ਇਜ਼ਰਾਈਲ- ਗਾਜ਼ਾ ਵਿਵਾਦ ਸੁਲਝਾਉਣ ਲਈ ਕੀ ਹੈ ਦੋ ਰਾਸ਼ਟਰ ਫਾਰਮੂਲਾ

    • ਲੇਖਕ, ਜੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਫਲਸਤੀਨੀ ਪ੍ਰਸ਼ਾਸਨ ਦੇ ਦੂਤ ਅਦਨਾਨ ਐੱਮ ਅਬੂ ਅਲ-ਹਾਈਜਾ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਫਲਸਤੀਨੀਆਂ ਵਿਚਕਾਰ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਾਉਣ ਵਿੱਚ ਭਾਰਤ ਨੂੰ ਪਹਿਲ ਕਰਨੀ ਚਾਹੀਦੀ ਹੈ।

ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦਾ ਸ਼ਾਂਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਨਾ ਸਿਰਫ਼ ਫਲਸਤੀਨੀਆਂ ਦੇ ਹਿੱਤ ਵਿੱਚ ਹੋਵੇਗਾ ਬਲਕਿ ਖ਼ੁਦ ਭਾਰਤ ਲਈ ਵੀ ਚੰਗਾ ਹੋਵੇਗਾ।

ਉਨ੍ਹਾਂ ਨੇ ਕਿਹਾ, ''ਭਾਰਤ ਦੀ ਪੱਛਮੀ ਏਸ਼ੀਆ ਵਿੱਚ ਬਹੁਤ ਦਿਲਚਸਪੀ ਹੈ, ਇਸ ਲਈ ਇਸ ਖੇਤਰ ਵਿੱਚ ਸ਼ਾਂਤੀ ਭਾਰਤ ਦੇ ਵੀ ਹਿੱਤ ਵਿੱਚ ਹੋਵੇਗੀ।''

ਇਹ ਵੀ ਪੜ੍ਹੋ:

ਕੁਝ ਦਿਨ ਪਹਿਲਾਂ ਹਮਾਸ ਅਤੇ ਇਜ਼ਰਾਈਲੀ ਸਰਕਾਰ ਵਿਚਕਾਰ ਹੋਏ ਸੰਘਰਸ਼ ਵਿਰਾਮ ਦੇ ਐਲਾਨ ਤੋਂ ਤੁਰੰਤ ਬਾਅਦ ਫਲਸਤੀਨੀ ਦੂਤ ਨੇ ਬੀਬੀਸੀ ਨੂੰ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜਲਦੀ ਤੋਂ ਜਲਦੀ ਸਥਾਈ ਸ਼ਾਂਤੀ ਸਥਾਪਿਤ ਕਰਨ ਦੀ ਜ਼ਰੂਰਤ ਹੈ।

ਮਿਸਰ ਨਾਲ ਜੁੜੀ ਗਜ਼ਾ ਪੱਟੀ ਵਿੱਚ ਹਮਾਸ ਦਾ ਸ਼ਾਸਨ ਹੈ, ਜਿੱਥੋਂ ਹਮਾਸ ਦੇ ਕੱਟੜਪੰਥੀ ਇਜ਼ਰਾਈਲ 'ਤੇ ਰੌਕਟ ਦਾਗਦੇ ਹਨ ਜਦੋਂਕਿ ਜੌਰਡਨ ਨਾਲ ਲੱਗੇ ਪੱਛਮੀ ਤੱਟ ਵਿੱਚ ਫਲਸਤੀਨੀ ਪ੍ਰਸ਼ਾਸਨ (ਪੀਏ) ਦਾ ਸ਼ਾਸਨ ਹੈ। ਇਜ਼ਰਾਈਲ ਇਨ੍ਹਾਂ ਦੋਵਾਂ ਫਲਸਤੀਨੀ ਖੇਤਰਾਂ ਵਿਚਕਾਰ ਹੈ।

ਭਾਰਤ ਦੇ ਫਲਸਤੀਨੀ ਅਥਾਰਿਟੀ ਅਤੇ ਇਜ਼ਰਾਈਲੀ ਸਰਕਾਰ ਦੋਵਾਂ ਨਾਲ ਚੰਗੇ ਸਬੰਧ ਹਨ। ਫਲਸਤੀਨੀ ਅਤੇ ਇਜ਼ਰਾਈਲੀ ਜਨਤਾ ਵਿਚਕਾਰ ਭਾਰਤ ਇੱਕ ਹਰਮਨ ਪਿਆਰਾ ਦੇਸ਼ ਹੈ। ਇਸ ਤਰ੍ਹਾਂ ਭਾਰਤ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਦੋਵਾਂ ਪੱਖਾਂ ਵਿਚਕਾਰ ਪਹਿਲ ਕਰ ਸਕਣ ਦੀ ਸਥਿਤੀ ਵਿੱਚ ਹੈ।

