ਕੋਰੋਨਾ ਵੈਕਸੀਨ ਦੇ ਕੀ ਸਾਈਡ ਅਫੈਕਟਸ ਹੋ ਸਕਦੇ ਹਨ, ਤੁਹਾਡੇ ਖਦਸ਼ਿਆਂ ਦਾ ਹੱਲ - 5 ਅਹਿਮ ਖ਼ਬਰਾਂ

ਜੇਕਰ ਤੁਸੀਂ ਵੀ ਕੋਵਿਡ-19 ਵੈਕਸੀਨ ਲਗਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਮਨ 'ਚ ਵੀ ਕਈ ਸਵਾਲ ਆ ਰਹੇ ਹੋਣਗੇ। ਇੱਕ ਸਵਾਲ ਜੋ ਕਿ ਵਧੇਰੇਤਰ ਲੋਕਾਂ ਦੇ ਮਨਾਂ 'ਚ ਹੈ ਕਿ ਕੀ ਵੈਕਸੀਨ ਲਗਵਾਉਣ ਤੋਂ ਬਾਅਦ ਉਸ ਦਾ ਕੋਈ ਮਾੜਾ ਪ੍ਰਭਾਵ ਵੀ ਹੈ? ਜ਼ਾਹਰ ਹੈ ਕਿ ਤੁਸੀਂ ਵੀ ਇਸ ਬਾਰੇ ਸੋਚ ਰਹੇ ਹੋਵੋਗੇ।

ਟੀਕਾਕਰਨ ਦੇ ਪਹਿਲੇ ਪੜਾਅ 'ਚ ਕਈ ਲੋਕਾਂ ਨੇ ਵੈਕਸੀਨ ਲਗਵਾਉਣ ਤੋਂ ਬਾਅਦ 'ਐਡਵਰਸ ਇਫੈਕਟ' (ਵਿਰੋਧੀ ਪ੍ਰਭਾਵ) ਦੀ ਸ਼ਿਕਾਇਤ ਕੀਤੀ ਸੀ। ਹਾਲਾਂਕਿ ਅਜਿਹੇ ਵਿਰੋਧੀ ਪ੍ਰਭਾਵ ਬਹੁਤ ਹੀ ਘੱਟ ਲੋਕਾਂ 'ਚ ਵੇਖਣ ਨੂੰ ਮਿਲੇ ਹਨ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, "ਟੀਕਾ ਲੱਗਣ ਤੋਂ ਬਾਅਦ ਉਸ ਵਿਅਕਤੀ 'ਚ ਕਿਸੇ ਵੀ ਤਰ੍ਹਾਂ ਦੀ ਉਮੀਦ ਤੋਂ ਪਰਾਂ ਆਈ ਮੈਡੀਕਲ ਦਿੱਕਤ ਨੂੰ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜੇਸ਼ਨ ਕਿਹਾ ਜਾਂਦਾ ਹੈ।"

"ਇਹ ਦਿੱਕਤ ਟੀਕੇ ਕਰਕੇ ਜਾਂ ਫਿਰ ਵੈਕਸੀਨ ਪ੍ਰਕਿਰਿਆ ਕਰਕੇ ਵੀ ਪੈਦਾ ਹੋ ਸਕਦੀ ਹੈ। ਇਸ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਇਹ ਆਮ ਤੌਰ 'ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ- ਮਾਮੂਲੀ, ਗੰਭੀਰ ਅਤੇ ਬਹੁਤ ਗੰਭੀਰ।"ਇਸ ਸਬੰਧੀ ਵਿਸਥਾਰ 'ਚ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਸੰਕਟ: ਭਾਰਤ ਵਿਚ ਕਿੰਨੀ ਤੇਜ਼ੀ ਨਾਲ ਟੀਕੇ ਬਣ ਰਹੇ ਤੇ ਕਿੰਨੀ ਤੇਜ਼ੀ ਨਾਲ ਲੱਗ ਰਹੇ

ਭਾਰਤ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਘਰੇਲੂ ਮੰਗ ਨੂੰ ਸਮੇਂ ਸਿਰ ਪੂਰਾ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਉਹ ਖੁਰਾਕਾਂ ਦਾ ਨਿਰਯਾਤ ਨਹੀਂ ਕਰੇਗਾ।

ਭਾਰਤ ਸਰਕਾਰ ਦਾ ਮਕਸਦ ਇਸ ਮਹਾਮਾਰੀ ਨਾਲ ਨਿਜੱਠਣ ਲਈ ਵੈਕਸੀਨ ਦੇ ਉਤਪਾਦਨ ਨੂੰ ਹੋਰ ਤੇਜ਼ ਕਰਨਾ ਹੈ।ਜਿਸ ਦੇ ਲਈ ਅਗਸਤ ਤੋਂ ਦਸੰਬਰ ਮਹੀਨੇ ਦੌਰਾਨ ਘੱਟ ਤੋਂ ਘੱਟ 2 ਬਿਲੀਅਨ ਖੁਰਾਕਾਂ ਦੇ ਨਿਰਮਾਣ ਦਾ ਵਾਅਦਾ ਕੀਤਾ ਗਿਆ ਹੈ।

