ਇਜ਼ਰਾਈਲ ਕਿਵੇਂ ਹੋਂਦ ਵਿੱਚ ਆਇਆ, ਪੂਰੀ ਕਹਾਣੀ

ਇਜ਼ਰਾਈਲ ਦੁਨੀਆ ਦਾ ਯਹੂਦੀ ਬਹੁਗਿਣਤੀ ਵਾਲਾ ਇਕਲੌਤਾ ਮੁਲਕ ਹੈ।

ਇਜ਼ਰਾਈਲ ਮੁਲਕ ਦਾ ਐਲਾਨ 14 ਮਈ 1948 ਨੂੰ ਯਹੂਦੀ ਆਗੂ ਡੇਵਿਡ ਬੇਨ ਗੁਰੀਅਨ ਨੇ ਕੀਤਾ ਸੀ।

ਹਾਲਾਂਕਿ ਅਧਿਕਾਰਤ ਤੌਰ 'ਤੇ ਇਜ਼ਰਾਈਲ 15 ਮਈ 1948 ਨੂੰ ਹੋਂਦ 'ਚ ਆਇਆ ਜਦੋਂ ਬ੍ਰਿਟਿਸ਼ ਸਰਕਾਰ ਨੇ ਆਪਣੀ ਸੱਤਾ ਖ਼ਤਮ ਕੀਤੀ।

ਯਹੂਦੀਆਂ ਲਈ ਵੱਖਰਾ ਮੁਲਕ

ਮੱਧ ਪੂਰਬ 'ਚ ਬੀਬੀਸੀ ਦੇ ਪੱਤਰਕਾਰ ਰਹੇ ਟਿਮ ਲਵੈਲਿਨ ਮੁਤਾਬਕ ਇਹ ਇੱਕ ਆਮ ਧਾਰਨਾ ਹੈ ਕਿ ਯੂਰੋਪ 'ਚ ਨਾਜ਼ੀਆਂ ਦੇ ਅੱਤਵਾਦ ਅਤੇ ਹੋਲੋਕਾਸਟ ਕਾਰਨ ਹੀ ਇਜ਼ਰਾਈਲ ਦਾ ਜਨਮ ਹੋਇਆ।

ਪਰ ਇਹ ਸਹੀ ਨਹੀਂ ਜਾਪਦਾ। ਯਹੂਦੀਆਂ ਲਈ ਵੱਖਰੇ ਮੁਲਕ ਦੀ ਨੀਂਹ ਤਾਂ ਕਰੀਬ 60 ਸਾਲ ਪਹਿਲਾਂ ਹੀ ਰੱਖੀ ਗਈ ਸੀ।

19ਵੀਂ ਸਦੀ ਦੇ ਮੱਧ 'ਚ ਬਰਤਾਨਵੀ ਆਗੂਆਂ ਨੇ ਬ੍ਰਿਟਿਸ਼ ਸਾਮਰਾਜ ਦੀ ਬਿਹਤਰੀ ਲਈ ਯਹੂਦੀਆਂ ਲਈ ਵੱਖ ਦੇਸ਼ ਹੋਣ ਦੀ ਗੱਲ ਨੂੰ ਆਪਣੇ ਹੱਕ 'ਚ ਸਮਝਿਆ।

ਫਿਰ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਜਦੋਂ ਯਹੂਦੀਆਂ ਨੂੰ ਆਪਣੇ ਲਈ ਵੱਖ ਦੇਸ਼ ਹੋਣ ਦੀ ਜ਼ਰੂਰਤ ਮਹਿਸੂਸ ਹੋਈ।

ਪਹਿਲਾ ਜਦੋਂ ਯੂਰਪ ਦੇ ਮੁਲਕਾਂ 'ਚ ਰਾਸ਼ਟਰਵਾਦ ਦਾ ਫੈਲਾਅ ਵੱਧ ਰਿਹਾ ਸੀ ਜਿਸ 'ਚੋਂ ਯਹੂਦੀ ਖ਼ੁਦ ਨੂੰ ਅਲੱਗ-ਥਲੱਗ ਮਹਿਸੂਸ ਕਰ ਰਹੇ ਸਨ।

ਦੂਜਾ ਜਦੋਂ ਜ਼ਾਰ ਦੇ ਸ਼ਾਸਨਕਾਲ ਵੇਲੇ ਰੂਸ ਨੇ ਯਹੂਦੀਆਂ ਦੀ ਕਰੀਬ 60 ਲੱਖ ਦੀ ਆਬਾਦੀ ਦਾ ਕਤਲੇਆਮ ਕਰ ਦਿੱਤਾ ਸੀ। ਇਹ ਯਹੂਦੀਆਂ ਦੀ ਕੁੱਲ ਆਬਾਦੀ ਦਾ ਕਾਫ਼ੀ ਵੱਡਾ ਹਿੱਸਾ ਸੀ।

ਯਹੂਦੀਆਂ ਦਾ ਪਰਵਾਸ

ਬੀਬੀਸੀ ਦੇ ਪੱਤਰਕਾਰਾਂ ਦੀ ਪੜਤਾਲ ਮੁਤਾਬਕ, 1880 ਦੇ ਦਹਾਕੇ 'ਚ ਕੁਝ ਮਜਬੂਰ ਹੋਏ ਰੂਸੀ ਅਤੇ ਪੂਰਬੀ-ਯੂਰਪੀਅਨ ਯਹੂਦੀਆਂ ਨੇ ਫ਼ਲਸਤੀਨ ਜਾ ਕੇ ਵੱਸਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਫ਼ਲਸਤੀਨ ਤੁਰਕੀ ਦੇ ਓਟੋਮਨ ਸਾਮਰਾਜ ਦੇ ਅਧੀਨ ਸੀ।