ਭਾਰਤ ਨੇ ਇਸ ਦਿਸ਼ਾ ਵਿੱਚ ਕੋਈ ਅਜਿਹੀ ਗੱਲ ਨਹੀਂ ਕਹੀ ਹੈ ਜਿਸ ਨਾਲ ਅਜਿਹਾ ਸੰਕੇਤ ਮਿਲਦਾ ਹੋਵੇ ਕਿ ਭਾਰਤ ਅਜਿਹਾ ਕਰਨ ਲਈ ਉਤਸੁਕ ਹੈ। ਭਾਰਤ ਦੇ ਹੁਣ ਤੱਕ ਬਿਆਨ ਬਹੁਤ ਦਰਮਿਆਨੇ ਜਿਹੇ ਅਤੇ ਸੰਤੁਲਿਤ ਰਹੇ ਹਨ।

ਫਲਸਤੀਨੀ ਪ੍ਰਸ਼ਾਸਨ ਦੇ ਦੂਤ ਅਦਨਾਨ ਐੱਮ ਅਬੂ ਅਲ-ਹਾਈਜਾ ਕਹਿੰਦੇ ਹਨ, ''ਮੈਨੂੰ ਨਹੀਂ ਪਤਾ ਕਿ ਉਹ (ਭਾਰਤ) ਤਿਆਰ ਹੈ ਜਾਂ ਨਹੀਂ, ਪਰ ਮੈਂ ਉਨ੍ਹਾਂ ਨੂੰ ਤਿਆਰ ਹੋਣ ਲਈ ਕਿਹਾ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਦੇ ਵਿਚਾਰ ਵਿੱਚ ਭਾਰਤ ਨੂੰ ਦੂਜੇ ਦੇਸ਼ਾਂ ਨਾਲ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ।

ਉਹ ਕਹਿੰਦੇ ਹਨ, ''ਅਸੀਂ ਚਾਹੁੰਦੇ ਹਾਂ ਕਿ ਭਾਰਤ ਕੁਝ ਵੱਡੇ ਦੇਸ਼ਾਂ ਨਾਲ ਮਿਲ ਕੇ ਇੱਕ ਅੰਤਰਰਾਸ਼ਟਰੀ ਸ਼ਾਂਤੀ ਸੰਮੇਲਨ ਸੱਦੇ। ਇਹ ਸਮੱਸਿਆ ਜਲਦੀ ਤੋਂ ਜਲਦੀ ਖ਼ਤਮ ਹੋਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਭਵਿੱਖ ਵਿੱਚ ਖੂਨ ਖਰਾਬੇ ਦਾ ਇੱਕ ਹੋਰ ਦੌਰ ਦੇਖਾਂਗੇ।''

ਸ਼ੁੱਕਰਵਾਰ 21 ਮਈ ਨੂੰ ਖ਼ਤਮ ਹੋਈ ਹਿੰਸਾ ਵਿੱਚ 12 ਇਜ਼ਰਾਈਲੀ ਅਤੇ 250 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਸਨ। ਮਾਰੇ ਜਾਣ ਵਾਲਿਆਂ ਵਿੱਚ ਬੱਚੇ ਅਤੇ ਔਰਤਾਂ ਸ਼ਾਮਲ ਹਨ। 2014 ਤੋਂ ਬਾਅਦ ਦੋਵਾਂ ਪੱਖਾਂ ਵਿਚਕਾਰ ਇਹ ਸਭ ਤੋਂ ਵੱਡਾ ਸੰਘਰਸ਼ ਸੀ।