ਮੌਜੂਦਾ ਸਮੇਂ ਤਿੰਨ ਵੈਕਸੀਨ ਵਰਤੋਂ ਲਈ ਮਨਜ਼ੂਰ ਹੋ ਚੁੱਕੇ ਹਨ। ਜਿੰਨ੍ਹਾਂ 'ਚੋਂ ਕੋਵੀਸ਼ੀਲਡ ਅਤੇ ਕੋਵੈਕਸੀਨ ਭਾਰਤ 'ਚ ਬਣਾਏ ਜਾ ਰਹੇ ਹਨ ਅਤੇ ਤੀਜਾ ਟੀਕਾ ਸੁਪਤਨਿਕ ਵੀ ਹੈ, ਜਿਸ ਦਾ ਨਿਰਮਾਣ ਰੂਸ ਵੱਲੋਂ ਕੀਤਾ ਗਿਆ ਹੈ। ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਾਲੀ ਫੰਗਸ: ਭਾਰਤ 'ਚ ਹਜ਼ਾਰਾਂ ਕੇਸ, ਜਾਣੋ ਬਿਮਾਰੀ ਦੇ ਲੱਛਣ ਤੇ ਇਲਾਜ ਬਾਰੇ

ਭਾਰਤ ਵਿੱਚ 'ਕਾਲੀ ਫੰਗਸ' ਨਾਲ ਜੁੜੇ 8800 ਤੋਂ ਵੀ ਵੱਧ ਕੇਸ ਦਰਜ ਹੋਏ ਹਨ। ਇਹ ਕੇਸ ਕੋਰੋਨਾ ਤੋਂ ਠੀਕ ਹੋ ਚੁੱਕੇ ਜਾਂ ਠੀਕ ਹੋ ਰਹੇ ਮਰੀਜ਼ਾਂ ਵਿੱਚ ਦੇਖੇ ਗਏ ਹਨ।

ਆਮ ਤੌਰ 'ਤੇ ਇਸ ਲਾਗ ਨੂੰ ਮਿਊਕੋਰਮਾਇਕੋਸਿਸ ਕਿਹਾ ਜਾਂਦਾ ਹੈ। ਇਸ ਲਾਗ ਦੀ ਮੌਤ ਦਰ 50 ਫੀਸਦੀ ਹੈ। ਇਸ ਵਿੱਚ ਕੁਝ ਜਾਨਾਂ ਸਿਰਫ਼ ਅੱਖ ਨੂੰ ਹਟਾ ਕੇ ਬਚਾਈਆਂ ਜਾਂਦੀਆਂ ਹਨ।

ਹਾਲ ਦੇ ਕੁਝ ਹੀ ਮਹੀਨਿਆਂ ਵਿੱਚ ਭਾਰਤ 'ਚ ਇਸ ਲਾਗ ਨਾਲ ਪ੍ਰਭਾਵਿਤ ਹੋਏ ਹਜ਼ਾਰਾਂ ਮਰੀਜ਼ ਸਾਹਮਣੇ ਆਏ ਹਨ।

ਡਾਕਟਰ ਕਹਿੰਦੇ ਹਨ ਕੋਵਿਡ ਦੇ ਇਲਾਜ ਲਈ ਸਟੀਰੌਇਡ ਦਾ ਇਸਤੇਮਾਲ ਇਸ ਨਾਲ ਜੁੜਿਆ ਹੋਇਆ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਖ਼ਤਰਾ ਹੈ। ਅਜਿਹੇ 'ਚ ਇੱਥੇ ਕਲਿੱਕ ਕਰਕੇ ਜਾਣੋ ਕੀ ਹੈ ਕਾਲੀ ਫੰਗਸ ਭਾਵ ਮਿਊਕੋਰਮਾਇਕੋਸਿਸ?

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਭਾਰਤ 'ਚ ਰੂਸ ਦੀ ਵੈਕਸੀਨ 'ਸਪੁਤਨਿਕ V' ਦਾ ਉਤਪਾਦਨ ਸ਼ੁਰੂ

ਆਰਡੀਆਈਐਫ਼ ਅਤੇ ਪੈਨੇਸੀਯਾ ਬਾਇਓਟੈਕ ਨੇ ਸੁਪਤਨਿਕ-ਵੀ ਕੋਰੋਨਾ ਵੈਕਸੀਨ ਦਾ ਭਾਰਤ ਵਿੱਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਅਤੇ ਭਾਰਤ ਦੀ ਫਾਰਮਾ ਕੰਪਨੀ ਪੈਨੇਸੀਯਾ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਖ਼ਿਲਾਫ਼ ਰੂਸ ਦੀ ਸੁਪਤਨਿਕ V ਦੇ ਉਤਪਾਦਨ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ।