ਓਟੋਮਨ ਸਾਮਰਾਜ ਨੇ 14ਵੀਂ ਤੋਂ 20ਵੀਂ ਸਦੀ ਦੀ ਸ਼ੁਰੂਆਤ 'ਚ ਦੱਖਣ-ਪੂਰਬੀ ਯੂਰਪ, ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਕਈ ਹਿੱਸਿਆ 'ਚ ਰਾਜ ਕੀਤਾ। ਇਸ ਦੀ ਸਥਾਪਨਾ ਤੁਰਕੀ ਦੇ ਇੱਕ ਕਬਾਇਲੀ ਆਗੂ ਓਸਮਾਨ ਨੇ ਕੀਤੀ ਸੀ।

ਦਿਲਚਸਪ ਹੈ ਕਿ 1897 'ਚ ਪਹਿਲੀ ਯਹੂਦੀ ਕਾਂਗਰਸ ਵੇਲੇ ਇੱਕ ਦੂਰਦਰਸ਼ੀ ਆਸਟ੍ਰੀਅਨ-ਯਹੂਦੀ ਪੱਤਰਕਾਰ ਥਿਆਡੋਰ ਹੈਰਜ਼ਲ ਨੇ ਯਹੂਦੀਆਂ ਦੇ ਆਪਣੇ ਮੁਲਕ ਦੀ ਲੋੜ ਬਾਰੇ ਚਰਚਾ ਕੀਤੀ ਸੀ।

ਉਸ ਨੂੰ ਵੱਡੀ ਗਿਣਤੀ 'ਚ ਯਹੂਦੀਆਂ ਦਾ ਸਾਥ ਮਿਲਿਆ। ਹਾਲਾਂਕਿ ਬਰਤਾਨਵੀ ਸਰਕਾਰ ਨੂੰ ਇਸ ਬਾਰੇ ਮਨਾਉਣ ਦੀ ਉਸ ਦੀ ਪਹਿਲੀ ਕੋਸ਼ਿਸ਼ ਨਾਕਾਮ ਰਹੀ।

ਨਵੰਬਰ 1917 'ਚ ਬਰਤਾਨਵੀ ਵਿਦੇਸ਼ੀ ਸਕੱਤਰ ਆਰਥਰ ਬੈਲਫੌਰ ਨੇ ਪਹਿਲੇ ਵਿਸ਼ਵ ਯੁੱਧ 'ਚ ਜਦੋਂ ਯਹੂਦੀਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਸਮਝੀ ਤਾਂ ਇੱਕ ਮਹੱਤਵਪੂਰਨ ਪਰ ਅਸਪੱਸ਼ਟ ਘੋਸ਼ਣਾ ਪੱਤਰ ਜਾਰੀ ਕੀਤਾ।

ਘੋਸ਼ਣਾ ਪੱਤਰ 'ਚ ਕਿਹਾ ਗਿਆ, "ਸਾਡੀ ਸਰਕਾਰ ਫ਼ਲਸਤੀਨ 'ਚ ਯਹੂਦੀਆਂ ਦੇ ਆਪਣੇ ਮੁਲਕ ਹੋਣ ਦੀ ਸਿਫਾਰਸ਼ ਦੇ ਹੱਕ 'ਚ ਹੈ ਅਤੇ ਇਸ ਨੂੰ ਸਿਰੇ ਚਾੜ੍ਹਨ ਲਈ ਆਪਣੀ ਪੂਰੀ ਕੋਸ਼ਿਸ਼ ਵੀ ਕਰੇਗੀ, ਪਰ ਇਹ ਵੀ ਸਾਫ ਹੈ ਕਿ ਫ਼ਲਸਤੀਨ 'ਚ ਗੈਰ-ਯਹੂਦੀ ਭਾਈਚਾਰੇ ਨਾਲ ਕੋਈ ਪੱਖਪਾਤ ਨਹੀਂ ਹੋਵੇਗਾ।"

ਪਹਿਲੀ ਵਿਸ਼ਵ ਜੰਗ 'ਚ ਤੁਰਕੀ ਦੀ ਹਾਰ ਤੋਂ ਬਾਅਦ ਫ਼ਲਸਤੀਨ 'ਚ 1917 ਤੋਂ 1922 ਤੱਕ ਬ੍ਰਿਟੇਨ ਨੇ ਇੱਕ ਫੌਜੀ ਪ੍ਰਸ਼ਾਸਨ ਵੱਜੋਂ ਸੱਤਾ ਸੰਭਾਲੀ।

ਫਿਰ 'ਲੀਗ ਆਫ਼ ਨੇਸ਼ਨਜ਼' ਨੇ ਬ੍ਰਿਟੇਨ ਨੂੰ ਫ਼ਲਸਤੀਨ ਦੀ ਸੱਤਾ ਸੰਭਾਲਣ ਅਤੇ ਉੱਥੇ ਸ਼ਾਸ਼ਨ ਕਰਨ ਲਈ ਇਜ਼ਾਜਤ ਦਿੱਤੀ।