ਦਹਾਕਿਆਂ ਤੋਂ ਇਨ੍ਹਾਂ ਦੋਵੇਂ ਪੱਖਾਂ ਵਿਚਕਾਰ ਸਾਲਸੀ ਦੀ ਭੂਮਿਕਾ ਅਮਰੀਕਾ ਨਿਭਾਉਂਦਾ ਆਇਆ ਹੈ, ਪਰ ਰਾਸ਼ਟਰਪਤੀ ਡੌਨਲਡ ਟਰੰਪ ਦੇ ਸ਼ਾਸਨ ਵਿੱਚ ਅਮਰੀਕਾ ਇਜ਼ਰਾਈਲ ਦੇ ਪੱਖ ਵਿੱਚ ਖੁੱਲ੍ਹ ਕੇ ਸਾਹਮਣੇ ਆਇਆ ਅਤੇ ਇਸ ਨੇ ਇਜ਼ਰਾਈਲੀ ਸਰਕਾਰ ਦੀ ਪੂਰਬੀ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਬਣਾਉਣ ਦਾ ਸਮਰਥਨ ਕਰਕੇ ਫਲਸਤੀਨੀਆਂ ਨੂੰ ਸਖ਼ਤ ਨਾਰਾਜ਼ ਕਰ ਦਿੱਤਾ।

ਫਲਸਤੀਨੀ ਪ੍ਰਸ਼ਾਸਨ ਦੇ ਪ੍ਰਮੁੱਖ ਮਹਿਮੂਦ ਅਬਾਬ ਨੇ ਕਿਹਾ ਕਿ ਸਾਲਸੀ ਦੀ ਭੂਮਿਕਾ ਨਿਭਾਉਣ ਲਈ ਅਮਰੀਕਾ ਨੇ ਨਿਰਪੱਖਤਾ ਦਾ ਨੈਤਿਕ ਅਧਿਕਾਰ ਗੁਆ ਦਿੱਤਾ ਹੈ। ਉਹ ਇਸ ਗੱਲ ਤੋਂ ਵੀ ਨਾਰਾਜ਼ ਸਨ ਕਿ ਰਾਸ਼ਟਰਪਤੀ ਟਰੰਪ ਨੇ ਕੁਝ ਅਰਬ ਦੇਸ਼ਾਂ ਨਾਲ ਇਜ਼ਰਾਈਲ ਨਾਲ ਰਣਨੀਤਕ ਰਿਸ਼ਤੇ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਇਹ ਵੀ ਪੜ੍ਹੋ:

ਫਲਸਤੀਨੀ ਦੂਤ ਅਦਨਾਨ ਐੱਮ. ਅਬੂ ਅਲ-ਹਾਈਜਾ ਨੂੰ ਜਦੋਂ ਅਸੀਂ ਪੁੱਛਿਆ ਕਿ ਕੀ ਇਜ਼ਰਾਈਲ ਅਮਰੀਕਾ ਦੀ ਬਜਾਏ ਭਾਰਤ ਜਾਂ ਕਿਸੇ ਹੋਰ ਦੇਸ਼ ਦੀ ਸਾਲਸੀ ਸਵੀਕਾਰ ਕਰੇਗਾ ਤਾਂ ਉਨ੍ਹਾਂ ਨੇ ਕਿਹਾ, ''ਭਾਰਤ ਸੰਯੁਕਤ ਰਾਸ਼ਟਰ, ਯੂਰੋਪੀਅਨ ਸੰਘ, ਰੂਸ ਅਤੇ ਅਮਰੀਕਾ ਨਾਲ ਮਿਲ ਕੇ ਮਦਦ ਕਰ ਸਕਦਾ ਹੈ।''

ਪਰ ਫਲਸਤੀਨੀ ਅਮਰੀਕਾ ਤੋਂ ਪੂਰੀ ਤਰ੍ਹਾਂ ਨਾਲ ਮਾਯੂਸ ਵੀ ਨਹੀਂ ਹੋਏ ਹਨ। ਰਾਸ਼ਟਰਪਤੀ ਜੋਅ ਬਾਇਡਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਫਲਸਤੀਨੀਆਂ ਨੂੰ ਇਹ ਉਮੀਦ ਹੈ ਕਿ ਦੋਵਾਂ ਵਿਚਕਾਰ ਕੋਈ ਸਮਝੌਤਾ ਹੋ ਜਾਵੇ।