ਹਿਮਾਚਲ ਪ੍ਰਦੇਸ਼ ਦੇ ਬੱਦੀ ਸ਼ਹਿਰ ਵਿੱਚ ਪੈਨੇਸੀਯਾ ਬਾਇਓਟੈਕ 'ਚ ਇਸ ਦੇ ਪਹਿਲੇ ਬੈਚ ਦਾ ਉਤਪਾਦਨ ਕੀਤਾ ਗਿਆ। ਇਸ ਤੋਂ ਪਹਿਲਾਂ ਗੁਣਵੱਤਾ ਨਿਯੰਤਰਣ ਲਈ ਗਮਲੇਯਾ ਕੇਂਦਰ ਭੇਜ ਦਿੱਤਾ ਜਾਵੇਗਾ।

ਇਸ ਵਾਰ ਦੀਆਂ ਗਰਮੀਆਂ ਵਿੱਚ ਵੈਕਸੀਨ ਦਾ ਪੂਰਾ ਉਤਪਾਦਨ ਸ਼ੁਰੂ ਹੋਣ ਵਾਲਾ ਹੈ।

ਸਪੁਤਨਿਕ ਵੀ ਨੂੰ 12 ਅਪ੍ਰੈਲ ਨੂੰ ਭਾਰਤ ਵਿੱਚ ਰਜਿਸਟਰ ਕੀਤਾ ਗਿਆ ਸੀ ਅਤੇ ਰੂਸ ਦੀ ਇਸ ਵੈਕਸੀਨ ਦੇ ਨਾਲ ਭਾਰਤ ਵਿੱਚ 14 ਮਈ ਤੋਂ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਬੀਤੇ ਦਿਨ ਦੀਆਂ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਜ਼ਰਾਈਲ-ਗਾਜ਼ਾ ਵਿਵਾਦ ਸੁਲਝਾਉਣ ਲਈ ਕੀ ਹੈ ਦੋ ਰਾਸ਼ਟਰ ਫਾਰਮੂਲਾ

ਭਾਰਤ ਵਿੱਚ ਫਲਸਤੀਨੀ ਪ੍ਰਸ਼ਾਸਨ ਦੇ ਦੂਤ ਅਦਨਾਨ ਐੱਮ ਅਬੂ ਅਲ-ਹਾਈਜਾ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਫਲਸਤੀਨੀਆਂ ਵਿਚਕਾਰ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਾਉਣ ਵਿੱਚ ਭਾਰਤ ਨੂੰ ਪਹਿਲ ਕਰਨੀ ਚਾਹੀਦੀ ਹੈ।

ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦਾ ਸ਼ਾਂਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਨਾ ਸਿਰਫ਼ ਫਲਸਤੀਨੀਆਂ ਦੇ ਹਿੱਤ ਵਿੱਚ ਹੋਵੇਗਾ ਬਲਕਿ ਖ਼ੁਦ ਭਾਰਤ ਲਈ ਵੀ ਚੰਗਾ ਹੋਵੇਗਾ।

ਕੁਝ ਦਿਨ ਪਹਿਲਾਂ ਹਮਾਸ ਅਤੇ ਇਜ਼ਰਾਈਲੀ ਸਰਕਾਰ ਵਿਚਕਾਰ ਹੋਏ ਸੰਘਰਸ਼ ਵਿਰਾਮ ਦੇ ਐਲਾਨ ਤੋਂ ਤੁਰੰਤ ਬਾਅਦ ਫਲਸਤੀਨੀ ਦੂਤ ਨੇ ਬੀਬੀਸੀ ਨੂੰ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜਲਦੀ ਤੋਂ ਜਲਦੀ ਸਥਾਈ ਸ਼ਾਂਤੀ ਸਥਾਪਿਤ ਕਰਨ ਦੀ ਜ਼ਰੂਰਤ ਹੈ।

ਮਿਸਰ ਨਾਲ ਜੁੜੀ ਗਜ਼ਾ ਪੱਟੀ ਵਿੱਚ ਹਮਾਸ ਦਾ ਸ਼ਾਸਨ ਹੈ, ਜਿੱਥੋਂ ਹਮਾਸ ਦੇ ਕੱਟੜਪੰਥੀ ਇਜ਼ਰਾਈਲ 'ਤੇ ਰੌਕਟ ਦਾਗਦੇ ਹਨ ਜਦੋਂਕਿ ਜੌਰਡਨ ਨਾਲ ਲੱਗੇ ਪੱਛਮੀ ਤੱਟ ਵਿੱਚ ਫਲਸਤੀਨੀ ਪ੍ਰਸ਼ਾਸਨ (ਪੀਏ) ਦਾ ਸ਼ਾਸਨ ਹੈ। ਇਜ਼ਰਾਈਲ ਇਨ੍ਹਾਂ ਦੋਵਾਂ ਫਲਸਤੀਨੀ ਖੇਤਰਾਂ ਵਿਚਕਾਰ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)