ਇਸ ਸਮੇਂ ਤੋਂ ਹੀ ਯੂਰਪ ਤੋਂ ਯਹੂਦੀਆਂ ਦਾ ਪਰਵਾਸ ਸ਼ੁਰੂ ਹੋ ਗਿਆ ਸੀ। ਬਰਤਾਨਵੀ ਕੈਬਨਿਟ ਦੇ ਬੈਲਫੌਰ ਘੋਸ਼ਣਾ ਪੱਤਰ ਮੁਤਾਬਕ ਫ਼ਲਸਤੀਨ ਦੇ ਖ਼ੇਤਰ ਦੇ ਅੰਦਰ ਯਹੂਦੀ ਮੁਲਕ ਬਣਾਉਣ ਦੇ ਵਾਅਦੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਸੀ।

ਜ਼ਾਅਨਿਸਟ ਮੁਹਿੰਮ ਦੇ ਆਗੂਆਂ ਨੇ ਇਹ ਮੰਨਿਆ ਕਿ ਹੁਣ ਬਰਤਾਨਵੀ ਸਰਕਾਰ ਬੈਲਫੌਰ ਦਾ ਘੋਸ਼ਣਾ ਪੱਤਰ ਪੂਰਾ ਕਰੇਗੀ।

ਜ਼ਾਅਨਿਸਟ ਮੁਹਿੰਮ ਦਾ ਮਕਸਦ ਫ਼ਲਸਤੀਨ 'ਚ ਯਹੂਦੀਆਂ ਦੇ ਵੱਖ ਮੁਲਕ ਦੀ ਸਥਾਪਨਾ ਕਰਨੀ ਸੀ।

ਫ਼ਲਸਤੀਨੀ ਅਰਬਾਂ 'ਚ ਨਰਾਜ਼ਗੀ

ਫ਼ਲਸਤੀਨ 'ਚ ਵਸੇ ਹੋਏ ਅਰਬ, ਜਿੰਨਾਂ ਦਾ ਬੈਲਫੌਰ ਦੇ ਘੋਸ਼ਣਾ ਪੱਤਰ 'ਚ ਜ਼ਿਕਰ ਤੱਕ ਨਹੀਂ ਸੀ, ਉਹ ਇੰਨਾਂ ਘਟਨਾਵਾਂ ਨੂੰ ਲੈ ਕੇ ਕਾਫ਼ੀ ਗੁੱਸੇ 'ਚ ਸਨ।

ਫ਼ਲਸਤੀਨ 'ਚ ਵਸੇ 9 ਲੱਖ ਅਰਬਾਂ ਨੂੰ ਇਸ ਗੱਲ ਦਾ ਖ਼ਦਸ਼ਾ ਸੀ ਕਿ ਉਨ੍ਹਾਂ ਤੋਂ ਵੱਖ ਧਰਮ ਦੇ ਵਿਦੇਸ਼ੀ ਲੋਕ ਜੋ ਤਕਨੀਕੀ ਤੌਰ 'ਤੇ ਉਨ੍ਹਾਂ ਤੋਂ ਬਿਹਤਰ ਹਨ, ਉਹ ਉਨ੍ਹਾਂ ਉੱਤੇ ਕਾਬਜ਼ ਹੋ ਜਾਣਗੇ।

1920 ਦੀ ਸ਼ੁਰੂਆਤ 'ਚ ਫ਼ਲਸਤੀਨ 'ਚ ਫਿਰਕੂ ਦੰਗੇ ਭੜਕ ਗਏ ਅਤੇ ਇਸ ਦੌਰਾਨ 60 ਧਾਰਮਿਕ ਯਹੂਦੀਆਂ ਦਾ ਕਤਲੇਆਮ ਹੋਇਆ। ਇਹ ਘਟਨਾ ਯੇਰੂਸ਼ਲਮ ਤੋਂ ਕਰੀਬ 20 ਮੀਲ ਦੀ ਦੂਰੀ 'ਤੇ ਵਾਪਰੀ।

ਦੂਜੇ ਪਾਸੇ 1920 'ਚ ਹੀ ਫ਼ਲਸਤੀਨ 'ਚ ਆ ਕੇ ਵਸੇ ਯਹੂਦੀਆਂ ਨੇ 'ਹਾਗਾਨਾ' ਨਾਮ ਦੀ ਇੱਕ ਮਿਲੀਸ਼ਿਆ ਜਾਂ ਅੰਡਰਗ੍ਰਾਉਂਡ ਫੋਰਸ ਬਣਾਈ। ਇਸ ਸ਼ਬਦ ਦਾ ਅਰਥ 'ਰੱਖਿਆ' ਹੁੰਦਾ ਹੈ।

ਯਹੂਦੀਆਂ ਨੇ ਆਪਣੀ ਇੱਕ ਸ਼ੈਡੋ ਸਰਕਾਰ ਵੀ ਬਣਾ ਲਈ ਜਿਸ 'ਚ ਸਮਾਜ ਦੇ ਵੱਖ-ਵੱਖ ਪਹਿਲੂਆਂ ਜਿਵੇਂ ਪੜ੍ਹਾਈ, ਵਪਾਰ, ਕਿਸਾਨ, ਕਾਨੂੰਨ ਅਤੇ ਸਿਆਸਤ ਲਈ ਵਿਭਾਗ ਬਣਾਏ ਗਏ।