ਭਾਰਤ ਦੋਵਾਂ ਦੇ ਨਜ਼ਦੀਕ

ਇਜ਼ਰਾਈਲ ਅਤੇ ਭਾਰਤ ਵਿਚਕਾਰ ਸੰਪੂਰਨ ਰਣਨੀਤਕ ਸਬੰਧ ਦੀ ਸ਼ੁਰੂਆਤ 1992 ਵਿੱਚ ਹੋਈ ਸੀ, ਜਿਸ ਤੋਂ ਬਾਅਦ ਇਜ਼ਰਾਈਲ ਨੇ ਦਿੱਲੀ ਵਿੱਚ ਆਪਣਾ ਦੂਤਾਵਾਸ ਸਥਾਪਿਤ ਕੀਤਾ ਸੀ। ਉਦੋਂ ਤੋਂ ਭਾਰਤ ਅਤੇ ਇਜ਼ਰਾਈਲ ਵਿਚਕਾਰ ਨੇੜਤਾ ਕਾਫ਼ੀ ਵਧੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਯਾਮਿਨ ਨੇਤਨਯਾਹੂ ਵਿਚਕਾਰ ਜ਼ਾਹਿਰ ਤੌਰ 'ਤੇ ਦਿਖ ਰਹੀ ਗਹਿਰੀ ਦੋਸਤੀ ਨੇ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ।

ਦੋਵੇਂ ਨੇਤਾ ਇੱਕ ਦੂਜੇ ਦੇ ਦੇਸ਼ ਦਾ ਸਰਕਾਰੀ ਦੌਰਾ ਵੀ ਕਰ ਚੁੱਕੇ ਹਨ। ਸੈਨਾ ਅਤੇ ਅੰਦਰੂਨੀ ਸੁਰੱਖਿਆ ਵਿੱਚ ਇਜ਼ਰਾਈਲ ਭਾਰਤ ਦਾ ਇੱਕ ਵੱਡਾ ਸਹਿਯੋਗੀ ਹੈ।

ਦੂਜੇ ਪਾਸੇ ਭਾਰਤ ਅਤੇ ਫਲਸਤੀਨੀਆਂ ਵਿਚਕਾਰ ਰਿਸ਼ਤੇ ਇਤਿਹਾਸਕ ਹਨ। ਪ੍ਰਧਾਨ ਮੰਤਰੀ ਮੋਦੀ ਪੱਛਮੀ ਤੱਟ ਦਾ ਦੌਰਾ ਕਰਕੇ ਫਲਸਤੀਨੀ ਪ੍ਰਸ਼ਾਸਨ ਦੇ ਪ੍ਰਮੁੱਖ ਮਹਿਮੂਦ ਅੱਬਾਸ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ। ਉਹ ਫਲਸਤੀਨੀ ਖੇਤਰ ਅਤੇ ਇਜ਼ਰਾਈਲ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।

ਭਾਰਤ ਫਲਸਤੀਨੀਆਂ ਦੀ ਕਈ ਖੇਤਰਾਂ ਵਿੱਚ ਮਦਦ ਕਰਦਾ ਆਇਆ ਹੈ।

ਫਲਸਤੀਨੀ ਦੂਤ ਨੇ ਕਿਹਾ, ''ਭਾਰਤ ਦੋ ਹਸਪਤਾਲ ਬਣਾਉਣ ਵਿੱਚ ਸਾਡੀ ਮਦਦ ਕਰ ਰਿਹਾ ਹੈ। ਭਾਰਤ ਨੇ ਸਾਡੇ ਵਿਦੇਸ਼ ਮੰਤਰਾਲੇ ਲਈ ਕਈ ਕੂਟਨੀਤਕ ਸੰਸਥਾਨ ਬਣਾਉਣ ਵਿੱਚ ਵੀ ਮਦਦ ਕੀਤੀ ਹੈ। ਇੱਕ ਮਹਿਲਾ ਸਸ਼ਕਤੀਕਰਨ ਕੇਂਦਰ, ਕਈ ਸਕੂਲ, ਇੱਕ ਯੂਨੀਵਰਸਿਟੀ ਅਤੇ ਇੱਕ ਟੈਕਨੋ ਪਾਰਕ ਬਣਾਉਣ ਵਿੱਚ ਵੀ ਭਾਰਤ ਨੇ ਸਾਡੀ ਸਹਾਇਤਾ ਕੀਤੀ ਹੈ।''

ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 6 ਕਰੋੜ ਡਾਲਰ ਦੇ ਕਰੀਬ ਹੈ।

ਹਾਈਜਾ ਕਹਿੰਦੇ ਹਨ, ''ਭਾਰਤ ਨੇ ਹਮੇਸ਼ਾ ਅੱਗੇ ਆ ਕੇ ਸਾਡੀ ਮਦਦ ਕੀਤੀ ਹੈ। ਅਸੀਂ ਕੁਝ ਉਨ੍ਹਾਂ ਤੋਂ ਕਦੇ ਮੰਗਿਆ ਨਹੀਂ ਹੈ। ਹੁਣ ਅਸੀਂ ਭਾਰਤ ਤੋਂ ਸਿਆਸੀ ਮਦਦ ਮੰਗਦੇ ਹਾਂ।''

