਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ, ਹਰੀਸ਼ ਰਾਵਤ, ਗੁਰਜੀਤ ਸਿੰਘ ਔਜਲਾ,ਸੁਖਜਿੰਦਰ ਰੰਧਾਵਾ,ਓ ਪੀ ਸੋਨੀ ਸ਼ਾਮਿਲ ਸਨ।ਅਹੁਦਾ ਸੰਭਾਲਣ ਤੋਂ ਬਾਅਦ ਅਤੇ ਮੀਡੀਆ ਨੂੰ ਸੰਬੋਧਨ ਕਰਨ ਤੋਂ ਬਾਅਦ ਚੰਨੀ ਪੰਜਾਬ ਕਾਂਗਰਸ ਦੇ ਦਫ਼ਤਰ ਗਏ।

ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਵਧਾਈ ਦਿੱਤੀ ਹੈ।

ਨਰਿੰਦਰ ਮੋਦੀ ਨੇ ਲਿਖਿਆ ਹੈ ਕਿ ਉਹ ਭਾਰਤ ਸਰਕਾਰ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੀ ਰਹੇਗੀ।

ਆਮ ਆਦਮੀ ਪਾਰਟੀ ਸਾਂਸਦ ਭਗਵੰਤ ਮਾਨ ਨੇ ਵੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ:

ਮਾਇਆਵਤੀ ਦੀ ਚੰਨੀ ਨੂੰ ਵਧਾਈ,ਕਾਂਗਰਸ 'ਤੇ ਹਮਲਾ

ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਵੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਮਾਇਆਵਤੀ ਨੇ ਕਿਹਾ ਕਿ ਚੰਨੀ ਨੂੰ ਪੰਜਾਬ ਦੀਆਂ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਮੁੱਖ ਮੰਤਰੀ ਬਣਾਇਆ ਗਿਆ ਹੈ।

ਉਨ੍ਹਾਂ ਨੇ ਕਾਂਗਰਸ 'ਤੇ ਹਮਲਾ ਬੋਲਦਿਆਂ ਆਖਿਆ ਕਿ ਮੀਡੀਆ ਰਾਹੀਂ ਪਤਾ ਲੱਗਿਆ ਹੈ ਕਿ ਅਗਲੀਆਂ ਚੋਣਾਂ ਇੱਕ ਦਲਿਤ ਦੇ ਅਗਵਾਈ ਹੇਠ ਨਹੀਂ ਲੜੀਆਂ ਜਾਣਗੀਆਂ। ਇਸ ਦਾ ਮਤਲਬ ਹੈ ਕਿ ਕਾਂਗਰਸ ਨੂੰ ਦਲਿਤਾਂ ਉੱਪਰ ਭਰੋਸਾ ਨਹੀਂ ਹੈ। ਮਾਇਆਵਤੀ ਨੇ ਇਹ ਵੀ ਆਖਿਆ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਤੋਂ ਕਾਂਗਰਸ ਡਰ ਗਈ ਹੈ।

ਜਾਖੜ ਦੇ ਤਿੱਖੇ ਸੁਰ

ਸੁਨੀਲ ਜਾਖੜ ਨੇ ਕਿਹਾ, "ਚਰਨਜੀਤ ਚੰਨੀ ਨੇ ਜਿਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਹੈ ਉਸ ਦਿਨ ਹਰੀਸ਼ ਰਾਵਤ ਦਾ ਇਹ ਬਿਆਨ ਉਲਝਾ ਦੇਣ ਵਾਲਾ ਹੈ ਕਿ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ।

"ਇਹ ਮੁੱਖ ਮੰਤਰੀ ਦੀ ਪ੍ਰਭਾਵ ਨੂੰ ਘੱਟ ਕਰਨਾ ਹੈ ਅਤੇ ਉਸ ਖ਼ਾਸ ਮੰਤਵ ਦੀ ਅਹਿਮੀਅਤ ਨੂੰ ਘੱਟ ਕਰਨਾ ਹੈ ਜਿਸ ਲਈ ਉਨ੍ਹਾਂ ਦੀ ਨਿਯੁਕਤੀ ਹੋਈ ਹੈ।"

ਪਰਿਵਾਰ ਸਮੇਤ ਪੁੱਜੇ ਗੁਰੂਘਰ

ਚਰਨਜੀਤ ਸਿੰਘ ਚੰਨੀ ਨੇ ਸਵੇਰੇ ਖਰੜ ਵਿਖੇ ਆਪਣੇ ਘਰ ਤੋਂ ਨਿਕਲ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ। ਐਤਵਾਰ ਨੂੰ ਉਨ੍ਹਾਂ ਦੇ ਨਾਮ ਤੇ ਮੋਹਰ ਲੱਗਣ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਮਿਲਣ ਆ ਰਹੇ ਹਨ।

ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ,ਹਰੀਸ਼ ਰਾਵਤ ਸਮੇਤ ਕਾਂਗਰਸ ਦੇ ਵਿਧਾਇਕ, ਸਾਂਸਦ ਪਹੁੰਚੇ।

ਸਹੁੰ ਚੁੱਕਣ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਚੀਫ ਸੈਕਰੇਟਰੀ ਵਿਨੀ ਮਹਾਜਨ ਨੇ ਵੀ ਚਰਨਜੀਤ ਚੰਨੀ ਨਾਲ ਮੁਲਾਕਾਤ ਕੀਤੀ।

ਰਾਹੁਲ ਅਤੇ ਕੈਪਟਨ ਨੇ ਦਿੱਤੀ ਵਧਾਈ

ਚੰਨੀ ਦੇ ਨਾਮ ਦੀ ਪੁਸ਼ਟੀ ਹੋਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਮੁੱਖ ਮੰਤਰੀ ਵੱਲੋਂ ਨਾਮਜ਼ਦ ਚੰਨੀ ਨੂੰ ਨਵੀਂ ਭੂਮਿਕਾ ਲਈ ਵਧਾਈ ਦਿੱਤੀ।

ਇਸੇ ਨਾਲ ਰਾਹੁਲ ਨੇ ਆਖਿਆ ਕਿ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਮੰਤਰੀ ਰਹੇ ਚੰਨੀ ਨੂੰ ਕੈਪਟਨ ਨੇ ਵੀ ਵਧਾਈ ਦਿੱਤੀ। ਨਵਜੋਤ ਸਿੰਘ ਸਿੱਧੂ, ਸੁਖਬੀਰ ਬਾਦਲ ਸਮੇਤ ਕਈ ਨੇਤਾਵਾਂ ਨੇ ਚੰਨੀ ਨੂੰ ਵਧਾਈਆਂ ਦਿੱਤੀਆਂ।

ਕੁਝ ਹੀ ਮਹੀਨਿਆਂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਚਰਨਜੀਤ ਚੰਨੀ ਦੇ ਨਾਮ ਦਾ ਐਲਾਨ ਸੂਬੇ ਵਿੱਚ ਦਲਿਤ ਪੱਤਾ ਖੇਡਣ ਵੱਲ ਇਸ਼ਾਰਾ ਵੀ ਕਰਦਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ ਹੈ ਅਤੇ ਭਾਜਪਾ ਨੇ ਵੀ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)