ਦੂਜੇ ਵਿਸ਼ਵ ਯੁੱਧ ਦੇ ਵੇਲੇ ਹਾਗਾਨਾ ਫਾਈਟਰਸ ਬਰਤਾਨਵੀ ਫੌਜ ਦੇ ਨਾਲ ਜੁੜ ਗਏ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਫੌਜ ਦਾ ਹੁਨਰ ਅਤੇ ਤਜਰਬਾ ਵੀ ਹਾਸਲ ਕਰ ਲਿਆ। ਅਜਿਹਾ ਕਰ ਕੇ ਉਹ ਹੋਰ ਮਜ਼ਬੂਤ ਹੋ ਗਏ।

ਇਸ ਦੇ ਨਾਲ ਹੀ ਕੁਝ ਯਹੂਦੀ ਕੱਟੜਪੰਥੀ ਧੜਿਆਂ ਦਾ ਜਨਮ ਵੀ ਹੋਇਆ ਜਿੰਨਾਂ ਨੇ ਕਤਲੇਆਮ, ਬੰਬ ਧਮਾਕੇ, ਅਤੇ ਲੋਕਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ।

ਪੂਰੇ ਯੂਰਪ ਵਿੱਚ 1930 'ਚ ਹਾਲਾਤ ਹੋਰ ਵਿਗੜਨੇ ਸ਼ੁਰੂ ਹੋ ਗਏ ਅਤੇ ਯਹੂਦੀਆਂ ਦਾ ਫ਼ਲਸਤੀਨ ਵੱਲ ਪਰਵਾਸ ਵੱਧਦਾ ਗਿਆ।

ਫ਼ਲਸਤੀਨੀ ਅਰਬ ਇਸ ਸਭ ਤੋਂ ਬਹੁਤ ਗੁੱਸੇ 'ਚ ਸਨ।

ਬੀਬੀਸੀ ਦੇ ਮੱਧ-ਪੂਰਬ 'ਚ ਪੱਤਰਕਾਰ ਰਹੇ ਟਿਮ ਲਵੈਲਿਨ ਮੁਤਾਬਕ, 1936 'ਚ ਅਰਬਾਂ ਨੇ ਬ੍ਰਿਟੇਨ ਖ਼ਿਲਾਫ਼ ਵਿਦਰੋਹ ਛੇੜ ਦਿੱਤਾ। ਉਹ ਯਹੂਦੀਆਂ ਦੇ ਇਸ ਪਰਵਾਸ ਦਾ ਕਾਰਨ ਬਰਤਾਨਵੀਆਂ ਨੂੰ ਮੰਨਦੇ ਸਨ।

ਪਰ ਉਹ ਬਿਲਕੁਲ ਵੀ ਸੰਗਠਤ ਅਤੇ ਤਿਆਰ ਨਹੀਂ ਸਨ।

ਇਹ ਵੀ ਪੜ੍ਹੋ

ਫ਼ਲਸਤੀਨ 'ਚ ਤਣਾਅ

1939 ਤੱਕ ਬ੍ਰਿਟੇਨ ਨਾ ਯਹੂਦੀਆਂ ਦੀਆਂ ਮੰਗਾਂ ਨੂੰ ਪੂਰਾ ਕਰ ਸਕਿਆ ਅਤੇ ਨਾ ਅਰਬਾਂ ਨੂੰ ਖ਼ੁਸ਼ ਰੱਖ ਸਕਿਆ।

ਫ਼ਲਸਤੀਨ 'ਤੇ ਆਪਣੇ ਸ਼ਾਸਨ ਦੌਰਾਨ ਬ੍ਰਿਟੇਨ ਨੇ ਫ਼ਲਸਤੀਨ ਦੇ ਅਰਬ ਸਮਾਜ ਨੂੰ ਫਰੈਕਚਰ (fracture) ਕਰ ਦਿੱਤਾ।

ਇਸ ਤੋਂ ਬਾਅਦ ਬ੍ਰਿਟੇਨ ਨੇ ਫ਼ਲਸਤੀਨ ਨੂੰ ਅਰਬ ਅਤੇ ਯਹੂਦੀਆਂ ਦਰਮਿਆਨ ਵੰਡਣ ਦੀ ਯੋਜਨਾ ਵੀ ਛੱਡ ਦਿੱਤੀ ਅਤੇ ਯਹੂਦੀਆਂ ਦੇ ਪਰਵਾਸ 'ਤੇ ਪਾਬੰਦੀਆਂ ਲਗਾਉਣ ਦੀ ਵੀ ਕੋਸ਼ਿਸ਼ ਕੀਤੀ।

ਬ੍ਰਿਟੇਨ ਦਾ ਵਿਚਾਰ ਸੀ ਕਿ ਉਹ ਅਜਿਹਾ ਫ਼ਲਸਤੀਨ ਬਨਾਉਣਗੇ ਜਿਸ ਵਿੱਚ ਰਾਜ ਫ਼ਲਸਤੀਨੀ ਕਰਨਗੇ ਪਰ ਉਸ ਦੇ ਅੰਦਰ ਹੀ ਇੱਕ ਅਲਗ ਸਮਾਜ ਵਜੋਂ ਯਹੂਦੀਆਂ ਦੀ ਵੱਸੋਂ ਵੀ ਹੋਵੇਗੀ।