ਦੋ ਰਾਸ਼ਟਰ ਫਾਰਮੂਲੇ ਦਾ ਸਮਰਥਨ

ਹਾਲ ਹੀ ਦੇ ਸਾਲਾਂ ਵਿੱਚ ਭਾਰਤ ਨੇ ਦੋਵਾਂ ਪੱਖਾਂ ਵਿਚਕਾਰ ਅਕਸਰ ਨਿਰਪੱਖਤਾ ਦਾ ਰਾਹ ਅਪਣਾਇਆ ਹੈ। ਭਾਰਤ ਇਸ ਪੁਰਾਣੀ ਸਮੱਸਿਆ ਨੂੰ 'ਦੋ-ਰਾਸ਼ਟਰ ਸਮਾਧਾਨ'ਦੇ ਫਾਰਮੂਲੇ ਜ਼ਰੀਏ ਹੱਲ ਕਰਨ ਦੇ ਪੱਖ ਵਿੱਚ ਹੈ।

ਦੋ-ਰਾਸ਼ਟਰ ਸਮਾਧਾਨ ਵਿੱਚ ਇਜ਼ਰਾਈਲ ਨਾਲ ਇੱਕ ਆਜ਼ਾਦ ਫਲਸਤੀਨ ਰਾਸ਼ਟਰ ਦੀ ਤਜਵੀਜ਼ ਹੈ। ਦੋਵੇਂ ਰਾਸ਼ਟਰਾਂ ਵਿਚਕਾਰ ਸਰਹੱਦ ਨੂੰ ਲੈ ਕੇ ਵਿਵਾਦ ਅਜੇ ਹੱਲ ਨਹੀਂ ਹੋਇਆ। ਫਲਸਤੀਨੀ ਅਤੇ ਅਰਬ ਲੀਡਰਸ਼ਿਪ ''1967 ਦੀਆਂ ਸਰਹੱਦਾਂ''ਤੇ ਜ਼ੋਰ ਦੇ ਰਹੇ ਹਨ ਜਿਸ ਨੂੰ ਇਜ਼ਰਾਈਲ ਨੇ ਸਵੀਕਾਰ ਨਹੀਂ ਕੀਤਾ ਹੈ।

ਦੋਵੇਂ ਪੱਖਾਂ ਵਿਚਕਾਰ 11 ਦਿਨ ਚੱਲੇ ਯੁੱਧ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਹਿਲੀ ਜਨਤਕ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਦੂਤ ਟੀਐੱਸ ਤਿਰੁਮੂਰਤੀ ਨੇ ਹਾਲ ਹੀ ਵਿੱਚ 'ਫਲਸਤੀਨੀਆਂ ਲਈ ਭਾਰਤ ਦੇ ਮਜ਼ਬੂਤ ਸਮਰਥਨ ਅਤੇ ਦੋ-ਰਾਸ਼ਟਰ ਸਮਾਧਾਨ ਲਈ ਆਪਣੀ ਅਟੁੱਟ ਵਚਨਬੱਧਤਾ'ਨੂੰ ਦੁਹਰਾਇਆ ਸੀ।

ਨਾਲ ਹੀ ਉਨ੍ਹਾਂ ਨੇ ਦੋਵੇਂ ਪੱਖਾਂ ਨੂੰ 'ਸੰਜਮ'ਦਿਖਾਉਣ ਦੀ ਬੇਨਤੀ ਕੀਤੀ ਅਤੇ 'ਤੁਰੰਤ ਤਣਾਅ ਘਟਾਉਣ''ਤੇ ਜ਼ੋਰ ਦਿੱਤਾ।

ਅਬੂ ਅਲ ਹਾਈਜਾ ਭਾਰਤ ਵਿੱਚ 2014 ਤੋਂ ਫਲਸਤੀਨੀ ਦੂਤ ਹਨ ਅਤੇ ਭਾਰਤ ਦੇ ਕਈ ਰਾਜਾਂ ਦਾ ਦੌਰਾ ਕਰ ਚੁੱਕੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੂਜੇ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਤੋਂ ਜ਼ਿਆਦਾ ਉਮੀਦ ਹੈ।

ਹਮਾਸ 'ਅੱਤਵਾਦੀ ਸੰਗਠਨ'