ਯਹੂਦੀਆਂ ਦੇ ਕਾਰਨ ਫ਼ਲਸਤੀਨ 'ਚ ਉਸ ਸਮੇਂ ਤੱਕ ਕਾਫ਼ੀ ਤਣਾਅ ਪੈਦਾ ਹੋ ਚੁੱਕਿਆ ਸੀ।

ਦੂਜੀ ਵਿਸ਼ਵ ਜੰਗ ਦੌਰਾਨ ਵੱਡੀ ਗਿਣਤੀ ਵਿੱਚ ਯਹੂਦੀਆਂ ਨੇ ਫ਼ਲਸਤੀਨ ਆਉਣਾ ਸ਼ੁਰੂ ਕਰ ਦਿੱਤਾ।

ਜ਼ਾਅਨਿਸਟ ਲਹਿਰ ਦੀ ਸ਼ੁਰੂਆਤ

ਬੀਬੀਸੀ ਦੇ ਮੱਧ-ਪੂਰਬ 'ਚ ਪੱਤਰਕਾਰ ਰਹੇ ਟਿਮ ਲਵੈਲਿਨ ਦੱਸਦੇ ਹਨ ਕਿ ਵਿਸ਼ਵ ਯੁੱਧ ਵੇਲੇ, ਜ਼ਾਅਨਿਸਟ ਮੂਵਮੇਂਟ ਤਾਕਤਵਰ ਹੋਣੀ ਸ਼ੁਰੂ ਹੋ ਗਈ ਜੋ ਫ਼ਲਸਤੀਨ 'ਚ ਯਹੂਦੀਆਂ ਲਈ ਵੱਖ ਦੇਸ਼ ਚਾਹੁੰਦੀ ਸੀ। ਇਸ ਨੂੰ ਲੈ ਕੇ ਪੂਰੀਆਂ ਯੋਜਨਾਵਾਂ ਬਣਾਈਆਂ ਗਈਆਂ।

1945 'ਚ ਹਿਟਲਰ ਦੀ ਮੌਤ ਤੋਂ ਬਾਅਦ, ਸਥਿਤੀ ਕਾਫ਼ੀ ਸਾਫ਼ ਹੋਣੀ ਸ਼ੁਰੂ ਹੋ ਗਈ।

ਯਹੂਦੀਆਂ ਨੇ ਬਰਤਾਨਵੀਆਂ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਆਪਣੀ ਅੱਤਵਾਦੀ ਮੁਹਿੰਮ ਨੂੰ ਹੋਰ ਤਿੱਖਾ ਕਰਨਾ ਸ਼ੁਰੂ ਕਰ ਦਿੱਤਾ।

ਯਹੂਦੀਆਂ ਨੂੰ ਹਮੇਸ਼ਾ ਲੱਗਦਾ ਸੀ ਕਿ ਬਰਤਾਨਵੀ ਅਰਬ ਆਬਾਦੀ ਦੇ ਹੱਕ 'ਚ ਹਨ।

ਯਹੂਦੀਆਂ ਦੇ ਵੱਖ-ਵੱਖ ਸੰਗਠਨਾਂ ਨੇ ਫ਼ਲਸਤੀਨ ਵੱਲ ਪਲਾਇਨ ਸ਼ੁਰੂ ਕਰ ਦਿੱਤਾ।

ਅਮਰੀਕਾ ਤੋਂ ਜ਼ਾਅਨਿਸਟ ਮੂਵਮੇਂਟ ਨੂੰ ਕਾਫ਼ੀ ਸਾਥ ਮਿਲਿਆ।

ਬ੍ਰਿਟੇਨ ਸਰਕਾਰ ਨੇ ਸੌਂਪੀ ਸੰਯੁਕਤ ਰਾਸ਼ਟਰ ਨੂੰ ਜ਼ਿੰਮੇਵਾਰੀ

ਬ੍ਰਿਟੇਨ ਸਰਕਾਰ ਕੋਲ ਨਾ ਤਾਂ ਇੰਨੀਂ ਤਾਕਤ ਬਚੀ ਸੀ ਅਤੇ ਨਾ ਇੰਨਾ ਜਿਗਰਾ ਕਿ ਉਹ ਫ਼ਲਸਤੀਨ ਵਿੱਚ ਹਾਲਾਤ ਸੰਭਾਲ ਸਕਣ।

ਇਸ ਕਰਕੇ ਉਹ ਅਜਿਹਾ ਵਿੱਚਲਾ ਰਸਤਾ ਚਾਹੁੰਦੇ ਸੀ ਜੋ ਕਿ ਯਹੂਦੀਆਂ ਅਤੇ ਅਰਬ ਲੋਕਾਂ ਦੋਹਾਂ ਲਈ ਸਹੀ ਹੋਵੇ।

ਬ੍ਰਿਟਿਸ਼ ਸਰਕਾਰ ਨੇ ਆਪਣੇ ਹੱਥ ਖੜੇ ਕਰ ਦਿੱਤੇ ਅਤੇ ਸੰਯੁਕਤ ਰਾਸ਼ਟਰ ਨੂੰ ਇਸ ਦੀ ਜ਼ਿੰਮੇਵਾਰੀ ਸੌਂਪ ਦਿੱਤੀ।

29 ਨਵੰਬਰ 1947 ਨੂੰ, ਯੂਐੱਨ ਜਨਰਲ ਅਸੈਂਬਲੀ ਨੇ ਇਸ ਆਧਾਰ 'ਤੇ ਵੋਟ ਦਿੱਤਾ ਕਿ ਫ਼ਲਸਤੀਨ 'ਚ ਦੋ ਵੱਖ ਖ਼ੇਤਰ ਹੋਣਗੇ, ਇੱਕ ਯਹੂਦੀਆਂ ਦਾ ਅਤੇ ਇੱਕ ਅਰਬ ਲੋਕਾਂ ਦਾ ।

ਇਸ ਤੋਂ ਬਾਅਦ ਕਾਫ਼ੀ ਹਿੰਸਾ ਹੋਈ ਕਿਉਂਕਿ ਅਰਬ ਇਸ ਫੈਸਲੇ ਦੀ ਮੁਖ਼ਾਲਫ਼ਤ ਕਰ ਰਹੇ ਸੀ ਅਤੇ ਯਹੂਦੀ ਇਸ ਫੈਸਲੇ ਦੇ ਹੱਕ ਵਿੱਚ ਸੀ।

ਲੜਾਈ ਦੀ ਸ਼ੁਰੂਆਤ ਨਾਲ ਹੀ ਹੋ ਗਈ।

ਬਰਤਾਨਵੀ ਸ਼ਾਸਨ ਅਜੇ ਖ਼ਤਮ ਵੀ ਨਹੀਂ ਸੀ ਹੋਇਆ ਕਿ ਯਹੂਦੀ ਲੜਾਕੂਆਂ ਨੇ ਉਨ੍ਹਾਂ ਲਈ ਪ੍ਰਸਤਾਵਤ ਨਵੇਂ ਮੁਲਕ ਇਜ਼ਰਾਈਲ ਦੇ ਇਲਾਕੇ ਨੂੰ ਕਬਜ਼ੇ 'ਚ ਲੈਣਾ ਸ਼ੁਰੂ ਕਰ ਦਿੱਤਾ।

ਅਕਸਰ ਉਹ ਅਰਬ ਲੋਕਾਂ ਦੇ ਇਲਾਕਿਆਂ ֹ'ਤੇ ਹਮਲਾ ਕਰ ਦਿੰਦੇ ਸਨ। ਅਤੇ ਯਹੂਦੀਆਂ ਦੇ ਕਬਜ਼ੇ ਵਾਲੇ ਇਲਾਕੇ 'ਤੋਂ ਅਰਬ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਸਨ।

ਅਰਬਾਂ ਦਾ ਪਰਵਾਸ ਹੋਇਆ ਸ਼ੁਰੂ

9 ਅਪ੍ਰੈਲ 1948 ਨੂੰ ਯਹੂਦੀ ਲੜਾਕੂਆਂ ਨੇ ਫ਼ਲਸਤੀਨ 'ਚ ਪੱਛਮੀ ਯੇਰੂਸ਼ਲਮ ਦੇ ਪਿੰਡਾਂ ਵਿੱਚ ਜਾ ਕੇ ਕਤਲੇਆਮ ਕੀਤਾ ਜਿਸ ਵਿੱਚ ਔਰਤਾਂ, ਬਜ਼ੁਰਗ ਅਤੇ ਬੱਚੇ ਵੀ ਮਾਰੇ ਗਏ।

ਇਸ ਦੇ ਨਾਲ ਹਫ਼ੜਾ-ਦਫ਼ੜੀ ਮੱਚ ਗਈ ਅਤੇ ਫ਼ਲਸਤੀਨ ਤੋਂ ਅਰਬ ਲੋਕਾਂ ਦਾ ਪਰਵਾਸ ਸ਼ੁਰੂ ਹੋ ਗਿਆ।

ਜਿਸ ਗੱਲ ਦਾ ਯਹੂਦੀ ਸੰਗਠਨਾਂ ਨੂੰ ਖਦਸ਼ਾ ਸੀ, ਉਹ ਹੀ ਹੋਇਆ। ਬ੍ਰਿਟਿਸ਼ ਫੋਰਸ ਦੇ ਜਾਂਦਿਆਂ ਹੀ ਮਿਸਰ, ਜੌਰਡਨ, ਸੀਰੀਆ, ਈਰਾਕ ਅਤੇ ਲੈਬਨਾਨ ਤੋਂ ਅਰਬ ਦੇਸ਼ਾਂ ਦੀ ਫੌਜ ਨੇ ਫ਼ਲਸਤੀਨ 'ਚ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਪਰ ਅਰਬ ਦੇਸ਼ਾਂ ਦੀ ਫੌਜ ਦੀ ਇਹ ਮੁਹਿੰਮ ਬਿਲਕੁਲ ਵੀ ਸੰਗਠਤ ਨਹੀਂ ਸੀ। ਨਾ ਤਾਂ ਉਨ੍ਹਾਂ ਦੀ ਪੂਰੀ ਤਿਆਰੀ ਸੀ ਅਤੇ ਨਾ ਹੀ ਕੋਈ ਤਾਲਮੇਲ।