ਫਲਸਤੀਨੀ ਅਥਾਰਿਟੀ ਦਾ ਸ਼ਾਸਨ ਸਿਰਫ਼ ਪੱਛਮੀ ਤੱਟ (ਵੈਸਟ ਬੈਂਕ) ਤੱਕ ਸੀਮਤ ਹੈ। 2007 ਵਿੱਚ ਹਮਾਸ ਨੇ ਗਜ਼ਾ ਪੱਟੀ ਵਿੱਚ ਚੋਣ ਜਿੱਤੀ ਅਤੇ ਹੁਣ ਤੱਕ ਸੱਤਾ ਹਮਾਸ ਦੀ ਰਾਜਨੀਤਕ ਸ਼ਾਖਾ ਦੇ ਹੱਥਾਂ ਵਿੱਚ ਹੈ।

ਇਸ ਦੇ ਸੈਨਾ ਅੰਗ ਨੂੰ ਇਜ਼ਰਾਈਲ ਅੱਤਵਾਦੀ ਕਹਿੰਦਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਇਹੀ ਲੋਕ ਇਜ਼ਰਾਈਲ ਦੇ ਅੰਦਰ ਰੌਕਟ ਦਾਗਦੇ ਹਨ। ਇਜ਼ਰਾਈਲੀ ਸਰਕਾਰ ਦਾ ਕਹਿਣਾ ਹੈ ਕਿ ਗਜ਼ਾ ਤੋਂ ਆਉਣ ਵਾਲੇ ਰੌਕਟਾਂ ਦੇ ਜਵਾਬ ਵਿੱਚ ਇਜ਼ਰਾਈਲੀ ਗਜ਼ਾ 'ਤੇ ਹਵਾਈ ਹਮਲੇ ਕਰਦਾ ਹੈ।

ਫਲਸਤੀਨੀ ਪ੍ਰਸ਼ਾਸਨ ਹਮਾਸ ਦੇ ਰੌਕਟ ਹਮਲਿਆਂ ਨੂੰ ਰੋਕ ਕਿਉਂ ਨਹੀਂ ਸਕਦਾ?

ਇਸ 'ਤੇ ਹਾਈਜਾ ਕਹਿੰਦੇ ਹਨ ਕਿ ਉਹ ਹਮਾਸ ਨਾਲ ਹਮੇਸ਼ਾ ਵਾਰਤਾ ਕਰਦੇ ਹਨ, ਪਰ ਇਸ ਵਾਰ ਇਜ਼ਰਾਈਲੀ ਹਮਲਾ ਜਵਾਬੀ ਕਾਰਵਾਈ ਹੈ। ਇਹ ਕਹਿਣਾ ਸਹੀ ਨਹੀਂ ਹੈ।

ਉਹ ਕਹਿੰਦੇ ਹਨ, ''ਹਮਾਸ ਦਾ ਰੌਕਟ ਵਰਸਾਉਣਾ ਐਕਸ਼ਨ ਨਹੀਂ ਹੈ,। ਇਹ ਜਵਾਬੀ ਹਮਲਾ ਹੈ ਇਜ਼ਰਾਈਲ ਦੀ ਹਿੰਸਾ ਦਾ।''

ਉਹ ਹਮਾਸ ਦੇ ਪੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ''ਹਮਾਸ ਨੇ ਇਜ਼ਰਾਈਲੀ ਸਰਕਾਰ ਨੂੰ ਵਾਰਵਾਰ ਮਸਜਿਦ ਅਲ-ਅਕਸਾ ਵਿੱਚ ਨਮਾਜ਼ੀਆਂ ਨਾਲ ਹਿੰਸਕ ਸਲੂਕ ਨਾ ਕਰਨ ਦੀ ਅਪੀਲ ਕੀਤੀ ਹੈ, ਪਰ ਇਜ਼ਰਾਈਲੀ ਸੁਰੱਖਿਆ ਕਰਮਚਾਰੀ ਮਸਜਿਦ ਵਿੱਚ ਵੜ ਗਏ ਅਤੇ ਮੁਸਲਮਾਨਾਂ ਦੇ ਤੀਜੇ ਸਭ ਤੋਂ ਪਵਿੱਤਰ ਸਥਾਨ ਵਿੱਚ ਵੜ ਕੇ ਉਸ ਨੂੰ ਅਪਵਿੱਤਰ ਅਤੇ ਅਪਮਾਨਤ ਕੀਤਾ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)