ਉਹ ਹਾਗਾਨਾ ਦਾ ਮੁਕਾਬਲਾ ਕਰਨ ਲਈ ਸ਼ਾਇਦ ਪੂਰੇ ਤਿਆਰ ਨਹੀਂ ਸੀ।

ਹਾਗਾਨਾ, 1920 'ਚ ਜੋ ਯਹੂਦੀਆਂ ਦੀ ਅੰਡਰਗ੍ਰਾਉਂਡ ਫੋਰਸ ਦੇ ਤੌਰ 'ਤੇ ਸ਼ੁਰੂ ਹੋਈ ਸੀ, ਹੁਣ ਇਜ਼ਰਾਈਲ ਡੀਫੈਂਸ ਫੋਰਸ ਬਣ ਚੁੱਕੀ ਸੀ।

ਫ਼ਲਸਤੀਨ ਮਿਲੀਸ਼ਿਆ ਅਤੇ ਫ਼ਲਸਤੀਨੀਆਂ ਲਈ ਲੜ ਰਹੇ ਹੋਰ ਅਰਬ ਲੜਾਕੂ ਵੀ ਇਨ੍ਹਾਂ ਸਾਹਮਣੇ ਟਿੱਕ ਨਹੀਂ ਸਕੇ।

ਬ੍ਰਿਟੇਨ ਨੇ ਅਰਬ ਲੀਜਨ ਨਾਂ ਦੀ ਫੌਜ ਨੂੰ ਜੌਰਡਨ ਦੇ ਕਿੰਗ ਅਬਦੁੱਲ੍ਹਾ ਦੀ ਕਮਾਂਡ ਹੇਠ ਸਿਖਲਾਈ ਦਿੱਤੀ। ਪਰ ਕਿੰਗ ਅਬਦੁੱਲਾਂ ਪਹਿਲਾਂ ਹੀ ਯਹੂਦੀ ਨੇਤਾਵਾਂ ਨਾਲ ਸੰਪਰਕ 'ਚ ਸਨ। ਉਨ੍ਹਾਂ ਦੀ ਨਜ਼ਰ ਵੀ ਫ਼ਲਸਤੀਨ 'ਤੇ ਸੀ।

ਇਸ ਲਈ ਅਰਬ ਲੀਜਨ ਸਿਰਫ਼ ਪੂਰਬੀ ਯੇਰੂਸ਼ਲਮ ਦੇ ਪੂਰਾਣੇ ਸ਼ਹਿਰ ਅਤੇ ਜੌਰਡਨ ਦੇ ਵੈਸਟ ਬੈਂਕ ਇਲਾਕਿਆਂ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ ਕਰ ਰਹੀ ਸੀ ਜਿਸ 'ਚ ਉਹ ਕਾਮਯਾਬ ਵੀ ਰਹੀ।

ਫ਼ਲਸਤੀਨੀਆਂ ਦਾ ਪਰਵਾਸ

ਬੀਬੀਸੀ ਦੇ ਮੱਧ-ਪੂਰਬ 'ਚ ਪੱਤਰਕਾਰ ਰਹੇ ਟਿਮ ਲਵੈਲਿਨ ਦੱਸਦੇ ਹਨ ਕਿ 1949 ਦੇ ਮੱਧ 'ਚ 9 ਲੱਖ 'ਚੋਂ ਕਰੀਬ 7 ਲੱਖ ਫ਼ਲਸਤੀਨੀ ਅਰਬ ਆਪਣੇ ਮੁਲਕ ਨੂੰ ਛੱਡ ਕੇ ਜਾ ਚੁੱਕੇ ਸਨ।

ਉਨ੍ਹਾਂ ਦੇ ਸਿਰ 'ਤੇ ਵਾਰ-ਵਾਰ ਜੰਗ ਦੇ ਬੱਦਲ ਮੰਡਰਾ ਰਹੇ ਸਨ ਜਿਸ ਕਾਰਨ ਸਥਾਨਕ ਲੋਕਾਂ 'ਚ ਸਹਿਮ ਦਾ ਮਾਹੌਲ ਸੀ। ਅਰਬ ਮੁਲਕਾਂ ਦੀ ਲੀਡਰਸ਼ਿਪ ਉਸ ਵੇਲੇ ਉਨ੍ਹਾਂ ਲਈ ਕੁਝ ਖ਼ਾਸ ਨਹੀਂ ਕਰ ਪਾ ਰਹੀ ਸੀ।

ਅਮੀਰ ਅਤੇ ਰਸੂਖ਼ ਵਾਲੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਪਹਿਲਾਂ ਹੀ ਬਾਹਰ ਜਾਣ 'ਚ ਸਮਝਦਾਰੀ ਮੰਨੀ।

ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਹ ਹਮੇਸ਼ਾ ਲਈ ਹੀ ਆਪਣਾ ਘਰ-ਬਾਰ ਅਤੇ ਮੁਲਕ ਵੀ ਛੱਡ ਕੇ ਜਾ ਰਹੇ ਹਨ।

ਉਹ ਲਿਬਨਾਨ, ਸੀਰੀਆ, ਜੌਰਡਨ, ਮਿਸਰ ਅਤੇ ਫ਼ਲਸਤੀਨ ਦੇ ਰੀਫਿਊਜੀ ਕੈਂਪਾਂ 'ਚ ਜਾਣ ਲਈ ਮਜਬੂਰ ਸਨ।

ਇਨ੍ਹਾਂ ਫ਼ਲਸਤੀਨੀ ਸ਼ਰਨਾਰਥੀਆਂ ਦੀ ਗਿਣਤੀ ਕਰੀਬ 50 ਸਾਲਾਂ ਬਾਅਦ 30 ਲੱਖ ਤੱਕ ਪੁੱਜ ਗਈ।

ਇਜ਼ਰਾਈਲੀਆਂ ਨੇ ਉਨ੍ਹਾਂ ਨੂੰ ਕਦੇ ਫ਼ਲਸਤੀਨ 'ਚ ਆਪਣੇ ਘਰਾਂ ਨੂੰ ਪਰਤਨ ਨਹੀਂ ਦਿੱਤਾ। ਉਨ੍ਹਾਂ ਦੀ ਵਾਪਸੀ ਦਾ ਕੋਈ ਰਸਤਾ ਨਹੀਂ ਰਿਹਾ।

ਮਿਸਰ, ਜੌਰਡਨ ਅਤੇ ਫ਼ਲਸਤੀਨ ਦੀਆਂ ਸ਼ਾਂਤੀ ਸੰਧੀਆਂ ਅਤੇ ਸਮਝੌਤੇ ਨਾਲ ਵੀ ਹਾਲਾਤ 'ਚ ਕੋਈ ਫ਼ਰਕ ਨਹੀਂ ਪਿਆ।

ਯਹੂਦੀਆਂ ਦੀ ਵੱਧਦੀ ਆਬਾਦੀ

1917 'ਚ ਜਿਥੇ ਫ਼ਲਸਤੀਨ 'ਚ ਕਰੀਬ 50,000 ਯਹੂਦੀ ਸਨ, ਉਨ੍ਹਾਂ ਦੀ ਗਿਣਤੀ 1948 ਆਉਦਿਆਂ 6,50,000 ਦੇ ਕਰੀਬ ਹੋ ਗਈ। ਅਤੇ ਯਹੂਦੀਆਂ ਨੂੰ ਹੁਣ ਇਜ਼ਰਾਈਲੀ ਕਿਹਾ ਜਾਣ ਲੱਗਿਆ।

ਜ਼ਿਆਦਾਤਰ ਫ਼ਲਸਤੀਨੀ ਅਰਬ ਇਜ਼ਰਾਈਲ ਛੱਡ ਚੁੱਕੇ ਸਨ। ਮਹਿਜ਼ 2 ਲੱਖ ਦੇ ਕਰੀਬ ਫ਼ਲਸਤੀਨੀ ਅਰਬ ਹੀ ਇੱਥੇ ਬਚੇ ਸਨ।

15 ਮਈ 1948 ਨੂੰ ਇਜ਼ਰਾਈਲ ਮੁਲਕ ਦੇ ਹੋਂਦ 'ਚ ਆਉਣ ਦੀ ਘੋਸ਼ਣਾ ਹੋਈ ਜਿਸ ਨੂੰ ਅਮਰੀਕਾ ਅਤੇ ਸੋਵਿਅਤ ਯੂਨਿਅਨ ਵੱਲੋਂ ਉਸ ਦਿਨ ਹੀ ਮਾਨਤਾ ਮਿਲ ਗਈ।

ਇਸ ਤੋਂ ਬਾਅਦ ਇਜ਼ਰਾਈਲ ਤੇ ਉਸ ਦੇ ਆਲੇ-ਦੁਆਲੇ ਦੇ ਅਰਬ ਮੁਲਕਾਂ ਅਤੇ ਫ਼ਲਸਤੀਨੀ ਲੜਾਕੂਆਂ ਦੇ ਵਿਚਕਾਰ ਕਈ ਦਹਾਕਿਆਂ ਦਾ ਸੰਘਰਸ਼ ਚੱਲ ਰਿਹਾ ਹੈ। ਇਸ ਦੌਰਾਨ 1948 ਤੋਂ ਬਾਅਦ ਅਰਬ ਮੁਲਕਾਂ ਤੇ ਇਜ਼ਰਾਈਲ ਵਿਚਕਾਰ ਦੋ ਵਾਰ ਜੰਗ ਹੋ ਚੁੱਕੀ ਹੈ।

ਅਤੇ ਦੋਹੇਂ ਜੰਗਾਂ ਇਜ਼ਰਾਈਲ ਨੇ ਜਿੱਤੀਆਂ ਹਨ। ਦੂਜੇ ਪਾਸੇ, 2 ਵਾਰ ਫ਼ਲਸਤੀਨੀਆਂ ਵੱਲੋਂ ਇਜ਼ਰਾਈਲ ਦੇ 'ਕਬਜ਼ੇ' ਦੇ ਖ਼ਿਲਾਫ਼ ਇੰਤਫਾਦਾ ਯਾਨੀ ਬਗਾਵਤ ਹੋਈ ਹੈ ਜਿਸ ਵਿੱਚ ਕਈ ਲੋਕ ਮਾਰੇ ਗਏ ਪਰ ਫ਼ਲਸਤੀਨੀਆਂ ਦੀ ਹਾਲਤ ਬਦਲਣ 'ਚ ਇਸ ਦਾ ਕੋਈ ਖ਼ਾਸ ਨਤੀਜਾ ਨਹੀਂ ਨਿਕਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)